ਕਾਰਨੀ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਉਠਾਉਣ ਦੇ ਤੁਰੰਤ ਬਾਅਦ ਚੋਣਾਂ ਹੋਣ ਦੀ ਸੰਭਾਵਨਾ ਹੈ। ਮੌਜੂਦਾ ਸੰਸਦੀ ਕਾਰਵਾਈ 24 ਮਾਰਚ ਤਕ ਰੋਕੀ ਹੋਈ ਹੈ, ਪਰ ਵਿਰੋਧੀ ਪਾਰਟੀਆਂ ਨੇ ਕਿਹਾ ਹੈ ਕਿ ਜਿਵੇਂ ਹੀ ਸੰਸਦ ਮੁੜ ਸ਼ੁਰੂ ਹੁੰਦੀ ਹੈ, ਉਹ ਲਿਬਰਲ ਸਰਕਾਰ ‘ਤੇ ਬੇਭਰੋਸਗੀ ਲਈ ਮਤਾ ਫਿਰ ਪੇਸ਼ ਕਰਨਗੇ।
ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕਾਰਨੀ ਆਪਣੇ ਤਰੀਕੇ ਨਾਲ ਚੋਣਾਂ ਐਲਾਨ ਕਰ ਸਕਦੇ ਹਨ ਕਿਉਂਕਿ ਕਾਰਨੀ ਨੂੰ ਸੰਸਦ ‘ਚ ਪਹਿਲ ਨਵੇਂ ਮੈਂਬਰ ਵਜੋਂ ਆਪਣੀ ਸਥਿਤੀ ਪੱਕੀ ਕਰਨੀ ਪਵੇਗੀ। ਜਿਸ ਲਈ ਮਾਹਰਾਂ ਵਲੋਂ ਅੰਦਾਜ਼ੇ ਇਹੀ ਲਗਾਏ ਜਾ ਰਹੇ ਹਨ ਹਨ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਮਈ ਦੇ ਪਹਿਲੇ ਹਫ਼ਤੇ ਫੈਡਰਲ ਚੋਣਾਂ ਦਾ ਐਲਾਨ ਹੋਣ ਦੀ ਪੂਰੀ ਸੰਭਾਵਨਾ ਹੈ।
ਟਰੂਡੋ ਨੇ ਕੀਤਾ ਸਿਆਸਤ ਤੋਂ ਕਿਨਾਰਾ
ਜਸਟਿਨ ਟਰੂਡੋ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਉਹ ਮੁੜ ਮੈਂਬਰ ਪਾਰਲੀਮੈਂਟ ਵਜੋਂ ਚੋਣ ਨਹੀਂ ਲੜਨਗੇ। ਉਨ੍ਹਾਂ ਨੇ ਜਨਵਰੀ ‘ਚ ਕਿਹਾ ਸੀ ਕਿ ਉਹ ਲਿਬਰਲ ਆਗੂ ਵਜੋਂ ਆਪਣੇ ਅਹੁੱਦੇ ਤੋਂ ਹਟ ਜਾਣਗੇ, ਤਾਂ ਜੋ ਪਾਰਟੀ ਸੰਭਾਵੀ ਤੌਰ ‘ਤੇ ਹੋਣ ਵਾਲੀਆਂ ਚੋਣਾਂ ‘ਚ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਨੂੰ ਟਕਰ ਦੇ ਸਕੇ। ਜ਼ਿਕਰਯੋਗ ਹੈ ਕਿ ਟਰੂਡੋ ਦੀ ਲੋਕਪ੍ਰੀਤਾ ਪਿਛਲੇ ਇੱਕ ਸਾਲ ਤੋਂ ਘਟ ਰਹੀ ਸੀ, ਜਿਸ ਕਾਰਨ ਪਾਰਟੀ ਦੇ ਅੰਦਰੋਂ ਹੀ ਉਨ੍ਹਾਂ ‘ਤੇ ਅਹੁਦੇ ਤੋਂ ਹਟਣ ਦਾ ਦਬਾਅ ਬਣ ਰਿਹਾ ਸੀ। ਟਰੂਡੋ ਦੇ ਹਟਣ ਅਤੇ ਟਰੰਪ ਵੱਲੋਂ ਕੈਨੇਡਾ ‘ਤੇ ਵਧ ਰਹੇ ਵਪਾਰਕ ਦਬਾਅ ਤੋਂ ਬਾਅਦ, ਲਿਬਰਲ ਪਾਰਟੀ ਦੀ ਲੋਕਪ੍ਰਿਅਤਾ ਫਿਰ ਦੁਬਾਰਾ ਵਧਣ ਲੱਗੀ ਹੈ।
ਤਾਜ਼ਾ ਇਪਸੋਸ ਸਰਵੇਖਣ ਮੁਤਾਬਕ, 2021 ਤੋਂ ਬਾਅਦ ਪਹਿਲੀ ਵਾਰ ਲਿਬਰਲ ਪਾਰਟੀ ਨੇ ਚੋਣ ਪੋਲਾਂ ‘ਚ ਕੰਜ਼ਰਵਟਿਵ ਪਾਰਟੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਲਿਬਰਲ ਪਾਰਟੀ ਦੇ 80% ਮੈਂਬਰਾਂ ਨੇ ਕਾਰਨੀ ਨੂੰ ਆਪਣਾ ਆਗੂ ਬਣਾਇਆ, ਕਿਉਂਕਿ ਉਹ ਉਨ੍ਹਾਂ ਨੂੰ ਪੀਅਰ ਪੋਲੀਏਵਰ ਅਤੇ ਡੋਨਾਲਡ ਟਰੰਪ ਦਾ ਮੁਕਾਬਲਾ ਕਰਨ ਲਈ ਸਭ ਤੋਂ ਵਧੀਆ ਆਗੂ ਮੰਨਦੇ ਹਨ।