ਪਿਛਲੇ ਹਫ਼ਤੇ ਲੈਂਗਲੀ ਮੈਮੋਰੀਅਲ ਹਸਪਤਾਲ ‘ਚ ਹੋਇਆ ਸੀ ਨਰਸ ‘ਤੇ ਹਮਲਾ
ਸਰੀ, (ਸਿਮਰਨਜੀਤ ਸਿੰਘ): ਲੈਂਗਲੀ ਮੈਮੋਰੀਅਲ ਹਸਪਤਾਲ ‘ਚ ਨਰਸ ‘ਤੇ ਹੋਏ ਹਮਲੇ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀ ਨਰਸਾਂ ਦੀ ਯੂਨੀਅਨ ਨੇ ਹਸਪਤਾਲਾਂ ਵਿੱਚ ਨਰਸਾਂ ਦੀ ਸੁਰੱਖਿਆ ਨੂੰ ਲੈ ਕੇ ਵਧੇਰੇ ਠੋਸ ਉਪਰਾਲੇ ਕਰਨ ਦੀ ਮੰਗ ਕੀਤੀ ਹੈ।
ਲੈਂਗਲੀ ਮੈਮੋਰੀਅਲ ਹਸਪਤਾਲ ਵਿੱਚ 8 ਮਾਰਚ ਨੂੰ ਇੱਕ ਨਰਸ ‘ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਇੱਕ ਵਿਅਕਤੀ ਨੇ ”ਤੇਜ਼ਧਾਰ ਹਥਿਆਰ” ਦੀ ਵਰਤੋਂ ਕੀਤੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਹਮਲੇ ਦੌਰਾਨ ਨਰਸ ਨੂੰ ਗੰਭੀਰ ਸੱਟਾਂ ਨਹੀਂ ਆਈਆਂ। ਹਾਲਾਂਕਿ, ਇਹ ਨਰਸ ਯੂਨੀਅਨ ਦੀ ਮੈਂਬਰ ਨਹੀਂ ਸੀ, ਪਰ ਇਹ ਘਟਨਾ ਦੱਸਦੀ ਹੈ ਕਿ ਹਸਪਤਾਲਾਂ ਵਿੱਚ ਨਰਸਾਂ ਦੀ ਸੁਰੱਖਿਆ ਤੇਜ਼ੀ ਨਾਲ ਚੁਣੌਤੀ ਬਣ ਰਹੀ ਹੈ।
ਯੂਨੀਅਨ ਦੀ ਪ੍ਰਧਾਨ ਐਡਰੀਆਨ ਗੀਅਰ ਨੇ ਦੱਸਿਆ ਕਿ ਹਸਪਤਾਲਾਂ ਵਿੱਚ ਨਰਸਾਂ ‘ਤੇ ਹੋਣ ਵਾਲੇ ਹਮਲੇ ਵਧ ਰਹੇ ਹਨ। ਉਨ੍ਹਾਂ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਰ ਮਹੀਨੇ ਲਗਭਗ 46 ਗੰਭੀਰ ਹਮਲੇ ਹੋ ਰਹੇ ਹਨ, ਜਿਨ੍ਹਾਂ ਕਾਰਨ ਨਰਸਾਂ ਨੂੰ ਵਰਕ-ਸੇਫ਼ ਬੀ.ਸੀ. ਕੋਲ “ਟਾਈਮ-ਲਾਸ” ਦਾਅਵਾ ਪੇਸ਼ ਕਰਨਾ ਪੈਂਦਾ ਹੈ। ਇਹ ਅੰਕੜੇ ਸਿਰਫ਼ ਉਨ੍ਹਾਂ ਹਮਲਿਆਂ ਦੀ ਗਿਣਤੀ ਦੱਸਦੇ ਹਨ, ਜਿਨ੍ਹਾਂ ਕਾਰਨ ਨਰਸਾਂ ਨੂੰ ਛੁੱਟੀ ਲੈਣੀ ਪਈ। ਇਸ ਵਿੱਚ ਉਹ ਹਮਲੇ ਸ਼ਾਮਲ ਨਹੀਂ ਹਨ ਜੋ ਸ਼ਾਰੀਰੀਕ ਜਾਂ ਮਨੋਵੈਗਿਆਨਕ ਨੁਕਸਾਨ ਪਹੁੰਚਾਉਂਦੇ ਹਨ, ਪਰ ਜਿਨ੍ਹਾਂ ਲਈ ਕੋਈ ਦਾਅਵਾ ਦਰਜ ਨਹੀਂ ਕਰਾਇਆ ਜਾਂਦਾ।
ਗੀਅਰ ਨੇ ਕਿਹਾ ਕਿ ਹਾਲਾਤ ਇਸ ਕਰਕੇ ਵੀ ਖ਼ਰਾਬ ਹੋ ਰਹੇ ਹਨ ਕਿਉਂਕਿ ਕਿਸੇ ਹਿੰਸਕ ਮਰੀਜ਼ ਬਾਰੇ ਜਾਣਕਾਰੀ ਇੱਕ ਹਸਪਤਾਲ ਤੋਂ ਦੂਜੇ ਤੱਕ ਨਹੀਂ ਜਾ ਰਹੀ। ਜੇਕਰ ਕਿਸੇ ਮਰੀਜ਼ ਨੇ ਪਹਿਲਾਂ ਵੀ ਕਿਸੇ ਹਸਪਤਾਲ ਵਿੱਚ ਹਿੰਸਕ ਵਿਵਹਾਰ ਕੀਤਾ ਹੋਇਆ ਹੈ, ਤਾਂ ਇਹ ਜਾਣਕਾਰੀ ਹੋਰ ਹਸਪਤਾਲਾਂ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਜੋ ਕਰਮਚਾਰੀਆਂ ਨੂੰ ਅੱਗੇ ਤੋਂ ਸਾਵਧਾਨ ਕੀਤਾ ਜਾ ਸਕੇ।
ਹਥਿਆਰ ਲੈ ਕੇ ਹਸਪਤਾਲ ‘ਚ ਆਉਣ ‘ਤੇ ਰੋਕ ਲਗਾਉਣ ਦੀ ਮੰਗ
ਯੂਨੀਅਨ ਨੇ ਇਹ ਵੀ ਮੰਗ ਕੀਤੀ ਹੈ ਕਿ ਹਸਪਤਾਲਾਂ ਵਿੱਚ ਹਥਿਆਰ ਲੈ ਕੇ ਆਉਣ ‘ਤੇ ਸਖ਼ਤ ਰੋਕ ਲਗਾਈ ਜਾਵੇ। ਗੀਅਰ ਨੇ ਦਲੀਲ ਦਿੱਤੀ ਕਿ ਜਿਵੇਂ ਹਵਾਈ ਜਹਾਜ਼ ‘ਤੇ ਹਥਿਆਰ ਲੈ ਜਾਣ ਦੀ ਇਜਾਜ਼ਤ ਨਹੀਂ ਹੁੰਦੀ, ਓਹੀ ਨੀਤੀ ਹਸਪਤਾਲਾਂ ਵਿੱਚ ਵੀ ਲਾਗੂ ਹੋਣੀ ਚਾਹੀਦੀ ਹੈ। ਨਰਸਾਂ ਨੇ ਮੰਗ ਕੀਤੀ ਹੈ ਕਿ ਮਰੀਜ਼ਾਂ ਦੀਆਂ ਨਿੱਜੀ ਚੀਜ਼ਾਂ (ਜਿਵੇਂ ਕਿ ਚਾਕੂ ਜਾਂ ਹੋਰ ਨੁਕਸਾਨਦੇਹ ਚੀਜ਼ਾਂ) ਨੂੰ ਇਕ ਵਿਸ਼ੇਸ਼ ਸੁਰੱਖਿਅਤ ਥਾਂ ‘ਤੇ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਛੱਡਣ ਵੇਲੇ ਹੀ ਵਾਪਸ ਦਿੱਤਾ ਜਾਵੇ।
ਸੁਰੱਖਿਆ ਲਈ 750 ਨਵੇਂ ਕਰਮਚਾਰੀ ਨਿਯੁਕਤ
ਬੀ.ਸੀ. ਦੀ ਸਿਹਤ ਮੰਤਰੀ ਜੋਸੀ ਓਸਬੋਰਨ ਨੇ ਲੈਂਗਲੀ ਹਸਪਤਾਲ ਹਮਲੇ ਨੂੰ ”ਭਿਆਨਕ ਘਟਨਾ” ਕਰਾਰ ਦਿੱਤਾ ਅਤੇ ਕਿਹਾ ਕਿ ਹਸਪਤਾਲਾਂ ਵਿੱਚ ਸੁਰੱਖਿਆ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਨੇ ਦੱਸਿਆ ਕਿ 2022 ਤੋਂ ਲੈ ਕੇ, ਸੂਬੇ ਵਿੱਚ 750 “ਰਿਲੇਸ਼ਨਲ ਸਿਕਿਊਰਟੀ” ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਇਹ ਅਧਿਕਾਰੀ ਹਿੰਸਕ ਵਿਅਕਤੀਆਂ ਨੂੰ ਪਛਾਣਣ, ਹਮਲਿਆਂ ਨੂੰ ਕੰਟਰੋਲ ਕਰਨ ਅਤੇ ਸੁਰੱਖਿਆ ਦੇ ਮਾਪਦੰਡ ਠੀਕ ਢੰਗ ਨਾਲ ਲਾਗੂ ਕਰਨ ਦੀ ਵਿਸ਼ੇਸ਼ ਤਾਲੀਮ ਪ੍ਰਾਪਤ ਹਨ।
ਗੀਅਰ ਨੇ ਦੱਸਿਆ ਕਿ ਰਿਲੇਸ਼ਨਲ ਸਿਕਿਊਰਟੀ ਪ੍ਰੋਗਰਾਮ ਵੱਡੇ ਸ਼ਹਿਰਾਂ ਵਿੱਚ ਲਾਗੂ ਕੀਤਾ ਗਿਆ ਹੈ, ਪਰ ਦੂਰ-ਦਰਾਜ਼ ਅਤੇ ਪਿੰਡਾਂ ਦੇ ਹਸਪਤਾਲਾਂ ਵਿੱਚ ਇਹ ਸੇਵਾਵਾਂ ਉਪਲਬਧ ਨਹੀਂ। ਇਨ੍ਹਾਂ ਥਾਵਾਂ ‘ਤੇ ਨਰਸਾਂ ਨੂੰ ਸਿਰਫ਼ ਆਰ.ਸੀ.ਐਮ.ਪੀ. ‘ਤੇ ਭਰੋਸਾ ਕਰਨਾ ਪੈਂਦਾ ਹੈ। ਕਈ ਵਾਰ ਪੁਲਿਸ ਸਟੇਸ਼ਨ ਕਾਫੀ ਦੂਰ ਹੁੰਦਾ ਹੈ, ਜਿਸ ਕਾਰਨ ਸੁਰੱਖਿਆ ਵਿੱਚ ਦੇਰੀ ਹੋ ਜਾਂਦੀ ਹੈ।
ਸੁਰੱਖਿਆ ਪੈਮਾਨਿਆਂ ‘ਤੇ ਹੋਰ ਕੰਮ ਕਰਨ ਦੀ ਲੋੜ ਮੰਤਰੀ
ਓਸਬੋਰਨ ਨੇ ਕਿਹਾ ਕਿ ਨੌਕਰੀ ‘ਤੇ ਹੋਣ ਵਾਲੇ ਹਮਲਿਆਂ ਦੀ ਰਿਪੋਰਟ ਕਰਨਾ ਬਹੁਤ ਜ਼ਰੂਰੀ ਹੈ। ਇਹ ਰਿਪੋਰਟਾਂ ਸਿਹਤ ਅਧਿਕਾਰੀਆਂ ਨੂੰ ਸਹੀ ਢੰਗ ਨਾਲ ਸੁਰੱਖਿਆ ਨੀਤੀਆਂ ਬਣਾਉਣ ਵਿੱਚ ਮਦਦ ਕਰ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਨਰਸਾਂ ਦੀ ਯੂਨੀਅਨ ਨਾਲ ਮਿਲ ਕੇ ਹਿੰਸਾ-ਨਿਵਾਰਣ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਹੋਰ ਕੰਮ ਕਰੇਗਾ।
ਬੀ.ਸੀ. ‘ਚ ਨਰਸਾਂ ‘ਤੇ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਬਣ ਰਹੇ ਹਨ। ਯੂਨੀਅਨ ਨੇ ਹਿੰਸਕ ਮਰੀਜ਼ਾਂ ਦੀ ਜਾਣਕਾਰੀ ਸਾਂਝੀ ਕਰਨ, ਹਥਿਆਰ ‘ਤੇ ਪਾਬੰਦੀ ਅਤੇ ਰਿਲੇਸ਼ਨਲ ਸਿਕਿਊਰਟੀ ‘ਤੇ ਹੋਰ ਧਿਆਨ ਦੇਣ ਦੀ ਮੰਗ ਕੀਤੀ ਹੈ। ਸਿਹਤ ਮੰਤਰੀ ਨੇ ਯਕੀਨ ਦਿਵਾਇਆ ਹੈ ਕਿ ਸੂਬਾ ਹਿੰਸਾ-ਨਿਵਾਰਣ ਅਤੇ ਨਰਸਾਂ ਦੀ ਸੁਰੱਖਿਆ ਲਈ ਹੋਰ ਠੋਸ ਕਦਮ ਚੁੱਕੇਗਾ। This report was written by Simranjit Singh as part of the Local Journalism Initiative.