ਫ਼ਕੀਰਾ ਕੁਝ ਤਾਂ ਬੋਲ, ਦਿਲਾਂ ਵਿੱਚ ਦਹਿਸ਼ਤ ਕਿਉਂ ਹੈ।
ਚੁੱਪ ਕਿਉਂ ਕਾਇਨਾਤ, ਸਹਿਮੀ ਧਰਤ ਕਿਉਂ ਹੈ॥
ਉਹ ਮੁੱਠੀ ਭਰ ਨੇ ਜੋ, ਨਿੱਤ ਲੁੱਟੀ ਕੁੱਟੀ ਜਾਂਦੇ ਨੇ।
ਮਿੱਟੀ ਦੇ ਜਾਇਆਂ ਦੀ, ਬੇਬੱਸ ਹਾਲਤ ਕਿਉਂ ਹੈ॥
ਮਹਿਲਾਂ ਤੋਂ ਬਾਹਰ ਵੀ, ਇੱਕ ਹੋਰ ਦੁਨੀਆ ਵਸਦੀ ਹੈ।
ਫਿਰ ਕੇਵਲ, ਮਹਿਲਾਂ ਦੀ ਹਿਫ਼ਾਜ਼ਤ ਕਿਉਂ ਹੈ॥
ਲੋੜਾਂ ਥੋੜਾਂ ਖ਼ਾਹਿਸ਼ਾਂ, ਆਪਣੀਆਂ ਸਾਂਝੀਆਂ ਨੇ।
ਸੋਚੋ! ਕਿਹੜੀ ਗੱਲੋਂ, ਖਿਲਰੀ ਅੱਜ ਤਾਕਤ ਕਿਉਂ ਹੈ॥
ਮਸਲਾ ਰੋਟੀ ਰੋਜ਼ੀ ਦਾ, ਅਸੀਂ ਪਿੱਛੇ ਛੱਡ ਆਏ।
ਧਰਮਾਂ ਕਰਮਾਂ ਵਿੱਚ, ਪਿਸ ਰਹੀ ਖਲਕਤ ਕਿਉਂ ਹੈ॥
ਫੁੱਲ ਭੌਰੇ ਕਲੀਆਂ, ਇੱਕ ਜਿੰਦ ਇੱਕ ਜਾਨ ਸੱਭੇ।
ਦਿਲ ਦਾ ਕਾਲਾ ਮਾਲੀ, ਬੀਜਦਾ ਨਫ਼ਰਤ ਕਿਉਂ ਹੈ॥
ਆਉ ਕਲਮਾਂ ਵਾਲਿਓ, ਵਕਤ ਦੇ ਸਫ਼ੇ ਨੂੰ ਪੜ੍ਹੀਏ।
ਅੱਜ ਬਾਗੀ ਕਲਮਾਂ ਦੀ, ਹੁੰਦੀ ਸ਼ਨਾਖਤ ਕਿਉਂ ਹੈ॥
ਕੀ ਚਾਲ ਹੈ ਪੈਸੇ ਦੀ, ਜਾਂ ਕਿਰਦਾਰ ਜਮਾਤੀ ਹੈ।
ਚਿੱਟੇ ਭਗਵੇਂ ਦੇ ਸੰਗ, ਜੁੜਦੀ ਸ਼ਰਾਫ਼ਤ ਕਿਉਂ ਹੈ॥
ਬੰਨ੍ਹ ਮੰਡਾਸਾ ਔਲਖ਼, ਦਰਿਆ ਦੁੱਖਾਂ ਦੇ ਤਰੀਏ।
ਅੱਖਾਂ ਮੀਟ ਕਿਸੇ ਦੀ ਤੂੰ, ਕਰਨੀ ਇਬਾਦਤ ਕਿਉਂ ਹੈ॥
ਲੇਖਕ : ਸੁਖਦੇਵ ਸਿੰਘ ਔਲਖ਼
ਸੰਪਰਕ: 094647-70121