ਲੇਖਕ : ਮਨਦੀਪ
ਸੰਪਰਕ: +1 438-924-2052
ਕੁੱਲ ਸੰਸਾਰ ਨੂੰ ਬੀਤੇ ਕੁਝ ਸਾਲਾਂ ‘ਚ ਕਰੋਨਾ ਮਹਾਮਾਰੀ, ਰੂਸ-ਯੂਕਰੇਨ ਤੇ ਇਜ਼ਰਾਈਲ-ਫਲਸਤੀਨ ਜੰਗ ਅਤੇ ਅਮਰੀਕਾ-ਚੀਨ ਵਪਾਰਕ ਜੰਗ ਨੇ ਆਰਥਿਕ-ਸਮਾਜਿਕ ਤੌਰ ‘ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਵਿਸ਼ਵਵਿਆਪੀ ਪੱਧਰ ‘ਤੇ ਵਧਦੀ ਮਹਿੰਗਾਈ, ਰਾਜਨੀਤਕ ਅਸਥਿਰਤਾ, ਜੰਗੀ ਤਣਾਅ, ਪਰਵਾਸ ਸੰਕਟ, ਲਗਾਤਾਰ ਨਿਘਾਰ ਵੱਲ ਜਾ ਰਿਹਾ ਗਲੋਬਲ ਅਰਥਚਾਰਾ ਆਦਿ ਅਲਾਮਤਾਂ ਨੇ ਕੁੱਲ ਆਲਮ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਸੰਸਾਰ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਦੀ ਵਰਤਮਾਨ ਦੋ ਜੰਗਾਂ (ਯੂਕਰੇਨ, ਇਜ਼ਰਾਈਲ) ਤੇ ਵਪਾਰਕ ਜੰਗ ਦੁਆਲੇ ਹੋ ਰਹੀ ਕਤਾਰਬੰਦੀ ਨਵੀਂ ਵਿਸ਼ਵ ਵਿਵਸਥਾ ‘ਚ ਹਲਚਲ ਵਧਾ ਰਹੀ ਹੈ। ਅਮਰੀਕੀ ਸਾਮਰਾਜ ਵੱਲੋਂ ਟਰੰਪ ਪ੍ਰਸ਼ਾਸ਼ਨ ਹੇਠ ਅਪਣਾਈਆਂ ਜਾ ਰਹੀਆਂ ਨਵੀਆਂ ਪੈਂਤੜੇਬਾਜ਼ੀਆਂ ਸੰਸਾਰ ਭਰ ਦੇ ਆਰਥਿਕ-ਸਿਆਸੀ ਮਾਹਿਰਾਂ-ਵਿਸ਼ਲੇਸ਼ਕਾਂ ਨੂੰ ਅਚੰਭੇ ਵਿੱਚ ਪਾ ਰਹੀਆਂ ਹਨ। ਅਮਰੀਕਾ ਅੰਦਰ ਟਰੰਪ-ਜ਼ੇਲੈਂਸਕੀ ਮਿਲਣੀ ਦੀ ਅਸਫਲਤਾ ਤੋਂ ਬਾਅਦ ਵਿਸ਼ਵ ਭੂ-ਰਾਜਨੀਤੀ ‘ਚ ਆਏ ਭੂਚਾਲ ਕਾਰਨ ਵੱਖ ਵੱਖ ਤਰ੍ਹਾਂ ਦੀਆਂ ਕਿਆਸਅਰਾਈਆਂ ਹੋਰ ਤੀਬਰ ਹੋ ਗਈਆਂ ਹਨ।
ਟਰੰਪ ਵੱਲੋਂ ਆਪਣੇ ਮੇਜ਼ਬਾਨ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਓਵਲ ਦਫ਼ਤਰ ਸੱਦਕੇ ਮੀਡੀਆ ਜ਼ਰੀਏ ਸੰਸਾਰ ਸਾਹਮਣੇ ਬੇਇਜ਼ਤ ਕਰਨਾ ਇੱਕ ਇਤਿਹਾਸਕ ਘਟਨਾ ਬਣ ਗਈ ਹੈ। ਜ਼ੇਲੈਂਸਕੀ ਨੂੰ ਵਾਈਟ ਹਾਊਸ ਦੀ ਗਰਿਮਾ ਮੁਤਾਬਕ ਵਧੀਆ ਡਰੈੱਸ ਨਾ ਪਾਉਣ ‘ਤੇ ਤਨਜ਼ ਕਸਣਾ ਉਸ ਨਾਲ ਬਦਸਲੂਕੀ ਕਰਨ ਬਰਾਬਰ ਸੀ। ਜੰਗ ਰੋਕਣ ਲਈ ਯੂਕਰੇਨ ਦੀ ਰੂਸ ਤੋਂ ‘ਸੁਰੱਖਿਆ ਗਾਰੰਟੀ’ ਦਾ ਅਮਰੀਕੀ ਵਾਅਦਾ ਅਤੇ ਇਵਜ਼ਾਨੇ ਵਿੱਚ ਅਮਰੀਕਾ ਦੀ ਯੂਕਰੇਨ ਦੇ ਬੇਸ਼ਕੀਮਤੀ ਖਣਿਜ਼ ਸਰੋਤਾਂ (ਮਾਈਕ੍ਰੋਚਿੱਪਾਂ ਤੇ ਨਵੀਨ ਤਕਨਾਲੋਜੀ ਲਈ ਧਰਤੀ ਦੇ ਦੁਰਲੱਭ ਖਣਿਜ਼) ਵਿੱਚ ਹਿੱਸੇਦਾਰੀ ਸੌਦੇ ਦੇ ਦੋ ਮੁੱਖ ਨੁਕਤੇ ਸਨ। ਇਹ ਸੌਦਾ ਯੂਕਰੇਨ ਨੂੰ ਜੰਗ ਵਿੱਚ ਹੁਣ ਤੱਕ ਦਿੱਤੀ ਗਈ ਅਮਰੀਕੀ ਸਹਾਇਤਾ ਦੀ ਅਦਾਇਗੀ ਦੇ ਸਿੱਟੇ ਵਜੋਂ ਹੋਣਾ ਸੀ। ਪਰੰਤੂ, ਜ਼ੇਲੈਂਸਕੀ ਦੀ ਪੂਤਿਨ ਉੱਤੇ ਬੇਭਰੋਸਗੀ ਅਤੇ ਅਮਰੀਕਾ ਵੱਲੋਂ ਜ਼ੇਲੈਂਸਕੀ ਦੇ ਨਿਰਾਦਰ ਨਾਲ ਇਹ ਸੌਦਾ ਵਿਚਾਲੇ ਟੁੱਟ ਗਿਆ। ਮਿਲਣੀ ਤੋਂ ਪਹਿਲਾਂ ਜ਼ੇਲੈਂਸਕੀ ਨੂੰ ਟਰੰਪ ਵੱਲੋਂ ਤਾਨਾਸ਼ਾਹ ਕਹਿਣਾ ਅਤੇ ਫਿਰ ਮੀਡੀਆ ਸਾਹਮਣੇ ਉਸਨੂੰ ਤੀਜੀ ਸੰਸਾਰ ਜੰਗ ਲਈ ਜ਼ਿੰਮੇਵਾਰ ਕਰਾਰ ਦੇਣਾ ਸਿੱਧੇ-ਅਸਿੱਧੇ ਤੌਰ ਤੇ ਯੂਕਰੇਨ ਸਮੇਤ ਟ੍ਰਾਂਸਅਟਲਾਂਟਿਕ ਗੱਠਜੋੜ (ਅਮਰੀਕਾ, ਨਾਟੋ, ਯੂਰੋਪੀਅਨ ਯੂਨੀਅਨ) ਦੇ ਵਿਰੁੱਧ ਅਤੇ ਰੂਸ ਦੇ ਪੱਖ ਵਿੱਚ ਭੁਗਤਣ ਵਾਲਾ ਬਿਆਨ ਸੀ। ਮੀਟਿੰਗ ਦੀ ਅਸਫਲਤਾ ਬਾਅਦ ਟਰੰਪ ਵੱਲੋਂ ਕੀਵ ‘ਤੇ ਜੰਗਬੰਦੀ ਲਈ ਦਬਾਅ ਵਧਾਉਣ ਲਈ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਫੌਜੀ, ਖੁਫੀਆ ਤੇ ਵਿੱਤੀ ਸਹਾਇਤਾ ‘ਤੇ ਰੋਕ ਲਗਾਉਣ ਅਤੇ ਰੂਸ ਉੱਤੇ ਪੱਛਮੀ ਪਾਬੰਦੀਆਂ ਨੂੰ ਘਟਾਉਣ ਦੇ ਬਿਆਨ ਨਾਲ ਟਰੰਪ ਉੱਤੇ ਰੂਸ ਦਾ ਜਾਸੂਸ ਹੋਣ ਦੇ ਕਈ ‘ਸਾਜ਼ਿਸ਼ੀ ਸਿਧਾਂਤਾਂ’ ਦਾ ਬਾਜ਼ਾਰ ਗਰਮ ਹੋ ਗਿਆ ਹੈ। ਨਾ ਤਾਂ ਅਮਰੀਕਾ ਸ਼ਾਂਤੀ ਦਾ ਪੁਜਾਰੀ ਹੈ ਤੇ ਨਾ ਹੀ ਟਰੰਪ ਜੰਗਬੰਦੀ ਦੀ ਲੜਾਈ ਲੜਨ ਵਾਲਾ ਸ਼ਾਂਤੀਦੂਤ। ਸ਼ਾਂਤੀ ਬਹਾਨੇ ਇਹ ਸਮਝੌਤਾ ਯੂਕਰੇਨ ਦੇ ਬੇਸ਼ਕੀਮਤੀ ਸਰੋਤਾਂ ‘ਤੇ ਕਬਜ਼ੇ, ਯੂਕਰੇਨ ਅੰਦਰ ਨਵ-ਉਦਾਰਵਾਦੀ ਨੀਤੀਆਂ ਦੇ ਮਾਡਲ ਦਾ ਰਾਹ ਹੋਰ ਵੱਧ ਪੱਧਰਾ ਕਰਨ ਅਤੇ ਜੰਗ ਦਾ ਮੁਹਾਣ ਰੂਸ ਵੱਲੋਂ ਮੋੜ ਕੇ ਮੁੱਖ ਦੁਸ਼ਮਣ ਚੀਨ ਵੱਲ ਕਰਨ ਲਈ ਸੀ। ਅਮਰੀਕੀ ਸਾਮਰਾਜੀ ਦਬਦਬੇ ਲਈ ਅੱਜ ਸਭ ਤੋਂ ਵੱਡੀ ਚੁਣੌਤੀ ਚੀਨ ਹੈ।
ਉਧਰ, ਵਾਈਟ ਹਾਊਸ ਤੋਂ ਬੇਆਬਰੂ ਹੋ ਕੇ ਪਰਤੇ ਜ਼ੇਲੈਂਸਕੀ ਨੂੰ ਫਰਾਂਸ, ਬ੍ਰਿਟੇਨ ਸਮੇਤ ਯੂਰੋਪੀਅਨ ਮੁਲਕਾਂ ਦਾ ਥਾਪੜਾ ਪ੍ਰਾਪਤ ਹੋ ਰਿਹਾ ਹੈ। ਟਰੰਪ ਵੱਲੋਂ ਪੱਛਮੀ ਯੂਰੋਪੀ ਭਾਈਵਾਲਾਂ ਨੂੰ ਦਰਕਿਨਾਰ ਕਰਕੇ ਰੂਸ-ਯੂਕਰੇਨ ਜੰਗਬੰਦੀ ਦੀ ਸਾਲਸੀ ਵਿੱਚੋਂ ਯੂਕਰੇਨ ਨਾਲ ਇਕੱਲਿਆਂ 500 ਅਰਬ ਡਾਲਰ ਦੇ ਖਣਿਜ ਸਮਝੌਤੇ ਕਰਨ ਦੀ ਮਸ਼ਕ ਫਿਲਹਾਲ ਅਧੂਰੀ ਰਹਿ ਗਈ ਹੈ। ਹੁਣ ਜੰਗ ਪ੍ਰਤੀ ਅਮਰੀਕੀ ਨੀਤੀ ਵਿੱਚ ਆਏ ਵੱਡੇ ਬਦਲਾਅ ਕਾਰਨ ਪੁੱਠੀ ਪਈ ਬਾਜ਼ੀ ‘ਚੋਂ ਯੂਰੋਪੀਅਨ ਮੁਲਕ ਸ਼ਾਂਤੀ ਯੋਜਨਾ ਦਾ ਸਿਹਰਾ ਆਪਣੇ ਸਿਰ ਬੰਨ੍ਹਕੇ ਯੂਕਰੇਨੀਅਨ ਮੰਡੀ ਵਿੱਚੋਂ ਹਿੱਸੇ-ਪੱਤੀ ਲਈ ਉਤਾਵਲੇ ਹੋ ਰਹੇ ਹਨ। ਕਿੰਗ ਚਾਰਲਸ ਨਾਲ ਜ਼ੇਲੈਂਸਕੀ ਦੀ ਮਿਲਣੀ ‘ਤੇ ਯੂਕਰੇਨ ਦੀ ਸਰਬਸੱਤਾ ਲਈ ਲੰਡਨ ਵਿੱਚ ਹੋਏ ਸਿਖਰ ਸੰਮੇਲਨ ਵਿੱਚ 18 ਯੂਰੋਪੀ ਮੁਲਕਾਂ ਨੇ ਯੂਕਰੇਨ ਨੂੰ ਫੌਜੀ ਤੇ ਵਿੱਤੀ ਸਹਾਇਤਾ ਦੇਣ ਦੀ ਵਚਨਵੱਧਤਾ ਦਿਖਾਈ ਹੈ ਅਤੇ ਇੰਗਲੈਂਡ ਨੇ 1.6 ਅਰਬ ਪੌਂਡ ਦੀਆਂ 5,000 ਹਵਾਈ ਰੱਖਿਆ ਮਿਜ਼ਾਈਲਾਂ ਦੀ ਸਪਲਾਈ ਦੇ ਸਮਝੌਤੇ ਦਾ ਐਲਾਨ ਕੀਤਾ ਹੈ।
ਦੁਨੀਆ ਦੀਆਂ ਵੱਡੀਆਂ ਸਾਮਰਾਜੀ ਤਾਕਤਾਂ ਦੀ ਆਪਸੀ ਖਿੱਚੋਤਾਣ ਦਾ ਕੇਂਦਰ ਬਣੀ ਯੂਕਰੇਨ ਜੰਗ ਦਾ ਦਾਰੋਮਦਾਰ ਬਹੁ-ਪਸਾਰੀ ਹੈ। ਇਸ ਯੁੱਧ ਵਿੱਚ ਸਿੱਧੇ-ਅਸਿੱਧੇ ਤੌਰ ‘ਤੇ ਸ਼ਾਮਲ ਤਾਕਤਾਂ ‘ਚੋਂ ਕਿਸੇ ਇਕ ਧਿਰ ਦੇ ਕੋਣ ਤੋਂ ਖੜ ਕੇ ਦੇਖਣ ਨਾਲ ਜੰਗ ਦੀ ਰਾਜਨੀਤਕ-ਆਰਥਿਕਤਾ ਨੂੰ ਨਹੀਂ ਸਮਝਿਆ ਜਾ ਸਕਦਾ। ਮਸਲਨ, ਜ਼ੇਲੈਂਸਕੀ ਦੇ ਸੰਦਰਭ ਵਿੱਚ ਇਹ ਧਾਰਨਾ ਕਿ ‘ਇੱਕ ਜੋਕਰ ਨੇ ਦੇਸ਼ ਡੋਬ ਦਿੱਤਾ’, ਜੰਗ ਦੇ ਕੁੱਲ ਪਹਿਲੂਆਂ ਦਾ ਸਧਾਰਨੀਕਰਨ ਕਰਨ ਤੇ ਜੰਗ ਵਿੱਚ ਸ਼ਾਮਲ ਵੱਡੀਆਂ ਬਾਹਰੀ ਤਾਕਤਾਂ ਦੀ ਭੂਮਿਕਾ ਨੂੰ ਮੇਸਣ ਜਾਂ ਘੱਟ ਕਰ ਕੇ ਆਂਕਣ ਬਰਾਬਰ ਹੈ। ਇਤਿਹਾਸਕ ਤੌਰ ‘ਤੇ ਇਸ ਜੰਗ ਵਿੱਚ ਰੂਸ ਦੀ ਭੂਮਿਕਾ ਅਟੁੱਟ ਤੌਰ ‘ਤੇ ਜੁੜੀ ਹੋਈ ਹੈ। ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਬਾਅਦ ਯੂਕਰੇਨ ਸਮੇਤ ਅਨੇਕਾਂ ਕੌਮੀਅਤਾਂ ਵੱਖ ਹੋ ਕੇ ਇੱਕ ਸੁਤੰਤਰ ਦੇਸ਼ ਵਜੋਂ ਹੋਂਦ ‘ਚ ਆਈਆਂ ਸਨ। ਸਮਾਜਵਾਦੀ ਸੋਵੀਅਤ ਯੂਨੀਅਨ ਦੇ ਪਤਨ ਬਾਅਦ ਰੂਸ ਨੇ ਸਾਮਰਾਜੀ ਪਦਚਿੰਨ੍ਹਾਂ ‘ਤੇ ਚੱਲਦਿਆਂ ਆਪਣੇ ਪਸਾਰਵਾਦੀ ਹਿੱਤਾਂ ਤਹਿਤ ਆਪਣੇ ਖੁੱਸੇ ਹੋਏ ਖੇਤਰ ਨੂੰ ਮੁੜ ਹਾਸਲ ਕਰਨ ਦੀ ਹਿਰਸ ਪਾਲੀ ਹੋਈ ਹੈ। ਜਿਸ ਤਹਿਤ ਰੂਸ ਨੇ ਸਾਲ 2003 ‘ਚ ਯੂਕਰੇਨ ਦੇ ਤੁਜ਼ਲਾ ਟਾਪੂ ਉੱਤੇ ਡੈਮ ਬਣਾਕੇ ਜਬਰੀ ਘੁਸਪੈਠ ਕੀਤੀ। ਅਮਰੀਕਾ ਨੇ ਯੂਕਰੇਨ ਦੇ ਰੂਸ ਪੱਖੀ ਰਾਸ਼ਟਰਪਤੀ ਵਿਕਟਰ ਯਾਨਕੋਵਿਚ ਨਾਲ ਕਈ ਊਰਜਾ ਸਮਝੌਤੇ ਕਰਕੇ ਯੂਕਰੇਨ ਦੇ ਬੇਸ਼ਕੀਮਤੀ ਖੇਤਰਾਂ ਵਿੱਚ ਆਪਣੀ ਦਖਲਅੰਦਾਜ਼ੀ ਵਿੱਚ ਵਾਧਾ ਕੀਤਾ। ਯਾਨਕੋਵਿਚ ਨੇ ਰੂਸ ਦੇ ਪ੍ਰਭਾਵ ਹੇਠ ਆ ਕੇ ਯੂਰਪੀਅਨ ਯੂਨੀਅਨ ਨਾਲ ਮੁਕਤ ਵਪਾਰ ਸਮਝੌਤੇ ਰੱਦ ਕੀਤੇ ਅਤੇ ਸਾਲ 2014 ਵਿੱਚ ਰੂਸ ਨੇ ਕ੍ਰੀਮੀਆ ਤੇ ਸੇਵਾਸਤੋਪੋਲ ਦੀ ਬੰਦਰਗਾਹ ਉੱਤੇ ਕਬਜ਼ਾ ਕੀਤਾ। ਰੂਸ ਨੇ 2014 ਤੋਂ ਬਾਅਦ ਜੰਗਬੰਦੀ ਲਈ ਹੋਏ ‘ਮਿੰਸਕ ਸਮਝੌਤੇ’ ਦੀ ਉਲੰਘਣਾ ਕਰਕੇ ਲਗਾਤਾਰ ਪੂਰਬੀ ਡੋਨਬਾਸ ਵਿੱਚ ਰੂਸੀ ਵੱਖਵਾਦੀਆਂ ਰਾਹੀਂ ਘੁਸਪੈਠ ਜਾਰੀ ਰੱਖੀ। ਇਸੇ ਦੌਰਾਨ ਯੂਕਰੇਨ ਨੇ ਆਪਣੇ ਪੱਛਮੀ ਖੇਤਰ ਵਿੱਚ ਰੂਸੀ ਘੁਸਪੈਠ ਦੇ ਖਤਰੇ ਤੋਂ ਬਚਾਅ ਲਈ ਨਾਟੋ ਦਾ ਆਸਰਾ ਤੱਕਣਾ ਸ਼ੁਰੂ ਕਰ ਦਿੱਤਾ। ਉਧਰ ਅਮਰੀਕਾ ਤੇ ਉਸਦੇ ਪੱਛਮੀ ਭਾਈਵਾਲ ਜੋ ਲਗਾਤਾਰ ਰੂਸ ਦੇ ਗੁਆਂਢੀ ਮੁਲਕਾਂ ‘ਚ ਨਾਟੋ ਦਾ ਵਿਸਤਾਰ ਕਰਦੇ ਆ ਰਹੇ ਸਨ, ਲਈ ਇਹ ਸੁਨਹਿਰੀ ਮੌਕਾ ਵਰਦਾਨ ਬਣਕੇ ਬਹੁੜਿਆ।
ਇਸ ਜੰਗ ਵਿੱਚ ਜ਼ੇਲੈਂਸਕੀ ਦੀ ਇਤਿਹਾਸਕ ਤੇ ਬੱਜਰ ਗਲਤੀ ਇਹ ਸੀ ਕਿ ਉਸਨੂੰ ਸਾਮਰਾਜੀ ਤਾਕਤਾਂ ਦੇ ਵਿਸਤਾਰਵਾਦੀ ਚਰਿਤਰ ਦਾ ਇਲਮ ਨਹੀ ਸੀ। ਉਸਨੇ ਰੂਸੀ ਸਾਮਰਾਜ ਦੀ ਥਾਂ ਵੱਧ ਖੂੰਖਾਰ ਅਮਰੀਕੀ ਸਾਮਰਾਜ ਦੀ ਸ਼ਰਨ ਲੈ ਕੇ ਵੱਡੀ ਭੁੱਲ ਕੀਤੀ। ਇਸ ਯੁੱਧ ਵਿੱਚ ਸਭ ਤੋਂ ਵੱਧ ਵਿੱਤੀ ਤੇ ਫੌਜੀ ਸਹਾਇਤਾ ਅਮਰੀਕਾ ਨੇ ਪ੍ਰਦਾਨ ਕੀਤੀ ਹੈ। ਅਮਰੀਕਾ ਨੇ ਰੂਸ ਖ਼ਿਲਾਫ਼ ਯੂਕਰੇਨ ਦੀ ਧਰਤੀ ‘ਤੇ ਲੁਕਵੀਂ ਜੰਗ (ਪ੍ਰੌਕਸੀ) ਲੜਨ ਲਈ ਜੰਗ ਦੇ ਕੁੱਲ ਫੌਜੀ ਹਾਰਡਵੇਅਰ ਦਾ 20% ਅਤੇ 180 ਅਰਬ ਅਮਰੀਕੀ ਡਾਲਰ (ਪੈਂਟਾਗਨ ਮੁਤਾਬਕ) ਤੋਂ ਵੱਧ ਦੀ ਵਿੱਤੀ ਸਹਇਤਾ ਪ੍ਰਦਾਨ ਕੀਤੀ ਹੈ। ਯੂਕਰੇਨ ਜੰਗ ਵਿੱਚ ਐਨਾ ਅੱਗੇ ਨਿਕਲ ਆਇਆ ਕਿ ਹੁਣ ਉਸਨੂੰ ਜੰਗ ਵਿੱਚੋਂ ਨਿਕਲਣ ਲਈ ਸਾਮਰਾਜੀ ਤਾਕਤਾਂ ਦੇ ਇੱਕ ਜਾਂ ਦੂਸਰੇ ਧੜੇ ਦੀ ਢੋਈ ਲੈਣੀ ਪੈ ਰਹੀ ਹੈ। ਰੂਸ ਨਾਲ ਸਨਮਾਨਜਨਕ ਸਮਝੌਤੇ ਉੱਤੇ ਪਹੁੰਚਣ ਲਈ ਉਸ ਨੂੰ ਰੂਸ ਉੱਤੇ ਜੰਗੀ ਦਬਾਅ ਲਈ ਅਮਰੀਕੀ ਹਵਾਈ ਰੱਖਿਆ, ਬੈਲਿਸਟਿਕ ਮਿਜ਼ਾਈਲਾਂ, ਸੈਟੇਲਾਈਟ ਸੰਚਾਰ (ਸਟਾਰਲਿੰਕ), ਫੌਜੀ ਤੇ ਵਿੱਤੀ ਸਹਾਇਤਾ ਦੀ ਜ਼ਰੂਰਤ ਵੀ ਹੈ ਅਤੇ ਜੰਗ ਦੁਆਲੇ ਸਾਮਰਾਜੀ ਤਾਕਤਾਂ ਤੇ ਕੂਟਨੀਤਕ ਦਬਾਅ ਬਣਾਉਣ ਅਤੇ ਵਿੱਤੀ ਸਹਾਇਤਾ ਲਈ ਯੂਰੋਪੀ ਸ਼ਕਤੀਆਂ ਦੀ ਵੀ ਲੋੜ ਹੈ।
ਯੂਕਰੇਨ ਜੰਗ ਦੁਆਲੇ ਪੈਦਾ ਹੋਏ ਨਵੇਂ ਹਾਲਾਤਾਂ ਵਿੱਚੋਂ ਜਿੱਥੇ ਰੂਸ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ, ਉੱਥੇ ਦੂਜੇ ਪਾਸੇ ਚੀਨ ਜੰਗਾਂ ਤੋਂ ਲਾਂਭੇ ਰਹਿਕੇ ਆਪਣੇ ਵਪਾਰਕ ਹਿੱਤਾਂ ਲਈ ਸੰਸਾਰ ਮੰਡੀ ਵਿੱਚ ਲਗਾਤਾਰ ਮਜ਼ਬੂਤੀ ਨਾਲ ਪੈਰ ਪਸਾਰ ਰਿਹਾ ਹੈ। ਟਰੰਪ ਪ੍ਰਸ਼ਾਸ਼ਨ ਦੀ ਯੂਕਰੇਨ ਜੰਗ ਨੂੰ ਲੈ ਕੇ ਬਦਲੀ ਨੀਤੀ ਨਾਲ ਯੂਰੋਪ ਅੰਦਰ ਅਮਰੀਕੀ ਸਾਖ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ਵੱਲੋਂ ਨਾਟੋ ‘ਚੋਂ ਬਾਹਰ ਆਉਣ, ਯੂਐੱਸ ਏਡ ਬੰਦ ਕਰਨ ਅਤੇ ਨਾਟੋ ਭਾਈਵਾਲਾਂ ਉੱਤੇ ਫੌਜੀ ਖਰਚ ਲਈ ਬਜਟ ਹੋਰ ਵਧਾਉਣ ਦਾ ਦਬਾਅ ਅਤੇ ਟੈਰਿਫ ਨੂੰ ਲੈ ਕੇ ਯੂਰੋਪ, ਕੈਨੇਡਾ, ਮੈਕਸੀਕੋ, ਭਾਰਤ ਆਦਿ ਭਾਈਵਾਲਾਂ ਨਾਲ ਸ਼ੁਰੂ ਹੋਈ ਵਪਾਰਕ ਜੰਗ ਕਾਰਨ ਇਹਨਾਂ ਮੁਲਕਾਂ ਨੇ ਅਮਰੀਕਾ ਉੱਤੇ ਨਿਰਭਰਤਾ ਘਟਾਉਣ ਤੇ ਆਪਸੀ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਯਤਨ ਤੇਜ਼ ਕਰ ਦਿੱਤੇ ਹਨ। ਇਸ ਨਾਲ ਯੂਰੋ ਜ਼ੋਨ ਅਤੇ ਬ੍ਰਿਕਸ ਦੇਸ਼ਾਂ ਵਿਚਕਾਰ ਆਪਸੀ ਤਾਲਮੇਲ ਵਧ ਰਿਹਾ ਹੈ। ਚੀਨ, ਰੂਸ, ਯੂਰੋਪੀਅਨ ਯੂਨੀਅਨ, ਬ੍ਰਿਕਸ ਤੇ ਅਮਰੀਕੀ ਸਾਮਰਾਜ ਵਿਰੋਧੀ ਲਾਤੀਨੀ ਮੁਲਕਾਂ ਦੀ ਅਮਰੀਕਾ ਖਿਲਾਫ ਵਧਦੀ ਬੇਭਰੋਸਗੀ ਅਮਰੀਕੀ ਸਾਮਰਾਜ ਲਈ ਖਤਰੇ ਦੀ ਘੰਟੀ ਹੈ।
ਸ਼ਾਂਤੀ ਸਮਝੌਤੇ ਦੇ ਅੱਧ-ਵਿਚਾਲੇ ਲਟਕਣ ਨਾਲ ਰੂਸ ਦੇ ਹੌਸਲੇ ਹੋਰ ਮਜ਼ਬੂਤ ਹੋਏ ਹਨ। ਰੂਸ ਨੇ ਜੰਗ ਦੀ ਤੀਜੀ ਵਰ੍ਹੇਗੰਢ ਮੌਕੇ ਯੂਕਰੇਨ ਉੱਤੇ ਹਮਲੇ ਤੇਜ਼ ਕਰਕੇ ਸੰਕੇਤ ਦੇ ਦਿੱਤੇ ਹਨ ਕਿ ਉਹ ਯੂਕਰੇਨੀ ਸ਼ਰਤਾਂ ਤਹਿਤ ਸਮਝੌਤੇ ਲਈ ਰਾਜ਼ੀ ਨਹੀਂ ਹੈ। ਨੇੜ ਭਵਿੱਖ ਵਿੱਚ ਇਸ ਜੰਗ ਦਾ ਹਾਂ-ਪੱਖੀ ਨਿਬੇੜਾ ਨਜ਼ਰ ਨਹੀਂ ਆ ਰਿਹਾ। ਇਹ ਜੰਗ ਵਿਸ਼ਵ ਦੀਆਂ ਬਹੁਕੌਮੀ ਹਥਿਆਰ ਕਾਰਪੋਰੇਸ਼ਨਾਂ ਦੇ ਜੰਗੀ ਵਪਾਰ ਦੀ ਸ਼ਾਹਰਗ ਬਣ ਗਈ ਹੈ। ਅਮਰੀਕਾ ਦੇ ਪਿੱਛੇ ਹਟਣ ਤੋਂ ਬਾਅਦ ਵੀ ਪਹਿਲਾਂ ਤੋਂ ਹੀ ਲਮਕਦੀ ਆ ਰਹੀ ਯੂਕਰੇਨ ਜੰਗ ਸੰਭਾਵੀ ਤੌਰ ‘ਤੇ ਅੱਗੇ ਵੀ ਜਾਰੀ ਰਹੇਗੀ ਅਤੇ ਗਲੋਬਲ ਸਪਲਾਈ ਚੇਨ ਪ੍ਰਭਾਵਿਤ ਹੋਣ ਨਾਲ ਤੇਲ, ਗੈਸ, ਭੋਜਨ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਹੇਗਾ। ਰੂਸ-ਯੂਕਰੇਨ ਸਮੇਤ ਸੰਸਾਰ ਭਰ ਦੇ ਲੋਕਾਂ ਨੂੰ ਸਾਮਰਾਜੀ ਜੰਗਾਂ ਦੀ ਕੀਮਤ ਤਾਰਨੀ ਪਵੇਗੀ। ਮੌਜੂਦਾ ਸਾਮਰਾਜੀ ਜੰਗਾਂ ਮਨੁੱਖਤਾ ਦੀ ਬੰਦਖਲਾਸੀ ਲਈ ਨਹੀਂ ਬਲਕਿ ਪਿਛਾਂਹ-ਖਿਚੂ ਜਮਾਤਾਂ ਦੀ ਅਦਲਾ-ਬਦਲੀ ਤੇ ਸਾਮਰਾਜੀ ਮੰਡੀ ਦੇ ਵਿਸਤਾਰ ਲਈ ਲੜੀਆਂ ਜਾ ਰਹੀਆਂ ਹਨ। ਉਹਨਾਂ ਨੂੰ ਸਾਮਰਾਜੀ-ਸਰਮਾਏਦਾਰ ਜੰਗਬਾਜ਼ਾਂ ਤੋਂ ਨਿਜਾਤ ਪਾਉਣ ਲਈ ਜੰਗ ਵਿੱਚ ਸ਼ਾਮਲ ਸਾਰੀਆਂ ਤਾਕਤਾਂ ਦਾ ਵਿਰੋਧ ਕਰਨਾ ਚਾਹੀਦਾ ਹੈ।