ਦਫ਼ਤਰ ਵਿਚ ਕੰਮ ਕਰਨ ਵਾਲੇ ਲੋਕਾਂ ਦਾ ਕੁਝ ਸਮੇਂ ਬਾਅਦ ਭਾਰ ਵਧਣ ਲਗਦਾ ਹੈ ਕਿਉਂਕਿ ਉਨ੍ਹਾਂ ਦਾ ਤੋਰਾ-ਫੇਰਾ ਬਹੁਤ ਘਟ ਜਾਂਦਾ ਹੈ। ਦਫ਼ਤਰਾਂ ਵਿਚ ਕੰਮ ਘੱਟ ਹੁੰਦਾ ਹੈ। ਲੋਕ ਸਮਾਂ ਬਿਤਾਉਣ ਲਈ ਕੁਝ ਨਾ ਕੁਝ ਖਾਂਦੇ-ਪੀਂਦੇ ਰਹਿੰਦੇ ਹਨ। ਪ੍ਰਾਈਵੇਟ ਦਫ਼ਤਰਾਂ ਵਿਚ ਕੰਮ ਜ਼ਿਆਦਾ ਹੁੰਦਾ ਹੈ ਪਰ ਇਸ ਲਈ ਕੁਰਸੀ ‘ਤੇ ਜ਼ਿਆਦਾ ਦੇਰ ਬੈਠੇ ਰਹਿਣਾ ਪੈਂਦਾ ਹੈ। ਦੋਵੇਂ ਹੀ ਕਾਰਨਾਂ ਕਰਕੇ ਭਾਰ ਵਧਦਾ ਹੈ।
ਜੇਕਰ ਤੁਸੀਂ ਸਮੇਂ ਸਿਰ ਸੁਚੇਤ ਹੋ ਜਾਵੋਗੇ ਤਾਂ ਆਪਣੇ-ਆਪ ਵਧਦੇ ਵਜ਼ਨ ‘ਤੇ ਕਾਬੂ ਪਾ ਸਕੋਗੇ। ਜੇਕਰ ਤੁਹਾਡਾ ਦਫ਼ਤਰ ਪਹਿਲੀ, ਦੂਸਰੀ ਜਾਂ ਤੀਸਰੀ ਮੰਜ਼ਿਲ ‘ਤੇ ਹੈ ਤਾਂ ਇਸ ਲਈ ਲਿਫਟ ਦੀ ਵਰਤੋਂ ਨਾ ਕਰਦੇ ਹੋਏ ਪੌੜੀਆਂ ਦੀ ਵਰਤੋਂ ਕਰੋ। ਜੇਕਰ ਬਹੁਮੰਜ਼ਿਲਾ ਇਮਾਰਤ ਹੈ ਤਾਂ ਵੀ ਕੁਝ ਮੰਜ਼ਿਲਾਂ ਪੌੜੀਆਂ ਚੜ੍ਹ ਕੇ ਜਾਉ। ਫਿਰ ਲਿਫਟ ਲਵੋ।
ਦਫ਼ਤਰ ਜਾਂਦੇ ਸਮੇਂ ਲੰਚ ਘਰ ਤੋਂ ਹੀ ਬਣਵਾ ਕੇ ਲੈ ਕੇ ਜਾਉ ਜਿਸ ‘ਚ ਘੱਟ ਤੇਲ ਹੋਵੇ। ਜੇਕਰ ਤੁਸੀ ਘਰ ਦਾ ਲੰਚ-ਬਾਕਸ ਛੱਡ ਦਿੱਤਾ ਹੈ ਅਤੇ ਦਫ਼ਤਰ ਕੈਂਟੀਨ ਦਾ ਖਾਣਾ ਖਾ ਰਹੇ ਹੋ ਤਾਂ ਇਸ ਵਿਚ ਜਲਦੀ ਤਬਦੀਲੀ ਕਰੋ। ਜੇਕਰ ਤੁਸੀ ਇਕੱਲੇ ਸ਼ਹਿਰ ਵਿਚ ਹੋ ਤਾਂ ਪੀ ਜੀ ਬਣਨ ਨੂੰ ਪਹਿਲ ਦੇਵੋ ਤਾਂ ਕਿ ਤੁਹਾਨੂੰ ਘਰ ਦਾ ਬਣਿਆ ਭੋਜਨ ਮਿਲ ਸਕੇ। ਕੰਟੀਨ ਤੋਂ ਆਪ ਚਾਹ ਜਾਂ ਕਾਫੀ ਲੈ ਕੇ ਪੀਂਦੇ ਹੋ ਤਾਂ ਇਸ ਨਾਲ ਬਿਸਕੁਟ ਕੇਕ ਜਾਂ ਚਿਪਸ ਨਾ ਖਾਉ। ਘਰ ਦੇ ਭੁੰਨੇ ਹੋਏ ਛੋਲੇ, ਕੁਝ ਭੁੰਨਿਆ ਹੋਇਆ ਨਮਕੀਨ ਜਾਂ ਸਪਰਾਊਟ ਆਦਿ ਲੈ ਕੇ ਜਾਉ ਜਿਸ ਨੂੰ ਚਾਹ ਜਾਂ ਕਾਫੀ ਦੇ ਨਾਲ ਲਵੋ ਤਾਂ ਕਿ ਜ਼ਿਆਦਾ ਕੈਲਰੀ ਸਰੀਰ ‘ਚ ਨਾ ਜਾ ਸਕੇ। ਜੇਕਰ ਕੰਟੀਨ ਵਿਚ ਕੁਝ ਆਰਾਮ ਕਰਨ ਦੀ ਸੁਵਿਧਾ ਹੋਵੇ ਤਾਂ ਇਸ ਦਾ ਇਸਤੇਮਾਲ ਜ਼ਰੂਰ ਕਰੋ। ਜੇਕਰ ਆਸ ਪਾਸ ਕੋਈ ਫਿਟਨੈਸ ਕੇਂਦਰ ਹੋਵੇ ਤਾਂ ਸਵੇਰੇ ਜਲਦੀ ਦਫ਼ਤਰ ਪਹੁੰਚ ਕੇ ਕਸਰਤ ਲਈ ਜਾਉ ਜਾਂ ਦਫਤਰੀ ਸਮੇਂ ਤੋਂ ਬਾਅਦ ਜਿਮ ਜੁਆਇਨ ਕਰੋ। ਲੰਚ ਸਮੇਂ ‘ਚ ਖਾਣਾ ਖਾਣ ਤੋਂ ਬਾਅਦ ਕੰਪਿਊਟਰ ‘ਤੇ ਗੇਮ ਨਾ ਖੇਡੋ, ਨਾ ਹੀ ਦੋਸਤਾਂ ਦੇ ਨਾਲ ਗੱਪਾਂ ਮਾਰੋ। ਹੋ ਸਕੇ ਤਾਂ ਬਾਹਰ ਥੋੜ੍ਹਾ ਟਹਿਲ ਕੇ ਆਉ।
ਜ਼ਿਆਦਾ ਕੈਲਰੀ ਵਾਲੇ ਖਾਣੇ ਦਾ ਸੇਵਨ ਘੱਟ ਤੋਂ ਘੱਟ ਕਰੋ। ਜਿਸ ਦਿਨ ਸਵੇਰੇ ਕੈਲਰੀ ਵਾਲਾ ਖਾਣਾ ਖਾਣਾ ਪਵੇ ਤਾਂ ਉਸ ਦਿਨ ਅਗਲੇ ਵਕਤ ਦੇ ਖਾਣੇ ਵਿਚ ਉਸ ਨੂੰ ਬਰਾਬਰ ਕਰਨ ਦਾ ਯਤਨ ਕਰੋ। ਜਿਸ ਤਰ੍ਹਾਂ ਦੁੱਧ ਦੇ ਨਾਲ ਫਲ ਲਵੋ, ਸਬਜ਼ੀਆਂ ਦੇ ਸੂਪ ਦੇ ਨਾਲ ਸਿਰਫ਼ ਦੋ ਬਰਾਊਨ ਬ੍ਰੈਡ ਦੇ ਸਲਾਇਸ ਗਰਮ ਕਰ ਕੇ ਖਾਉ।
ਪਾਣੀ ਪੀਣਾ ਹੈ ਤਾਂ ਖੁਦ ਵਾਟਰ ਫਿਲਟਰ ਦੇ ਕੋਲ ਜਾ ਕੇ ਪਾਣੀ ਲੈ ਕੇ ਆਉ। ਵੈਸੇ ਇਕ ਗਿਲਾਸ ਪਾਣੀ ਭਰ ਕੇ ਟੇਬਲ ‘ਤੇ ਰੱਖੋ ਤਾਂ ਕਿ ਥੋੜ੍ਹੀ-ਥੋੜ੍ਹੀ ਦੇਰ ਬਾਅਦ ਘੁੱਟ-ਘੁੱਟ ਕਰਕੇ ਪਾਣੀ ਪੀਂਦੇ ਰਹੋ। ਇਸ ਤਰ੍ਹਾਂ ਕਰਨ ਨਾਲ ਭੁੱਖ ਥੋੜ੍ਹੀ ਘੱਟ ਲਗਦੀ ਹੈ ਜਾਂ ਭੁੱਖ ਵੱਲ ਧਿਆਨ ਘੱਟ ਜਾਂਦਾ ਹੈ।
ਜੇਕਰ ਸਾਥੀ ਦੂਸਰੀ ਮੰਜ਼ਿਲ ‘ਤੇ ਹੈ ਅਤੇ ਤੁਸੀਂ ਗੱਲ ਕਰਨੀ ਹੈ ਤਾਂ ਮੋਬਾਈਲ ਫੋਨ ਜਾਂ ਐਕਸਟੈਂਸ਼ਨ ਫੋਨ ਦੀ ਵਰਤੋਂ ਨਾ ਕਰ ਕੇ ਖੁਦ ਉਸ ਕੋਲ ਜਾਉ, ਜਿਸ ਨਾਲ ਮੂਵਮੈਂਟ ਬਣੀ ਰਹਿੰਦੀ ਹੈ। ਆਪਣੀ ਕੁਰਸੀ ਤੇ ਬੈਠੇ ਬੈਠੇ ਕੁਝ ਸਟ੍ਰੈਚਿੰਗ ਕਸਰਤਾਂ ਕਰ ਸਕਦੇ ਹੋ ਜਿਸ ਨਾਲ ਸਰੀਰ ਵਿਚ ਚੁਸਤੀ ਬਣੀ ਰਹਿੰਦੀ ਹੈ। ਅੱਖਾਂ, ਗਰਦਨ ਅਤੇ ਪੈਰਾਂ ਦੀਆਂ ਸੂਖਮ ਕਿਰਿਆਵਾਂ ਕਰਦੇ ਰਹੋ ਤਾਂ ਕਿ ਸਰੀਰ ਹਰਕਤ ਵਿਚ ਬਣਿਆ ਰਹੇ।