ਸ਼ਬਦ ਦਾ ਕੁਈ ਮਹਿਕਦਾ ਦਰਿਆ ਮਿਲੇ।
ਮੇਰੀ ਕਿਸ਼ਤੀ ਨੂੰ ਕਿਨਾਰਾ ਆ ਮਿਲੇ।
ਆਪਣੇ ਨ੍ਹੇਰੇ ‘ਚ ਡੁੱਬਕੇ ਵੇਖਣਾ ਹੈ,
ਸ਼ਾਇਦ ਚਾਨਣ ਦਾ ਕੁਈ ਕਤਰਾ ਮਿਲੇ।
ਉੱਡਦੇ ਜਾਂਦੇ ਨੇ ਪੰਛੀ ਹਸਰਤਾਂ ਦੇ,
ਜਿਪਸੀਆਂ ਨੂੰ ਵੀ ਕਿਤੋਂ ਹੁਜਰਾ ਮਿਲੇ।
ਜੋ ਨਦੀ ਤੜਫੀ ਹੈ ਰੇਗਿਸਤਾਨ ਵਿਚ,
ਓਸਨੂੰ ਫੁੱਲਾਂ ਦਾ ਗੁਲਦਸਤਾ ਮਿਲੇ।
ਬਾਰਸ਼ਾਂ ਦੀ ਤਲੀ ਤੇ ਮੌਸਮ ਸੁਹਾਣਾ,
ਬਿਰਖ਼ ਨੂੰ ਸ਼ਾਇਦ ਹਰਾ ਪੱਤਾ ਮਿਲੇ।
ਪੈਰੀਂ ਭਟਕਣ ਦੀ ਹੈ ਝਾਂਜਰ ਛਣਕਦੀ,
ਏਸ ਤਿੱਤਰੀ ਨੂੰ ਕਿਤੇ ਗੋਸ਼ਾ ਮਿਲੇ।
ਰੋਗੀ ਜ਼ਿਹਨਾਂ ਨੇ ਹੈ ਜੋ ਜ਼ਖ਼ਮੀ ਕਰੀ,
ਓਸ ਮਸਜਿਦ ਨੂੰ ਮਿਰਾ ਸਜਦਾ ਮਿਲੇ।
ਦਰਦ ਦਾ ਸੂਰਜ ਮੁਨੱਵਰ ਹੋ ਰਿਹਾ ਹੈ,
ਰਾਤ ਨੂੰ ਸ਼ਾਇਦ ਨਵਾਂ ਖ਼ਤਰਾ ਮਿਲੇ।
ਲੇਖਕ : ਅਜਮੇਰ ਗਿੱਲ