ਸਨੇਹਇੰਦਰ ਸਿੰਘ ਮੀਲੂ ‘ਫਰੌਰ’, ਸੰਪਰਕ: 95308-85356
ਕਈ ਵਾਰ ਸਾਡੀ ਕਈ ਚੀਜ਼ਾਂ ਜਾਂ ਮਨੁੱਖਾਂ ਨਾਲ ਅਜਿਹੀ ਭਾਵੁਕ ਸਾਂਝ ਬਣ ਜਾਂਦੀ ਹੈ। ਇਨ੍ਹਾਂ ਦੇ ਗੁਆਚਣ, ਟੁੱਟਣ, ਮੁੱਕਣ, ਖ਼ਰਾਬ ਹੋ ਜਾਣ ਜਾਂ ਵਿਛੜਨ ਕਾਰਨ ਮਨ ਉਦਾਸ ਹੋ ਜਾਂਦਾ ਹੈ। ਮੇਰੇ ਮਨ ‘ਚ ਬਚਪਨ ਤੋਂ ਅਜਿਹੀ ਧਾਰਨਾ ਘਰ ਕਰੀ ਬੈਠੀ ਸੀ ਜਿਸ ਨੇ ਮੇਰੇ ਆਤਮ-ਵਿਸ਼ਵਾਸ ਨੂੰ ਕਈ ਵਾਰ ਠੇਸ ਪਹੁੰਚਾਈ। ਮੇਰੀ ਤਾਂ ਇਹ ਖ਼ਾਹਿਸ਼ ਹੁੰਦੀ ਸੀ ਕਿ ਕੋਈ ਵੀ ਰਿਸ਼ਤਾ ਪੱਕੀ ਦੀਵਾਰ ਵਾਂਗ ਹੋਵੇ ਜਿਸ ਦੇ ਟੁੱਟਣ-ਭੱਜਣ ਦਾ ਕੋਈ ਡਰ ਨਾ ਹੋਵੇ। ਅੱਜ ਰਿਸ਼ਤਿਆਂ ਦੀ ਟੁੱਟ-ਭੱਜ ਦੇਖ ਕੇ ਜੰਗਲਾਂ ਵਿੱਚ ਡੇਰੇ ਲਾਉਣ ਦੀ ਨੌਬਤ ਆ ਗਈ ਹੈ ਪਰ ਨਹੀਂ! ਸਮਾਜਿਕ ਜੀਵ ਹੋਣ ਕਾਰਨ ਸਭ ਕੁਝ ਭੁੱਲ-ਭੁਲਾ ਕੇ ਇੱਥੇ ਹੀ ਰਹਿਣਾ ਪੈਂਦਾ ਅਤੇ ਬਹੁਤ ਕੁਝ ਸਹਿਣਾ ਪੈਂਦਾ ਹੈ।
ਕੁਝ ਵਰ੍ਹੇ ਪੁਰਾਣੀ ਗੱਲ ਹੈ, ਮੇਰੇ ਇੱਕ ਸਾਹਿਤਕ ਸਨੇਹੀ ਨੇ ਚੰਡੀਗੜ੍ਹ ਕਿਸੇ ਨੌਕਰੀ ਲਈ ਅਰਜ਼ੀ ਦੇਣ ਜਾਣਾ ਸੀ। ਉਹਨੇ ਸਾਥ ਲਈ ਮੈਨੂੰ ਵੀ ਆਪਣੇ ਨਾਲ ਜਾਣ ਲਈ ਕਿਹਾ। ਅਸੀਂ ਸਾਝਰੇ ਹੀ ਚੰਡੀਗੜ੍ਹ ਚੱਲ ਪਏ। ਅਰਜ਼ੀ ਦੇਣ ਦੀ ਆਖ਼ਿਰੀ ਤਰੀਕ ਹੋਣ ਕਾਰਨ ਉਸ ਦਿਨ ਦਫ਼ਤਰ ਵਿੱਚ ਭੀੜ ਕੁਝ ਜ਼ਿਆਦਾ ਹੀ ਸੀ। ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਇਸ ਭੀੜ-ਭੜੱਕੇ ਵਿੱਚ ਮੇਰੀ ਜੇਬ ਨੂੰ ਲੱਗਾ ਪੈੱਨ ਕਿਧਰੇ ਡਿੱਗ ਪਿਆ। ਜਦੋਂ ਮੇਰਾ ਸਾਥੀ ਕਾਗਜ਼-ਪੱਤਰ ਦਫ਼ਤਰ ਵਿੱਚ ਜਮ੍ਹਾਂ ਕਰਾ ਕੇ ਬਾਹਰ ਆਇਆ ਤਾਂ ਉਹਨੂੰ ਚਾਹ ਪੀਣ ਦੀ ਤਲਬ ਹੋਈ ਪਰ ਮੈਨੂੰ ਪੈੱਨ ਗੁਆਚਣ ਦਾ ਅਫ਼ਸੋਸ ਸੀ। ਉਸ ਦੇ ਚਿਹਰੇ ‘ਤੇ ਨੌਕਰੀ ਲਈ ਅਰਜ਼ੀ ਦੇਣ ਦੀ ਖ਼ੁਸ਼ੀ ਸੀ। ਉਸ ਕਿਹਾ, ”ਚੱਲ ਹੁਣ ਕਿਧਰੇ ਕੈੜੀ ਜਿਹੀ ਚਾਹ ਪੀਂਦੇ ਆਂ।” ਮੈਂ ਪ੍ਰੇਸ਼ਾਨੀ ਵਿੱਚ ਕਿਹਾ, ”ਇੱਥੇ ਕਿਧਰੇ ਭੀੜ ਵਿੱਚ ਮੇਰਾ ਪੈੱਨ ਡਿੱਗ ਪਿਐ” ਪਰ ਉਹਨੇ ਮੇਰੀ ਗੱਲ ਅਣਸੁਣੀ ਜਿਹੀ ਕਰ ਦਿੱਤੀ। ਮੈਂ ਜਦੋਂ ਦੋ-ਤਿੰਨ ਵਾਰ ਪੈੱਨ ਡਿੱਗਣ ਦੀ ਗੱਲ ਕਹੀ ਤਾਂ ਉਹਨੇ ਆਪਣਾ ਪੈੱਨ ਮੈਨੂੰ ਫੜਾਉਂਦੇ ਹੋਏ ਪਿਆਰ ਭਰੇ ਗੁੱਸੇ ਨਾਲ ਕਿਹਾ, ”ਆਹ ਫੜ ਪੈੱਨ! ਕੀ ਪੈੱਨ ਪੈੱਨ ਲਾਈ ਐ। ਜ਼ਿੰਦਗੀ ਵਿੱਚ ਬਹੁਤ ਕੁਝ ਗੁਆਚ ਜਾਂਦੈ, ਟੁੱਟ ਜਾਂਦੈ, ਮੁੱਕ ਜਾਦੈ, ਖਿੰਡ ਜਾਂਦੈ, ਡਿੱਗ ਜਾਂਦੈਕੁਝ ਸਮਝ ਤੋਂ ਕੰਮ ਲੈ। ਐਵੇਂ ਤੁੱਛ ਜਿਹੀ ਚੀਜ਼ ਪਿੱਛੇ ਮੂਰਖ ਨਹੀਂ ਬਣੀਂਦਾ।” ਮੈਂ ਕਿਹਾ, ”ਅਜਿਹੀ ਤਾਂ ਕੋਈ ਗੱਲ ਨਹੀਂ, ਉਸ ਪੈੱਨ ਨਾਲ ਮੇਰੀ ਭਾਵੁਕ ਸਾਂਝ ਸੀ।” ਫਿਰ ਸਾਰੇ ਸਫਰ ਦੌਰਾਨ ਮੈਂ ਮੁੜ ਪੈੱਨ ਦੀ ਗੱਲ ਨਾ ਛੇੜੀ।
ਇਸ ਗੱਲ ਨੂੰ ਅਜੇ ਵਰ੍ਹਾ ਹੀ ਹੋਇਆ ਸੀ ਕਿ ਬਿਲਕੁਲ ਤੰਦਰੁਸਤ, ਮੇਰੀ ਨੱਬੇ ਸਾਲ ਦੀ ਬੇਬੇ (ਮਾਂ) ਅਚਾਨਕ ਬਿਮਾਰ ਹੋ ਗਈ। ਅਸੀਂ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਦੋ-ਤਿੰਨ ਦਿਨ ਬਿਮਾਰ ਰਹਿਣ ਪਿੱਛੋਂ ਇੱਕ ਸਵੇਰ ਸਾਡੇ ਸੱਤੇ ਭੈਣ-ਭਰਾਵਾਂ ਦੇ ਸਾਹਮਣੇ ਮਾਂ ਕੁਝ ਕਹਿੰਦੀ-ਕਹਿੰਦੀ ਸਦਾ ਲਈ ਵਿਛੋੜਾ ਦੇ ਗਈ। ਬੇਬੇ ਦੇ ਵਿਛੋੜੇ ਕਾਰਨ ਸਾਰਿਆਂ ਦੀਆਂ ਅੱਖਾਂ ‘ਚੋਂ ਹੰਝੂ ਆਪ-ਮੁਹਾਰੇ ਵਹਿ ਤੁਰੇ। ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਮੌਤ ਨੂੰ ਇੰਨਾ ਨੇੜਿਓਂ ਦੇਖਿਆ ਸੀ। ਅਸੀਂ ਸਾਰੇ ਬੜੇ ਭਾਵੁਕ ਸਾਂ। ਉਸ ਸਮੇਂ ਉਸ ਸਨੇਹੀ ਦੇ ਪੈੱਨ ਗੁਆਚਣ ਸਮੇਂ ਕਹੇ ਬੋਲ ਮੇਰੇ ਕੰਨਾਂ ‘ਚ ਗੂੰਜਣ ਲੱਗੇ- ਜ਼ਿੰਦਗੀ ‘ਚ ਬਹੁਤ ਕੁਝ ਗੁਆਚ ਜਾਂਦੈ ਥੋੜ੍ਹਾ ਸਬਰ ਤੋਂ ਕੰਮ ਲੈ ਭਾਣਾ ਮੰਨ ਇਹ ਸੰਸਾਰ ਤਾਂ ਮੁਸਾਫਰਾਖਾਨਾ ਹੈ। ਉਸ ਵਕਤ ਬਹੁਤ ਸ਼ਿੱਦਤ ਨਾਲ ਅਹਿਸਾਸ ਹੋਇਆ ਕਿ ਵਾਕਈ, ਜ਼ਿੰਦਗੀ ‘ਚ ਬਹੁਤ ਕੁਝ ਗੁਆਚ ਜਾਂਦਾ ਹੈ!