ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਕਿਲੋਨਾ ਸ਼ਹਿਰ ਵਿੱਚ ‘ਟੈਂਟ ਵਾਸੀਆਂ’ ਨੂੰ ਬੁੱਧਵਾਰ ਦੀ ਸਵੇਰ ਬਹੁਤ ਕੁਝ ਸਹਿਣ ਕਰਨਾ ਪਿਆ। ਇਸ ਖੇਤਰ ‘ਚ ਕਰੀਬ 90 ਬੇਘਰ ਲੋਕਾਂ ਟੈਂਟ ਲਗਾ ਕੇ ਅਸਥਾਈ ਘਰ ਬਣਾ ਕੇ ਰਹਿ ਰਹੇ ਸਨ ਜੋ ਕਿ ਵੱਡੇ ਪ੍ਰਸ਼ਾਸਨਕ ਕਲੀਨ-ਅੱਪ ਅਭਿਆਨ ਦੀ ਲਪੇਟ ‘ਚ ਆਉਣ ਕਾਰਨ ਵੱਡੀ ਗਿਣਤੀ ‘ਚ ਲੋਕਾਂ ਨੂੰ ਉਨਾਂ ਦੇ ਅਸਥਾਈ ਘਰਾਂ ਤੋਂ ਵੀ ਵਾਂਝੇ ਕਰ ਦਿੱਤਾ ਗਿਆ। ਟੈਂਟ ‘ਚ ਰਹਿ ਰਹੇ ਇੱਕ ਨਿਵਾਸੀ ਬਲੇਕ ਮਰਕਿਉਰੀ ਨੇ ਦੱਸਿਆ, ”ਬਿਨ੍ਹਾਂ ਕਿਸੇ ਨੋਟਿਸ ਜਾਂ ਚਿਤਾਵਨੀ ਦੇ ਇਹ ਕਾਰਵਾਈ ਕਰ ਦਿੱਤੀ ਗਈ, ਅਸੀਂ ਉਠੇ ਤਾਂ ਦੇਖਿਆ ਕਿ ਹਰੇਕ ਪਾਸੇ ਤਾਰਾਂ ਵਾਲੀ ਵਾੜ ਲੱਗ ਚੁੱਕੀ ਸੀ।”
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਪਹਿਲਾਂ ਤੋਂ ਕੋਈ ਨੋਟਿਸ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਨਵੀਆਂ ਪਾਬੰਦੀਆਂ ਤਹਿਤ, 24/7 ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ, ਤੇ ‘ਸਟੈਂਪ ਸਿਸਟਮ’ ਸ਼ੁਰੂ ਕੀਤਾ ਗਿਆ ਹੈ। ਹੁਣ, ਜੋ ਵੀ ਟੈਂਟ ਸ਼ਹਿਰ ਵਿੱਚ ਰਹਿ ਰਿਹਾ ਹੈ, ਉਸ ਨੂੰ ਮੁੜ-ਦਾਖਲ ਹੋਣ ਲਈ ਸਟੈਂਪ ਦਿਖਾਉਣੀ ਪਵੇਗੀ।
ਉਧਰ ਸ਼ਹਿਰ ਦੇ ਬਾਈਲਾਅਵ ਵਿਭਾਗ ਦੇ ਮੈਨੇਜਰ ‘ਕੇਵਿਨ ਮੀਡ’ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਨਵੇਂ ਕਦਮ ਸਾਰੇ ਰਹਾਇਸ਼ੀ ਤੇ ਅਣ-ਰਹਾਇਸ਼ੀ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਹਨ। ਉਨ੍ਹਾਂ ਕਿਹਾ, “ਸਾਨੂੰ ਟੈਂਟ ਸ਼ਹਿਰ ‘ਚ ਰਹਿੰਦੇ ਲੋਕਾਂ ਤੋਂ ਅਤੇ ਉਨ੍ਹਾਂ ਲੋਕਾਂ ਤੋਂ ਵੀ ਸ਼ਿਕਾਇਤਾਂ ਮਿਲੀਆਂ ਹਨ, ਜੋ ਉੱਥੇ ਜਾਣ ਤੋਂ ਡਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਲਾਕੇ ਵਿੱਚ ਹੋ ਰਹੇ ਗੈਰ-ਕਾਨੂੰਨੀ ਕੰਮ, ਵਿਅਕਤੀਗਤ ਹਿੰਸਾ ਅਤੇ ਹੋਰ ਸਮੱਸਿਆਵਾਂ ਨੇ ਇਲਾਕੇ ਨੂੰ ਖ਼ਤਰਨਾਕ ਬਣਾ ਦਿੱਤਾ ਹੈ।”
ਬਾਈਲਾਅਵ ਅਧਿਕਾਰੀਆਂ ਤੇ ਵਾਸੀਆਂ ਦੇ ਵਿਚਕਾਰ ਪਿਛਲੇ ਹਫ਼ਤਿਆਂ ‘ਚ ਤਣਾਅ ਵਧਿਆ ਹੋਇਆ ਸੀ, ਜੋ ਕਿ ਬੁੱਧਵਾਰ ਨੂੰ ਹੋਰ ਵੀ ਗਹਿਰੀ ਸਮੱਸਿਆ ਬਣ ਗਿਆ। ਕਈ ਲੋਕ ਗੁੱਸੇ ‘ਚ ਆ ਗਏ ਅਤੇ ਝੜਪਾਂ ਵੀ ਹੋਈਆਂ, ਇਸ ਦੌਰਾਨ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।
ਪੁਲਿਸ ਮੁਤਾਬਕ, ਇੱਕ ਵਿਅਕਤੀ ਨੂੰ ਬਾਈਲਾਅਵ ਅਧਿਕਾਰੀ ‘ਤੇ ਹਮਲਾ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਦੂਜੇ ਵਿਅਕਤੀ ਨੂੰ ਧਮਕੀਆਂ ਦੇਣ ‘ਤੇ ਤਹਿਤ ਹਿਰਾਸਤ ‘ਚ ਲਿਆ ਗਿਆ ਹੈ।
ਕੇਵਿਨ ਮੀਡ ਨੇ ਸਪੱਸ਼ਟ ਕੀਤਾ ਕਿ ਟੈਂਟ ਸ਼ਹਿਰ ਵਿੱਚ ਰਹਿ ਰਹੇ ਲੋਕਾਂ ਨੂੰ ਕੱਢਣ ਦਾ ਕੋਈ ਇਰਾਦਾ ਨਹੀਂ, ਪਰ ਕੁਝ ਟੈਟਾਂ ਨੂੰ ਹਟਾਉਣਾ ਲਾਜ਼ਮੀ ਹੋ ਗਿਆ ਹੈ।
ਉਧਰ ਕਿਲੋਨਾ ਦੀਆਂ ਸਮਾਜਿਕ ਸੰਸਥਾਵਾਂ ਨੇ ਵੀ ਇਸ ਉਪਰਾਲੇ ‘ਤੇ ਆਪਣੀਆਂ ਚਿੰਤਾਵਾਂ ਦਰਜ ਕਰਵਾਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ “ਸੁਰੱਖਿਆ ਦੇ ਨਾਮ ‘ਤੇ ਬੇਘਰ ਲੋਕਾਂ ਨੂੰ ਹੋਰ ਹਾਸ਼ੀਏ ‘ਤੇ ਧੱਕਣ” ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸ਼ਹਿਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇਹ ਉਪਰਾਲੇ ਬੇਘਰ ਲੋਕਾਂ ਦੇ ਹੱਕਾਂ ਦੀ ਉਲੰਘਣਾ ਨਾ ਕਰਨ। This report was written by Simranjit Singh as part of the Local Journalism Initiative.