5.2 C
Vancouver
Friday, April 4, 2025

ਸਫ਼ਰ

ਅਰਥ ਤੇ ਅੰਕੜਾ ਵਿਭਾਗ ਪੰਜਾਬ ਵਿਚ ਖੇਤਰ ਸਹਾਇਕ ਵਜੋਂ ਮੇਰੀ ਨਿਯੁਕਤੀ 1978 ਵਿੱਚ ਤਲਵਾੜਾ (ਹੁਸ਼ਿਆਰਪੁਰ) ਵਿੱਚ ਹੋਈ। ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਸਮੇਂ ਤੋਂ ਪੰਜ ਦਿਨ ਦਾ ਹਫ਼ਤਾ ਲਾਗੂ ਹੋਣ ਕਾਰਨ ਦਫਤਰਾਂ ਵਿਚ ਸ਼ਨਿੱਚਰਵਾਰ ਤੇ ਐਤਵਾਰ ਦੀ ਛੁੱਟੀ ਹੁੰਦੀ ਸੀ, ਇਸ ਲਈ ਸ਼ੁੱਕਰਵਾਰ ਨੱਬੇ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਆਪਣੇ ਪਿੰਡ ਭੇਲਾਂ (ਜਲੰਧਰ) ਪੁੱਜਦਾ ਸਾਂ।
ਗੱਲ ਸਤੰਬਰ ਦੀ ਹੈ। ਤਲਵਾੜੇ ਤੋਂ ਜਲੰਧਰ ਲਈ 4.40 ਵਾਲੀ ਬੱਸ ਖੁੰਝ ਗਈ, ਮੁਕੇਰੀਆਂ ਤੱਕ ਟੁੱਟਵੀਂ ਬੱਸ ਲੈਣੀ ਪਈ। ਮੁਕੇਰੀਆਂ ਤੋਂ ਜਲੰਧਰ ਵੱਲ ਆਉਣ ਵਾਲੀਆਂ ਬੱਸਾਂ ਪਠਾਨਕੋਟ ਤੋਂ ਸਵਾਰੀਆਂ ਨਾਲ ਅੰਦਰੋਂ ਤੂਸੀਆਂ ਅਤੇ ਛੱਤਾਂ ਤੋਂ ਡੱਕੀਆਂ ਆ ਰਹੀਆਂ ਸਨ। ਪਲ-ਪਲ ਹਨੇਰਾ ਹੋ ਰਿਹਾ ਸੀ। ਦੋ ਤਿੰਨ ਬੱਸਾਂ ਲੰਘਾ ਕੇ ਆਖ਼ਿਰਕਾਰ ਭੋਗਪੁਰ ਤੱਕ ਛੱਤ ਉੱਤੇ ਹੀ ਸਫ਼ਰ ਕਰਨਾ ਪਿਆ। ਭੋਗਪੁਰ ਰੇਲਵੇ ਕਰਾਸਿੰਗ ਦੇ ਪਾਰ ਕਾਲੇ ਟੈਂਪੂਆਂ ਦਾ ਅੱਡਾ ਹੁੰਦਾ ਸੀ।
ਰਾਤ ਦੇ ਸਾਢੇ ਕੁ ਅੱਠ ਵੱਜ ਚੁੱਕੇ ਸਨ। ਆਦਮਪੁਰ ਲਈ ਆਖ਼ਿਰੀ ਟੈਂਪੂ ਜਾ ਚੁੱਕਾ ਸੀ। ਲਿਫਟ ਲੈਣ ਲਈ ਆਦਮਪੁਰ ਵਾਲੀ ਸੜਕ ‘ਤੇ ਆਪਣੇ ਹੱਥ ਖੜ੍ਹ ਗਿਆ। ਇਕੱਲਾ ਹੀ ਸੀ। ਕੋਈ ਇਕ ਅੱਧੀ ਸਵਾਰੀ ਆਉਂਦੀ ਤਾਂ ‘ਕੱਲਾ ਇਕ ਤੇ ਦੋ ਗਿਆਰਾਂ ਹੋਣ ਦਾ ਧਰਵਾਸ ਜਿਹਾ ਹੋਣ ਲੱਗਦਾ ਪਰ ਦੋ ਚਾਰ ਮਿੰਟ ਵਿਚ ਹੀ ਉਹ ਕਿਸੇ ਜਾਣਕਾਰ ਤੋਂ ਸਾਈਕਲ ਦੀ ਲਿਫਟ ਲੈ ਕੇ ਚਲਾ ਜਾਂਦਾ, ਮੈਂ ਫਿਰ ‘ਕੱਲਾ ਰਹਿ ਜਾਂਦਾ।
ਅਸਲ ਵਿਚ ਸਾਈਕਲਾਂ ਵਾਲੇ ਲਾਗਲੇ ਪਿੰਡਾਂ ਦੇ ਹੁੰਦੇ ਸਨ। ਮੇਰਾ ਪਿੰਡ ਦੂਰ ਹੋਣ ਕਾਰਨ ਕੋਈ ਜਾਣਕਾਰ ਨਾ ਆਇਆ, ਨਾ ਹੀ ਕਿਸੇ ਆਉਣਾ ਸੀ। ਕੁਝ ਸਮੇਂ ਬਾਅਦ ਸਾਈਕਲਾਂ ਦੀ ਆਮਦ ਘਟ ਗਈ। ਸਕੂਟਰ ਉਦੋਂ ਟਾਵੇਂ ਹੀ ਹੁੰਦੇ ਸਨ। ਹਨੇਰਾ ਖਾਸਾ ਹੋ ਚੁੱਕਾ ਸੀ। ਸੁੰਨ-ਮਸਾਨ ਸੜਕ ‘ਤੇ ਪੈਦਲ ਤੁਰਨਾ ਖ਼ਤਰੇ ਤੋਂ ਖਾਲੀ ਨਹੀਂ ਸੀ, ਇਸ ਲਈ ਤੁਰਨ ਦਾ ਹੌਸਲਾ ਨਾ ਪਿਆ। ਸਵਾ ਕੁ ਘੰਟੇ ਪਿੱਛੋਂ ਖੰਡ ਮਿੱਲ ਵਾਲੇ ਪਾਸਿਓਂ ਸਕੂਟਰ ਆਇਆ ਤਾਂ ਮੈਂ ਪਹਿਲਾਂ ਵਾਂਗ ਹੱਥ ਦੇ ਦਿੱਤਾ, ਸਕੂਟਰ ਰੁਕ ਗਿਆ। ਦੁੱਧ ਚਿੱਟੇ ਕੱਪੜਿਆਂ ਵਿਚ ਸਕੂਟਰ ਸਵਾਰ ਕੋਈ ਸਿਆਣਾ ਬੰਦਾ ਜਾਪਦਾ ਸੀ। ਫ਼ਤਹਿ ਬੁਲਾ ਕੇ ਮੈਂ ਨਾਜਕਾ ਮੋੜ ਤੱਕ ਲਿਜਾਣ ਦੀ ਬੇਨਤੀ ਕੀਤੀ। ਉਸ ਕਿਹਾ ਕਿ ਉਹਨੇ ਬਸੰਤ ਨਗਰ ਤੱਕ ਜਾਣਾ ਹੈ। ਮੈਂ ਕਿਹਾ ਕਿ ਉਥੋਂ ਤੱਕ ਹੀ ਲੈ ਚਲੋ। ਉਸ ਮੈਨੂੰ ਬਿਠਾ ਲਿਆ।
ਮਨ ਨੂੰ ਕੁਝ ਕੁ ਤਸੱਲੀ ਹੋਈ ਕਿ ਆਪਣੇ ਇਲਾਕੇ ਦੇ ਨੇੜੇ ਤੇੜੇ ਪਹੁੰਚ ਜਾਵਾਂਗਾ। ਉਂਝ ਅਗਲੇ ਪੰਜ ਕਿਲੋਮੀਟਰ ਸੁੰਨ-ਮਸਾਨ ਰਾਹ ਦਾ ਖ਼ੌਫ਼ ਵੱਢ-ਵੱਢ ਖਾ ਰਿਹਾ ਸੀ। ਮਨ ਹੀ ਮਨ ਕਈ ਤਰ੍ਹਾਂ ਦੀ ਉਧੇੜ-ਬੁਣ ਕਰ ਰਿਹਾ ਸਾਂ ਕਿ ਸਕੂਟਰ ਸਵਾਰ ਨੇ ਚੁੱਪ ਤੋੜਦਿਆਂ ਪੁੱਛ ਲਿਆ, ”ਕਾਕਾ ਕਿੱਥੋਂ ਆਇਆਂ?”
”ਜੀ ਤਲਵਾੜੇ ਤੋਂ।”
ਉਹਨੇ ਲੇਟ ਹੋਣ ਦਾ ਕਾਰਨ ਪੁੱਛਿਆ ਤਾਂ ਮੈਂ ਸਾਰੀ ਰਾਮ ਕਹਾਣੀ ਸੁਣਾਉਂਦਿਆਂ ਆਪਣਾ ਅਤਾ ਪਤਾ ਵੀ ਸਾਰਾ ਦੱਸ ਦਿੱਤਾ। ਉਹਨੇ ਗੱਲ ਬਦਲਦੇ ਹੋਏ ਪੁੱਛਿਆ, ”ਕਾਕਾ, ਤੂੰ ਕਰਦਾ ਕੀ ਆਂ?” ਮੈਂ ਆਪਣੇ ਵਿਭਾਗ ਦਾ ਨਾਂ ਦੱਸਿਆ। ਉਸ ਸਵਾਲੀਆ ਲਹਿਜੇ ਵਿਚ ਪੁੱਛਿਆ, ”ਤੁਹਾਡਾ ਡਾਇਰੈਕਟਰ ਜਗੀਰ ਸਿੰਘ ਐ?”
”ਜੀ૴ ਪਰ ਤੁਸੀਂ ਕਿਵੇਂ ਜਾਣਦੇ ਹੋ, ਸਾਡਾ ਤਾਂ ਮਹਿਕਮਾ ਹੀ ਨਵਾਂ ਹੈ। ਇਸ ਬਾਰੇ ਲੋਕ ਬੜਾ ਘੱਟ ਜਾਣਦੇ!”
”ਮੈਂ ਕਾਮਰੇਡ ਕੁਲਵੰਤ ਸਿੰਘ ਐੱਮਐੱਲਏ ਆਂ।”
ਮੈਂ ਠਠੰਬਰ ਜਿਹਾ ਗਿਆ ਅਤੇ ਬੜੀ ਹਲੀਮੀ ਨਾਲ ਕਿਹਾ, ”ਜੀ૴ ਤੁਸਾਂ ਦਾ ਰੁਤਬਾ ਬਹੁਤ ਵੱਡਾ૴ ਤੁਸੀਂ ਕਿਵੇਂ ਕਿਸੇ ਅਨਜਾਣ ਨੂੰ ਲਿਫਟ ਦੇ ਦਿੱਤੀ।”
”ਇਹ ਮੇਰਾ ਇਲਾਕਾ ਐ। ਮੈਂ ਤੁਹਾਡਾ ਐੱਮਐੱਲਏ ਆਂ। ਲੋੜ ਸਮੇਂ ਕੰਮ ਨਾ ਆਇਆ ਤਾਂ ਮੇਰਾ ਕੀ ਫਾਇਦਾ ਫਿਰ।”
ਇੰਨੇ ਚਿਰ ਨੂੰ ਬਸੰਤ ਨਗਰ ਆ ਗਿਆ ਜਿੱਥੇ ਐੱਮਐੱਲਏ ਦੀ ਰਿਹਾਇਸ਼ ਸੀ। ਮੈਂ ਬੇਨਤੀ ਕੀਤੀ, ”ਮੈਨੂੰ ਏਥੇ ਈ ਉਤਾਰ ਦਿਓ૴ ਅੱਗੇ ਮੈਂ ਆਪੇ ਚਲਾ ਜਾਵਾਂਗਾ।”
”ਤੈਨੂੰ ਤੇਰੇ ਪਿੰਡ ਦੇ ਮੋੜ ‘ਤੇ ਲਾਹ ਕੇ ਆਊਂ।” ૴ਤੇ ਮੇਰੇ ਕਹਿੰਦਿਆਂ-ਕਹਿੰਦਿਆਂ ਉਹ ਮੈਨੂੰ ਪਿੰਡ ਛੱਡ ਗਏ૴ ਹੁਣ ਹਾਲਾਤ ਕਿੰਨੇ ਬਦਲ ਗਏ ਹਨ। ਜਦੋਂ ਸੰਗੀਨਾਂ ਦੀ ਦਗੜ-ਦਗੜ ਐੱਮਐੱਲਏ ਦਾ ਪਰਛਾਵਾਂ ਵੀ ਛੂਹਣ ਨਹੀਂ ਦਿੰਦੀ ਤਾਂ ਮੈਨੂੰ ਆਪਣੇ ਐੱਮਐੱਲਏ ਨਾਲ ਕੀਤੇ ਸਫ਼ਰ ਦੀ ਯਾਦ ਆ ਜਾਂਦੀ ਹੈ।

ਲੇਖਕ : ਰੂਪ ਲਾਲ ਰੂਪ
ਸੰਪਰਕ: 94652-25722

Related Articles

Latest Articles