ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਸਰਕਾਰ ਨੇ ਹਾਊਸਿੰਗ ਸਮੱਸਿਆ ਨਾਲ ਨਜਿੱਠਣ ਲਈ ਅਤੇ ਚੋਣਾਂ ਦੇ ਮੱਦੇ ਨਜ਼ਰ ਇੱਕ ਐਲਾਨ ਕੀਤਾ ਹੈ। ਹੁਣ $1 ਮਿਲੀਅਨ ਤੱਕ ਦੀ ਕੀਮਤ ਵਾਲੇ ਨਵੇਂ ਘਰਾਂ ‘ਤੇ ਗੁੱਡਸ ਐਂਡ ਸਰਵਿਸਿਜ਼ ਟੈਕਸ (ਜੀ.ਐਸ.ਟੀ) ਨਹੀਂ ਲੱਗੇਗਾ। ਕੈਨੇਡਾ ‘ਚ ਰਿਹਾਇਸ਼ਾਂ ਦੀ ਉੱਚੀ ਲਾਗਤ ਅਤੇ ਨਵੇਂ ਘਰ ਬਣਾਉਣ ਦੀ ਹੌਲੀ ਗਤੀ ਨੂੰ ਵੇਖਦੇ ਹੋਏ, ਫੈਡਰਲ ਸਰਕਾਰ ਨੇ ਨਵੇਂ ਘਰਾਂ ‘ਤੇ ਜੀਐਸਟੀ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਅਤੇ ਡਿਵੈਲਪਰਾਂ ਦੋਵਾਂ ਨੂੰ ਲਾਭ ਹੋਵੇਗਾ, ਜਿਸ ਨਾਲ ਅਨੁਮਾਨਤ 150,000 ਨਵੇਂ ਘਰਾਂ ਦੇ ਬਣਨ ਦੀ ਉਮੀਦ ਜਤਾਈ ਗਈ ਹੈ।
ਕੈਨੇਡਾ ਦੇ ਵਿੱਤ ਮੰਤਰੀ ਕ੍ਰਿਸਟਿਆ ਫ਼੍ਰੀਲੈਂਡ ਨੇ ਕਿਹਾ ਕਿ “ਅਸੀਂ ਕੈਨੇਡਾ ‘ਚ ਘਰ ਬਣਾਉਣ ਦੀ ਰਫ਼ਤਾਰ ਵਧਾਉਣ ਲਈ ਇਹ ਇਤਿਹਾਸਿਕ ਕਦਮ ਚੁੱਕਿਆ ਹੈ। ਜੀਐਸਟੀ ਹਟਾਉਣ ਨਾਲ ਮੋਟੇ ਤੌਰ ‘ਤੇ 5% ਸਸਤੇ ਘਰ ਹੋਣਗੇ, ਜੋ ਘਰ ਖ਼ਰੀਦਣ ਦੇ ਚਾਹਵਾਨ ਲੋਕਾਂ ਲਈ ਇੱਕ ਵੱਡੀ ਰਾਹਤ ਹੈ।”
ਪਰ ਇਹ ਨਿਯਮ ਇੱਕ ਮਿਲੀਅਨ-ਡਾਲਰ ਜਾਂ ਇਸ ਤੋਂ ਘੱਟ ਕੀਮਤ ਵਾਲੇ ਨਵੇਂ ਘਰਾਂ ਤੇ ਹੀ ਲਾਗੂ ਹੋਵੇਗਾ ਅਤੇ ਇਸ ‘ਚ ਨਵੇਂ ਬਣ ਰਹੇ ਹੋ ਰਹੇ ਘਰ, ਕੋਂਡੋ ਅਤੇ ਟਾਊਨਹਾਊਸ ਰੈਂਟਲ ਹਾਊਸਿੰਗ ਪ੍ਰੋਜੈਕਟ ਵੀ ਇਸ ਸਕੀਮ ਦੇ ਅਧੀਨ ਆਉਣਗੇ। ਜੇਕਰ ਕਿਸੇ ਨਵੇਂ ਘਰ ਦੀ ਕੀਮਤ $800,000 ਹੈ, ਤਾਂ ਉਸ ‘ਤੇ ਲੱਗਣ ਵਾਲਾ 5% ਜੀ.ਐਸ.ਟੀ. ($40,000) ਹੁਣ ਨਹੀਂ ਦੇਣਾ ਪਵੇਗਾ।
ਇਸ ਫ਼ੈਸਲੇ ਨਾਲ ਬਿਲਡਰਾਂ ਅਤੇ ਡਿਵੈਲਪਰਾਂ ਨੂੰ ਨਵੇਂ ਹਾਊਸਿੰਗ ਪ੍ਰੋਜੈਕਟ ਲਿਆਉਣ ਲਈ ਪ੍ਰੇਰਨਾ ਮਿਲੇਗੀ। ਹਾਊਸਿੰਗ ਮਾਰਕੀਟ ‘ਚ ਨਵੀਆਂ ਇਮਾਰਤਾਂ ਵਧਣ ਨਾਲ, ਘਰਾਂ ਦੀ ਉਪਲਬਧਤਾ ਵਧੇਗੀ ਅਤੇ ਕੀਮਤਾਂ ਘਟਣ ਦੀ ਉਮੀਦ ਹੈ।
ਫੈਡਰਲ ਸਰਕਾਰ ਨੇ ਸੂਬਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਵਲੋਂ ਪੀ.ਐਸ.ਟੀ. (ਸੂਬਾਈ ਟੈਕਸ) ‘ਚ ਵੀ ਕਟੌਤੀ ਕਰਨ, ਤਾਂ ਕਿ ਹੋਰ ਘਰ ਸਸਤੇ ਹੋ ਸਕਣ। ਜੇਕਰ ਤੁਸੀਂ ਨਵਾਂ ਘਰ ਖ਼ਰੀਦਣ ਬਾਰੇ ਸੋਚ ਰਹੇ ਹੋ, ਤਾਂ ਹੁਣ $1 ਮਿਲੀਅਨ ਤੱਕ ਦੇ ਘਰ ‘ਤੇ 5% ਦੀ ਬਚਤ ਤੁਹਾਨੂੰ ਵੱਡਾ ਲਾਭ ਦੇ ਸਕਦੀ ਹੈ। ਇਹ ਉਨ੍ਹਾਂ ਪਰਿਵਾਰਾਂ ਲਈ ਵੀ ਵਧੀਆ ਮੌਕਾ ਹੈ, ਜੋ ਆਪਣਾ ਪਹਿਲੀ ਵਾਰ ਘਰ ਖ਼ਰੀਦਣ ਚਾਹੁੰਦੇ ਹਨ।