ਵਰਕਸੇਫ਼ਬੀਸੀ ਨੇ ਕੰਮਕਾਜ਼ੀ ਸੁਰੱਖਿਆ ਦੇ ਅਧਿਕਾਰਾਂ ਬਾਰੇ ਜਾਣਕਾਰੀ ਫੈਲਾਉਣ ਦੀ ਮੁਹਿੰਮ ਚਲਾਈ
ਸਰੀ, (ਸਿਮਰਨਜੀਤ ਸਿੰਘ): ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ‘ਚ ਨਵੇਂ ਆਉਣ ਵਾਲੇ ਕਰਮਚਾਰੀਆਂ ਨੂੰ ਕੰਮਕਾਜੀ ਸੁਰੱਖਿਆ ਦੇ ਹੱਕਾਂ ਬਾਰੇ ਜਾਣਕਾਰੀ ਦੇਣ ਲਈ ਵਰਕ ਸੇਫ਼ ਬੀ.ਸੀ. ਨੇ ਇੱਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਇਸ ਮੁਹਿੰਮ ਦਾ ਮਕਸਦ ਨਵੇਂ ਆਏ ਕਾਮਿਆਂ ਨੂੰ ਇਹ ਸਮਝਾਉਣਾ ਹੈ ਕਿ ਉਹ ਪਹਿਲੇ ਦਿਨ ਤੋਂ ਹੀ ਇੱਕ ਸੁਰੱਖਿਅਤ ਕੰਮਕਾਜੀ ਵਾਤਾਵਰਣ ਦੇ ਹਕਦਾਰ ਹਨ ਅਤੇ ਉਨ੍ਹਾਂ ਦਾ ਇਮੀਗ੍ਰੇਸ਼ਨ ਦਰਜਾ ਜਾਂ ਕੰਮ ਦੀ ਮਿਆਦ ਭਾਵੇਂ ਜੋ ਮਰਜ਼ੀ ਹੋਵੇ, ਉਹ ਵਰਕਸੇਫ਼ਬੀਸੀ ਦੀ ਇਨਸ਼ੋਰੇਂਸ ਕਵਰ ਹੇਠ ਆਉਂਦੇ ਹਨ। ਵਰਕਸੇਫ਼ਬੀਸੀ ਵੱਲੋਂ ਕਰਵਾਏ ਗਏ ਇੱਕ ਗਹਿਰੀ ਅਧਿਐਨ ਮੁਤਾਬਕ, ਜੋ ਕਰਮਚਾਰੀ ਪਿਛਲੇ ਪੰਜ ਸਾਲਾਂ ਵਿੱਚ ਕੈਨੇਡਾ ਆਏ ਹਨ, ਉਹ ਕੰਮਕਾਜੀ ਸੁਰੱਖਿਆ ਸੰਬੰਧੀ ਸ਼ਿਕਾਇਤ ਕਰਨ ਵਿੱਚ ਹਿਚਕਾਉਂਦੇ ਹਨ।
ਉਹਨਾਂ ਨੂੰ ਆਪਣੇ ਹੱਕਾਂ ਬਾਰੇ ਵੀ ਘੱਟ ਜਾਣਕਾਰੀ ਹੁੰਦੀ ਹੈ, ਖਾਸ ਕਰਕੇ ਜੇਕਰ ਉਹ ਕੰਮ ਦੌਰਾਨ ਜ਼ਖ਼ਮੀ ਹੋ ਜਾਣ।
ਵਰਕਸੇਫ਼ਬੀਸੀ ਦੀ ਰਿਸਰਚ ‘ਚ ਇੱਕ ਹੋਰ ਮਹੱਤਵਪੂਰਨ ਤੱਥ ਸਾਹਮਣੇ ਆਇਆ ਕਿ: 50% ਪੰਜਾਬੀ-ਬੋਲਣ ਵਾਲੇ ਕਰਮਚਾਰੀਆਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਆਪਣੀ ਨੌਕਰੀ ਬਚਾਉਣ ਲਈ ਅਸੁਰੱਖਿਅਤ ਹਾਲਾਤਾਂ ਵਿੱਚ ਕੰਮ ਕਰਨਾ ਪਿਆ।
36% ਪੰਜਾਬੀ ਕਰਮਚਾਰੀ ਇਹ ਮੰਨਦੇ ਹਨ ਕਿ ਜੇਕਰ ਉਹ ਕੰਮਕਾਜੀ ਸੁਰੱਖਿਆ ਦੀ ਸ਼ਿਕਾਇਤ ਕਰਦੇ ਹਨ, ਤਾਂ ਉਨ੍ਹਾਂ ਦੀ ਇਜ਼ਤ ਜਾਂ ਨੌਕਰੀ ਖ਼ਤਰੇ ਵਿੱਚ ਪੈ ਸਕਦੀ ਹੈ।
ਵਰਕਸੇਫ਼ਬੀਸੀ ਦੇ ਰੋਕਥਾਮ ਖੇਤਰੀ ਸੇਵਾਵਾਂ ਦੇ ਮੈਨੇਜਰ, ਸੰਦੀਪ ਮੰਗਟ ਨੇ ਕਿਹਾ, “ਅਸੀਂ ਨਵੇਂ ਆਏ ਕਰਮਚਾਰੀਆਂ ਤੱਕ ਇਹ ਖ਼ਬਰ ਪਹੁੰਚਾਉਣਾ ਚਾਹੁੰਦੇ ਹਾਂ ਕਿ ਤੁਹਾਡੇ ਕੋਲ ਇਕ ਸੁਰੱਖਿਅਤ ਅਤੇ ਤੰਦਰੁਸਤ ਕੰਮਕਾਜੀ ਵਾਤਾਵਰਣ ਦਾ ਹੱਕ ਹੈ। ਜੇਕਰ ਕੋਈ ਕੰਮ ਅਸੁਰੱਖਿਅਤ ਮਹਿਸੂਸ ਹੁੰਦਾ ਹੈ, ਤਾਂ ਤੁਸੀਂ ਇਸ ਕੰਮ ਨੂੰ ਕਰਨ ਤੋਂ ਇਨਕਾਰ ਕਰ ਸਕਦੇ ਹੋ, ਬਿਨਾਂ ਕਿਸੇ ਨੌਕਰੀ ਜਾਂ ਪ੍ਰਤਿਸ਼ਠਾ ਦੇ ਨੁਕਸਾਨ ਦੇ।” “ਜੇਕਰ ਤੁਹਾਨੂੰ ਕੋਈ ਕੰਮ ਅਸੁਰੱਖਿਅਤ ਲੱਗਦਾ ਹੈ, ਤਾਂ ਤੁਸੀਂ ਤੁਰੰਤ ਕੰਮ ਰੋਕੋ ਅਤੇ ਆਪਣੇ ਮਾਲਕ ਜਾਂ ਸੁਪਰਵਾਈਜ਼ਰ ਨੂੰ ਜਾਣਕਾਰੀ ਦਿਓ। ਜੇਕਰ ਇਹ ਮੁੱਦਾ ਹੱਲ ਨਹੀਂ ਹੁੰਦਾ, ਤਾਂ ਤੁਸੀਂ ਵਰਕਸੇਫ਼ਬੀਸੀ ਦੀ ਪ੍ਰਿਵੈਂਸ਼ਨ ਲਾਈਨ ‘ਤੇ ਅਣਪਛਾਤਾ ਰਹਿੰਦੇ ਹੋਏ ਸੰਪਰਕ ਕਰ ਸਕਦੇ ਹੋ।”