ਵੈਨਕੂਵਰ (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਨੇ ਅਮਰੀਕਾ ਤੋਂ ਡਾਕਟਰਾਂ ਅਤੇ ਨਰਸਾਂ ਨੂੰ ਨੌਕਰੀ ਦੇਣ ਲਈ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਨ੍ਹਾਂ ਦੇ ਪ੍ਰਮਾਣ ਪੱਤਰ ਤੇਜ਼ੀ ਨਾਲ ਪ੍ਰਮਾਣਿਤ ਕੀਤੇ ਜਾਣਗੇ।
ਬੀ.ਸੀ. ਦੀ ਸਿਹਤ ਮੰਤਰੀ ਜੋਸੀ ਆਸਬੋਰਨ ਨੇ ਇਹ ਵੱਡਾ ਐਲਾਨ ਕਰਦਿਆਂ ਕਿਹਾ, “ਇਹ ਬੀ.ਸੀ. ਵਿੱਚ ਆਉਣ ਦਾ ਸਭ ਤੋਂ ਵਧੀਆ ਸਮਾਂ ਹੈ। ਅਸੀਂ ਤੁਹਾਡਾ ਸਾਡੇ ਖੂਬਸੂਰਤ ਸੂਬੇ ਵਿੱਚ ਸਵਾਗਤ ਕਰਾਂਗੇ।”
ਬੀ.ਸੀ. ਵਾਸ਼ਿੰਗਟਨ, ਓਰੇਗਨ ਅਤੇ ਕੈਲੀਫ਼ੋਰਨੀਆ ਵਿੱਚ ਇੱਕ ਭਰਤੀ ਮੁਹਿੰਮ ਚਲਾਉਣ ਜਾ ਰਿਹਾ ਹੈ, ਤਾਕਿ ਅਮਰੀਕਾ ਵਿੱਚ ਨੌਕਰੀ ਸੰਬੰਧੀ ਚਲ ਰਹੀਆਂ ਮੁਸ਼ਕਲਾਂ ਕਾਰਨ ਉਥੋਂ ਦੇ ਸਿਹਤ ਮਾਹਿਰਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਆਸਬੋਰਨ ਨੇ ਦੱਸਿਆ, “ਪਿਛਲੇ ਕੁਝ ਹਫ਼ਤਿਆਂ ‘ਚ ਜ਼ਿਆਦਾ ਅਮਰੀਕੀ ਡਾਕਟਰ ਅਤੇ ਨਰਸਾਂ ਬੀ.ਸੀ. ‘ਚ ਕੰਮ ਕਰਨ ‘ਚ ਦਿਲਚਸਪੀ ਲੈ ਰਹੇ ਹਨ। ਉਥੇ ਹੋ ਰਹੀ ਅਣਗਹਿਲੀ, ਜਿਵੇਂ ਕਿ ਅਮਰੀਕੀ ਸਰਕਾਰ ਵਲੋਂ ਵਿਸ਼ਵ ਸਿਹਤ ਸੰਸਥਾ ਤੋਂ ਵਾਪਸ ਹੋਣ, ਸਰਕਾਰੀ ਸੇਵਾਵਾਂ ਦੀ ਕਟੌਤੀ ਅਤੇ ਪ੍ਰਜਨਨ ਅਧਿਕਾਰਾਂ ‘ਤੇ ਹਮਲਾਇਹ ਸਭ ਕਾਰਨ ਉਥੋਂ ਦੇ ਸਿਹਤ ਮਾਹਿਰਾਂ ਲਈ ਚਿੰਤਾ ਜਣਕ ਹਨ।”
ਬੀ.ਸੀ. ਦੀ ਸਿਹਤ ਮੰਤਰੀ ਜੋਸੀ ਆਸਬੋਰਨ ਨੇ ਐਲਾਨ ਕੀਤਾ ਕਿ ਅਮਰੀਕੀ ਤਜਰਬੇਕਾਰ ਡਾਕਟਰ, ਜੋ ਅਮਰੀਕਨ ਬੋਰਡ ਆਫ਼ ਮੈਡੀਕਲ ਸਪੀਸ਼ਲਟੀਜ਼ ਨਾਲ ਪ੍ਰਮਾਣਿਤ ਹਨ, ਉਨ੍ਹਾਂ ਨੂੰ ਬੀ.ਸੀ. ਵਿੱਚ ਆਉਣ ‘ਤੇ ਵਧੇਰੇ ਮੁਲਾਂਕਣ ਜਾਂ ਪਰੀਖਿਆ ਤੋਂ ਬਿਨਾਂ ਹੀ ਪੂਰੀ ਲਾਇਸੰਸ ਮਿਲ ਜਾਵੇਗੀ।
ਬੀ.ਸੀ. ਸਰਕਾਰ ਨੇ ਆਸ ਕੀਤੀ ਕਿ ਇਹ ਨਵੀਆਂ ਤਬਦੀਲੀਆਂ ਕੇਵਲ ਕੁਝ ਮਹੀਨਿਆਂ ‘ਚ ਲਾਗੂ ਹੋ ਜਾਣਗੀਆਂ, ਜਿਵੇਂ ਕਿ ਓਨਟਾਰੀਓ, ਨਿਊ ਬ੍ਰੁਨਸਵਿਕ ਅਤੇ ਨੋਵਾ ਸਕੋਸ਼ੀਆ ਵਿੱਚ ਹੋਇਆ। ਇਹ ਤਬਦੀਲੀਆਂ ਬੀ.ਸੀ. ਕਾਲਜ ਆਫ਼ ਫ਼ਿਜ਼ੀਸ਼ਨਜ਼ ਐਂਡ ਸਰਜਨਜ਼ ਦੀ ਨਵੀਂ ਨੀਤੀ ਅਧੀਨ ਹੋਣਗੀਆਂ।
ਸਿਹਤ ਮੰਤਰੀ ਨੇ ਦੱਸਿਆ ਕਿ ਬੀ.ਸੀ. ਕਾਲਜ ਆਫ਼ ਨਰਸਜ਼ ਐਂਡ ਮਿਡਵਾਈਵਜ਼ ਵੀ ਨਵਾਂ ਤਰੀਕਾ ਲੈ ਕੇ ਆ ਰਿਹਾ ਹੈ, ਜਿਸ ਤਹਿਤ ਅਮਰੀਕੀ-ਨਰਸਾਂ ਨੂੰ ਕਿਸੇ ਵੀ ਤੀਸਰੇ ਪੱਖੀ ਮੁਲਾਂਕਣ ਤੋਂ ਬਿਨਾਂ ਹੀ ਰਜਿਸਟਰੇਸ਼ਨ ਦੀ ਆਗਿਆ ਹੋਵੇਗੀ।
ਆਸਬੋਰਨ ਨੇ ਕਿਹਾ, “ਇਹ ਤਬਦੀਲੀ ਅਮਰੀਕੀ ਨਰਸਾਂ ਨੂੰ ਸਿਰਫ਼ ਕੁਝ ਹਫ਼ਤਿਆਂ ‘ਚ ਲਾਇਸੰਸ ਲੈਣ ਦੀ ਇਜਾਜ਼ਤ ਦੇਵੇਗੀ, ਜਦਕਿ ਹੁਣ ਤਕ ਇਹ ਪ੍ਰਕਿਰਿਆ ਮਹੀਨਿਆਂ ਲੱਗਦੀ ਸੀ।”
ਇਹ ਕਦਮ ਬੀ.ਸੀ. ਸਰਕਾਰ ਵਲੋਂ ਆਪਣੇ ਪ੍ਰਾਈਮਰੀ ਸਿਹਤ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ ਚੁੱਕੇ ਜਾ ਰਹੇ ਹਨ।
2023 ਵਿੱਚ ਬੀ.ਸੀ. ਨੇ ਨਵੀਂ ਡਾਕਟਰਾਂ ਦੀ ਤਨਖਾਹ ਮਾਡਲ ਲਾਗੂ ਕੀਤਾ, ਜਿਸ ਕਾਰਨ 1,001 ਨਵੇਂ ਪਰਿਵਾਰਕ ਡਾਕਟਰ ਸ਼ਾਮਲ ਹੋਏ। ਇਸ ਨਾਲ 2.5 ਲੱਖ ਨਵੇਂ ਲੋਕਾਂ ਨੂੰ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਮਿਲਣ ਲੱਗੇ। ਬੀ.ਸੀ. ਸਰਕਾਰ ਜਲਦ ਹੀ ਇਸ ਅਮਰੀਕੀ ਰਾਜਾਂ ‘ਚ ਨਵੀਆਂ ਨੌਕਰੀਆਂ ਸੰਬੰਧੀ ਇੱਕ ਮਾਰਕੀਟਿੰਗ ਮੁਹਿੰਮ ਚਲਾਉਣ ਜਾ ਰਹੀ ਹੈ। ਇਹ ਮੁਹਿੰਮ ਕੈਂਸਰ ਇਲਾਜ, ਐਮਰਜੈਂਸੀ ਡਿਪਾਰਟਮੈਂਟ ਅਤੇ ਪਿੰਡਾਂ ਵਿੱਚ ਸਿਹਤ ਸੰਭਾਲ ‘ਤੇ ਖ਼ਾਸ ਤਵੱਜੋ ਦੇਵੇਗੀ।
ਬੀ.ਸੀ. ਇਸ ਨਵੇਂ ਉਪਰਾਲੇ ਨਾਲ ਆਪਣੇ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ, ਉਮੀਦਵਾਰਾਂ ਨੂੰ ਆਸਾਨ ਪ੍ਰਕਿਰਿਆ ਦੇਣ ਅਤੇ ਪੂਰੇ ਸੂਬੇ ਵਿੱਚ ਵਧੀਆ ਸਿਹਤ ਸੇਵਾਵਾਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਉਨ੍ਹਾਂ ਅਮਰੀਕੀ ਸਿਹਤ ਮਾਹਿਰਾਂ ਲਈ ਵੀ ਇੱਕ ਵਧੀਆ ਮੌਕਾ ਹੈ, ਜੋ ਆਪਣੇ ਵਾਤਾਵਰਣ ਨਾਲ ਅਸੰਤੁਸ਼ਟ ਹਨ ਅਤੇ ਬਿਹਤਰ ਨੌਕਰੀ ਦੇ ਮੌਕੇ ਲੱਭ ਰਹੇ ਹਨ।