5.2 C
Vancouver
Friday, April 4, 2025

ਸਿਆਸਤ ਉਪਰ ਡੇਰਿਆਂ ਦਾ ਪ੍ਰਭਾਵ ਕਿਉਂ..?

 

ਲੇਖਕ : ਹਰਬੰਸ ਸਿੰਘ ਬਠਿੰਡਾ
ਅਸੀਂ ਜਦੋਂ ਵੀ ਡੇਰਿਆਂ ਦੀ ਗੱਲ ਕਰਨੀ ਸ਼ੁਰੂ ਕਰਦੇ ਹਾਂ ਤਾਂ ਕਈ ਤਰ੍ਹਾਂ ਦੇ ਸਵਾਲ ਸਾਡੇ ਸਾਹਮਣੇ ਆ ਕੇ ਖੜ੍ਹੇ ਹੋ ਜਾਂਦੇ ਹਨ।
ਜਿਵੇਂ ਕਿ ਡੇਰਿਆਂ ਦੀ ਹੋਂਦ ਦੇ ਕਾਰਨ ਕੀ ਹਨ? ਡੇਰਿਆਂ ਦਾ ਲੋਕਾਂ ਉੱਤੇ ਪ੍ਰਭਾਵ ਕੀ ਹੈ? ਕੀ ਡੇਰੇ ਲੋਕਪੱਖੀ ਕੰਮ ਕਰਦੇ ਹਨ? ਆਮ ਲੋਕਾਂ ਨੂੰ ਡੇਰੇ ਕਿੰਨਾ ਕੁ ਪ੍ਰਭਾਵਿਤ ਕਰਦੇ ਹਨ? ਧਰਮ ਦਾ ਡੇਰਿਆਂ ਨਾਲ ਕੀ ਸੰਬੰਧ ਹੈ? ਡੇਰਿਆਂ ਦੇ ਪ੍ਰਫੁਲਿਤ ਹੋਣ ਦੇ ਕਾਰਨ ਕੀ ਹਨ? ਹੋਰ ਵੀ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਬਾਰੇ ਸਾਨੂੰ ਸਾਰਿਆਂ ਨੂੰ ਡੁੰਘਾਈ ਨਾਲ ਵਿਚਾਰ ਕਰਨੀ ਚਾਹੀਦੀ ਹੈ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਲਗਦਾ ਹੈ ਕਿ ਇੱਥੇ ਪੰਜ ਸੱਤ ਪਿੰਡਾਂ ਮਗਰ ਕੋਈ ਨਾ ਕੋਈ ਛੋਟਾ ਵੱਡਾ ਡੇਰਾ ਲੋਕਾਂ ਦੀ ਸ਼ਰਧਾ ਦਾ ਕੇਂਦਰ ਜ਼ਰੂਰ ਬਣਿਆ ਹੋਇਆ ਹੈ। ਧਾਗੇ ਤਵੀਤ ਕਰਨ ਵਾਲੇ ਛੋਟੇ-ਛੋਟੇ ਡੇਰਿਆਂ ਤੋਂ ਲੈਕੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਵੱਡਾ ਇਕੱਠ ਕਰਨ ਵਾਲੇ ਇਹਨਾਂ ਡੇਰਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਵੀ ਹੋਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਆਮ ਲੋਕਾਂ ਦਾ ਇਹਨਾਂ ਡੇਰਿਆਂ ਉੱਤੇ ਜਾਣ ਦਾ ਮੁੱਖ ਕਾਰਨ ਮਾਨਸਿਕ ਤੌਰ ‘ਤੇ ਕਮਜ਼ੋਰ ਹੋਣਾ ਹੀ ਮੰਨਿਆ ਜਾ ਸਕਦਾ ਹੈ। ਇਹਨਾਂ ਡੇਰਿਆਂ ‘ਤੇ ਅਨਪੜ੍ਹ ਤੋਂ ਲੈਕੇ ਉੱਚ ਸਿੱਖਿਅਤ ਲੋਕ ਅਤੇ ਗਰੀਬ ਤੋਂ ਲੈਕੇ ਬਹੁਤ ਅਮੀਰ ਤਕ ਸਾਰੇ ਤਰ੍ਹਾਂ ਦੇ ਲੋਕ ਹੀ ਜਾਂਦੇ ਹਨ। ਲਗਾਤਾਰ ਜਾਣ ਨਾਲ ਲੋਕਾਂ ਦੀ ਆਸਥਾ ਡੇਰੇ ਦੇ ਮੁਖੀ ਉੱਤੇ ਰੱਬ ਦੀ ਤਰ੍ਹਾਂ ਪੱਕੀ ਹੋ ਜਾਂਦੀ ਹੈ। ਪਸ਼ੂ ਬਿਮਾਰ ਹੋਵੇ ਜਾਂ ਫਿਰ ਜਵਾਕ ਬਿਮਾਰ ਹੋਵੇ, ਔਰਤਾਂ ਨੂੰ ਇਹਨਾਂ ਡੇਰੇ ਵਾਲਿਆਂ ਬਾਬਿਆਂ ‘ਤੇ ਬਹੁਤ ਵਿਸ਼ਵਾਸ ਹੁੰਦਾ ਹੈ ਕਿ ਇਹਨਾਂ ਬਾਬਿਆਂ ਦੇ ਅਸ਼ੀਰਵਾਦ ਨਾਲ ਬਿਮਾਰੀ ਠੀਕ ਹੋ ਜਾਵੇਗੀ।
ਕਈ ਡੇਰੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕਰਦੇ ਹਨ, ਇਸ ਗੱਲ ਦਾ ਵੀ ਆਮ ਲੋਕਾਂ ‘ਤੇ ਕਾਫੀ ਪ੍ਰਭਾਵ ਪੈਂਦਾ ਹੈ। ਇਹਨਾਂ ਡੇਰਿਆਂ ਵਿੱਚੋਂ ਕਈਆਂ ਦਾ ਸੰਬੰਧ ਸਿੱਖ ਧਰਮ ਨਾਲ ਹੈ ਤੇ ਕਈਆਂ ਦਾ ਸੰਬੰਧ ਹਿੰਦੂ ਧਰਮ ਨਾਲ ਹੈ। ਕਈ ਡੇਰੇ ਆਪਣੀ ਵੱਖਰੀ ਪਛਾਣ ਰੱਖਦੇ ਹਨ ਤੇ ਉਹਨਾਂ ਦੇ ਪੈਰੋਕਾਰ ਆਪਣੇ-ਆਪਣੇ ਧਰਮ ਨੂੰ ਮੰਨਦੇ ਹੋਏ ਵੀ ਇਹਨਾਂ ਡੇਰਿਆਂ ਦੇ ਪੱਕੇ ਸ਼ਰਧਾਲੂ ਬਣੇ ਹੋਏ ਹਨ। ਪੰਜਾਬ ਦੇ ਲੋਕਾਂ ‘ਤੇ ਵੱਧ ਪ੍ਰਭਾਵ ਰੱਖਣ ਵਾਲੇ ਡੇਰਿਆਂ ਵਿੱਚੋਂ ਅਸੀਂ ਰਾਧਾ ਸੁਆਮੀ ਡੇਰਾ ਬਿਆਸ, ਨਿਰੰਕਾਰੀ ਮਿਸ਼ਨ, ਡੇਰਾ ਸੱਚਾ ਸੌਦਾ ਸਿਰਸਾ, ਨਾਨਕਸਰ ਠਾਠ ਨਾਲ ਸੰਬੰਧਿਤ ਕਈ ਸਾਰੇ ਡੇਰੇ, ਡੇਰਾ ਰੂਮੀ ਵਾਲਾ, ਨੂਰਮਹਿਲ ਵਾਲੇ ਆਸ਼ੂਤੋਸ਼ ਦਾ ਡੇਰਾ, ਡੇਰਾ ਸਚਖੰਡ ਬੱਲਾਂ ਵਾਲਿਆਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰ ਸਕਦੇ ਹਾਂ। ਜਦੋਂ ਵੀ ਚੋਣਾਂ ਦਾ ਮੌਸਮ ਆਉਂਦਾ ਹੈ ਤਾਂ ਇਹਨਾਂ ਡੇਰਿਆਂ ਉੱਤੇ ਰਾਜਸੀ ਆਗੂਆਂ ਦੇ ਗੇੜੇ ਵੱਜਣੇ ਸ਼ੁਰੂ ਹੋ ਜਾਂਦੇ ਹਨ। ਪੰਚਾਇਤੀ ਚੋਣਾਂ ਤੋਂ ਲੈਕੇ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਤਕ ਨੂੰ ਇਹ ਡੇਰੇ ਪ੍ਰਭਾਵਿਤ ਕਰਦੇ ਹਨ। ਡੇਰਿਆਂ ‘ਤੇ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀਆਂ ਵੋਟਾਂ ਕਿਸੇ ਵੀ ਉਮੀਦਵਾਰ ਦੀ ਜਿੱਤ ਜਾਂ ਹਾਰ ਦਾ ਕਾਰਨ ਬਣ ਸਕਦੀਆਂ ਹਨ। ਮੁੱਢ ਤੋਂ ਹੀ ਪੰਜਾਬ ਦੀਆਂ ਚੋਣਾਂ ਨੂੰ ਇਹ ਡੇਰੇ ਚੁੱਪ ਚਪੀਤੇ ਪ੍ਰਭਾਵਿਤ ਕਰਦੇ ਰਹੇ ਹਨ। ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਡੇਰਿਆਂ ਨੂੰ ਕੇਂਦਰ ਦੇ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੀ ਰਾਜਨੀਤਕ ਪਾਰਟੀ ਕਾਂਗਰਸ ਵੱਲੋਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤਕ ਤੌਰ ‘ਤੇ ਕਮਜ਼ੋਰ ਕਰਨ ਲਈ ਅੰਦਰੂਨੀ ਮਦਦ ਮਿਲਦੀ ਰਹੀ ਹੈ। ਸਿੱਖ ਧਰਮ ਨੂੰ ਮੰਨਣ ਵਾਲੇ ਬਹੁ-ਗਿਣਤੀ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਪਾਰਟੀ ਮੰਨ ਕੇ ਉਸਦੀ ਮਦਦ ਕਰਦੇ ਰਹੇ ਹਨ।
ਡੇਰਿਆਂ ਵੱਲੋਂ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਦੇ ਵੀ ਸਾਹਮਣੇ ਆਕੇ ਐਲਾਨੀਆਂ ਕਿਸੇ ਵੀ ਰਾਜਸੀ ਧਿਰ ਦੀ ਮਦਦ ਨਹੀਂ ਕੀਤੀ ਗਈ ਸੀ। ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਖੁੱਲ੍ਹੇ ਆਮ ਕਾਂਗਰਸ ਪਾਰਟੀ ਦੀ ਮਦਦ ਕੀਤੀ ਗਈ। ਡੇਰਾ ਪ੍ਰੇਮੀਆਂ ਦੀਆਂ ਵੋਟਾਂ ਇੱਕ ਪਾਸੜ ਜਾਣ ਕਰਕੇ ਅਕਾਲੀਆਂ ਦਾ ਗੜ੍ਹ ਮੰਨੇ ਜਾਂਦੇ ਮਾਲਵਾ ਖੇਤਰ ਵਿੱਚੋਂ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੋਈ ਸੀ ਭਾਵੇਂ ਕਿ ਮਾਝੇ ਅਤੇ ਦੁਆਬੇ ਦੇ ਲੋਕਾਂ ਨੇ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣਾਉਣ ਦਾ ਫਤਵਾ ਦਿੱਤਾ ਤੇ ਇਹ ਸਰਕਾਰ ਲਗਾਤਾਰ ਦਸ ਸਾਲ ਚਲਦੀ ਰਹੀ। ਡੇਰਾ ਸਿਰਸਾ ਵੱਲੋਂ ਕਾਂਗਰਸ ਨੂੰ ਖੁੱਲ੍ਹੀ ਹਿਮਾਇਤ ਦੇਣ ਦੇ ਫੈਸਲੇ ਨੇ ਸਾਰੀਆਂ ਰਾਜਸੀ ਧਿਰਾਂ ਨੂੰ ਡੇਰਿਆਂ ਦੇ ਵਧ ਰਹੇ ਰਾਜਸੀ ਦਖਲ ਨੂੰ ਮਹਿਸੂਸ ਕਰਨ ਲਈ ਮਜਬੂਰ ਕਰ ਦਿੱਤਾ। ਸਾਰੀਆਂ ਰਾਜਸੀ ਧਿਰਾਂ ਦੇ ਵੱਡੇ ਆਗੂ ਇਹਨਾਂ ਡੇਰਿਆਂ ਦੇ ਸਮਾਗਮਾਂ ‘ਤੇ ਜਾ ਕੇ ਹਾਜ਼ਰੀ ਲਵਾਉਣ ਨੂੰ ਤਰਜੀਹ ਦੇਣ ਲੱਗ ਪਏ। ਰਾਜਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਇਹਨਾਂ ਡੇਰਿਆਂ ਦੇ ਪ੍ਰਬੰਧਕਾਂ ਨਾਲ ਨੇੜਤਾ ਵਾਲੇ ਰਿਸ਼ਤੇ ਬਣਨੇ ਸ਼ੁਰੂ ਹੋ ਗਏ। ਰਾਜਨੀਤਕ ਫਾਇਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰਾਂ ਵੱਲੋਂ ਇਹਨਾਂ ਡੇਰਿਆਂ ਦੀ ਮੁਢਲੇ ਦਿਨਾਂ ਵਿੱਚ ਕੀਤੀ ਗਈ ਮਦਦ ਨਾਲ ਇਹ ਡੇਰੇ ਪ੍ਰਭਾਵਸ਼ਾਲੀ ਹੁੰਦੇ ਗਏ। ਡੇਰਿਆਂ ਦੇ ਸਮਾਗਮਾਂ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਆਮ ਤੌਰ ‘ਤੇ ਪਰਮਾਤਮਾ ਦੇ ਨਾਲ ਜੋੜਨ ਦੀ ਸਿੱਖਿਆ ਹੀ ਦਿੱਤੀ ਜਾਂਦੀ ਹੈ। ਨਸ਼ੇ ਤੋਂ ਦੂਰ ਰਹਿਣ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਆਪਣੇ ਪਰਿਵਾਰ ਦੀ ਪਾਲਣਾ ਕਰਨ ਨੂੰ ਤਰਜੀਹ ਦੇਣ ਦੀ ਗੱਲ ਕੀਤੀ ਜਾਂਦੀ ਹੈ। ਡੇਰਿਆਂ ਦੇ ਪ੍ਰਬੰਧਕਾਂ ਵੱਲੋਂ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਦਾ ਆਮ ਤੌਰ ‘ਤੇ ਭੋਲੇ ਭਾਲੇ ਸ਼ਰਧਾਲੂਆਂ ਨੂੰ ਕੋਈ ਪਤਾ ਨਹੀਂ ਹੁੰਦਾ।
ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਵਾਲੀ ਰਾਜਸੀ ਧਿਰ ਵੱਲੋਂ ਵੋਟਾਂ ਸਮੇਂ ਵਿਰੋਧ ਕਰਨ ਵਾਲੇ ਡੇਰਿਆਂ ਦੇ ਪ੍ਰਬੰਧਕਾਂ ਨੂੰ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜਦੋਂ ਵੀ ਚੋਣਾਂ ਆਉਂਦੀਆਂ ਨੇ ਤਾਂ ਇਸ ਮੌਕੇ ਡੇਰਾ ਸਿਰਸਾ ਦੇ ਮੁਖੀ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਦੀ ਸਿਫਾਰਸ਼ ‘ਤੇ ਬਾਰ ਬਾਰ ਪੈਰੋਲ ਦੇਣ ਦੇ ਮਾਮਲੇ ਨੇ ਡੇਰਿਆਂ ਦੀ ਰਾਜਨੀਤਕ ਅਹਿਮੀਅਤ ਨੂੰ ਹੋਰ ਵੀ ਉਜਾਗਰ ਕਰ ਦਿੱਤਾ ਹੈ। ਰਾਜਨੀਤੀ ਕਰਨ ਵਾਲਿਆਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ ਤੇ ਡੇਰਿਆਂ ਦੇ ਪ੍ਰਬੰਧਕਾਂ ਨੂੰ ਸਰਕਾਰ ਨਾਲ ਨੇੜਤਾ ਦੀ। ਅੱਜ ਦੀ ਘੜੀ ਦੋਵੇਂ ਹੀ ਇੱਕ ਦੂਜੇ ਦੇ ਪੂਰਕ ਬਣੇ ਹੋਏ ਹਨ, ਅਰਥਾਤ ਦੋਵੇਂ ਹੀ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਦੂਜੇ ਦੇ ਪੂਰਕ ਅਤੇ ਗੁਲਾਮ ਹਨ। ਵੋਟਾਂ ਪੈਣ ਤੋਂ ਪਹਿਲਾਂ ਸਿਆਸਤ ਡੇਰਿਆਂ ਦੀ ਗੁਲਾਮ ਹੁੰਦੀ ਹੈ ਤੇ ਸਰਕਾਰ ਬਣਨ ਤੋਂ ਬਾਅਦ ਡੇਰੇ ਸਿਆਸਤ ਦੇ ਗੁਲਾਮ ਹੋ ਜਾਂਦੇ ਹਨ।
ਸਾਡੇ ਦੇਸ਼ ਵਿੱਚ ਧਾਰਮਿਕ ਆਸਥਾ ਅਤੇ ਜਾਤ ਦੇ ਅਸਰ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮਨੁੱਖ ਦੀ ਫਿਤਰਤ ਹੈ ਕਿ ਉਹ ਰਾਜਸੱਤਾ ਦੇ ਨਾਲ ਨੇੜਲੇ ਸੰਬੰਧ ਬਣਾਕੇ ਸੁਰੱਖਿਅਤ ਮਹਿਸੂਸ ਕਰਦਾ ਹੈ। ਜਿਵੇਂ ਜਿਵੇਂ ਡੇਰਿਆਂ ਦੀ ਜਾਇਦਾਦ ਵਿੱਚ ਵਾਧਾ ਹੋਣ ਲਗਦਾ ਹੈ, ਤਿਵੇਂ ਤਿਵੇਂ ਡੇਰੇ ਦੇ ਮੁਖੀ ਨੂੰ ਜਾਂ ਫਿਰ ਪ੍ਰਬੰਧਕਾਂ ਨੂੰ ਸਰਕਾਰ ਨਾਲ ਨੇੜਤਾ ਦੀ ਲੋੜ ਹੋਰ ਵੱਧ ਮਹਿਸੂਸ ਹੋਣ ਲੱਗ ਪੈਂਦੀ ਹੈ। ਦੌਲਤ ਅਤੇ ਸ਼ੋਹਰਤ ਦਾ ਨਸ਼ਾ ਸਿਆਣੇ ਤੋਂ ਸਿਆਣੇ ਮਨੁੱਖ ਤੋਂ ਵੀ ਗਲਤੀਆਂ ਕਰਵਾ ਦਿੰਦਾ ਹੈ। ਗਲਤੀਆਂ ਹੋ ਜਾਣ ਨਾਲ ਮਨੁੱਖ ਦੇ ਅੰਦਰ ਡਰ ਪੈਦਾ ਹੋ ਜਾਂਦਾ ਹੈ। ਰਾਜਨੀਤਕ ਪਾਰਟੀਆਂ ਇਸ ਤਰ੍ਹਾਂ ਦੇ ਡਰ ਉੱਤੇ ਤਿੱਖੀ ਨਜ਼ਰ ਰੱਖਦੀਆਂ ਹਨ। ਰਾਜਸੀ ਆਗੂ ਡੇਰੇ ਦੇ ਮੁਖੀ ਜਾਂ ਪ੍ਰਬੰਧਕਾਂ ਨੂੰ ਇਸ ਤਰ੍ਹਾਂ ਦੀਆਂ ਗਲਤੀਆਂ ਕਰਕੇ ਹੀ ਰਾਜਸੱਤਾ ਦੀ ਗੁਲਾਮੀ ਕਰਨ ਲਈ ਮਜਬੂਰ ਕਰਦੇ ਹਨ। ਡੇਰਿਆਂ ਦੇ ਪ੍ਰਬੰਧਕਾਂ ਦੀ ਗੁੱਟਬੰਦੀ ਵੀ ਰਾਜਸੀ ਲੋਕਾਂ ਨੂੰ ਜ਼ਿਆਦਾ ਦਖਲ ਦੇਣ ਲਈ ਉਤਸ਼ਾਹਿਤ ਕਰਦੀ ਹੈ। ਜਿਹੜੇ ਡੇਰੇ ਦੇ ਮੁਖੀ ਕੋਲ ਵੱਡੇ ਰਾਜਸੀ ਆਗੂ ਅਤੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਵੱਡੀ ਗਿਣਤੀ ਵਿੱਚ ਆਉਣ ਲੱਗ ਜਾਂਦੇ ਹਨ, ਉਸ ਡੇਰੇ ‘ਤੇ ਆਮ ਲੋਕਾਂ ਦੇ ਆਉਣ ਦੀ ਗਿਣਤੀ ਵੀ ਬਹੁਤ ਤੇਜ਼ੀ ਨਾਲ ਵਧ ਜਾਂਦੀ ਹੈ। ਆਮ ਲੋਕਾਂ ਨੂੰ ਤਾਂ ਇਹੀ ਲਗਦਾ ਹੈ ਕਿ ਸਿਆਸਤ ਕਰਨ ਵਾਲੇ ਵੱਡੇ ਵੱਡੇ ਆਗੂਆਂ ਨੂੰ ਵੀ ਬਾਬਿਆਂ ਕੋਲ ਆਕੇ ਨਤਮਸਤਕ ਹੋਣਾ ਪੈਂਦਾ ਹੈ, ਪਰ ਹਕੀਕਤ ਇਹ ਹੈ ਕਿ ਡੇਰਿਆਂ ਨੂੰ ਸਿਆਸਤ ਦੇ ਗੁਲਾਮ ਹੋ ਕੇ ਹੀ ਚੱਲਣਾ ਪੈਂਦਾ ਹੈ। ਜੇਕਰ ਡੇਰੇ ਸਿਆਸਤ ਦੇ ਅਨੁਸਾਰ ਨਹੀਂ ਚੱਲਦੇ ਤਾਂ ਫਿਰ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ।
ਜਦੋਂ ਕਿਸੇ ਡੇਰੇ ਦੇ ਗੱਦੀਨਸ਼ੀਨ ਮੁਖੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਉੱਤਰਾਅਧਿਕਾਰੀ ਦੀ ਚੋਣ ਕਰਨ ਸਮੇਂ ਵੀ ਰਾਜਸੀ ਆਗੂਆਂ ਦਾ ਦਖਲ ਆਮ ਹੀ ਦੇਖਣ ਨੂੰ ਮਿਲ ਜਾਂਦਾ ਹੈ। ਮੌਜੂਦਾ ਸਮੇਂ ਪੰਜਾਬ ਦੇ ਇੱਕ ਡੇਰਾ ਮੁਖੀ ਦੀਆਂ ਸਰਗਰਮੀਆਂ ਆਮ ਲੋਕਾਂ ਦੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸ ਡੇਰਾ ਮੁਖੀ ਦੀਆਂ ਸਰਗਰਮੀਆਂ ਅਧਿਆਤਮਿਕ ਦੀ ਥਾਂ ਸਿਆਸਤ ਤੋਂ ਜ਼ਿਆਦਾ ਪ੍ਰਭਾਵਿਤ ਨਜ਼ਰ ਆ ਰਹੀਆਂ ਹਨ। ਜਦੋਂ ਕੋਈ ਕਿਸੇ ਡੇਰੇ ਦਾ ਅਧਿਆਤਮਿਕ ਮੁਖੀ ਕਹਾਉਣ ਵਾਲਾ ਆਗੂ ਰਾਜਸੀ ਸਰਗਰਮੀਆਂ ਦੇ ਵੱਧ ਨੇੜੇ ਦਿਸਣ ਲੱਗ ਪਵੇ ਤਾਂ ਲੋਕ ਸਹਿਜੇ ਹੀ ਇਹ ਗੱਲ ਕਹਿਣ ਲਈ ਮਜਬੂਰ ਹੋ ਜਾਂਦੇ ਹਨ ਕਿ ਇਹ ਬਾਬਾ ਤਾਂ ਹੁਣ ਕਿਸੇ ਰਾਜਸੀ ਦਬਾਅ ਹੇਠ ਕੰਮ ਕਰ ਰਿਹਾ ਹੈ। ਇਸ ਲਈ ਅਸੀਂ ਸਹਿਜ ਸੁਭਾਅ ਹੀ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਸਿਆਸਤ ਅਤੇ ਡੇਰਿਆਂ ਵਿੱਚੋਂ ਕੌਣ ਕਿਸਦਾ ਗੁਲਾਮ ਹੈ?

 

Related Articles

Latest Articles