7.5 C
Vancouver
Friday, April 11, 2025

ਟੈਰੀਫ਼ ਤੋਂ ਪ੍ਰਭਾਵਿਤ ਉਤਪਾਦਾਂ ਉੱਤੇ ਨਿਸ਼ਾਨਦੇਹੀ ਕਰੇਗੀ ਰਿਟੇਲ ਕੰਪਨੀ ਲੌਬਲੌਅ

ਕੈਨੇਡੀਅਨ ਉਤਪਾਦਾਂ ‘ਤੇ ਲੱਗੇਗਾ ਮੈਪਲ ਲੀਫ਼ ਦਾ ਨਿਸ਼ਾਨ ਅਤੇ ਅਮਰੀਕੀ ਉਤਪਾਦਾਂ ‘ਤੇ ਲੱਗੇਗਾ ‘ਠ’ ਦਾ ਨਿਸ਼ਾਨ
ਟੋਰਾਂਟੋ, (ਸਿਮਰਨਜੀਤ ਸਿੰਘ): ਕੈਨੇਡਾ ਦੀ ਸਭ ਤੋਂ ਵੱਡੀ ਰਿਟੇਲ ਕੰਪਨੀ ਲੌਬਲੌਅ ਨੇ ਐਲਾਨ ਕੀਤਾ ਹੈ ਕਿ ਟੈਰੀਫ਼ ਪ੍ਰਭਾਵਿਤ ਉਤਪਾਦਾਂ ‘ਤੇ ਵਿਸ਼ੇਸ਼ ਨਿਸ਼ਾਨਦੇਹੀ ਕੀਤੀ ਜਾਵੇਗੀ, ਤਾਂ ਜੋ ਗਾਹਕ ਇਹ ਜਾਣ ਸਕਣ ਕਿ ਕਿਹੜੇ ਉਤਪਾਦਾਂ ‘ਤੇ ਵਾਧੂ ਡਿਊਟੀ ਲੱਗ ਰਹੀ ਹੈ।
ਲੌਬਲੌ ਕੰਪਨੀਜ਼ ਲਿਮਿਟੇਡ ਦੇ ਪ੍ਰਧਾਨ, ਪੇਰ ਬੈਂਕ ਨੇ ਲਿੰਕਡਇਨ ‘ਤੇ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਕੰਪਨੀ ਨੇ ‘ਠ’ (ਟੈਰੀਫ਼) ਨਿਸ਼ਾਨ ਤਿਆਰ ਕੀਤਾ ਹੈ, ਜੋ ਉਨ੍ਹਾਂ ਉਤਪਾਦਾਂ ‘ਤੇ ਲਗਾਇਆ ਜਾਵੇਗਾ, ਜੋ ਅਮਰੀਕਾ ਤੋਂ ਆਉਂਦੇ ਹਨ ਅਤੇ ਟੈਰੀਫ਼ ਕਾਰਨ ਮਹਿੰਗੇ ਹੋ ਸਕਦੇ ਹਨ।
ਅਮਰੀਕਾ ਵੱਲੋਂ ਲਾਗੂ ਕੀਤੇ ਗਏ ਟੈਰੀਫ਼ਾਂ ਦੇ ਜਵਾਬ ‘ਚ, ਕੈਨੇਡਾ ਸਰਕਾਰ ਨੇ ਲਗਭਗ 30 ਅਰਬ ਡਾਲਰ ਮੁੱਲ ਦੇ ਉਤਪਾਦਾਂ ‘ਤੇ ਵਾਪਸੀ ਟੈਰੀਫ਼ ਲਗਾਏ ਹਨ। ਜੋ ਕਿ ਦੁੱਧ-ਉਤਪਾਦ, ਫਲ-ਸਬਜ਼ੀਆਂ ਅਤੇ ਹੋਰ ਚੀਜ਼ਾਂ ‘ਤੇ ਲਾਗੂ ਹੁੰਦੇ ਹਨ।
ਪੇਰ ਬੈਂਕ ਨੇ ਕਿਹਾ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਅਮਰੀਕਾ ਤੋਂ ਆਉਂਦੇ ਉਤਪਾਦ ਮਹਿੰਗੇ ਹੋ ਸਕਦੇ ਹਨ, ਇਸੇ ਲਈ ਲੌਬਲੌਅ ਨਿਸ਼ਾਨਦੇਹੀ ਕਰਕੇ ਗਾਹਕਾਂ ਨੂੰ ਵਿਕਲਪਿਕ ਉਤਪਾਦ ਦੱਸਣ ਦੀ ਕੋਸ਼ਿਸ਼ ਕਰੇਗਾ।
ਉੇਨ੍ਹਾਂ ਕਿਹਾ “ਗਾਹਕ ਤੁਰੰਤ ਕਿਸੇ ਵਾਧੂ ਕੀਮਤ ਦੀ ਉਮੀਦ ਨਾ ਕਰਨ, ਕਿਉਂਕਿ ਸਾਡੇ ਕੋਲ ਅਜੇ ਵੀ ਵੇਅਰਹਾਊਸਾਂ ‘ਚ ਪਹਿਲਾਂ ਖਰੀਦੇ ਹੋਏ ਉਤਪਾਦ ਪਏ ਹਨ। ਪਰ ਅਗਲੇ ਕੁਝ ਹਫ਼ਤਿਆਂ ‘ਚ, ਖਾਸ ਤੌਰ ‘ਤੇ ਤਾਜ਼ੇ ਫਲ ਤੇ ਸਬਜ਼ੀਆਂ ਦੀਆਂ ਕੀਮਤਾਂ ਵਧਣ ਦੀ ਉਮੀਦ ਹੈ”
ਉਨ੍ਹਾਂ ਕਿਹਾ ਜਦੋਂ ਤੁਸੀਂ ਸਾਡੇ ਸਟੋਰਾਂ ‘ਚ ਖਰੀਦਦਾਰੀ ਕਰਨ ਆਉਂਗੇ ਤਾਂ ਧਿਆਨ ਰਹੇ ਜੇਕਰ ਕਿਸੇ ਉਤਪਾਦ ‘ਤੇ ‘ਠ’ ਨਿਸ਼ਾਨ ਹੋਵੇ, ਤਾਂ ਗਾਹਕ ਸਮਝ ਜਾਣ ਕਿ ਇਹ ਅਮਰੀਕਾ ਤੋਂ ਆਇਆ ਹੈ ਅਤੇ ਟੈਰੀਫ਼ ਕਾਰਨ ਮਹਿੰਗਾ ਹੋ ਸਕਦਾ ਹੈ”।
.
ਕੈਨੇਡਾ ਵਿੱਚ ਬਣੇ ਉਤਪਾਦ ‘ਤੇ ਲੱਗੇਗਾ ਨਵਾਂ ‘ਮੈਪਲ ਲੀਫ਼’ ਦਾ ਸਟਿੱਕਰ
ਲੌਬਲੌਅ ਨੇ ਇੱਕ ਹੋਰ ਨਵਾਂ ਨਿਸ਼ਾਨ ‘ਕੈਨੇਡੀਅਨ ਮੈਪਲ ਲੀਫ਼’ ਵੀ ਸਾਂਝਾ ਕੀਤਾ ਹੈ ਜੋ ਕਿ ਇਹ ਦਰਸਾਏਗਾ ਕਿ ਇਹ ਉਤਪਾਦ ਕੈਨੇਡਾ ‘ਚ ਤਿਆਰ ਕੀਤਾ ਗਿਆ ਹੈ।
ਅਮਰੀਕਾ ਅਤੇ ਕੈਨੇਡਾ ਵਿਚਕਾਰ ਵਪਾਰਕ ਟਕਰਾ ਹੁਣ ਸਿੱਧਾ ਗਾਹਕਾਂ ਦੀ ਖਰੀਦ-ਫ਼ਰੋਖ਼ਤ ‘ਤੇ ਪ੍ਰਭਾਵ ਪੈਦਾ ਕਰ ਰਿਹਾ ਹੈ। ਲੌਬਲੌਅ ਵੱਲੋਂ ‘ਠ’ ਨਿਸ਼ਾਨ ਲਗਾਉਣ ਨਾਲ ਗਾਹਕ ਪੂਰੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰ ਸਕਣਗੇ, ਤਾਂ ਜੋ ਉਹ ਆਪਣੇ ਬਜਟ ਅਨੁਸਾਰ ਚੋਣ ਕਰ ਸਕਣ। ਅਗਲੇ ਕੁਝ ਹਫ਼ਤਿਆਂ ‘ਚ, ਖਾਸ ਤੌਰ ‘ਤੇ ਤਾਜ਼ੀ ਸਬਜ਼ੀਆਂ, ਫਲ ਅਤੇ ਦੁੱਧ-ਉਤਪਾਦ ਮਹਿੰਗੇ ਹੋਣ ਦੀ ਉਮੀਦ ਹੈ। ਇਸ ਦੌਰਾਨ, ਕੈਨੇਡਾ ਵਿੱਚ ਬਣੇ ਉਤਪਾਦਾਂ ਨੂੰ ਵਧਾਵਾ ਦੇਣ ਲਈ, ‘ਮੈਪਲ ਲੀਫ਼’ ਨਿਸ਼ਾਨ ਵੀ ਵਰਤਿਆ ਜਾਵੇਗਾ।

Related Articles

Latest Articles