ਅਜੇ ਤੀਕਰ

ਅਜੇ ਅੰਗੂਰਾਂ ਤੀਕਰ ਹੱਥ ਨਾ ਉੱਪੜਦੇ।
ਅੰਗੂਰ ਅਜੇ ਤਾਂ ਜ਼ਖ਼ਮਾਂ ਦੇ ਹੀ ਉੱਚੜਦੇ।

ਦਰਦ ਗਲੋਟੇ ਤ੍ਰਿੰਝਣ ਵਿੱਚ ਜੇ ਉੱਧੜਦੇ।
ਬੇਦਰਦਾਂ ਦੇ ਤੰਬੂ ਹੁਣ ਤੱਕ ਉੱਜੜਦੇ।

ਉਨ੍ਹਾਂ ਤੀਕਰ ਕਦ ਇਹ ਅੱਖਰ ਉੱਪੜਦੇ।
ਕਾਗਜ਼ ‘ਤੇ ਹਨ ਜ਼ਖ਼ਮ ਜਿਨ੍ਹਾਂ ਦੇ ਨੁੱਚੜਦੇ।

ਕੈਨਵਸ ਉੱਤੇ ਰੰਗ ਤਦੋਂ ਹੀ ਉੱਘੜਦੇ।
ਬੁਰਸ਼ਾਂ ਨੂੰ ਹੱਥ ਛੋਹਣ ਮੁਸੱਵਰ ਸੁੱਘੜ ਦੇ।

ਰੁੱਖਾਂ ਨਾਲ ਹੀ ਪੱਤਿਆਂ ਮੌਜ ਬਹਾਰ ਲਈ,
ਟੁੱਟ ਕੇ ਬਣਨ ਭੰਬੀਰੀ ਮੂਹਰੇ ਝੱਖੜ ਦੇ।

ਜੰਗਬਾਜ਼ਾਂ ਦੇ ਨਾਸੀਂ ਧੂੰਆਂ ਆਇਆ ਹੈ,
ਪੈਰ ਪੈਰ ‘ਤੇ ਪੈਰ ਉਨ੍ਹਾਂ ਦੇ ਉੱਖੜਦੇ।
ਹਰਮਿੰਦਰ ਸਿੰਘ ਕੋਹਾਰਵਾਲਾ
ਸੰਪਰਕ: 98768-73735

Exit mobile version