5.2 C
Vancouver
Friday, April 4, 2025

ਮਨੁੱਖੀ ਵਿਕਾਸ ਅਤੇ ਕੁਦਰਤ ਦਾ ਤਵਾਜ਼ਨ

 

ਲੇਖਕ : ਡਾ. ਸ਼ਿਆਮ ਸੁੰਦਰ ਦੀਪਤੀ,
ਸੰਪਰਕ: 98158-08506
ਇਸ ਧਰਤੀ ‘ਤੇ ਸਾਰੇ ਜੀਵ, ਬਨਸਪਤੀ ਅਤੇ ਜੀਵ-ਜਾਨਵਰ ਕੁਦਰਤ ਦਾ ਹਿੱਸਾ ਹਨ, ਕੁਦਰਤ ਦਾ ਪਸਾਰਾ। ਭਾਰਤ ਦੀ ਧਰਤੀ ‘ਤੇ ਅਨੇਕ ਗ੍ਰੰਥ ਰਚੇ ਗਏ। ਉਸ ਵਿੱਚੋਂ ਪੰਜਾਬ ਦੀ ਧਰਤੀ ‘ਤੇ ਰਚਿਆ ਗੁਰੂ ਗ੍ਰੰਥ ਸਾਹਿਬ ਦਾ ਇਕ ਵਾਕ ਹੈ- ਪਹਿਲਾ ਪਾਣੀ ਜੀਉ ਹੈ। ਇਸ ਦਾ ਅਰਥ ਹੈ- ਸੰਸਾਰ ਵਿੱਚ ਜੋ ਕੁਝ ਵੀ ਹੋਂਦ ਵਿੱਚ ਆਇਆ ਹੈ, ਉਸ ਦਾ ਆਧਾਰ ਪਾਣੀ ਹੈ। ਕੋਈ ਵੀ ਪਾਣੀ ਤੋਂ ਬਗੈਰ ਰਹਿ ਨਹੀਂ ਸਕਦਾ। ਇਸ ਤੋਂ ਬਿਨਾਂ ਇਹ ਜੀਵ-ਜਗਤ ਸੁੱਕ-ਮੁੱਕ ਜਾਵੇਗਾ। ਜਦੋਂ ਪਾਣੀ ਹੀ ਸਭ ਦੀ ਬੁਨਿਆਦ ਹੈ ਤਾਂ ਫਿਰ ਇਸ ਗੱਲ ਨੂੰ ਉਭਾਰਨ ਦੀ ਕੀ ਲੋੜ ਹੈ? ਅਸੀਂ ਇਹ ਵੀ ਜਾਣਿਆ ਹੈ ਕਿ ਮਨੁੱਖ ਦਾ ਜੀਵਨ, ਸਮੇਤ ਬਾਕੀ ਜੀਵਾਂ ਦੇ, ਹਵਾ ਅਤੇ ਪਾਣੀ ‘ਤੇ ਨਿਰਭਰ ਹੈ। ਮੈਡੀਕਲ ਵਿਗਿਆਨ ਜਦੋਂ ਕਿਸੇ ਦੀ ਮੌਤ ਦੀ ਪੁਸ਼ਟੀ ਕਰਦਾ ਹੈ ਤਾਂ ਉਹ ਜਾਂ ਤਾਂ ਹਵਾ ਜਾਂ ਫਿਰ ਪਾਣੀ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਉਂਦਾ ਹੈ; ਦੂਜੇ ਲਫਜ਼ਾਂ ਵਿੱਚ ਕਹੀਏ- ਸਾਹ ਦਾ ਰੁਕਣਾ ਅਤੇ ਦਿਲ ਦਾ ਧੜਕਣਾ, ਭਾਵ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਦਿਲ ਰਾਹੀਂ ਖੂਨ ਦਾ ਪਹੁੰਚਣਾ। ਖੂਨ ਭਾਵੇਂ ਤਰਲ ਪਦਾਰਥ ਹੈ ਪਰ ਇਸ ਦਾ ਸਬੰਧ ਵੀ ਹਵਾ ਨਾਲ ਹੈ।
ਜਦੋਂ ਹਵਾ ਦੀ ਗੱਲ ਚੱਲਦੀ ਹਾਂ ਤਾਂ ਉਸ ਵਿੱਚ ਸਿਰਫ ਮਹਿਸੂਸ ਕਰਨ ਵਾਲੀ ਹਵਾ ਨਹੀਂ ਹੁੰਦੀ, ਉਸ ਵਿੱਚ ਕਿੰਨੀਆਂ ਹੀ ਹੋਰ ਗੈਸਾਂ ਦਾ ਮੇਲ ਹੁੰਦਾ ਹੈ। ਇਨ੍ਹਾਂ ਵਿੱਚੋਂ ਦੋ ਮੁੱਖ ਹਨ: ਆਕਸੀਜਨ ਅਤੇ ਕਾਰਬਨਡਾਈਆਕਸਾਈਡ। ਇਨ੍ਹਾਂ ਦੋਹਾਂ ਗੈਸਾਂ ਦਾ ਆਪਸੀ ਅਨੁਪਾਤ ਵੀ ਹੈ ਤੇ ਦੋਹਾਂ ਦਾ ਸੰਤੁਲਨ ਵੀ, ਕਿਉਂਕਿ ਕਾਰਬਨਡਾਈਆਕਸਾਈਡ ਸਾਡੇ ਵਰਗੇ ਜੀਵਾਂ ਤੋਂ ਪੈਂਦਾ ਹੁੰਦੀ ਹੈ। ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਛੱਡੀ ਹਵਾ ਕਾਰਬਨਡਾਈਆਕਸਾਈਡ ਹੁੰਦੀ ਹੈ। ਪੌਦੇ ਆਕਸੀਜਨ ਛੱਡਦੇ ਹਨ ਤੇ ਜੀਵਾਂ ਦੀ ਛੱਡੀ ਕਾਰਬਨਡਾਈਆਕਸਾਈਡ ਨਾਲ ਪੌਦੇ ਆਪਣੀ ਖੁਰਾਕ ਬਣਾਉਂਦੇ ਹਨ। ਇਹ ਕੁਦਰਤ ਦਾ ਚੱਕਰ ਹੈ ਜੋ ਸੰਤੁਲਨ ਵਿੱਚ ਰਹਿੰਦਾ ਹੈ।
ਹਵਾ, ਪਾਣੀ, ਖੁਰਾਕ ਜੀਵਨ ਦੀ ਲੋੜ ਹਨ। ਇਕ ਗੱਲ ਹੋਰ ਸਮਝਣ ਵਾਲੀ ਹੈ- ਜਿਵੇਂ ਕਿਹਾ ਜਾਂਦਾ ਕਿ ਪਾਣੀ ਜੀਵਨ ਦੀ ਬੁਨਿਆਦ ਹੈ; ਵਿਗਿਆਨ ਨੇ ਵੀ ਸਾਬਤ ਕੀਤਾ ਹੈ ਕਿ ਜਦੋਂ ਧਰਤੀ ਹੋਂਦ ਵਿੱਚ ਆਈ ਤਾਂ ਸਭ ਤੋਂ ਪਹਿਲਾਂ ਧਰਤੀ ਉਤੇ ਪਾਣੀ ਦੀ ਆਮਦ ਹੋਈ। ਪਾਣੀ ਦੀ ਆਮਦ ਨਾਲ ਸੂਖਮ ਜੀਵ ਪੈਦਾ ਹੋਏ। ਅੱਜ ਵੀ ਦੇਖਦੇ ਹਾਂ ਕਿ ਪਾਣੀ ਕੁਝ ਦਿਨ ਖੜ੍ਹਾ ਰਹੇ ਤਾਂ ਕਾਈ ਜੰਮ ਜਾਂਦੀ ਹੈ। ਇਸ ਚਰਚਾ ਵਿੱਚੋਂ ਦੋ ਸਿੱਟੇ ਕੱਢਣ ਦੀ ਲੋੜ ਹੈ: ਪਹਿਲਾ ਤਾਂ ਇਹ ਕਿ ਧਰਤੀ ‘ਤੇ ਜਿਥੇ ਵੀ ਜੀਵਨ ਪੈਦਾ ਹੋਇਆ, ਉਹ ਥਾਂ ਪਾਣੀ ਵਾਲੇ ਸੀ; ਭਾਵ, ਕੁਦਰਤ ਨੇ ਜਿੱਥੇ ਵੀ ਜੀਵਨ ਪੈਦਾ ਕੀਤਾ, ਪਹਿਲਾਂ ਉਥੇ ਵਾਤਾਵਰਨ ਤਿਆਰ ਕੀਤਾ, ਫਿਰ ਜੀਵ ਨੂੰ ਹਾਜ਼ਰੀ ਲਵਾਉਣ ਨੂੰ ਕਿਹਾ।
ਜਦੋਂ ਕਿਸੇ ਔਰਤ ਨੂੰ ਬੱਚਾ ਪੈਦਾ ਹੋਣਾ ਹੁੰਦਾ ਹੈ ਤਾਂ ਉਹ ਪ੍ਰਕਿਰਿਆ ਬਹੁਤ ਪਹਿਲਾਂ 10-11 ਸਾਲ ਦੀ ਉਮਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਔਰਤਾਂ ਵਿੱਚ ਮਾਹਵਾਰੀ ਉਸ ਤਿਆਰੀ ਦਾ ਹੀ ਹਿੱਸਾ ਹੈ ਪਰ ਹੋਰ ਡੂੰਘਾਈ ਨਾਲ ਸਮਝੀਏ ਕਿ ਬੱਚਾ ਪੈਦਾ ਹੋਣ ਤੋਂ ਬਾਅਦ ਆਪਣੇ ਵਿਕਾਸ ਲਈ ਖੁਰਾਕ ਚਾਹੇਗਾ, ਭਾਵੇਂ ਕੁਦਰਤ ਨੇ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਉਸ ਦੀ ਖੁਰਾਕ ਲਈ ਔਰਤ ਦਾ ਦੁੱਧ ਪੈਦਾ ਕੀਤ। ਦੋਧੀਆਂ ਵਿੱਚ ਦੁੱਧ ਉਦੋਂ ਹੀ ਬਣ ਕੇ ਆਉਂਦਾ ਹੈ ਜਦੋਂ ਬੱਚਾ ਔਰਤ ਦੀ ਕੁੱਖ ਰਾਹੀਂ ਇਸ ਧਰਤੀ ‘ਤੇ ਆ ਜਾਂਦਾ ਹੈ। ਇਸੇ ਤਰ੍ਹਾਂ ਇਕ ਹੋਰ ਪੱਖ ਹੈ: ਜਦੋਂ ਬੱਚਾ ਛੇ ਮਹੀਨੇ ਦੀ ਉਮਰ ਤੱਕ ਪਹੁੰਚਦਾ ਹੈ ਤਾਂ ਉਹ ਕੁਦਰਤ ਦੀ ਪੈਦਾ ਕੀਤੀ ਖੁਰਾਕ ਇਸਤੇਮਾਲ ਕਰਨ ਦੇ ਹਾਣ ਦਾ ਹੋ ਰਿਹਾ ਹੁੰਦਾ ਹੈ। ਕੁਝ ਮਹੀਨਿਆਂ ਬਾਅਦ ਬੱਚੇ ਦੇ ਦੰਦ ਨਿਕਲ ਆਉਂਦੇ ਹਨ। ਉਹੀ ਬੱਚਾ ਜੋ ਪਹਿਲਾਂ ਕੁਝ ਪਤਲਾ-ਪਤਲਾ ਮਿੱਧਿਆ ਹੋਇਆ ਖਾਣਾ ਖਾਣ ਦੇ ਕਾਬਿਲ ਹੋ ਰਿਹਾ ਹੁੰਦਾ ਹੈ, ਹੁਣ ਆਪਣੇ ਦੰਦ ਇਸਤੇਮਾਲ ਕਰ ਸਕਦਾ ਹੈ।
ਜ਼ਾਹਿਰ ਹੈ ਕਿ ਕੁਦਰਤ ਆਪਣੇ ਜੀਵਾਂ ਦਾ ਧਿਆਨ ਰੱਖਦੀ ਹੈ, ਇਹ ਭਾਵੇਂ ਪਹਿਲਾਂ ਪਾਣੀ ਦੀ ਗੱਲ ਹੈ ਜਾਂ ਫਿਰ ਹਵਾ ਤੇ ਫਿਰ ਖੁਰਾਕ ਦੀ। ਅਸੀਂ ਆਪਣੇ ਵਿਗਿਆਨ ਰਾਹੀਂ ਸਾਕਾਹਾਰੀ ਤੇ ਮਾਸਾਹਾਰੀ ਖੁਰਾਕ ਦੀ ਵੰਡ ਕੀਤੀ ਹੈ ਪਰ ਇਸੇ ਤਰਜ਼ ‘ਤੇ ਜੀਵਾਂ ਨੂੰ ਵੰਡ ਦੇ ਦੇਖੋ ਤੇ ਉਨ੍ਹਾਂ ਦੇ ਪੈਦਾ ਹੋਣ ਦੀ ਸਥਿਤੀ ਦਾ ਜਾਇਜ਼ਾ ਲਉ। ਹਿਰਨ ਘਾਹ ਖਾਂਦਾ ਹੈ, ਸ਼ੇਰ ਮਾਸਾਹਾਰੀ ਹੈ। ਹਰੇਕ ਦਾ ਖੁਰਾਕ ਦਾ ਆਪਣਾ ਨਿਯਮ ਹੈ। ਇਸ ਨੂੰ ਧਿਆਨ ਨਾਲ ਸਮਝਾਂਗੇ ਤਾਂ ਦੋਹਾਂ ਦਾ ਖੁਰਾਕ ਸਿਸਟਮ ਵੱਖ-ਵੱਖ ਵਿਕਸਤ ਹੋਇਆ। ਦੰਦਾਂ ਤੋਂ ਲੈ ਕੇ ਆਂਤੜੀਆਂ ਤਕ ਜਾਣਨ ਤੋਂ ਬਾਅਦ ਸਮਝ ਆ ਜਾਵੇਗੀ ਕਿ ਕਿਵੇਂ ਦੋਹਾਂ ਪ੍ਰਣਾਲੀਆਂ ਵਿੱਚ ਫਰਕ ਹੈ।
ਮਨੁੱਖ ਬਾਰੇ ਹੋਈ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦਾ ਜਨਮ ਦੱਖਣੀ ਅਫਰੀਕਾ ਵਿੱਚ ਹੋਇਆ ਤੇ ਫਿਰ ਉਹ ਤੁਰਦਾ-ਤੁਰਦਾ ਸਾਰੀ ਧਰਤੀ ‘ਤੇ ਫੈਲ ਗਿਆ ਹੈ। ਆਪਣੇ ਇਸ ਫੈਲਾਓ ਨਾਲ ਉਸ ਨੇ ਖੇਤੀਬਾੜੀ ਸ਼ੁਰੂ ਕੀਤੀ ਤੇ ਇਸ ਕੁਦਰਤੀ ਖੁਰਾਕ ਨੂੰ ਆਪਣੇ ਪਾਲਣ-ਪੋਸ਼ਣ ਲਈ ਵਰਤਿਆ। ਖੁਰਾਕ ਕੋਈ ਵੀ ਹੋਵੇ, ਜੀਵ ਦਾ ਅੰਤਿਮ ਨਿਸ਼ਾਨਾ ਜ਼ਿੰਦਗੀ ਜਿਊਣਾ ਹੈ।
ਪੂਰੀ ਧਰਤੀ ‘ਤੇ ਫੈਲੇ ਮਨੁੱਖ ਨੇ ਵੱਖ-ਵੱਖ ਖੁਰਾਕਾਂ ਨਾਲ ਆਪਣੇ ਆਪ ਨੂੰ ਜਿਊਂਦਾ ਰੱਖਿਆ ਹੈ। ਧਰਤੀ ਦੇ ਅਨੇਕ ਮੌਸਮ ਹਨ। ਗਰਮੀ, ਸਰਦੀ, ਬਰਫ, ਰੇਤਲੇ ਤੇ ਪਹਾੜੀ ਇਲਾਕੇ, ਮੈਦਾਨੀ ਨਹਿਰੀ ਇਲਾਕੇ। ਸਭ ਥਾਂ ਅੱਡ-ਅੱਡ ਤਰ੍ਹਾਂ ਦਾ ਖਾਣਾ ਉਗਦਾ ਹੈ। ਜਿਵੇਂ ਮਨੁੱਖ ਧਰਤੀ ‘ਤੇ ਵੱਖ-ਵੱਖ ਥਾਵਾਂ ‘ਤੇ ਪਹੁੰਚਿਆ ਹੈ, ਇਵੇਂ ਹੀ ਉਸ ਨੂੰ ਗਰਮੀ, ਸਰਦੀ ਤੇ ਹੋਰ ਮੌਸਮਾਂ ਵਿੱਚ ਵਿਚਰਨ ਦਾ ਮੌਕਾ ਮਿਲਿਆ। ਕਿਤੇ ਉਸ ਨੂੰ ਪਸੀਨਾ ਆਉਂਚਾ ਹੈ, ਕਿਤੇ ਉਸ ਦੇ ਸਰੀਰ ਵਿੱਚੋਂ ਪਾਣੀ ਮੁੱਕ ਜਾਂਦਾ ਹੈ ਤੇ ਕਿਤੇ ਠੰਢ ਵਿੱਚ ਕੰਬਦਾ ਹੈ। ਇਨ੍ਹਾਂ ਹਾਲਾਤ ਵਿੱਚ ਉਸ ਦੀ ਖੁਰਾਕ ਦੀ ਲੋੜ ਵੱਖਰੀ ਹੈ। ਮਨੁੱਖ ਨੇ ਘਟ ਰਹੇ ਪਾਣੀ ਲਈ ਗੁਲੂਕੋਜ ਦੀਆਂ ਬੋਤਲਾਂ ਚੜ੍ਹਾਉਣ ਦਾ ਇੰਤਜ਼ਾਮ ਕੀਤਾ ਹੈ; ਪਹਿਲਾਂ ਮਨੁੱਖ ਨੇ ਤਰਬੂਜ, ਖਰਬੂਜੇ ਆਦਿ ਰਾਹੀਂ ਕੰਮ ਚਲਾਇਆ ਪਰ ਸੋਚੋ- ਇਹ ਫਲ ਉੱਥੇ ਹੀ ਕਿਉਂ ਪੈਦਾ ਹੁੰਦੇ ਹਨ ਜਿਥੇ ਗਰਮੀ ਪੈਂਦੀ ਹੈ ਤੇ ਵੱਧ ਪਸੀਨਾ ਆਉਂਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਤਰਬੂਜ ਜਾਂ ਨਾਰੀਅਲ ਵਿੱਚ ਇਕੱਲਾ ਪਾਣੀ ਨਹੀਂ ਹੁੰਦਾ, ਉਹ ਸਾਰੇ ਤੱਤ ਵੀ ਹੁੰਦੇ ਹਨ ਜੋ ਪਸੀਨਾ ਵਹਿਣ ‘ਤੇ ਨਿਕਲ ਜਾਂਦੇ ਹਨ। ਹੁਣ ਇਹ ਸੋਚੋ ਕਿ ਕੁਦਰਤ ਨੇ ਪਹਿਲਾਂ ਕਿਵੇਂ ਸਮਝਿਆ ਕਿ ਇਸ ਮੌਸਮ ਜਾਂ ਇਸ ਖਿੱਤੇ ਦੀ ਕੀ ਲੋੜ ਹੈ।
ਇਸੇ ਤਰ੍ਹਾਂ ਸਰਦੀ ਵਿੱਚ ਸੁੱਕੇ ਮੇਵੇ ਜੋ ਤੇਲ ਨਾਲ ਭਰਪੂਰ ਹੁੰਦੇ ਹਨ ਤੇ ਉਨ੍ਹਾਂ ਵਿੱਚ ਊਰਜਾ ਇਕਾਈਆਂ ਵੀ ਵੱਧ ਹੁੰਦੀਆਂ ਹਨ। ਇਹ ਠੰਢੇ ਇਲਾਕੇ ਵਿੱਚ ਪੈਦਾ ਹੁੰਦੇ ਹਨ। ਪੰਜਾਬ ਵਿੱਚ ਭਾਵੇਂ ਦੋਨੋਂ ਮੌਸਮ ਰਹਿੰਦੇ ਹਨ ਅਤੇ ਸੁੱਕੇ ਮੇਵਿਆਂ ਵਾਂਗ ਮੂੰਗਫਲੀ ਉੱਗਦੀ ਹੈ ਜੋ ਸਰਦੀਆਂ ਵਿੱਚ ਲੋਕ ਰੱਜ ਕੇ ਖਾਂਦੇ ਹਨ; ਕੋਈ ਇਕ ਵਾਰ ਖਾਣ ਲੱਗੇ ਤਾਂ ਪਿਛੇ ਨਹੀਂ ਹਟਦਾ, ਉਹੀ ਮੂੰਗਫਲੀ ਗਰਮੀਆਂ ਵਿੱਚ ਦੇਖਣ ਨੂੰ ਵੀ ਜੀਅ ਨਹੀਂ ਕਰਦਾ। ਤੁਸੀਂ ਪਸ਼ਮੀਨਾ ਸ਼ਾਲ ਬਾਰੇ ਸੁਣਿਆ ਹੋਵੇਗਾ ਜੋ ਕਸ਼ਮੀਰ ਦੀਆਂ ਉੱਚੀਆਂ ਪਹਾੜੀਆਂ ‘ਤੇ ਪਾਲੀਆਂ ਜਾਂਦੀਆਂ ਭੇਡਾਂ ਦੀ ਉੱਨ ਤੋਂ ਬਣਦੀ ਹੈ। ਇਹ ਲੋੜ ਭਾਵੇਂ ਭੇਡਾਂ ਜਾਂ ਉਸ ਇਲਾਕੇ ਦੇ ਲੋਕਾਂ ਦੀ ਹੈ ਪਰ ਸ਼ੁਕੀਨ ਲੋਕ ਪੈਸਾ ਖਰਚ ਕੇ ਇਹ ਖਰੀਦਦੇ ਹਨ ਤੇ ਗਰੀਬਾਂ ਨੂੰ ਆਪਣੇ ਇਲਾਕੇ ਮੁਤਾਬਿਕ ਚੀਜ਼ ਵਰਤਣ ਤੋਂ ਵਾਂਝਾ ਕਰ ਦਿੰਦੇ ਹਨ। ਇਨ੍ਹਾਂ ਉਦਾਹਰਨਾਂ ਤੋਂ ਅਸੀਂ ਕੁਦਰਤ ਦੇ ਅਸਲੀ ਭਾਵ ਨੂੰ ਸਮਝਦੇ ਹਾਂ ਕਿ ਉਹ ਜੀਵਾਂ ਨੂੰ ਪੈਦਾ ਕਰਨ ਅਤੇ ਸੰਭਾਲਣ ਵਿੱਚ ਕਿਵੇਂ ਸਹਾਈ ਹੁੰਦੀ ਹੈ।
ਕੁਦਰਤ ਸੈਂਕੜੇ ਨਹੀਂ, ਕਰੋੜਾਂ ਸਾਲਾਂ ਤੋਂ ਮਨੁੱਖ ਦੇ ਆਲੇ-ਦੁਆਲੇ ਹੈ। ਮਨੁੱਖ ਨੇ ਇਸ ਅੰਦਰ ਰਹਿ ਕੇ ਹੀ ਵਿਕਾਸ ਕੀਤਾ ਹੈ। ਵਿਕਾਸ ਨਾਲ ਹੀ ਮਨੁੱਖ ਦਾ ਦਿਮਾਗ ਇਸ ਹੱਦ ਤੱਕ ਵਿਕਸਤ ਹੋਇਆ ਹੈ ਕਿ ਉਹ ਸਭ ਤੋਂ ਸਿਆਣਾ ਪ੍ਰਾਣੀ ਹੈ ਪਰ ਉਹ ਆਪਣੇ ਆਪ ਨੂੰ ਇੰਨਾ ਸਿਆਣਾ ਸਮਝ ਬੈਠਾ ਹੈ ਜਿਵੇਂ ਇਹ ਸੰਸਾਰ ਉਹਨੇ ਪੈਦਾ ਕੀਤਾ ਹੁੰਦਾ ਹੈ। ਹੁਣ ਮਨੁੱਖ ਨੇ ਪੱਕੀ ਧਾਰ ਲਈ ਹੈ ਕਿ ਉਹ ਕੁਦਰਤ ਨੂੰ ਕਾਬੂ ਕਰ ਸਕਦਾ ਹੈ। ਕੁਦਰਤ ਉਸ ਦੇ ਵਸ ਵਿੱਚ ਹੈ, ਉਹ ਜਿਵੇਂ ਚਾਹੇ ਇਸ ਨੂੰ ਵਰਤ ਸਕਦਾ ਹੈ। ਉਂਝ, ਹੁਣ ਹਾਲਾਤ ਇਹ ਹਨ ਕਿ ਧਰਤੀ ਦੀ ਤਪਸ਼ ਦਿਨ-ਬਦਿਨ ਉਸ ਪੱਧਰ ਵੱਲ ਵਧ ਰਹੀ ਹੈ ਕਿ ਸਾਡੀ ਧਰਤੀ ਰਹਿਣ ਯੋਗ ਨਹੀਂ ਰਹੇਗੀ। ਕੁਝ ਦੇਰ ਲਈ ਇਹ ਗੱਲ ਤਸੱਲੀ ਦਿੰਦੀ ਹੈ ਕਿ ਅਸੀਂ ਏਸੀ ਬਣਾ ਲਏ ਹਨ ਪਰ ਸਚਾਈ ਇਹ ਹੈ ਕਿ ਤਕਨੀਕ ਮਨੁੱਖ ਦੇ ਵਿਰੁੱਧ ਪੇਸ਼ ਹੋ ਰਹੀ ਹੈ।
ਪਾਣੀ ਇੰਨਾ ਜ਼ਹਿਰੀਲਾ ਹੋ ਗਿਆ ਹੈ ਕਿ ਬਿਮਾਰੀਆਂ ਦਾ ਘਰ ਬਣ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਜ਼ਿੰਦਗੀ ਨੂੰ ਧੜਕਦਾ ਰੱਖਣ ਲਈ ਜੇ ਕੋਈ ਜੰਗ ਲੜੀ ਗਈ ਤਾਂ ਉਹ ਪਾਣੀ ਲਈ ਹੋਵੇਗੀ। ਹਵਾ ਦਾ ਹਾਲ ਇਹ ਹੋ ਗਿਆ ਕਿ ਵਿਕਾਸ ਦਾ ਸੂਚਕ ਮੰਨੀਆਂ ਜਾਂਦੀਆਂ ਫੈਕਟਰੀਆਂ ਵਿਨਾਸ਼ ਦਾ ਧੂੰਆਂ ਉਗਲ ਰਹੀਆਂ ਹਨ। ਹਵਾ, ਪਾਣੀ ਨੇ ਨਾਲ-ਨਾਲ ਮਿੱਟੀ ਵੀ ਪ੍ਰਦੂਸ਼ਤ ਹੋ ਰਹੀ ਹੈ।
ਅਸੀਂ ਕੁਦਰਤ ਤੋਂ ਸੰਤੁਲਨ ਨਹੀਂ ਸਿੱਖਿਆ, ਇਸ ਨੂੰ ਵੱਸ ਕਰਨਾ ਸਿੱਖਿਆ ਹੈ ਅਤੇ ਆਪਣੇ ਲਾਲਚੀ ਸੁਭਾਅ ਨਾਲ ਇਸ ਨੂੰ ਬਗੈਰ ਹੋਸ਼ ਵਰਤ ਰਹੇ ਹਾਂ। ਕਿਸੇ ਵਿਦਵਾਨ ਨੇ ਸਹੀ ਕਿਹਾ ਹੈ ਕਿ ਜੇ ਬੰਦਾ ਸੰਤੁਸ਼ਟ ਹੋਣਾ ਸਿੱਖ ਲਵੇ ਤਾਂ ਧਰਤੀ ਕੋਲ ਸਾਰਿਆਂ ਦਾ ਢਿੱਡ ਭਰਨ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਕਾਫੀ ਕੁਝ ਹੈ। ਬੰਦਾ ਖ਼ੁਦ ਨੂੰ ਕੁਦਰਤ ਦਾ ਮਾਲਕ ਨਹੀਂ, ਸੇਵਕ ਸਮਝੇ ਅਤੇ ਇਸ ਦਾ ਹਾਣੀ ਬਣ ਕੇ ਸੋਚੇ ਅਤੇ ਵਿਚਾਰੇ।

 

Previous article
Next article

Related Articles

Latest Articles