ਲੇਖਕ : ਅਜ਼ਾਦ ਦੀਪ ਸਿੰਘ
ਸੰਪਰਕ: 98148-98179
ਪੰਜਾਬ ਰਾਜ ਹਿੰਦੋਸਤਾਨ ਦਾ ਉੱਤਰ ਪੱਛਮੀ ਇਲਾਕਾ ਹੈ। ਪੰਜਾਬ ਨਾਂ ਦੋ ਫ਼ਾਰਸੀ ਸ਼ਬਦਾਂ ‘ਪੰਜ’ ਅਤੇ ‘ਆਬ’ ਦੇ ਜੋੜ ਤੋਂ ਬਣਿਆ ਹੈ। ਹੌਲੀ ਹੌਲੀ ਇਹ ਪੰਜਾਬ ਸ਼ਬਦ ਬਣ ਗਿਆ, ਜਿਸ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਯੂਨਾਨੀ ਇਤਿਹਾਸਕਾਰਾਂ ਨੇ ਪੰਜਾਬ ਨੂੰ ਪੈਂਟਾਪੋਟੇਮੀਆ ਲਿਖਿਆ ਹੈ। ਹੱਦਬੰਦੀ ਦੀ ਗੱਲ ਕਰੀਏ ਤਾਂ ਇਸ ਦੇ ਉੱਤਰ ਵਿੱਚ ਵਿਸ਼ਾਲ ਹਿਮਾਲਿਆ ਪਰਬਤ ਲੜੀ ਹੈ, ਜੋ ਇਸ ਨੂੰ ਚੀਨ, ਤਿੱਬਤ ਤੇ ਕਸ਼ਮੀਰ ਤੋਂ ਵੱਖ ਕਰਦੀ ਹੈ; ਪੂਰਬ ਵੱਲ ਦਰਿਆ ਯਮੁਨਾ, ਦੱਖਣ ਵਿੱਚ ਰਾਜਪੂਤਾਨਾ (ਰਾਜਸਥਾਨ) ਤੇ ਸੂਬਾ ਸਿੰਧ, ਪੱਛਮ ਵੱਲ ਸੁਲੇਮਾਨ ਪਹਾੜ ਲੜੀ ਹੈ, ਜੋ ਇਸ ਨੂੰ ਅਫ਼ਗ਼ਾਨਿਸਤਾਨ ਤੇ ਬਲੋਚਿਸਤਾਨ ਤੋਂ ਵੱਖਰਾ ਕਰਦੀ ਹੈ। ਇਸ ਦੇ ਉੱਚੇ ਹਿਮਾਲਿਆ ਪਹਾੜਾਂ ਦੀ ਲੜੀ ਵਿੱਚ ਚੰਬਾ, ਮੰਡੀ, ਸੁਕੇਤ, ਨਾਹਨ, ਸ਼ਿਮਲਾ, ਕਾਂਗੜਾ, ਕੁੱਲੂ, ਲਾਹੌਲ, ਸਪਿਤੀ ਅਤੇ ਡਲਹੌਜ਼ੀ ਆਦਿ ਦੀਆਂ ਖ਼ੂਬਸੂਰਤ ਵਾਦੀਆਂ ਹਨ। ਇਹ ਪਹਾੜੀ ਇਲਾਕਾ ਹੁਣ ਹਿਮਾਚਲ ਪ੍ਰਦੇਸ਼ ਨਾਂ ਦਾ ਵੱਖਰਾ ਸੂਬਾ ਬਣ ਚੁੱਕਾ ਹੈ। ਜੇ ਦੇਸ਼ ਪੰਜਾਬ ਦੇ ਭੂਗੋਲ ਦੀ ਗੱਲ ਕਰੀਏ ਤਾਂ ਇਸ ਵਿੱਚ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੇ ਦਰਿਆਵਾਂ ਦੀ ਹੈ, ਜੋ ਹਿਮਾਲਿਆ ਪਰਬਤ ਦੇ ਸੈਂਕੜੇ ਮੀਲਾਂ ਵਿੱਚੋਂ ਲੰਘ ਕੇ ਮੈਦਾਨੀ ਇਲਾਕੇ ਵਿੱਚ ਉੱਤਰ ਆਉਂਦੇ ਅਤੇ ਅਖੀਰ ਦੱਖਣ ਵੱਲ ਵੱਡੇ ਦਰਿਆ ਸਿੰਧ ਵਿੱਚ ਜਾ ਮਿਲਦੇ ਹਨ, ਜਿਸ ਨੂੰ ਹਿੰਦੋਸਤਾਨ ਦਾ ਨੀਲ ਦਰਿਆ ਵੀ ਆਖਿਆ ਜਾਂਦਾ ਹੈ। ਅੰਤ ਇਹ ਸਾਰੇ ਦਰਿਆ ਸਮੁੰਦਰ ਵਿੱਚ ਜਾ ਡਿੱਗਦੇ ਹਨ। ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਇਹ ਪੰਜ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ ਹਨ। ਸਿੰਧ ਦਰਿਆ ਨੂੰ ਵੀ ਪੰਜਾਬ ਦਾ ਦਰਿਆ ਮੰਨਿਆ ਜਾ ਸਕਦਾ ਹੈ ਕਿਉਂਕਿ ਇਹ ਵੀ ਦੂਜੇ ਪੰਜ ਦਰਿਆਵਾਂ ਵਾਂਗ ਹਿਮਾਲਿਆ ਦੀਆਂ ਚੋਟੀਆਂ ਵਿੱਚੋਂ ਨਿਕਲਦਾ ਹੈ। ਸਿੰਧ ਦੂਜੇ ਪੰਜਾਂ ਦਰਿਆਵਾਂ ਤੋਂ ਵੱਡਾ ਹੈ ਤੇ ਇਹ ਪੰਜੇ ਦਰਿਆ ਵੱਖ-ਵੱਖ ਥਾਵਾਂ ਤੋਂ ਅਖੀਰ ਸਿੰਧ ਦਰਿਆ ਵਿੱਚ ਜਾ ਡਿੱਗਦੇ ਹਨ। ਪੰਜ ਦਰਿਆ ਜਿੱਥੇ ਸਿੰਧ ਦਰਿਆ ਵਿੱਚ ਜਾ ਕੇ ਮਿਲਦੇ ਹਨ, ਉਸ ਨੂੰ ਪੰਜਨਦ ਕਿਹਾ ਜਾਂਦਾ ਹੈ। ਸਿੰਧ ਦਰਿਆ ਕੈਲਾਸ਼ ਪਰਬਤ ਵਿੱਚੋਂ ਨਿਕਲਦਾ ਹੈ। ਉੱਥੋਂ ਇਹ ਲੇਹ ਲੱਦਾਖ ਵਿੱਚ ਦਾਖਲ ਹੁੰਦਾ ਹੋਇਆ ਦਰਬੰਦ ਤੋਂ ਪੰਜਾਬ ਵਿੱਚ ਦਾਖਲ ਹੋ ਜਾਂਦਾ ਹੈ। ਇਹ ਦੁਨੀਆ ਦੇ ਵੱਡੇ ਦਰਿਆਵਾਂ ਵਿੱਚ ਗਿਣਿਆ ਜਾਂਦਾ ਹੈ। ਸਿੰਧੂ (ਭਾਵ ਸਾਗਰ) ਨੂੰ ਸੰਸਕ੍ਰਿਤ ਵਾਲੇ ਸਿੰਧੂ, ਯੂਨਾਨੀ ਸਿੰਥੂ, ਰੋਮਨ ਸਿੰਧਸ, ਚੀਨੀ ਸਿੰਟੋ ਅਤੇ ਇਰਾਨੀ ਆਬਿ ਸਿੰਧ ਆਖਦੇ ਹਨ। ਪਾਲਿਨੀ ਇਸ ਨੂੰ ਇੰਡਸ ਕਹਿੰਦਾ ਹੈ। ਦਰਿਆ ਜਿਹਲਮ ਆਕਾਰ ਦੇ ਲਿਹਾਜ਼ ਨਾਲ ਦੂਜੇ ਸਥਾਨ ‘ਤੇ ਆਉਂਦਾ ਹੈ। ਪ੍ਰਾਚੀਨ ਕਾਲ ਵਿੱਚ ਇਸ ਨੂੰ ਹਾਈਡਸਪਸ ਕਿਹਾ ਜਾਂਦਾ ਸੀ। ਸੰਸਕ੍ਰਿਤ ਵਿੱਚ ਇਸ ਦਾ ਨਾਮ ਵਿਦਾਸਤਾ ਹੈ। ਸਥਾਨਕ ਬੋਲੀ ਵਿੱਚ ਇਸ ਨੂੰ ਵਾਯਾਤ ਤੇ ਬੇਬੂਤ ਆਖਦੇ ਹਨ। ਪੱਛਮ ਤੋਂ ਪੂਰਬ ਵੱਲ ਨੂੰ ਆਉਂਦਿਆਂ ਜਿਹਲਮ ਤੋਂ ਅੱਗੇ ਦਰਿਆ ਚਨਾਬ ਆਉਂਦਾ ਹੈ। ਹੋਰ ਪੂਰਬ ਵੱਲ ਅੱਗੇ ਰਾਵੀ ਦਰਿਆ ਹੈ। ਪਹਾੜੀ ਇਲਾਕਿਆਂ ਵਿੱਚ ਇਸ ਨੂੰ ਰਾਇਣਾ ਆਖਦੇ ਹਨ। ਜੰਮੂ ਇਲਾਕੇ ਵਿੱਚੋਂ ਨਿਕਲਣ ਵਾਲੀ ਤਵੀ ਨਦੀ ਵੀ ਇਸ ਵਿੱਚ ਆ ਕੇ ਮਿਲਦੀ ਹੈ। ਪੱਛਮ ਤੋਂ ਪੂਰਬ ਵੱਲ ਚਲਦਿਆਂ ਇਸ ਤੋਂ ਅੱਗੇ ਦਰਿਆ ਬਿਆਸ ਆਉਂਦਾ ਹੈ। ਯੂਨਾਨੀ ਭੂਗੋਲਕਾਰਾਂ ਨੇ ਇਸ ਦਾ ਨਾਮ ਹਾਈਫੇਸਿਸ ਲਿਖਿਆ ਹੈ। ਪਟੋਲਮੀ ਨੇ ਇਸ ਨੂੰ ਬਿਹਾਸਿਸ, ਪਲੀਨੀ ਨੇ ਹਾਈਪਾਸਿਸ ਅਤੇ ਸੰਸਕ੍ਰਿਤ ਵਿੱਚ ਵਿਆਸ ਨਾਮ ਦਿੱਤਾ ਗਿਆ ਹੈ। ਇਸ ਤੋਂ ਹੋਰ ਪੂਰਬ ਵੱਲ ਸਤਲੁਜ ਦਰਿਆ ਆਉਂਦਾ ਹੈ, ਜਿਸ ਨੂੰ ਪੁਰਾਤਨ ਸਮੇਂ ਵਿੱਚ ਹੇਸੁਡਰੂਸ ਕਿਹਾ ਜਾਂਦਾ ਸੀ। ਇਸ ਨੂੰ ਆਈਨ-ਏ-ਅਕਬਰੀ ਨੇ ਸੇਤਲੂਜ ਅਤੇ ਸੰਸਕ੍ਰਿਤ ਵਾਲਿਆਂ ਨੇ ਸ਼ਤਾਦਰੂ ਲਿਖਿਆ ਹੈ। ਇਹ ਦਰਿਆ ਹਰੀਕੇ ਪੱਤਣ ਕੋਲ ਬਿਆਸ ਨਾਲ ਜਾ ਮਿਲਦਾ ਹੈ। ਰਿਗਵੇਦ ਵਿੱਚ ਪੰਜਾਬ ਨੂੰ ਸਪਤ ਸਿੰਧਵਾਂ ਕਿਹਾ ਗਿਆ ਹੈ। ਰਿਗਵੇਦ ਵਿੱਚ ਸਿੰਧੂ (ਸਿੰਧ), ਵਿਤਸਤਾ (ਜਿਹਲਮ), ਅਸੈਸਣੀਸ (ਚਨਾਬ), ਐਰਾਵਤੀ (ਰਾਵੀ), ਵਿਪਾਸਾ (ਬਿਆਸ), ਸ਼ਤਾਦਰੂ (ਸਤਲੁਜ) ਤੇ ਸਰਸਵਤੀ ਦਾ ਵਰਣਨ ਹੈ। ਵਿਦਵਾਨਾਂ ਦੇ ਕਿਆਸ ਅਨੁਸਾਰ ਸੱਤਵਾਂ ਦਰਿਆ ਸਰਸਵਤੀ ਥਨੇਸਰ ਦੇ ਕੋਲ ਵਹਿਣ ਵਾਲੀ ਸਰਸਵਤੀ ਹੈ।
ਦੋ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਦੋਆਬਾ ਕਿਹਾ ਜਾਂਦਾ ਹੈ। ਦੋ ਆਬ ਯਾਨੀ ਦੋ ਪਾਣੀ। ਪੰਜਾਬ ਦਾ ਮੈਦਾਨੀ ਇਲਾਕਾ ਦੋਆਬਿਆਂ ਵਿੱਚ ਵੰਡਿਆ ਹੋਇਆ ਹੈ। ਆਮ ਤੌਰ ‘ਤੇ ਬਿਆਸ ਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਦੋਆਬਾ ਕਿਹਾ ਜਾਂਦਾ ਹੈ, ਜਦੋਂਕਿ ਪੰਜਾਬ ਦੇ ਸਾਰੇ ਦਰਿਆਵਾਂ ਦੇ ਵਿਚਕਾਰਲਾ ਖੇਤਰ ਦੋਆਬਾ ਹੁੰਦਾ ਹੈ। ਮੁਗ਼ਲ ਰਾਜ ਸਮੇਂ ਦੋ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਭਾਵ ਦੋਆਬਿਆਂ ਦੇ ਨਾਮ ਦੋਵਾਂ ਦਰਿਆਵਾਂ ਦੇ ਪਹਿਲੇ ਹਰਫ਼ਾਂ ਨੂੰ ਜੋੜ ਕੇ ਘੜੇ ਗਏ। ਸਿੰਧ ਤੇ ਜਿਹਲਮ ਵਿਚਲਾ ਇਲਾਕਾ ਸਿੰਧ ਸਾਗਰ ਦੋਆਬ, ਚਨਾਬ ਤੇ ਜਿਹਲਮ ਵਿਚਕਾਰਲਾ ਇਲਾਕਾ ਚਜ ਦੋਆਬ, ਰਾਵੀ ਤੇ ਚਨਾਬ ਦਰਮਿਆਨ ਦਾ ਇਲਾਕਾ ਰਚਨਾ ਦੋਆਬ, ਬਿਆਸ ਤੇ ਰਾਵੀ ਵਿਚਕਾਰਲੀ ਧਰਤੀ ਬਾਰੀ ਦੋਆਬ, ਬਿਆਸ ਤੇ ਸਤਲੁਜ ਵਿਚਕਾਰ ਦੀ ਧਰਤੀ ਬਿਸਤ ਦੋਆਬ ਅਖਵਾਉਂਦੀ ਹੈ।
ਸਿੰਧ ਸਾਗਰ ਦੋਆਬ ਵਿੱਚ ਸਾਂਝੇ ਪੰਜਾਬ ਦੇ ਰਾਵਲਪਿੰਡੀ, ਅਟਕ, ਜਿਹਲਮ, ਮੀਆਂਵਾਲੀ, ਮੁਜ਼ੱਫਰਗੜ੍ਹ ਆਦਿ ਦੇ ਇਲਾਕੇ ਆਉਂਦੇ ਹਨ। 1947 ਦੀ ਪੰਜਾਬ ਵੰਡ ਤੋਂ ਬਾਅਦ ਇਸ ਦੋਆਬੇ ਵਿੱਚ ਪਾਕਿਸਤਾਨ ਵੱਲੋਂ ਰਾਵਲਪਿੰਡੀ ਨੇੜੇ ਇਸਲਾਮ ਦੇ ਨਾਮ ਉੱਪਰ ਇਸਲਾਮਾਬਾਦ ਨਾਂ ਦਾ ਨਵਾਂ ਸ਼ਹਿਰ ਵਸਾ ਕੇ ਉਸ ਨੂੰ ਦੇਸ਼ ਦੀ ਰਾਜਧਾਨੀ ਬਣਾਇਆ ਗਿਆ। ਚਜ ਦੋਆਬ ਵਿੱਚ ਗੁਜਰਾਤ ਤੇ ਝੰਗ ਜ਼ਿਲ੍ਹੇ ਦੇ ਇਲਾਕੇ ਆਉਂਦੇ ਹਨ। ਰਚਨਾ ਦੋਆਬ ਅੰਦਰ ਸਿਆਲਕੋਟ, ਗੁੱਜਰਾਂਵਾਲਾ, ਸ਼ੇਖੂਪੁਰਾ ਤੇ ਲਾਇਲਪੁਰ ਜ਼ਿਲ੍ਹਿਆਂ ਦਾ ਇਲਾਕਾ ਸ਼ਾਮਿਲ ਹੈ। ਬਾਰੀ ਦੋਆਬ ਬਿਆਸ ਤੇ ਰਾਵੀ ਦੇ ਵਿਚਕਾਰਲਾ ਇਲਾਕਾ ਹੈ। ਬਾਰੀ ਦੋਆਬ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਲਾਹੌਰ, ਮਿੰਟਗੁਮਰੀ ਤੇ ਮੁਲਤਾਨ ਜ਼ਿਲ੍ਹੇ ਆਉਂਦੇ ਸਨ। ਬਿਆਸ ਤੇ ਸਤਲੁਜ ਦਰਿਆਵਾਂ
ਨਾਲ ਘਿਰੀ ਹੋਈ ਧਰਤੀ ਬਿਸਤ ਦੋਆਬ ਹੈ। ਇਸ ਦੋਆਬ ਵਿੱਚ ਬਰਤਾਨਵੀ ਰਾਜ ਵੇਲੇ ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਾ ਅਤੇ ਰਿਆਸਤ ਕਪੂਰਥਲਾ (ਹੁਣ ਜ਼ਿਲ੍ਹਾ) ਸ਼ਾਮਲ ਹੈ।
ਪੰਜਾਬ ਦੇ ਦੋਆਬਿਆਂ ਵਿੱਚੋਂ ਬਾਰੀ ਦੋਆਬ ਸਭ ਦਾ ਸਰਦਾਰ ਹੈ। ਇਸ ਦੋਆਬ ਨੂੰ ਆਮ ਤੌਰ ‘ਤੇ ਮਾਝਾ ਕਿਹਾ ਜਾਂਦਾ ਹੈ। ਮਾਝਾ ਦਾ ਅਰਥ ਕੇਂਦਰ ਹੈ। 1947 ਦੀ ਵੰਡ ਤੋਂ ਪਹਿਲਾਂ ਆਬਾਦੀ ਪੱਖੋਂ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਕ੍ਰਮਵਾਰ ਲਾਹੌਰ, ਅੰਮ੍ਰਿਤਸਰ ਤੇ ਮੁਲਤਾਨ ਇਸ ਦੋਆਬ ਵਿੱਚ ਹੀ ਪੈਂਦੇ ਸਨ। ਸਦੀਆਂ ਤੋਂ ਇਸ ਦੋਆਬ ਦੇ ਸ਼ਹਿਰ- ਪਹਿਲਾਂ ਮੁਲਤਾਨ ਤੇ ਫਿਰ ਲਾਹੌਰ ਪੰਜਾਬ ਦੀ ਰਾਜਧਾਨੀ ਰਹੇ। ਦੇਸ਼ਵੰਡ ਤੋਂ ਪਹਿਲਾਂ ਲਾਹੌਰ ਤੇ ਅੰਮ੍ਰਿਤਸਰ ਸਾਂਝੇ ਪੰਜਾਬ ਦੇ ਵਪਾਰ, ਕਲਾ ਤੇ ਵਿੱਦਿਆ ਦੇ ਗੜ੍ਹ ਸਨ। ਸਾਰੀ ਦੁਨੀਆ ਨੂੰ ਜਿੱਤਣ ਦਾ ਸੁਪਨਾ ਲੈਣ ਵਾਲਾ ਮਹਾਨ ਜਰਨੈਲ ਸਿਕੰਦਰ ਰਾਵੀ ਅਤੇ ਬਿਆਸ ਵਿਚਕਾਰਲਾ ਸਾਰਾ ਦੇਸ਼ ਫ਼ਤਹਿ ਕਰਕੇ ਹਾਈਫੇਸਸ (ਬਿਆਸ) ਦਰਿਆ ਤੀਕ ਪਹੁੰਚਿਆ। ਕਰਟੀਅਸ ਦੇ ਕਥਨ ਅਨੁਸਾਰ ਇਸ ਇਲਾਕੇ ਵਿੱਚ ਵਸਣ ਵਾਲੇ ਲੋਕ ਆਪਣੀ ਸੁੰਦਰਤਾ ਲਈ ਬੜੇ ਪ੍ਰਸਿੱਧ ਸਨ। ਫ਼ੌਜ ਵੱਲੋਂ ਬਗਾਵਤ ਕਰਨ ਕਰਕੇ ਸਿਕੰਦਰ ਹਾਈਫੇਸਸ (ਬਿਆਸ) ਦਰਿਆ ਤੋਂ ਵਾਪਸ ਹੋ ਗਿਆ।
ਵਾਪਸੀ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਸਿਕੰਦਰ ਨੇ ਪੱਥਰ ਦੇ 12 ਵੱਡੇ ਵੱਡੇ ਮੁਨਾਰੇ, ਜੋ ਪੰਜਾਹ ਪੰਜਾਹ ਫੁੱਟ ਉੱਚੇ ਸਨ, ਦਰਿਆ ਬਿਆਸ ਦੇ ਕਿਨਾਰੇ ਉੱਤੇ ਬਣਵਾਏ। ਇਹ ਮੁਨਾਰੇ ਬਿਆਸ ਤੇ ਸਤਲੁਜ ਦੇ ਸੰਗਮ ਤੋਂ ਥੱਲੇ ਵੱਲ ਨੂੰ ਸਨ ਅਤੇ ਇਹ ਉਸ ਦੀਆਂ ਜਿੱਤਾਂ ਦੀ ਯਾਦ ਵਿੱਚ ਖੜ੍ਹੇ ਕੀਤੇ ਗਏ ਸਨ। ਏਰੀਅਨ ਲਿਖਦਾ ਹੈ ਕਿ ਇਹ ਮੁਨਾਰੇ ਕਿਲ੍ਹੇਬੰਦ ਬੁਰਜਾਂ ਦੀ ਉਚਾਈ ਦੇ ਬਰਾਬਰ ਸਨ, ਪਰ ਆਕਾਰ ਵਿੱਚ ਉਨ੍ਹਾਂ ਤੋਂ ਵੀ ਵੱਡੇ ਸਨ। ਪਲੂਟਰਚ ਆਪਣੀ ਰਚਨਾ ਵਿਟਾ ਅਲੈਗਜ਼ੰਡਰੀਸ ਵਿੱਚ ਦੱਸਦਾ ਹੈ ਕਿ ਇਹ ਮੁਨਾਰੇ ਉਸ ਦੇ ਸਮੇਂ ਤੀਕ ਕਾਇਮ ਰਹੇ। ਮਿਸਟਰ ਪ੍ਰਿੰਸਿਪ ਨੇ ਸਿਕੰਦਰ ਦੀ ਮੁਹਿੰਮ ਦੇ ਵਿਸ਼ੇ ਉੱਪਰ ‘ਜਰਨਲ ਆਫ ਦਿ ਏਸ਼ਿਐਟਿਕ ਸੁਸਾਇਟੀ ਆਫ ਬੰਗਾਲ’ ਵਿੱਚ ਲਿਖਿਆ ਹੈ- ”ਅਪੋਲੀਨੀਬਸ ਟਿਆਨੀਅਸ ਨੇ ਸੰਨ ਈਸਵੀ ਦੀ ਪਹਿਲੀ ਸਦੀ ਵਿੱਚ ਇਨ੍ਹਾਂ ਮੁਨਾਰਿਆਂ ਨੂੰ ਉਸ ਸਮੇਂ ਡਿੱਠਾ ਜਿਸ ਸਮੇਂ ਯੂਨਾਨੀ ਨਸਲ ਦਾ ਬਾਦਸ਼ਾਹ ਫੈਰੋਟਸ ਪੰਜਾਬ ਵਿੱਚ ਰਾਜ ਕਰਦਾ ਸੀ।” ਬਰਨਜ਼ ਨੇ ਬਿਆਸ ਤੇ ਸਤਲੁਜ ਦੇ ਸੰਗਮ ਦੇ ਥੱਲੇ ਵਾਲੇ ਪਾਸੇ ਇਨ੍ਹਾਂ ਮੁਨਾਰਿਆਂ ਦੀ ਹੋਂਦ ਦਾ ਪਤਾ ਲਾਉਣ ਦਾ ਭਰਪੂਰ ਕਰਨ ਕੀਤਾ ਪਰ ਉਹ ਕੋਈ ਪਤਾ ਨਾ ਲਾ ਸਕਿਆ।
ਹੁਣ ਜਦੋਂ ਵਿਗਿਆਨ ਬਹੁਤ ਜ਼ਿਆਦਾ ਤਰੱਕੀ ਕਰ ਚੁੱਕਾ ਹੈ ਤਾਂ ਪੰਜਾਬ ਤੇ ਭਾਰਤ ਸਰਕਾਰ ਦੇ ਪੁਰਾਤਤਵ ਵਿਭਾਗ ਨੂੰ ਉਪਗ੍ਰਹਿ ਆਦਿ ਦੇ ਜ਼ਰੀਏ ਇਨ੍ਹਾਂ ਮੁਨਾਰਿਆਂ ਦੀਆਂ ਨੀਹਾਂ ਦੀ ਖੋਜ ਕਰਨੀ ਚਾਹੀਦੀ ਹੈ। ਸਮੇਂ ਦੇ ਬੀਤਣ ਨਾਲ ਭਾਵੇਂ ਇਹ ਇਤਿਹਾਸਕ ਮੁਨਾਰੇ ਲੋਪ ਹੋ ਚੁੱਕੇ ਹਨ, ਪਰ ਇਨ੍ਹਾਂ ਦੀਆਂ ਨੀਹਾਂ ਮੌਜੂਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਬੰਧਿਤ ਵਿਭਾਗਾਂ ਨੂੰ ਉਪਗ੍ਰਹਿ ਤੇ ਹੋਰ ਵਿਗਿਆਨਕ ਤਰੀਕਿਆਂ ਨਾਲ ਇਨ੍ਹਾਂ ਮੁਨਾਰਿਆਂ ਦੀਆਂ ਬਚੀਆਂ ਖੁਚੀਆਂ ਨਿਸ਼ਾਨੀਆਂ ਦੀ ਖੋਜ ਕਰਕੇ ਦੁਨੀਆ ਨੂੰ ਮਹਾਨ ਜੇਤੂ ਸਿਕੰਦਰ ਦੀ ਯਾਦਗਾਰ ਦਿਖਾਉਣੀ ਚਾਹੀਦੀ ਹੈ। ਜੇਕਰ ਇਨ੍ਹਾਂ ਮੁਨਾਰਿਆਂ ਦੀ ਹੋਂਦ ਦਾ ਪਤਾ ਲੱਗ ਜਾਵੇ ਤਾਂ ਦੁਨੀਆ ਭਰ ਤੋਂ ਇਤਿਹਾਸ ਤੇ ਪੁਰਾਤਤਵ ਖੋਜੀ ਇਸ ਜਗ੍ਹਾ ‘ਤੇ ਖੋਜ ਲਈ ਆਉਣਗੇ। ਇਸ ਨਾਲ ਪੰਜਾਬ ਦੇ ਸੈਰ ਸਪਾਟਾ ਖੇਤਰ ਨੂੰ ਵੀ ਬਹੁਤ ਲਾਭ ਹੋਵੇਗਾ।