5.2 C
Vancouver
Friday, April 4, 2025

ਅਮਰੀਕੀ ਟੈਰਿਫ਼ ਕਾਰਨ ਅਮਰੀਕਾ ਜਾਣ ਵਾਲੀਆਂ ਟਰੱਕਾਂ ਦੀ ਗਿਣਤੀ ਘੱਟੀ

ਔਟਵਾ (ਸਿਮਰਨਜੀਤ ਸਿੰਘ): ਕੈਨੇਡਾ ਅਤੇ ਅਮਰੀਕਾ ਵਿਚਾਲੇ ਵਧ ਰਹੇ ਵਪਾਰਕ ਤਣਾਅ ਅਤੇ ਟੈਰਿਫ਼ ਦੀਆਂ ਨਵੀਆਂ ਨੀਤੀਆਂ ਨੇ ਕੈਨੇਡਾ ਤੋਂ ਅਮਰੀਕਾ ਜਾਣ ਵਾਲੀਆਂ ਟਰੱਕਾਂ ਦੀ ਗਿਣਤੀ ਤੇਜ਼ੀ ਨਾਲ ਘਟਾ ਦਿੱਤੀ ਹੈ। ਟਰੱਕਿੰਗ ਉਦਯੋਗ ਨਾਲ ਜੁੜੇ ਕਾਰੋਬਾਰੀ ਅਤੇ ਸਰਹੱਦੀ ਇਲਾਕਿਆਂ ਵਿੱਚ ਕੰਮ ਕਰ ਰਹੇ ਵਪਾਰੀ ਇਸ ਗਿਰਾਵਟ ਕਾਰਨ ਚਿੰਤਤ ਹਨ।
ਐਮੇਰਸਨ, ਮਨੀਟੋਬਾ ਵਿੱਚ ਸਥਿਤ ਡਿਊਟੀ ਫ਼ਰੀ ਦੁਕਾਨ ਦੇ ਬੁਲਾਰੇ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ਵੱਲੋਂ ਨਵੇਂ ਟੈਰਿਫ਼ ਲਾਗੂ ਕਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ ਤੋਂ ਉਨ੍ਹਾਂ ਦੇ ਕਾਰੋਬਾਰ ਵਿੱਚ ਵੱਡੀ ਮੰਦੀ ਆਈ ਹੈ। “ਇਹ ਹਾਲਾਤ ਮਹਾਮਾਰੀ ਦੇ ਦੌਰਾਨ ਵਾਲੇ ਸਮਿਆਂ ਵਰਗੇ ਹੀ ਲੱਗਦੇ ਹਨ, ਪਰ ਅੰਤਰ ਇਹ ਹੈ ਕਿ ਇਸ ਵਾਰ ਟਰੱਕਾਂ ਦੀ ਆਵਾਜਾਈ ਨਾ ਦੇ ਸਮਾਨ ਹੋ ਗਈ ਹੈ।
ਉਨ੍ਹਾਂ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ, “ਕੋਵਿਡ-19 ਮਹਾਮਾਰੀ ਦੌਰਾਨ ਭਾਵੇਂ ਸਰਹੱਦ ਬੰਦ ਸੀ, ਪਰ ਟਰੱਕਾਂ ਦੀ ਆਵਾਜਾਈ ਜਾਰੀ ਰਹੀ ਸੀ। ਪਰ ਹੁਣ, ਅਸੀਂ ਦੱਖਣ ਵੱਲ ਜਾਣ ਵਾਲੀਆਂ ਟਰੱਕਾਂ ਦੀ ਗਿਣਤੀ ਲਗਭਗ ਖ਼ਤਮ ਹੋਣ ਦੇ ਬਰਾਬਰ ਵੇਖ ਰਹੇ ਹਾਂ।”
ਟੈਰਿਫ਼ ਲਾਗੂ ਹੋਣ ਤੋਂ ਪਹਿਲਾਂ, ਐਮੇਰਸਨ ਸਰਹੱਦ ‘ਤੇ ਹਫ਼ਤੇ ਦੇ ਸ਼ੁਰੂਆਤੀ ਦਿਨਾਂ ਵਿੱਚ ਸੈਂਕੜਿਆਂ ਟਰੱਕਾਂ ਦੀ ਲਾਈਨ ਹੁੰਦੀ ਸੀ। ਪਰ ਪਿਛਲੇ ਹਫ਼ਤੇ, ਸਿਰਫ਼ ਕੁਝ ਗਿਣਤੀਆਂ ਟਰੱਕਾਂ ਨੂੰ ਹੀ ਜਾਂਦੇ ਹੋਏ ਦੇਖਿਆ। “ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਐਮੇਰਸਨ ਸਰਹੱਦ ਉੱਤੇ ਹਰ ਸਾਲ ਲਗਭਗ 31 ਅਰਬ ਡਾਲਰ ਦਾ ਵਪਾਰ ਹੁੰਦਾ ਹੈ
ਮਨੀਟੋਬਾ ਟਰੱਕਿੰਗ ਅਸੋਸੀਏਸ਼ਨ ਨੇ ਵੀ ਇਹ ਸਵੀਕਾਰਿਆ ਕਿ ਉਨ੍ਹਾਂ ਦੇ ਮੈਂਬਰ ਇਸ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਕਾਰੋਬਾਰੀਆਂ ਵਲੋਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੀਆਂ ਚੀਜ਼ਾਂ ਟੈਰਿਫ਼ ਦੀ ਲਪੇਟ ਵਿੱਚ ਨਾ ਆਉਣ, ਜਿਸ ਕਰਕੇ ਸਰਹੱਦ ਪਾਰ ਭੇਜਣ ਵਾਲੀਆਂ ਲੋਡਿੰਗਸ ਘੱਟ ਰਹੀਆਂ ਹਨ।
ਇੱਕ ਅੰਦਾਜ਼ੇ ਦੇ ਮੁਤਾਬਕ, 28,000 ਤੋਂ ਵੱਧ ਮਨੀਟੋਬਾ ਦੇ ਨੌਕਰੀਪੇਸ਼ਾ ਵਿਅਕਤੀ ਟਰੱਕਿੰਗ ਉਦਯੋਗ ਨਾਲ ਜੁੜੇ ਹੋਏ ਹਨ, ਅਤੇ ਉਨ੍ਹਾਂ ਦੀ ਨੌਕਰੀਆਂ ਹੁਣ ਅਣਿਸ਼ਚਿਤ ਹੋ ਗਈਆਂ ਹਨ। “ਕਾਰੋਬਾਰ ਅਣਿਸ਼ਚਿਤਤਾ ਵਿੱਚ ਫ਼ਸਿਆ ਹੋਇਆ ਹੈ। ਉਨ੍ਹਾਂ ਨੂੰ ਪਤਾ ਨਹੀਂ ਕਿ ਸਰਹੱਦ ਪਾਰ ਕੀਮਤਾਂ ਅਤੇ ਟੈਰਿਫ਼ ਦੀ ਸਥਿਤੀ ਕੀ ਹੋਵੇਗੀ, ਜਿਸ ਕਰਕੇ ਉਹ ਆਪਣੇ ਅਗਲੇ ਕਦਮ ਚੁੱਕਣ ਵਿੱਚ ਝਿਜਕ ਮਹਿਸੂਸ ਕਰ ਰਹੇ ਹਨ।

Related Articles

Latest Articles