ਔਟਵਾ (ਸਿਮਰਨਜੀਤ ਸਿੰਘ): ਕੈਨੇਡਾ ਨੇ ਅਮਰੀਕਾ ਵੱਲੋਂ ਲਗਾਏ ਗਏ ਨਵੇਂ ਸਟੀਲ ਅਤੇ ਐਲੂਮਿਨਿਅਮ ਟੈਰਿਫ਼ ਦੇ ਜਵਾਬ ਵਿੱਚ 29.8 ਅਰਬ ਡਾਲਰ ਦੇ ਹੋਰ ਵਿਰੋਧੀ ਟੈਰਿਫ਼ ਲਗਾਉਣ ਦੀ ਘੋਸ਼ਣਾ ਕੀਤੀ ਹੈ। ਇਹ ਕਦਮ ਉੱਤਰੀ ਅਮਰੀਕਾ ਦੇ ਦੋ ਵੱਡੇ ਵਪਾਰਕ ਭਾਈਚਾਰਕ ਦੇਸ਼ਾਂ ਵਿਚਕਾਰ ਵਧ ਰਹੇ ਵਪਾਰਕ ਤਣਾਅ ਨੂੰ ਹੋਰ ਗਹਿਰਾ ਕਰਨ ਵੱਲ ਸੰਕੇਤ ਹੈ। ਬੁੱਧਵਾਰ ਨੂੰ ਅਮਰੀਕਾ ਵੱਲੋਂ ਕੈਨੇਡਾ ਅਤੇ ਹੋਰ ਵਪਾਰਕ ਦੇਸ਼ਾਂ ਤੋਂ ਆਉਣ ਵਾਲੇ ਸਟੀਲ ਅਤੇ ਐਲੂਮਿਨਿਅਮ ਉੱਤੇ 25% ਟੈਰਿਫ਼ ਲਾਗੂ ਹੋਣ ਤੋਂ ਬਾਅਦ, ਕੈਨੇਡਾ ਨੇ ਵੀ ਆਪਣੇ ਵਿਰੋਧੀ ਟੈਰਿਫ਼ ਲਗਾਉਣ ਦੀ ਤਿਆਰੀ ਕਰ ਲਈ।
ਵਿੱਤ ਮੰਤਰੀ ਡੋਮਿਨਿਕ ਲੇਬਲਾਂਕ ਨੇ ਐਲਾਨ ਕੀਤਾ ਕਿ ਕੈਨੇਡਾ ਦੇ ਵਿਰੋਧੀ ਟੈਰਿਫ਼ 13 ਮਾਰਚ ਨੂੰ ਰਾਤ 12:01 ਵਜੇ ਤੋਂ ਲਾਗੂ ਹੋਣਗੇ। ਇਹ ਟੈਰਿਫ਼ 12.6 ਅਰਬ ਡਾਲਰ ਦੇ ਸਟੀਲ ਉਤਪਾਦਾਂ, 3 ਅਰਬ ਡਾਲਰ ਦੇ ਐਲੂਮਿਨਿਅਮ ਉਤਪਾਦਾਂ ਅਤੇ 14.2 ਅਰਬ ਡਾਲਰ ਦੇ ਹੋਰ ਅਮਰੀਕੀ ਉਤਪਾਦਾਂ ‘ਤੇ ਲਾਗੂ ਹੋਣਗੇ। ਲੇਬਲਾਂਕ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ “ਇਹ ਟੈਰਿਫ਼, ਜੋ ਅਮਰੀਕਾ ਨੇ ਕੈਨੇਡਾ ਦੇ ਸਟੀਲ ਅਤੇ ਐਲੂਮਿਨਿਅਮ ‘ਤੇ ਲਗਾਏ ਹਨ, ਉਹ ਪਿਛਲੇ ਕਈ ਸਾਲਾਂ ਤੋਂ ਦੇਵੇਂ ਦੇਸ਼ਾਂ ‘ਚ ਬਣੀ ਇੱਕ ਬੇਮਿਸਾਲ ਅਤੇ ਸਫਲ ਵਪਾਰਕ ਸਾਂਝ ਵਿੱਚ ਵਿਘਨ ਪੈਦਾ ਕਰੇਗੀ। ਟਰੰਪ ਦੇ ਅਜਿਹੇ ਫੈਸਲੇ ਨਾ ਸਿਰਫ਼ ਕੈਨੇਡਾ ਬਲਕਿ ਅਮਰੀਕਾ ਦੇ ਆਮ ਪਰਿਵਾਰਾਂ ਲਈ ਵੀ ਹਰ ਰੋਜ਼ ਦੀਆਂ ਚੀਜ਼ਾਂ ਮਹਿੰਗੀਆਂ ਕਰ ਰਹੇ ਹਨ।”
ਉਨ੍ਹਾਂ ਕਿਹਾ “ਅਸੀਂ ਆਪਣੇ ਆਈਕਾਨਿਕ ਸਟੀਲ ਅਤੇ ਐਲੂਮਿਨਿਅਮ ਉਦਯੋਗਾਂ ਉੱਤੇ ਹੋ ਰਹੇ ਅਜਿਹੇ ਨਾਜਾਇਜ਼ ਹਮਲਿਆਂ ਨੂੰ ਚੁੱਪਚਾਪ ਨਹੀਂ ਦੇਖ ਸਕਦੇ। ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ”
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਧਮਕੀ ਦਿੱਤੀ ਸੀ ਕਿ ਉਹ ਮੈਟਲ ਟੈਰਿਫ਼ 25% ਤੋਂ ਵਧਾ ਕੇ 50% ਕਰ ਸਕਦੇ ਹਨ । ਇਹ ਐਲਾਨ ਓਂਟਾਰੀਓ ਦੇ 25% ਬਿਜਲੀ ਸਰਚਾਰਜ ‘ਤੇ ਕੀਤਾ ਗਿਆ, ਜੋ ਕਿ ਕੈਨੇਡਾ ਵੱਲੋਂ ਟਰੰਪ ਦੇ ਪਹਿਲੇ ਵਪਾਰਕ ਟੈਰਿਫ਼ ਦਾ ਜਵਾਬ ਸੀ।
ਹਾਲਾਂਕਿ, ਅਮਰੀਕਾ ਨੇ 50% ਦੀ ਬਜਾਏ 25% ਟੈਰਿਫ਼ ਲਾਗੂ ਕਰਨ ਦਾ ਐਲਾਨ ਕੀਤਾ, ਕਿਉਂਕਿ ਓਂਟਾਰੀਓ ਨੇ ਤਿੰਨ ਅਮਰੀਕੀ ਰਾਜਾਂ ਲਈ ਆਪਣੀ ਬਿਜਲੀ ‘ਤੇ ਲਗਾਏ ਗਿਆ ਟੈਕਸ ਰੋਕ ਦਿੱਤਾ।
ਇਹ ਨਵੇਂ ਵਿਰੋਧੀ ਟੈਰਿਫ਼ 30 ਅਰਬ ਡਾਲਰ ਦੇ ਪਿਛਲੇ ਹਫ਼ਤੇ ਲਗਾਏ ਟੈਰਿਫ਼ ਦੇ ਨਾਲ ਹੀ ਲਾਗੂ ਰਹਿਣਗੇ। ਓਟਾਵਾ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਜਦ ਤੱਕ ਟਰੰਪ ਆਪਣੇ ਸਾਰੇ ਟੈਰਿਫ਼ ਹਟਾਉਂਦੇ ਨਹੀਂ, ਤਦ ਤੱਕ ਇਹ ਕਾਰਵਾਈਆਂ ਜਾਰੀ ਰਹਿਣਗੀਆਂ।
ਟਰੰਪ ਨੇ ਹੋਰ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ
ਅਮਰੀਕਾ ਨੇ ਕੈਨੇਡਾ ਦੀ ਆਟੋ ਉਦਯੋਗ, ਦੁੱਧ ਅਤੇ ਲੱਕੜ ਉਤਪਾਦਾਂ ‘ਤੇ ਹੋਰ ਵਪਾਰਕ ਟੈਰਿਫ਼ ਲਗਾਉਣ ਦੀ ਚਿਤਾਵਨੀ ਦਿੱਤੀ ਹੈ।
ਟਰੰਪ ਨੇ ਇਹ ਵੀ ਕਿਹਾ ਕਿ ਉਹ ਅਮਰੀਕਾ ਦੇ ਸਭ ਵਪਾਰਕ ਭਾਗੀਦਾਰਾਂ, ਜਿਸ ਵਿੱਚ ਕੈਨੇਡਾ ਵੀ ਸ਼ਾਮਲ ਹੈ, ‘ਤੇ “ਹੋਰ ਟੈਰਿਫ਼” ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਸਟੀਲ ਅਤੇ ਐਲੂਮਿਨਿਅਮ ਉੱਤੇ ਲੱਗੇ ਨਵੇਂ ਟੈਰਿਫ਼ ਦੋਵਾਂ ਪਾਸਿਆਂ ਦੇ ਉਦਯੋਗਾਂ ਅਤੇ ਕਰਮਚਾਰੀਆਂ ‘ਤੇ ਪ੍ਰਭਾਵ ਪੈਣਗੇ।
ਉੱਤਰੀ ਅਮਰੀਕਾ ਵਿੱਚ ਕਾਰਖ਼ਾਨਿਆਂ, ਉਤਪਾਦਨ ਅਤੇ ਨਿਰਯਾਤ ‘ਤੇ ਇਸ ਦੇ ਲੰਮੇ ਸਮੇਂ ਦੇ ਪ੍ਰਭਾਵ ਪੈਣ ਦੀ ਸੰਭਾਵਨਾ ਬਣ ਗਈ ਹੈ। ਕੈਨੇਡਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਦ ਤੱਕ ਅਮਰੀਕਾ ਆਪਣੇ ਟੈਰਿਫ਼ ਹਟਾਉਂਦਾ ਨਹੀਂ, ਉਹ ਵੀ ਆਪਣੇ ਵਿਰੋਧੀ ਟੈਰਿਫ਼ ਲਗਾਤਾਰ ਲਾਗੂ ਰੱਖੇਗਾ।