9.8 C
Vancouver
Thursday, April 3, 2025

ਇਤਿਹਾਸ ਦੇ ਅੰਤ ਤੋਂ ਮਨੁੱਖਤਾ ਦੇ ਅੰਤ ਦੀ ਪੇਸ਼ੀਨਗੋਈ ਤੱਕ

 

 

ਲੇਖਕ : ਕੁਲਦੀਪ ਕੌਰ
ਸੰਨ 1989 ‘ਚ ਗਰਮੀ ਦੀ ਰੁੱਤ ਵਿਚ ਅਮਰੀਕਾ ਦੇ ਪ੍ਰਸਿੱਧ ਰਸਾਲੇ ‘ਦਿ ਨੈਸ਼ਨਲ ਇੰਟਰਸਟ’ ਨੇ ਇੱਕ ਅਹਿਮ ਲੇਖ ਛਾਪ ਕੇ ਸਿਆਸੀ ਚਿੰਤਨ ਦੇ ਖੇਮਿਆਂ ਵਿਚ ਹਲਚਲ ਮਚਾ ਦਿੱਤੀ। ਇਸ ਲੇਖ ਦਾ ਸਿਰਲੇਖ ‘ਦਿ ਐ”ਡ ਆਫ ਹਿਸਟਰੀ’ (ਇਤਿਹਾਸ ਦਾ ਅੰਤ) ਸੀ, ਜੋ ਆਪਣੀਆਂ ਤਿੱਖੀਆਂ ਵਿਚਾਰਧਾਰਕ ਦਲੀਲਾਂ ਅਤੇ ਤਤਕਾਲੀ ਹਾਲਾਤ ‘ਤੇ ਟਿੱਪਣੀਆਂ ਕਾਰਨ ਇਕਦਮ ਚਰਚਾ ਦਾ ਵਿਸ਼ਾ ਬਣ ਗਿਆ।
ਇਸ ਲੇਖ ਦੇ ਲੇਖਕ ਫਰਾਂਸਿਸ ਫੁਕੂਯਾਮਾ ਮੁਤਾਬਿਕ ਕਮਿਊਨਿਜ਼ਮ ਅਤੇ ਫਾਸ਼ੀਵਾਦ ਦੋਵੇਂ ਵਿਚਾਰਧਾਰਾਵਾਂ ਦੁਨੀਆ ਭਰ ਵਿਚ ਅਸਫਲਤਾ ਦਾ ਸ਼ਿਕਾਰ ਹੋ ਚੁੱਕੀਆਂ ਹਨ, ਹੁਣ ਸਿਰਫ਼ ਉਦਾਰਵਾਦੀ ਜਮਹੂਰੀਅਤ ਅਤੇ ਮੰਡੀ ਆਧਾਰਿਤ ਆਰਥਿਕਤਾ ਹੀ ਇੱਕੋ-ਇੱਕ ਉਮੀਦ ਰਹਿ ਗਈ ਹੈ। ਸਾਲ 1992 ਵਿਚ ਛਪੀ ਆਪਣੀ ਕਿਤਾਬ ‘ਦਿ ਐ”ਡ ਆਫ ਹਿਸਟਰੀ ਐਂਡ ਦਿ ਲਾਸਟ ਮੈਨ’ ਵਿਚ ਉਹ ਆਪਣੇ ਵਿਚਾਰਾਂ ਦੇ ਹੱਕ ਵਿਚ ਬਹੁਤ ਸਾਰੀਆਂ ਦਲੀਲਾਂ ਦਿੰਦਾ ਹੈ। ਉਸ ਅਨੁਸਾਰ ਹੁਣ ਵਿਚਾਰਧਾਰਕ ਜੰਗਾਂ ਦਾ ਸਮਾਂ ਬੀਤ ਚੁੱਕਿਆ ਹੈ ਅਤੇ ਨਵੇਂ ਸੰਸਾਰ ਵਿਚ ਇਤਿਹਾਸਕ ਸਚਾਈਆਂ ਦੀ ਕੋਈ ਅਹਿਮੀਅਤ ਨਹੀਂ ਰਹੀ। ਉਸ ਅਨੁਸਾਰ ਵਿਚਾਰਾਂ ਦੇ ਇਰਦ-ਗਿਰਦ ਬੁਣੇ ਸਿਆਸੀ-ਆਰਥਿਕ ਢਾਂਚੇ ਹੁਣ ਵੇਲਾ ਵਿਹਾਅ ਚੁੱਕੇ ਹਨ ਅਤੇ ਉਦਾਰਵਾਦੀ ਜਮਹੂਰੀਅਤ ਮਨੁੱਖੀ ਸੱਭਿਅਤਾ ਨੂੰ ਦਰਪੇਸ਼ ਹਰ ਆਲਮੀ ਤੇ ਨਿੱਜੀ ਮਸਲੇ ਦਾ ਹੱਲ ਕਰਨ ਦੇ ਸਮਰੱਥ ਹੈ। ਇਸ ਦੇ ਨਾਲ ਹੀ ਉਸ ਨੇ ਸਪੱਸ਼ਟ ਕਰ ਦਿੱਤਾ ਕਿ ਹੁਣ ਕੌਮਾਂਤਰੀ ਹਿੰਸਾਤਮਕ ਟਕਰਾਅ ਵੀ ਖ਼ਤਮ ਹੋ ਜਾਣਗੇ ਕਿਉਂਕਿ ਵੱਖ-ਵੱਖ ਮੁਲਕ ਹੁਣ ਸਿਰਫ਼ ਆਰਥਿਕ ਮਸਲਿਆਂ ‘ਤੇ ਗੱਲਬਾਤ ਕਰਨਗੇ ਤੇ ਉਨ੍ਹਾਂ ਕੋਲ ਸਿਆਸੀ ਟਕਰਾਅ ਦੇ ਕੋਈ ਕਾਰਨ ਨਹੀਂ ਹੋਣਗੇ ਜਿਸ ਕਾਰਨ ਹਿੰਸਾ ਦਾ ਸਵਾਲ ਹੀ ਪੈਦਾ ਨਹੀਂ ਹੋਵੇਗਾ। ਆਪਣੀ ਕਿਤਾਬ ਦੀਆਂ ਅੰਤਿਮ ਸਤਰਾਂ ਵਿਚ ਉਹ ਲਿਖਦਾ ਹੈ ਕਿ ‘ਇਤਿਹਾਸ ਦਾ ਅੰਤ’ ਹੋਣ ਨਾਲ ਦੁਨੀਆ ਬੇਫ਼ਿਕਰ ਹੋ ਸਕਦੀ ਹੈ।
ਬਹਰਹਾਲ, ਉਸ ਦੀ ‘ਇਤਿਹਾਸ ਦੇ ਅੰਤ’ ਦੇ ਸਿਧਾਂਤ ਵਿਚ ਪਹਿਲਾ ਧਮਾਕਾ ਸਾਲ 2001 ਵਿਚ ਗਿਆਰਾਂ ਸਤੰਬਰ ਨੂੰ ਅਮਰੀਕਾ ਦੇ ਜੌੜੇ ਟਾਵਰਾਂ ਦੇ ਨੇਸਤੋ-ਨਾਬੂਦ ਹੋਣ ਨਾਲ ਹੋਇਆ। ਇਸ ਤੋਂ ਬਾਅਦ ਸਾਲ 2008 ਵਿਚ ਸਾਰੇ ਵਿਸ਼ਵ ਵਿਚ ਮੰਦਵਾੜੇ ਕਾਰਨ ਬੈਂਕਾਂ ਦੀਆਂ ਨਿਲਾਮੀਆਂ ਹੋਣ ਲੱਗੀਆਂ ਤਾਂ ਇਹ ਸਾਬਿਤ ਹੋ ਗਿਆ ਕਿ ਆਰਥਿਕ ਅਸਥਰਿਤਾ ਆਲਮੀ ਸਿਆਸਤ ਅਤੇ ਵਿਚਾਰਕ ਆਦਾਨ-ਪ੍ਰਦਾਨ ਨਾਲ ਬਹੁਤ ਗਹਿਰੀ ਜੁੜੀ ਹੁੰਦੀ ਹੈ। ਉਸ ਤੋਂ ਬਾਅਦ ‘ਔਕਿਊਪਾਈ ਵਾਲ ਸਟਰੀਟ’ ਅਤੇ ‘ਅਰਬ ਸਪਰਿੰਗ’ ਅੰਦੋਲਨਾਂ ਨੇ ਸਥਾਨਕ ਸੱਭਿਆਚਾਰਕ ਪਛਾਣਾਂ ਅਤੇ ਹੋਦਾਂ ਦੀ ਸ਼ਾਨਦਾਰ ਵਿਰਾਸਤ ਅਤੇ ਪੂੰਜੀ ਦੇ ਬੇਮੁਹਾਰੇਪਣ ਨੂੰ ਨੱਥ ਪਾਉਣ ਲਈ ਲੋਕ-ਪੱਖੀ ਸਿਆਸਤ ਦੀ ਰਵਾਇਤ ਦੇ ਸੁਰਜੀਤ ਹੋਣ ਦਾ ਐਲਾਨ ਕਰ ਦਿੱਤਾ। ਇਸ ਸਥਿਤੀ ‘ਤੇ ਅਹਿਮ ਟਿੱਪਣੀ ਕਰਦਿਆਂ ਪ੍ਰਸਿੱਧ ਦਾਰਸ਼ਨਿਕ ਆਲਾਂ ਬਾਦਿਊ ਆਪਣੇ ਸ਼ਾਨਦਾਰ ਲੇਖ ‘ਦਿ ਰੀਬਰਥ ਆਫ ਹਿਸਟਰੀ’ ਵਿਚ ਲਿਖਦਾ ਹੈ, ‘ਆਖ਼ਰ ਇਹ ਹੋ ਕੀ ਰਿਹਾ ਹੈ? ਉਹੀ ਪੁਰਾਣੀ ਲੁੱਟੀ-ਪੁੱਟੀ ਦੁਨੀਆ ਜਿਹੜੀ ਹਰ ਹੀਲੇ ਸਾਰੇ ਹਾਲਾਤ ਦੇ ਬਾਵਜੂਦ ਲਗਾਤਾਰ ਫੈਲ ਰਹੀ ਹੈ? ਇਹ ਦੁਨੀਆ ਦਾ ਅੰਤ ਹੈ ਜਾਂ ਫਿਰ ਇੱਕ ਨਵੀਂ ਦੁਨੀਆ ਦਾ ਮੁਹਾਂਦਰਾ ਘੜਿਆ ਜਾ ਰਿਹਾ ਹੈ?” ਇਸੇ ਦਾਰਸ਼ਨਿਕ ਦਾ ਇੱਕ ਸਮਕਾਲੀ ਆਪਣੀ ਕਿਤਾਬ ਵਿਚ ਕੁਝ ਉਦਾਹਰਨਾਂ ਦੇ ਕੇ ਉਪਰੋਕਤ ਟਿੱਪਣੀ ਦੀ ਵਿਆਖਿਆ ਕਰਦਾ ਹੈ। ਉਸ ਅਨੁਸਾਰ ਅਮਰੀਕਾ ਦੀ ਉਦਾਰਵਾਦੀ ਸਿਆਸਤ ਇਰਾਕ, ਸੀਰੀਆ ਅਤੇ ਅਫ਼ਗਾਨਿਸਤਾਨ ਵਿਚ ਬੁਰੀ ਤਰ੍ਹਾਂ ਅਸਫ਼ਲ ਕਿਉਂ ਰਹੀ ਹੈ?
ਇਸ ਦੇ ਨਾਲ ਹੀ ਫਰਾਂਸਿਸ ਫੁਕੂਯਾਮਾ ਦੇ ਅਧਿਆਪਕ ਰਹੇ ਸੈਮੁਅਲ ਹਟਿੰਗਟਨ ਦਾ ਸਿਧਾਂਤ ‘ਸੱਭਿਅਤਾਵਾਂ ਦਾ ਭੇੜ’ ਵੀ ਚਰਚਾ ਵਿਚ ਆ ਗਿਆ। ਸੈਮੁਅਲ ਹਟਿੰਗਟਨ ਦਾ ਸਿਧਾਂਤ ‘ਸੱਭਿਅਤਾਵਾਂ ਦਾ ਭੇੜ’ ਉਸ ਦੀ 1996 ਵਿਚ ਛਪੀ ਕਿਤਾਬ ‘ਦਿ ਕਲੈਸ਼ ਆਫ ਸਿਵਿਲਾਈਜ਼ੇਸ਼ਨਜ਼ ਐਂਡ ਦੀ ਰੀਮੇਕਿੰਗ ਆਫ ਵਰਲਡ ਆਰਡਰ’ ਰੂਸ ਤੇ ਅਮਰੀਕਾ ਵਿਚਲੀ ਠੰਢੀ ਜੰਗ ਤੋਂ ਬਾਅਦ ਦੀ ਦੁਨੀਆ ‘ਤੇ ਕੀਤੀ ਗਈ ਨੀਤੀਗਤ ਅਤੇ ਅਮਰੀਕੀ ਫ਼ੌਜ ਦੇ ਹਿੱਤ ‘ਚ ਭੁਗਤਦੀ ਟਿੱਪਣੀ ਸੀ। ਉਸ ਅਨੁਸਾਰ, ਠੰਢੀ ਜੰਗ ਦਾ ਦੌਰ ਖ਼ਤਮ ਹੋ ਗਿਆ ਹੈ, ਆਉਣ ਵਾਲੇ ਸਾਲਾਂ ਵਿਚ ਧਾਰਮਿਕ, ਕਬੀਲਾਈ ਅਤੇ ਸੱਭਿਆਚਾਰਕ ਕਾਰਕ ਵੱਡੇ ਪੱਧਰ ‘ਤੇ ਆਲਮੀ ਖਾਨਾਜੰਗੀਆਂ ਦਾ ਕਾਰਨ ਬਣਨਗੇ। ਪਹਿਲੀ ਨਜ਼ਰੇ ਇਹ ਫ਼ਿਕਰਮੰਦੀ ਜਾਇਜ਼ ਭਾਸਦੀ ਹੈ, ਪਰ ਅਸਲ ਵਿਚ ਇਹ ਇੱਕੋ ਸੱਟੇ ਇਤਿਹਾਸਕ ਵਰਤਾਰਿਆਂ ਅਤੇ ਵਿਚਾਰਧਾਰਾਵਾਂ ਖ਼ਾਸ ਤੌਰ ‘ਤੇ ਸਮਾਜਵਾਦੀ ਅਤੇ ਜਮਹੂਰੀਅਤ ਨੂੰ ਰੱਦ ਕਰਨ ਦੀ ਸਿਆਸਤ ਹੈ। ਉਸ ਦੀਆਂ ਇਨ੍ਹਾਂ ਦਲੀਲਾਂ ਦਾ ਢੁਕਵਾਂ ਜਵਾਬ ਦਿੰਦਿਆਂ ਪ੍ਰਸਿੱਧ ਚਿੰਤਕ ਐਡਵਰਡ ਸਈਦ 2001 ਵਿਚ ਆਪਣੇ ਇੱਕ ਲੇਖ ਵਿਚ ਲਿਖਦਾ ਹੈ ਕਿ ‘ਕਲੈਸ਼’ ਦਾ ਸਿਧਾਂਤ ਸੱਭਿਅਕ ਹੋਣ ਦੇ ਵਰਤਾਰੇ ਨੂੰ ਪੁੱਠਾ ਗੇੜਾ ਦਿੰਦਿਆਂ ਇੱਕ ਮਨਚਾਹੀ ‘ਸੱਭਿਅਤਾ’ ਦਾ ਲਕਬ ਘੜਦਾ ਹੈ। ਸਈਦ ਅਨੁਸਾਰ ਸੱਭਿਅਤਾ ਦਾ ਵਿਕਾਸ ਸੱਭਿਆਚਾਰਕ ਤੇ ਸਮਾਜਿਕ ਆਦਾਨ-ਪ੍ਰਦਾਨ ਵਿਚੋਂ ਹੁੰਦਾ ਹੈ। ਉਸ ਅਨੁਸਾਰ ਇਹ ਸਿਧਾਂਤ ‘ਖਾਲਸ ਨਸਲਵਾਦ ਦਾ ਬੁਰਾ ਪ੍ਰਗਟਾਵਾ ਹੈ, ਇੱਕ ਹਿਟਲਰਵਾਦੀ ਜੁਗਤ ਜੋ ਮੌਜੂਦਾ ਦੌਰ ‘ਚ ਅਰਬਾਂ ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕਵਾਇਦ ਹੈ।’ ਇਸੇ ਤਰਜ਼ ‘ਤੇ ਭਾਸ਼ਾ ਵਿਗਿਆਨੀ ਅਤੇ ਸਿਆਸੀ ਚਿੰਤਕ ਨੋਮ ਚੌਮਸਕੀ ਇਸ ਸਿਧਾਂਤ ਦੀ ਨਬਜ਼ ਪਛਾਣਦਿਆਂ ਲਿਖਦਾ ਹੈ:
‘ਇਹ ਅਮਰੀਕਾ ਦੇ ਪਾਪ ਧੋਣ ਦਾ ਯਤਨ ਹੈ। ਉਸ ਦੇ ਜ਼ੁਲਮਾਂ ‘ਤੇ ਕਾਲੀ ਸਿਆਹੀ ਫੇਰਨ ਦਾ ਢੰਗ ਹੈ, ਕਿਉਂਕਿ ਹੁਣ ਸੋਵੀਅਤ ਯੂਨੀਅਨ ਨਹੀਂ ਰਿਹਾ, ਠੰਢੀ ਜੰਗ ਦੇ ਜਬਰ ਨੂੰ ਭੁਲਾਉਣ ਦੀ ਕੋਸ਼ਿਸ਼ ਇਸ ਸਿਧਾਂਤ ਰਾਹੀਂ ਕੀਤੀ ਜਾ ਰਹੀ ਹੈ।’
ਉਪਰੋਕਤ ਦੋਵਾਂ ਸਿਧਾਂਤਾਂ ਦਾ ਅਜੋਕੇ ਦੌਰ ਦੀ ਆਲਮੀ ਸਿਆਸਤ ਨਾਲ ਕੀ ਸਬੰਧ ਹੈ? ਇਸ ਸੰਦਰਭ ਵਿਚ ਸਭ ਤੋਂ ਮਹੱਤਵਪੂਰਨ ਤੱਥ ਇਹ ਹੈ ਕਿ ਇਹ ਦੋਵੇਂ ਸਿਧਾਂਤ ਉਦਾਰਵਾਦੀ ਗ਼ੈਰ-ਸਿਆਸਤੀ ਜਮਹੂਰੀ ਪ੍ਰਬੰਧਨ ਨੂੰ ਆਲਮੀ ਵਰਤਾਰਿਆਂ, ਘਟਨਾਵਾਂ ਅਤੇ ਹਾਲਾਤ ਦਾ ਅੰਤਿਮ ਆਦਰਸ਼ ਚਿੱਤਰ ਮੰਨ ਰਹੇ ਸਨ, ਜੋ ਬਿਲਕੁਲ ਗ਼ਲਤ ਸਾਬਿਤ ਹੋ ਚੁੱਕਿਆ ਹੈ। ਫੁਕੂਯਾਮਾ ਦੀ ਉਦਾਰਵਾਦੀ ਵਿਸ਼ਵ-ਵਿਵਸਥਾ ਦੀ ਪਰਿਕਲਪਨਾ ਅਤੇ ਖੁੱਲ੍ਹੀਆਂ ਮੰਡੀਆਂ ਦਾ ਅਰਬਾਂ-ਖਰਬਾਂ ਦਾ ਕਾਰੋਬਾਰ ਵੀ ਨਾ ਤਾਂ ਆਲਮੀ ਪੱਧਰ ‘ਤੇ ਫੈਲੀ ਮਾਰੂ ਭੁੱਖਮਰੀ ਨੂੰ ਠੱਲ੍ਹ ਪਾ ਸਕਿਆ ਹੈ ਅਤੇ ਨਾ ਹੀ ਲੱਖਾਂ ਦੀ ਗਿਣਤੀ ਵਿਚ ਬੇਰੁਜ਼ਗਾਰ ਫਿਰਦੀ ਲੋਕਾਈ ਦੇ ਸੁਪਨਿਆਂ ਨੂੰ ਤਿੜਕਣ ਤੋਂ ਬਚਾ ਸਕਿਆ ਹੈ। ਉਹ ‘ਸਮੂਹਿਕ ਇਤਿਹਾਸ’ ਨੂੰ ਤਿਲਾਂਜਲੀ ਦੇਣ ਦਾ ਤਰਕ ਦਿੰਦਿਆਂ ਮਨੁੱਖਤਾ ਨੂੰ ਇੱਕ ਅਜਿਹੇ ਸਫ਼ਰ ‘ਤੇ ਤੁਰਨ ਦੀ ਨਸੀਹਤ ਦਿੰਦਾ ਹੈ ਜਿਹੜਾ ਅੱਜ ਨਵ-ਫਾਸ਼ੀਵਾਦ, ਨਵ-ਬਸਤੀਵਾਦ, ਡਿਜ਼ੀਟਲ ਬਸਤੀਵਾਦ ਅਤੇ ਕਾਰਪੋਰੇਸ਼ਨਾਂ-ਕਾਰਪੋਰੇਟਾਂ ਦੇ ਮੁਨਾਫ਼ਾ ਆਧਾਰਿਤ ਈਕੋ-ਚੈਂਬਰਾਂ ਦੀ ਇੱਕ ਲੰਮੀ ਸੁਰੰਗ ਤੋਂ ਬਿਨਾਂ ਕੁਝ ਵੀ ਨਹੀਂ।
ਪਿਛਲੇ ਸਾਲ ਆਲਮੀ ਪੱਧਰ ‘ਤੇ ਸਭ ਤੋਂ ਵੱਧ ਵਿਕਣ ਵਾਲੀ ਲੇਖਕ ਯੁਵਾਲ ਨੋਹ ਹਰਾਰੀ ਦੀ ਨਵੀਂ ਕਿਤਾਬ ‘ਨੈਕਸਜ਼: ਏ ਬਰੀਫ ਹਿਸਟਰੀ ਔਫ ਇਨਫਰਮੇਸ਼ਨ ਨੈੱਟਵਰਕਜ਼ ਫਰੌਮ ਦਿ ਸਟੋਨ ਏਜ ਟੂ ਏਆਈ’ ਕੁੱਲ ਮਿਲਾ ਕੇ ‘ਦਿਨਾਂ ਦੇ ਅੰਤ’ ਜਾਂ ‘ਮਨੁੱਖੀ ਬੁੱਧੀਮਤਾ ਦੇ ਮਸ਼ੀਨਾਂ ਦੁਆਰਾ ਅੰਤ’ ਦੀ ਭਵਿੱਖਬਾਣੀ ਕਰਦੀ ਹੈ। ਇਸ ਕਿਤਾਬ ਅਨੁਸਾਰ ਅਗਲੇ ਸਾਲਾਂ ਵਿਚ ਮਸਨੂਈ ਬੁੱਧੀ ਨਾਲ ਲੈਸ ਮਸ਼ੀਨਾਂ ਹਰ ਉਹ ਕਾਰਜ ਕਰਨ ਦੇ ਸਮਰੱਥ ਹੋ ਜਾਣਗੀਆਂ ਜਿਹੜੇ ਮਨੁੱਖ ਕਰ ਸਕਦੇ ਹਨ। ਅਗਲੇ ਸਾਲਾਂ ਵਿਚ ਇਨ੍ਹਾਂ ਮਸ਼ੀਨਾਂ ‘ਤੇ ਕੰਟਰੋਲ ਅਤੇ ਇਨ੍ਹਾਂ ਮਸ਼ੀਨਾਂ ਦੁਆਰਾ ਕੰਟਰੋਲ ਹੋਈ ਮਨੁੱਖੀ ਸੱਭਿਅਤਾ ਆਪਣੀ ਆਜ਼ਾਦੀ (ਸੋਚਣ, ਸਮਝਣ, ਲਿਖਣ, ਬੋਲਣ ਅਤੇ ਫ਼ੈਸਲੇ ਲੈਣ) ਦਾ ਬਹੁਤ ਸਾਰਾ ਹਿੱਸਾ ਗੁਆ ਲਵੇਗੀ। ਇਸ ਸਬੰਧ ਵਿਚ ਉਹ ਵੱਖ-ਵੱਖ ਮੁੱਦਿਆਂ ‘ਤੇ ਸੋਸ਼ਲ ਮੀਡੀਆ ਅਤੇ ਡਿਜੀਟਲ ਮੀਡੀਆ ਦੁਆਰਾ ਬਣਾਏ ਅਤੇ ਵੱਡੇ ਪੱਧਰ ‘ਤੇ ਫੈਲਾਏ ਜਾਂਦੇ ਬਿਰਤਾਂਤਾਂ, ਖ਼ਬਰਾਂ, ਸੂਚਨਾਵਾਂ ਅਤੇ ਗ਼ਲਤ ਜਾਣਕਾਰੀ ਦੇ ਹਵਾਲੇ ਦਿੰਦਾ ਹੈ।
ਹਰਾਰੀ ਦੀਆਂ ਕਿਤਾਬਾਂ ਦੇ ਵਿਰੋਧ ਵਿਚ ਬਹੁਤ ਸਾਰੀਆਂ ਇਤਿਹਾਸਕ ਵਿਸੰਗਤੀਆਂ ਅਤੇ ਸਿਆਸੀ ਦਲੀਲਾਂ ਹਨ। ਜੇਕਰ ਮਾਰਕਸਵਾਦੀ ਫਲਸਫ਼ੇ ਅਤੇ ਸਿਆਸਤ ਦੇ ਸੰਦਰਭ ਵਿਚ ਸਮਝਿਆ ਜਾਵੇ ਤਾਂ ਇਹ ਪਿਛਲੀ ਸਦੀ ਵਿਚ ਹੀ ਸਪੱਸ਼ਟ ਹੋ ਚੁੱਕਿਆ ਹੈ ਕਿ ਸਿਆਸੀ ਅਤੇ ਸਮਾਜਿਕ ਤੌਰ ‘ਤੇ ਵਿਕਸਤ ਜਮਹੂਰੀ ਸਮਾਜਾਂ ਵਿਚ ਤਕਨੀਕ ਆਰਥਿਕ ਵਿਕਾਸ ਅਤੇ ਮਨੁੱਖੀ ਤਰੱਕੀ ਦਾ ਰਾਹ ਘੜਨ ਦਾ ਸੰਦ ਹੈ, ਜਦੋਂਕਿ ਨਾਬਰਾਬਰ ਤੇ ਗ਼ੈਰ-ਜਮਹੂਰੀ ਸਮਾਜਾਂ ਵਿਚ ਇਹ ਲੋਕਾਂ ਨੂੰ ਕਾਬੂ ਕਰਨ ਅਤੇ ਨਵੇਂ ਵਿਤਕਰੇ ਪੈਦਾ ਕਰਨ ਦਾ ਢੰਗ ਹੈ। ਹਰਾਰੀ ਤੋਂ ਬਹੁਤ ਸਾਲ ਪਹਿਲਾਂ ਮਾਰਕਸਵਾਦੀ ਚਿੰਤਕ ਅੰਤੋਨੀ” ਗ੍ਰਾਮਸ਼ੀ ਆਪਣੇ ਵਡਮੁੱਲੇ ਕਾਰਜ ‘ਪ੍ਰਿਜ਼ਨ ਨੋਟਬੁੱਕਸ’ ਵਿਚ ਲਿਖ ਚੁੱਕਿਆ ਹੈ ਕਿ ਕਿਵੇਂ ਤਕਨੀਕ ਅਤੇ ਸੱਭਿਆਚਾਰਕ ਉਤਪਾਦ ਸੱਤਾ ਨੂੰ ਨਿਰਧਾਰਤ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ। ਹੁਣ ਆਲਮੀ ਤੌਰ ‘ਤੇ ਸਟੇਟ ਦੀ ਧਾਰਨਾ ਕਮਜ਼ੋਰ ਹੋ ਰਹੀ ਹੈ। ਇਹ ਸਮਾਂ ਤਾਨਾਸ਼ਾਹਾਂ ਦੇ ਉਭਾਰ, ਸੱਜੇ-ਪੱਖੀ ਸਿਆਸਤ ਦੇ ਉਥਾਨ ਅਤੇ ਗ਼ੈਰ-ਸਿਆਸੀ ਵਰਤਾਰਿਆਂ ਤੇ ਵਿਚਾਰਾਂ ਦਾ ਦੌਰ ਹੈ। ਫੁਕੂਯਾਮਾ ਅਤੇ ਹਰਾਰੀ ਇਨ੍ਹਾਂ ਸਮਿਆਂ ਦਾ ਵਧੀਆ ਵਿਸ਼ਲੇਸ਼ਣ ਜ਼ਰੂਰ ਕਰਦੇ ਹਨ, ਪਰ ਜੇਕਰ ਇਮਾਨਦਾਰੀ ਨਾਲ ਦੇਖਿਆ ਜਾਵੇ ਤਾਂ ਕਾਰਲ ਮਾਰਕਸ ਦੇ ਸ਼ਬਦਾਂ ਵਿਚ ਅਸਲ ਸਵਾਲ ਤਾਂ ‘ਇਨ੍ਹਾਂ ਸਮੀਕਰਣਾਂ ਨੂੰ ਬਦਲਣ ਦਾ ਹੈ।’
ਇਸ ਤੋਂ ਬਿਨਾਂ ਕੁਝ ਅਹਿਮ ਸਵਾਲ ਲਗਾਤਾਰ ਸੱਭਿਅਤਾ ਦਾ ਦਰਵਾਜ਼ਾ ਖੜਕਾ ਰਹੇ ਹਨ। ਪਹਿਲਾ ਸਵਾਲ ਇਹ ਹੈ ਕਿ ਕੀ ਵਾਪਰ ਰਹੀਆਂ ਘਟਨਾਵਾਂ ਜਾਂ ਵਰਤਾਰਿਆਂ ‘ਤੇ ਮਨੁੱਖਤਾ ਦਾ ਕਿਸੇ ਕਿਸਮ ਦਾ ਕੰਟਰੋਲ ਬਾਕੀ ਰਹਿ ਗਿਆ ਹੈ ਜਾਂ ਸੱਭਿਅਤਾ ਲਈ ਇਨ੍ਹਾਂ ਵਰਤਾਰਿਆਂ ਦੀ ‘ਕਿਵੇਂ’ ਤੇ ‘ਕਿਉਂ’ ਦੀ ਸਪੇਸ ਵਿਚ ਦਖਲਅੰਦਾਜ਼ੀ ਕਰਨ ਦਾ ਕੋਈ ਰਾਹ ਹੀ ਬਾਕੀ ਨਹੀਂ ਬਚਿਆ? ਹਰਾਰੀ ਦੀਆਂ ਕਿਤਾਬਾਂ ਉਨ੍ਹਾਂ ਪਾਠਕਾਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਜੋ ਇਤਿਹਾਸ ਨੂੰ ਦਵੰਦਵਾਦੀ ਨਜ਼ਰੀਏ ਤੋਂ ਪੜਨ ਅਤੇ ਇਤਿਹਾਸਕ ਹਾਲਾਤ ਦੇ ਦਵੰਦਾਂ ਤੇ ਵਿਰੋਧਾਂ ਨੂੰ ਵਿਗਿਆਨਕ ਤਰੀਕਿਆਂ ਨਾਲ ਸਮਝਣ ਦੇ ਆਦੀ ਹਨ।
ਉਹ ਲਿਖਦਾ ਹੈ, ‘ਕੋਈ ਵੀ ਵੱਡੇ ਪੱਧਰ ਦੀ ਮਨੁੱਖੀ ਕਾਰਪੋਰੇਸ਼ਨ, ਆਧੁਨਿਕ ਸਟੇਟ, ਮੱਧਯੁਗੀ ਚਰਚ, ਕੋਈ ਪੁਰਾਣਾ ਸ਼ਹਿਰ ਜਾਂ ਇੱਕ ਆਧੁਨਿਕ ਕਬੀਲਾ ਅਜਿਹੀਆਂ ਮਿੱਥਾਂ ਦੇ ਬਣੇ ਹੋਏ ਹਨ ਜਿਹੜੀਆਂ ਮਨੁੱਖਾਂ ਦੀ ਸਾਂਝੀ ਕਲਪਨਾ ਵਿਚ ਹੀ ਬੁਣੀਆਂ ਹੁੰਦੀਆਂ ਹਨ। ਚਰਚ ਆਮ ਧਾਰਮਿਕ ਮਿੱਥਾਂ ਦੇ ਬਣੇ ਹੁੰਦੇ ਹਨ, ਰਾਸ਼ਟਰ ਜਾਂ ਸਟੇਟ ਰਾਸ਼ਟਰੀ ਮਿੱਥਾਂ ਵਿਚੋਂ ਘੜੇ ਜਾਂਦੇ ਹਨ, ਕਾਨੂੰਨੀ-ਪ੍ਰਬੰਧ ਆਮ ਕਾਨੂੰਨੀ ਮਿੱਥਾਂ ਦੁਆਰਾ ਬਣਾਏ ਜਾਂਦੇ ਹਨ। ਇਨ੍ਹਾਂ ‘ਚੋਂ ਕਿਸੇ ਦੀ ਵੀ ਮਨੁੱਖਾਂ ਦੁਆਰਾ ਕਲਪਿਤ ਤੌਰ ‘ਤੇ ਈਜਾਦ ਕੀਤੀਆਂ ਅਤੇ ਇੱਕ-ਦੂਜੇ ਨੂੰ ਸੁਣਾਈਆਂ ਕਹਾਣੀਆਂ ਤੋਂ ਬਾਹਰ ਕੋਈ ਹੋਂਦ ਨਹੀਂ। ਬ੍ਰਹਿਮੰਡ ਵਿਚ ਕੋਈ ਦੇਵਤੇ ਨਹੀਂ, ਕੋਈ ਰਾਸ਼ਟਰ ਨਹੀਂ, ਪੈਸਾ ਨਹੀਂ, ਕੋਈ ਮਨੁੱਖੀ ਅਧਿਕਾਰ ਨਹੀਂ, ਕੋਈ ਕਾਨੂੰਨ ਨਹੀਂ ਅਤੇ ਕੋਈ ਇਨਸਾਫ਼ ਨਹੀਂ- ਸਭ ਮਨੁੱਖਾਂ ਦੀ ਕਲਪਨਾ ਮਾਤਰ ਹੈ।’ (ਹੋਮੋ ਸੇਪੀਅਨਜ਼)
ਇਸ ਇੱਕ ਪੈਰੇ ਵਿਚ ਹੀ ਹਰਾਰੀ ਦੀ ਸਿਧਾਂਤਕ ਨਾਸਮਝੀ ਤੇ ਵਿਚਾਰਧਾਰਕ ਸੱਖਣਾਪਣ ਪਿਆ ਹੈ। ਕੀ ਸਟੇਟ ਸਿਰਫ਼ ਇੱਕ ਮਿੱਥ ਜਾਂ ਕਲਪਨਾ ਹੈ? ਕੀ ਸ਼ਹਿਰਾਂ ਤੇ ਮੁਲਕਾਂ ਦੀ ਸੰਰਚਨਾ ਇਤਿਹਾਸਕ ਤੇ ਦਵੰਦਵਾਦੀ ਸਥਿਤੀਆਂ ਦੀ ਥਾਂ, ਮਨੁੱਖੀ ਕਲਪਨਾ ਦੇ ਆਧਾਰ ‘ਤੇ ਹੋਈ ਹੈ? ਕੀ ਚਰਚ ਦੀ ਧਾਰਮਿਕਤਾ ਜਾਂ ਮਰਿਆਦਾ ਮਨੁੱਖੀ ਕਹਾਣੀਆਂ ਦੇ ਸਿਰ ‘ਤੇ ਸਦੀਆਂ ਤੱਕ ਬਰਕਰਾਰ ਰੱਖੀ ਗਈ ਹੈ? ਕੀ ਮਨੁੱਖੀ ਸਮਾਜ ਦਾ ਧਰਾਤਲੀ ਯਥਾਰਥ, ਉਸ ਦੇ ਸੰਘਰਸ਼, ਵਿਰੋਧ, ਆਪਸੀ ਟਕਰਾਅ, ਹਿੰਸਾ ਦੀ ਪ੍ਰਵਿਰਤੀ, ਮਨੁੱਖੀ ਤ੍ਰਾਸਦੀਆਂ ਆਦਿ ਦਾ ਆਧਾਰ ਕਹਾਣੀਆਂ ਜਾਂ ਮਿੱਥਾਂ ਹੋ ਸਕਦੀਆਂ ਹਨ? ਇਸ ਤੋਂ ਅੱਗੇ ਇਹ ਸਵਾਲ ਵੀ ਪੁੱਛਣਾ ਜ਼ਰੂਰੀ ਹੈ ਕਿ ਜੇ ਉਪਰੋਕਤ ਸਾਰੇ ਸੰਗਠਨ ਜਾਂ ਸਮੂਹ ਕਾਲਪਨਿਕ ਮਿੱਥ ਹਨ ਤਾਂ ਕੀ ਇਨ੍ਹਾਂ ਨੂੰ ਕਲਪਨਾ ਦੀ ਸ਼ਕਤੀ ਤੇ ਕਹਾਣੀਆਂ ਦੇ ਜੋੜ-ਤੋੜ ਨਾਲ ਫਿਰ ਪਹਿਲਾਂ ਵਰਗੀ ਸਥਿਤੀ ਵਿਚ ਲਿਆਂਦਾ ਜਾ ਸਕਦਾ ਹੈ? ਇਸ ਗੱਲ ਤੋਂ ਕੌਣ ਇਨਕਾਰ ਕਰ ਸਕਦਾ ਹੈ ਕਿ ਆਪਣੇ ਹੱਕਾਂ ਲਈ ਜੂਝਣ ਵਾਲੀ ਮਨੁੱਖੀ ਸਮਰੱਥਾ ਨੂੰ ਕਿਸੇ ਕਲਪਿਤ ਅਦਿੱਸ-ਅਦਿੱਖ ਸ਼ਕਤੀ ਸਾਹਮਣੇ ਬੇਵੱਸ ਕਰਾਰ ਦੇ ਕੇ ਉਨ੍ਹਾਂ ਨੂੰ ਖਪਤਕਾਰੀ ਪਛਾਣ ਵਿਚ ਧੱਕਣ ਦਾ ਫਲਸਫ਼ਾ ਮੁਨਾਫੇ ਦੀ ਮਸ਼ੀਨਰੀ ਲਈ ਕਿੰਨੇ ਲਾਹੇਵੰਦਾ ਸੌਦਾ ਹੈ? ਕੋਈ ਸ਼ੱਕ ਨਹੀਂ ਕਿ ਇਸੇ ਕਾਰਨ ਹਰਾਰੀ ਨਾ ਸਿਰਫ਼ ਬਰਾਕ ਉਬਾਮਾ ਤੋਂ ਸਿਲੀਕੌਨ ਵੈਲੀ ਤੇ ਆਈ.ਐੱਮ.ਐੱਫ. ਵਰਗੀ ਆਰਥਿਕ ਅਜਾਰੇਦਾਰੀ ਦੀ ਸੰਸਥਾ ਤੋਂ ਲੈ ਕੇ ਫੇਸਬੁੱਕ ਦੇ ਮਾਲਿਕ ਮਾਰਕ ਜ਼ਕਰਬਰਗ ਤੱਕ ਸਭ ਦਾ ਚਹੇਤਾ ਇਤਿਹਾਸਕਾਰ ਤੇ ਦਾਰਸ਼ਨਿਕ ਹੈ।
ਕੀ ਇਹ ਬੌਧਿਕ ਬੇਈਮਾਨੀ ਨਹੀਂ ਕਿ ਤੁਸੀਂ ਸਿਆਸੀ ਅਸਥਿਰਤਾ ਅਤੇ ਬੇਕਾਰੀ ਦੀਆਂ ਜਨਮਦਾਤੀਆਂ ਬਹੁਕੌਮੀ ਡਿਜੀਟਲ ਤੇ ਨਾਨ-ਡਿਜੀਟਲ ਕੰਪਨੀਆਂ ਦੇ ਕੰਟਰੋਲ ਕਰਨ ਦੇ ਅਪਰੇਸ਼ਨਾਂ, ਫੇਸਬੁੱਕ ਵਰਗੀਆਂ ਕੰਪਨੀਆਂ ਦੁਆਰਾ ਸਿਆਸੀ ਲੌਬਿੰਗ ਕਰਨ; ਬੋਲਣ, ਲਿਖਣ ਤੇ ਸੂਚਨਾ ਦੇ ਮਨੁੱਖੀ ਅਧਿਕਾਰਾਂ ਦਾ ਲਗਾਤਾਰ ਘਾਣ ਕਰਨ ਅਤੇ ਵੱਖ-ਵੱਖ ਮੁਲਕਾਂ ਵਿਚ ਆਪਣੀਆਂ ਸਥਾਨਕ ਪਛਾਣਾਂ ਦੇ ਸੰਘਰਸ਼ ਲੜ ਰਹੇ ਬਾਸ਼ਿੰਦਿਆਂ ਦੇ ਫੇਸਬੁੱਕ ਪੇਜਾਂ ਨੂੰ ਬਲੌਕ ਕਰਨ ਖ਼ਿਲਾਫ਼ ਇੱਕ ਵੀ ਲਫ਼ਜ਼ ਨਹੀਂ ਬੋਲਦੇ? ਕੀ ਇਹ ਸੂਚਨਾ ਅਤੇ ਜਾਣਕਾਰੀ ਦੇ ਇਕਤਰਫ਼ਾ ਤੇ ਇੱਕ ਦਿਸ਼ਾਵੀ ਚੱਲਣ ਦੇ ਹੱਕ ਵਿਚ ਭੁਗਤਣਾ ਨਹੀਂ ਜਿੱਥੇ ਬਹੁਕੌਮੀ ਕੰਪਨੀਆਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਦਾ ਸਮੂਹ ਜਾਂ ਗਰੁੱਪ ਇਹ ਨਿਰਧਾਰਤ ਕਰਨ ਲੱਗਦਾ ਹੈ ਕਿ ਲੋਕ ਕੀ ਸੋਚਣ, ਲਿਖਣ, ਪੜ੍ਹਨ ਜਾਂ ਕਿਵੇਂ ਪ੍ਰਤੀਕਿਰਿਆ ਦੇਣ? ਦਾਰਸ਼ਨਿਕ ਪੱਧਰ ‘ਤੇ ਦੇਖਿਆ ਜਾਵੇ ਤਾਂ ਇਹ ਆਲਮੀ ਪੱਧਰ ‘ਤੇ ਗਿਆਨ/ਜਾਣਕਾਰੀ/ਸੂਚਨਾ ਦੇ ਸੋਮਿਆਂ ‘ਤੇ ਅਜਾਰੇਦਾਰੀ ਜਮਾਉਣ ਦਾ ਫਾਸ਼ੀਵਾਦੀ ਰੁਝਾਨ ਹੈ।

Related Articles

Latest Articles