ਲੇਖਕ : ਅਮਰਪਾਲ ਸਿੰਘ
20 ਮਾਰਚ 2000 ਨੂੰ ਹੋਈ ਚਿੱਠੀ ਸਿੰਘਪੁਰਾ ਕਤਲੇਆਮ ਦੀ ਘਟਨਾ ਜਿਸਨੇ ਸਿੱਖ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅੱਜ, 25 ਸਾਲ ਬਾਅਦ, ਇਹ ਦਿਲ ਕੰਬਾਉਣ ਵਾਲੀ ਘਟਨਾ ਇਕ ਅਣਸੁਲਝਿਆ ਰਹੱਸ ਬਣੀ ਹੋਈ ਹੈ, ਜਿਸ ਵਿੱਚ ਅੱਤਵਾਦ, ਰਾਜਨੀਤਕ ਰਣਨੀਤੀ ਅਤੇ ਸਮਾਜਿਕ ਵਿਗਾੜ ਦੇ ਤੱਤ ਸ਼ਾਮਲ ਹਨ।
20 ਮਾਰਚ 2000 ਨੂੰ, ਜਦੋਂ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਭਾਰਤ ਦੇ ਦੌਰੇ ‘ਤੇ ਸਨ, ਤਦ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ ਇਹ ਕਤਲੇਆਮ ਕਰ ਦਿੱਤਾ ਗਿਆ। ਸ਼ਾਮ ਦੇ ਸਮੇਂ, ਵਰਦੀ ਪਹਿਨੇ ਹਥਿਆਰਬੰਦ ਲੋਕਾਂ ਦਾ ਇੱਕ ਗੁੱਟ ਪਿੰਡ ਵਿੱਚ ਦਾਖ਼ਲ ਹੋਇਆ। ਉਨ੍ਹਾਂ ਨੇ ਪਿੰਡ ਦੇ ਸਿੱਖਾਂ ਨੂੰ ਗੁਰਦੁਆਰੇ ਦੇ ਨੇੜੇ ਇਕੱਠਾ ਹੋਣ ਲਈ ਕਿਹਾ ਅਤੇ ਅੰਨ੍ਹੇਵਾਹ ਗੋਲੀਆਂ ਚਲਾਕੇ 35 ਸਿੱਖਾਂ ਦੀ ਨਸਲਕੁਸ਼ੀ ਕਰ ਦਿੱਤੀ।
ਇਸ ਘਟਨਾ ਨੇ ਭਾਰਤ, ਖ਼ਾਸ ਤੌਰ ‘ਤੇ ਕਸ਼ਮੀਰ ਵਿੱਚ ਰਹਿੰਦੇ ਸਿੱਖਾਂ ਵਿੱਚ ਅਸ਼ਾਂਤੀ ਪੈਦਾ ਕਰ ਦਿੱਤੀ। ਅੱਜ ਵੀ, ਉਹਨਾਂ ਪਰਿਵਾਰਾਂ ਦੇ ਦਿਲਾਂ ਵਿੱਚ ਇਹ ਦੁਖ ਭੁੱਲਾਇਆ ਨਹੀਂ ਜਾ ਸਕਦਾ, ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰ ਗੁਆਏ ।
ਇਸ ਹੱਤਿਆਕਾਂਡ ਦੀ ਜਾਂਚ ਲਈ ਕਈ ਵਾਰ ਹੁਕਮ ਜਾਰੀ ਕੀਤੇ ਗਏ, ਪਰ ਅਸਲ ਦੋਸ਼ੀ ਅੱਜ ਤੱਕ ਗੁੰਮ ਹਨ। ਭਾਰਤ ਸਰਕਾਰ ਅਤੇ ਖੁਫੀਆ ਏਜੰਸੀਆਂ ਨੇ ਇਸ ਹਮਲੇ ਦਾ ਦੋਸ਼ ਪਾਕਿਸਤਾਨ ਅਧਾਰਤ ਅੱਤਵਾਦੀ ਗਰੁੱਪ ਲਸ਼ਕਰ-ਏ-ਤੋਇਬਾ ‘ਤੇ ਲਗਾ ਕੇ ਆਪਣਾ ਪੱਲਾ ਛਾੜਿਆ। ਉਨ੍ਹਾਂ ਦਾ ਦਾਅਵਾ ਸੀ ਕਿ ਇਹ ਹਮਲਾ ਖੇਤਰ ਵਿੱਚ ਅਸਥਿਰਤਾ ਪੈਦਾ ਕਰਨ ਅਤੇ ਧਾਰਮਿਕ ਤਣਾਅ ਵਧਾਉਣ ਦੀ ਕੋਸ਼ਿਸ਼ ਸੀ।
ਦੂਜੇ ਪਾਸੇ, ਕੁਝ ਸਥਾਨਕ ਲੋਕ ਅਤੇ ਸੁਤੰਤਰ ਜਾਂਚਕਰਤਾ ਇਹ ਵੀ ਦਾਅਵਾ ਕਰਦੇ ਹਨ ਕਿ ਭਾਰਤੀ ਸੁਰੱਖਿਆ ਬਲਾਂ ਦੀ ਸੰਭਾਵੀ ਸ਼ਮੂਲੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਦੇ ਮਤਾਬਕ, ਇਹ ਕਤਲੇਆਮ ਕਿਸੇ ਖਾਸ ਰਾਜਨੀਤਕ ਮਕਸਦ ਨਾਲ ਕੀਤਾ ਗਿਆ ਜਿਸ ਵਿੱਚ ਕਸ਼ਮੀਰ ਘਾਟੀ ਵਿੱਚ ਸਿੱਖ-ਮੁਸਲਿਮ ਭਾਈਚਾਰੇ ਵਿੱਚ ਫ਼ੂਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ । ਇਸ ਹੱਤਿਆਕਾਂਡ ਤੋਂ ਕੁਝ ਦਿਨਾਂ ਬਾਅਦ, ਭਾਰਤੀ ਫੌਜ ਨੇ ਦਾਅਵਾ ਕੀਤਾ ਕਿ ਪੰਜ ਪਾਕਿਸਤਾਨੀ ਅੱਤਵਾਦੀਆਂ ਨੂੰ ਇੱਕ ਮੁਕਾਬਲੇ ‘ਚ ਮਾਰ ਦਿੱਤਾ ਗਿਆ। ਪਰ, ਅਗਲੇ ਕੁਝ ਮਹੀਨਿਆਂ ‘ਚ, ਇਹ ਖੁਲਾਸਾ ਹੋਇਆ ਕਿ ਇਹ “ਅੱਤਵਾਦੀ” ਅਸਲ ਵਿੱਚ ਸਥਾਨਕ ਨੌਜਵਾਨ ਹੀ ਸਨ, ਜੋ ਕਿ ਨਿਰਦੋਸ਼ ਸਨ।
ਇਹ ਵਿਵਾਦ ਦਾ ਵੱਡਾ ਵਿਸ਼ਾ ਬਣ ਗਿਆ, ਕਿਉਂਕਿ ਇਹ ਖ਼ਬਰ ਆਈ ਕਿ ਇਹ ਨੌਜਵਾਨ ਪੁਲਿਸ ਨੇ “ਫ਼ਰਜ਼ੀ ਮੁਕਾਬਲੇ” ‘ਚ ਮਾਰੇ, ਤਾਂ ਜੋ ਹਮਲੇ ਦੀ ਜਵਾਬਦੇਹੀ ਨੂੰ ਢਕਿਆ ਜਾ ਸਕੇ।
ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਆਪਣੀ ਵਿਦੇਸ਼ ਮੰਤਰੀ ਮੈਡਲਾਈਨ ਅਲਬਰਾਈਟ ਵੱਲੋਂ ਲਿਖੀ “ਮਾਈਟੀ ਐਂਡ ਅਲਮਾਈਟੀ” ਕਿਤਾਬ ਵਿੱਚ ਚਿੱਠੀ ਸਿੰਘਪੁਰਾ ਹੱਤਿਆਕਾਂਡ ਨੂੰ ਹਿੰਦੂ ਦਹਿਸ਼ਤਗਰਦੀ ਨਾਲ ਜੋੜਿਆ। ਇਸ ਖੁਲਾਸੇ ਨੇ ਭਾਰਤ ਦੀ ਰਾਜਨੀਤਿਕ ਸਰਗਰਮੀ ‘ਚ ਵੱਡੀ ਚਰਚਾ ਨੂੰ ਜਨਮ ਦਿੱਤਾ।
ਪਰ ਅੱਜ 25 ਸਾਲ ਬਾਅਦ ਵੀ, ਸਿੱਖ ਭਾਈਚਾਰਾ ਇਨਸਾਫ਼ ਦੀ ਉਡੀਕ ਕਰ ਰਿਹਾ ਹੈ। ਜਾਂਚ ਕਮੇਟੀਆਂ ਬਣੀਆਂ, ਰਿਪੋਰਟਾਂ ਆਈਆਂ, ਪਰ ਅਸਲ ਦੋਸ਼ੀਆਂ ਨੂੰ ਕਦੇ ਸਜ਼ਾ ਨਹੀਂ ਮਿਲੀ।
ਚਿੱਠੀ ਸਿੰਘਪੁਰਾ ਦੇ ਪੀੜਤ ਪਰਿਵਾਰ ਅੱਜ ਵੀ ਪੁੱਛ ਰਹੇ ਹਨ: ਕਤਲੇਆਮ ਕਰਵਾਉਣ ਵਾਲੇ ਅਸਲ ਦੋਸ਼ੀ ਕੌਣ? ਕੀ ਇਹ ਹਮਲਾ ਅੱਤਵਾਦੀਆਂ ਨੇ ਕੀਤਾ ਜਾਂ ਭਾਰਤੀ ਏਜੰਸੀਆਂ ਦੀ ਕੋਈ ਸਾਜ਼ਿਸ਼ ਸੀ? 25 ਸਾਲ ਬਾਅਦ ਵੀ ਇਨਸਾਫ਼ ਕਿਉਂ ਨਹੀਂ ਮਿਲਿਆ?
1984 ਦੇ ਦਿੱਲੀ ਸਿੱਖ ਨਸਲਕੁਸ਼ੀ, ਪੰਜਾਬ ‘ਚ 1990 ਦੇ ਹਲਾਤ, ਚਿੱਠੀ ਸਿੰਘਪੁਰਾ (2000) ਇਹਨਾਂ ਤਿੰਨ ਵੱਡੇ ਹਮਲਿਆਂ ਨੇ ਸਿੱਖ ਭਾਈਚਾਰੇ ਦੇ ਅਸਤਿੱਤਵ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ।
ਇਕ ਸੱਚਾਈ ਇਹ ਵੀ ਹੈ ਕਿ ਭਾਰਤ ਵਿੱਚ ਸਿੱਖ ਹੱਤਿਆਵਾਂ ਦੇ ਮਾਮਲੇ ਅੱਜ ਤੱਕ ਅਣਸੁਲਝੇ ਰਹੇ ਹਨ। ਨਾ 1984 ਦੇ ਕਤਲੇਆਮ ਲਈ ਕਿਸੇ ਵੱਡੇ ਆਗੂ ਨੂੰ ਸਜ਼ਾ ਮਿਲੀ, ਨਾ ਚਿੱਠੀ ਸਿੰਘਪੁਰਾ ਦੇ ਦੋਸ਼ੀਆਂ ਨੂੰ। 25 ਸਾਲ ਬਾਅਦ ਵੀ, ਸਿੱਖ ਭਾਈਚਾਰਾ ਇਨਸਾਫ਼ ਦੀ ਉਡੀਕ ਕਰ ਰਿਹਾ ਹੈ। ਚਿੱਠੀ ਸਿੰਘਪੁਰਾ ਹੱਤਿਆਕਾਂਡ ਕਦੇ ਵੀ ਨਾ ਭੁਲਾਈ ਜਾਣ ਵਾਲੀ ਘਟਨਾ ਰਹੇਗੀ, ਜੋ ਸਾਨੂੰ ਇਨਸਾਫ਼, ਸਚਾਈ ਅਤੇ ਨਿਆਂ ਦੀ ਲੋੜ ਦੀ ਯਾਦ ਦਿਲਾਉਂਦੀ ਰਹੇਗੀ।