ਲੇਖਕ : ਗੋਰਵ
ਆਨਲਾਈਨ ਗੇਮਿੰਗ ਦੀ ਲਤ ਪਿਛਲੇ ਕੁਝ ਸਾਲਾਂ ਵਿਚ ਲਗਾਤਾਰ ਫੈਲ ਕੇ ਸਮੱਸਿਆ ਬਣ ਗਈ ਹੈ। ਫੋਰਟਨਾਈਟ, ਵਰਲਡ ਆਫ਼ ਵਾਰਕ੍ਰਾਫਟ ਅਤੇ ਕਾਲ ਆਫ਼ ਡਿਊਟੀ, ਪਬ ਜੀ ਆਦਿ ਖੇਡਾਂ ਨਾਲ ਦੁਨੀਆ ਭਰ ਦੇ ਲੱਖਾਂ ਲੋਕ ਜੁੜ ਚੁੱਕੇ ਹਨ ਅਤੇ ਇਸ ਗੇਮਿੰਗ ਦੀ ਦੁਨੀਆ ਵਿਚ ਹਰ ਰੋਜ਼ ਨਵੀਆਂ ਗੇਮਾਂ ਆਉਂਦੀਆਂ ਰਹਿੰਦੀਆਂ ਹਨ। ਹਾਲਾਂਕਿ ਬਹੁਤ ਸਾਰੇ ਲੋਕ ਸੰਜਮ ਨਾਲ ਵੀਡੀਓ ਗੇਮਾਂ ਖੇਡਣ ਦਾ ਮਜ਼ਾ ਲੈਂਦੇ ਹਨ, ਪਰ ਕੁਝ ਵਿਅਕਤੀ ਆਪਣੀਆਂ ਗੇਮਿੰਗ ਆਦਤਾਂ ਨੂੰ ਨਿਯੰਤਰਿਤ ਕਰਨ ‘ਚ ਅਸਮਰੱਥ ਮਹਿਸੂਸ ਕਰਦੇ ਹਨ, ਜਿਸ ਦਾ ਉਨ੍ਹਾਂ ਦੇ ਜੀਵਨ ਅਤੇ ਵਿੱਤੀ ਸਥਿਤੀ ‘ਤੇ ਬਹੁਤ ਨਕਾਰਾਤਮਿਕ ਅਸਰ ਪੈਂਦਾ ਹੈ।
ਮੌਜੂਦਾ ਸਮੇਂ ‘ਚ ਬੱਚੇ ਆਨਲਾਈਨ ਗੇਮਿੰਗ ਦਾ ਸ਼ਿਕਾਰ ਹੋ ਰਹੇ ਹਨ। ਬੱਚੇ ਅਕਸਰ ਆਪਣੇ ਮਾਪਿਆਂ ਦੇ ਕਹਿਣ ਤੋਂ ਉਲਟ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ। ਜੇਕਰ ਬੱਚਿਆਂ ਨੂੰ ਗੇਮ ਖੇਡਣ ਤੋਂ ਰੋਕਿਆ ਜਾਵੇ ਤਾਂ ਉਹ ਹਿੰਸਕ ਹੋਣ ਲੱਗਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਬੱਚੇ ਇਨ੍ਹਾਂ ਖੇਡਾਂ ਦੇ ਆਦੀ ਹੋਣ ਕਾਰਨ ਹਮਲਾਵਰ ਹੋ ਜਾਂਦੇ ਹਨ। ਉਨ੍ਹਾਂ ਦਾ ਆਪਣੀਆਂ ਭਾਵਨਾਵਾਂ ‘ਤੇ ਕੰਟਰੋਲ ਖਤਮ ਹੋ ਜਾਂਦਾ ਹੈ। ਚੰਗੇ-ਮਾੜੇ ਦੀ ਪਛਾਣ ਨਹੀਂ ਕਰ ਪਾਉਂਦੇ। ਇਨ੍ਹਾਂ ਖੇਡਾਂ ਦੇ ਨਾਇਕਾਂ ਦੇ ‘ਐਕਸ਼ਨ’ ਅਕਸਰ ਹਿੰਸਾ ਨਾਲ ਭਰੇ ਹੁੰਦੇ ਹਨ। ਉਨ੍ਹਾਂ ਦੇ ਹੱਥਾਂ ‘ਚ ਬੰਦੂਕ ਅਤੇ ਪਿਸਤੌਲ ਹੁੰਦੇ ਹਨ ਅਤੇ ਕਿਸੇ ਨੂੰ ਵੀ ਉਡਾ ਦਿੰਦੇ ਹਨ। ਜਦੋਂ ਬੱਚੇ ਲਗਾਤਾਰ ਇਹ ਗੇਮਾਂ ਖੇਡਦੇ ਹਨ ਤਾਂ ਉਨ੍ਹਾਂ ਨੂੰ ਆਦਤ ਪੈ ਜਾਂਦੀ ਹੈ।
ਆਦਤਾਂ ਆਸਾਨੀ ਨਾਲ ਨਹੀਂ ਛੱਡ ਹੁੰਦੀਆਂ। ਅਜਿਹੇ ‘ਚ ਜੋ ਵੀ ਉਨ੍ਹਾਂ ਨੂੰ ਗੇਮਾਂ ਖੇਡਣ ਤੋਂ ਰੋਕਦਾ ਹੈ, ਉਹ ਜਾਂ ਤਾਂ ਉਸ ਨੂੰ ਖ਼ਤਮ ਕਰਨ ਬਾਰੇ ਸੋਚਦੇ ਹਨ ਜਾਂ ਆਪਣੀ ਜਾਨ ਦੇ ਦਿੰਦੇ ਹਨ। ਇਸ ਦਾ ਇਕ ਵੱਡਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਕਈ ਵਾਰ ਘਰ ਦੇ ਵੱਡੇ ਲੋਕ ਵੀ ਅਜਿਹੀ ਖੇਡ ਖੇਡਦੇ ਹਨ। ਬੱਚੇ ਜਦੋਂ ਉਨ੍ਹਾਂ ਨੂੰ ਅਜਿਹਾ ਕਰਦਿਆਂ ਦੇਖਦੇ ਹਨ, ਤਾਂ ਬੱਚੇ ਵੀ ਇਨ੍ਹਾਂ ਖੇਡਾਂ ਨੂੰ ਖੇਡਣਾ ਚਾਹੁੰਦੇ ਹਨ। ਉਹ ਪਹਿਲਾਂ ਲੁਕ-ਲੁਕ ਕੇ, ਫਿਰ ਖੁੱਲ੍ਹੇਆਮ ਗੇਮਾਂ ਖੇਡਣ ਲੱਗਦੇ ਹਨ। ਮਾਤਾ-ਪਿਤਾ ਦੀ ਅਣਦੇਖੀ ਵੀ ਇਸ ਦਾ ਵੱਡਾ ਕਾਰਨ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਦੀਆਂ ਗੇਮਾਂ ਕਾਫੀ ਹਮਲਾਵਰ ਹੁੰਦੀਆਂ ਹਨ, ਜੋ ਬੱਚੇ ਇਨ੍ਹਾਂ ਨੂੰ ਖੇਡਦੇ ਹਨ ਉਹ ‘ਰਿਐਲਿਟੀ’ ਅਤੇ ‘ਵਰਚੁਅਲ’ ਦੁਨੀਆ ਦਰਮਿਆਨ ਫ਼ਰਕ ਨਹੀਂ ਕਰ ਸਕਦੇ ਅਤੇ ਖੁਦ ਨੂੰ ਉਸ ਵਰਚੁਅਲ ਦੁਨੀਆ ਦਾ ਹੀ ਹਿੱਸਾ ਮੰਨ ਲੈਂਦੇ ਹਨ। ਇਸ ਦੇ ਲਈ ਮਾਪੇ, ਖਾਣ-ਪੀਣ, ਲਾਈਫ ਸਟਾਈਲ ਅਤੇ ਦੋਸਤ ਵੀ ਜ਼ਿੰਮੇਵਾਰ ਹਨ। ਇਕ ਪਾਸੇ ਤਾਂ ਅਸੀਂ ਮੰਗ ਕਰਦੇ ਹਾਂ ਕਿ ਬੱਚਿਆਂ ਨੂੰ ਅਜਿਹੀਆਂ ਗੱਲਾਂ ਤੋਂ ਦੂਰ ਰੱਖੋ, ਜੋ ਉਨ੍ਹਾਂ ਨੂੰ ਹਿੰਸਕ ਬਣਾਉਂਦੀਆਂ ਹਨ, ਪਰ ਵਪਾਰ ਅਤੇ ਬਾਜ਼ਾਰ ਉਨ੍ਹਾਂ ਨੂੰ ਅਜਿਹੇ ਖਿਡੌਣੇ ਅਤੇ ਆਨਲਾਈਨ ਖੇਡਾਂ ਉਪਲਬਧ ਕਰਵਾਉਂਦਾ ਹੈ, ਜੋ ਹਿੰਸਾ ਨਾਲ ਭਰੇ ਪਏ ਹਨ। ਇਕ ਅੰਦਾਜ਼ੇ ਅਨੁਸਾਰ ਆਨਲਾਈਨ ਖੇਡਾਂ ਦਾ ਕਾਰੋਬਾਰ ਇਸ ਸਾਲ ਦੇ ਅਖੀਰ ਤੱਕ 11,900 ਕਰੋੜ ਡਾਲਰ ਦਾ ਹੋ ਜਾਏਗਾ ਅਤੇ ਦੁਨੀਆ ਭਰ ‘ਚ 2025 ਤੱਕ ਇਹ ਕਾਰੋਬਾਰ 12,205 ਕਰੋੜ ਤੋਂ ਵੱਧ ਅਮਰੀਕੀ ਡਾਲਰ ਹੋਣ ਦੀ ਸੰਭਾਵਨਾ ਹੈ। ਭਾਰਤ ‘ਚ ਆਨਲਾਈਨ ਖੇਡਾਂ ਦਾ ਕਾਰੋਬਾਰ ਲਗਭਗ 29 ਲੱਖ ਅਮਰੀਕੀ ਡਾਲਰ ਦਾ ਹੈ।
ਹਿੰਸਕ ਵਿਵਹਾਰ ਬੱਚਿਆਂ ਦੀ ਦਿਮਾਗੀ ਸਿਆਣਪ ਨੂੰ ਕਾਫ਼ੀ ਹੱਦ ਤਕ ਖ਼ਤਮ ਕਰ ਸਕਦਾ ਹੈ। ਬੱਚਿਆਂ ਦੇ ਹਿੰਸਕ ਵਿਵਹਾਰ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਭਵਿੱਖ ‘ਚ ਇਸ ਦੇ ਗੰਭੀਰ ਨਤੀਜੇ ਵੀ ਹੋ ਸਕਦੇ ਹਨ। ਇਹ ਹਿੰਸਕ ਵਿਵਹਾਰ ਮੈਡੀਕਲ ਪ੍ਰਾਬਲਮ ਅਤੇ ਲਾਈਫ ਪ੍ਰਾਬਲਮ ਵੱਲ ਇਸ਼ਾਰਾ ਕਰਦੇ ਹਨ, ਇਸ ਲਈ ਮਾਤਾ-ਪਿਤਾ ਨੂੰ ਬੱਚੇ ਦੇ ਹਿੰਸਕ ਵਿਵਹਾਰ ਦਾ ਕਾਰਨ ਜਾਣਨਾ ਚਾਹੀਦਾ ਹੈ ਅਤੇ ਰੋਕਣ ਜਾਂ ਸੁਧਾਰਨ ਲਈ ਉੱਚਿਤ ਕਦਮ ਚੁੱਕਣੇ ਚਾਹੀਦੇ ਹਨ। ਬੱਚਿਆਂ ਦੀ ਉਮਰ ਦੇ ਆਧਾਰ ‘ਤੇ ਉਨ੍ਹਾਂ ਦਾ ਹਿੰਸਕ ਵਿਵਹਾਰ ਕਿਸੇ ਨੂੰ ਮਾਰਨ, ਚੀਕਣ, ਗੱਲ-ਗੱਲ ‘ਤੇ ਗੁੱਸਾ ਹੋਣ ਵਰਗੀਆਂ ਅਪਰਾਧਿਕ ਹਰਕਤਾਂ ਕਰਨ ਵਾਲਾ ਵੀ ਹੋ ਸਕਦਾ ਹੈ।
ਬੱਚਿਆਂ ਦੇ ਸਾਹਮਣੇ ਆਉਣ ਵਾਲੇ ਕੁਝ ਕਾਰਕ ਉਨ੍ਹਾਂ ਦੇ ਹਿੰਸਕ ਵਿਵਹਾਰ ਨੂੰ ਹੋਰ ਵੀ ਵਧਾ ਸਕਦੇ ਹਨ। ਜਦੋਂ ਵੀ ਮਾਤਾ-ਪਿਤਾ ਜਾਂ ਹੋਰ ਘਰ ਦੇ ਮੈਂਬਰ ਦੇਖਣ ਕਿ ਉਨ੍ਹਾਂ ਦਾ ਬੱਚਾ ਜਾਂ ਭਰਾ-ਭੈਣ ਦਾ ਬੱਚਾ ਹਿੰਸਕ ਵਿਵਹਾਰ ਕਰ ਰਿਹਾ ਹੈ ਤਾਂ ਉਸ ਨੂੰ ਤੁਰੰਤ ਕਿਸੇ ਮੈਂਟਲ ਹੈਲਥ ਐਕਸਪਰਟ ਕੋਲ ਲੈ ਜਾਣਾ ਚਾਹੀਦਾ ਹੈ। ਕਿਸੇ ਪ੍ਰੋਫੈਸ਼ਨਲ ਡਾਕਟਰ ਵਲੋਂ ਕੀਤਾ ਗਿਆ ਇਲਾਜ ਉਸ ਦੇ ਵਿਵਹਾਰ ਨੂੰ ਦੂਰ ਕਰਨ ‘ਚ ਮਦਦ ਕਰ ਸਕਦਾ ਹੈ। ਬੱਚਿਆਂ ਨੂੰ ਮੈਂਟਲ ਹੈਲਥ ਐਕਸਪਰਟ ਵਲੋਂ ਗੁੱਸੇ ‘ਤੇ ਕੰਟਰੋਲ ਕਰਨਾ, ਮਨ ਦੀਆਂ ਗੱਲਾਂ ਨੂੰ ਦੱਸਣਾ, ਸੰਘਰਸ਼ ਕਰਨਾ, ਨਾਂਹ-ਪੱਖੀ ਗੱਲਾਂ ਨੂੰ ਦੂਰ ਕਰਨਾ, ਹਾਂ-ਪੱਖੀ ਗੱਲਾਂ ਬਾਰੇ ਸੋਚਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।