ਸੀ.ਐਸ.ਆਈ.ਐਸ. ਦੀ ਰਿਪੋਰਟ ‘ਤੇ ਵਿਵਾਦ ਭਖਿਆ
ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਦੀ ਖੁਫੀਆ ਏਜੰਸੀ (ਸੀਐਸਆਈਐਸ) ਵੱਲੋਂ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਸਰਕਾਰ ਦੇ ਕੁਝ ਹਿੱਸੇ 2022 ਦੀ ਕੰਜ਼ਰਵੇਟਿਵ ਲੀਡਰਸ਼ਿਪ ਚੋਣ ਦੌਰਾਨ ਪੀਅਰ ਪੋਲੀਵੀਅਰ ਦੀ ਹਮਾਇਤ ਕੀਤੀ ਸੀ ।
ਰਿਪੋਰਟ ਮੁਤਾਬਕ, ਭਾਰਤ ਨੇ ਕੁਝ ਹਲਕਿਆਂ ‘ਚ ਦਖ਼ਲ ਦਿੰਦਿਆਂ ਪੋਲੀਵੀਅਰ ਦੇ ਹੱਕ ‘ਚ ਹਮਾਇਤ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਾਅਵੇ ਨੇ ਕੈਨੇਡਾ-ਭਾਰਤ ਸੰਬੰਧਾਂ ਦੇ ਨਾਲ ਨਾਲ ਕੈਨੇਡਾ ‘ਚ ਹੋਣ ਵਾਲੀ ਫੈਡਰਲ ਚੋਣਾਂ ਤੋਂ ਪਹਿਲਾਂ ਇਸ ਰਿਪੋਰਟ ਨੇ ਮਾਹੌਲ ਗਰਮਾ ਦਿੱਤਾ ਹੈ। ਕੰਜ਼ਰਵੇਟਿਵ ਆਗੂ ਪੀਅਰ ਪੋਲੀਵੀਅਰ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, “ਮੈਂ ਆਪਣੇ ਅਧਿਕਾਰਕ ਮੁਹਿੰਮ ਦੌਰਾਨ ਕਿਸੇ ਵੀ ਵਿਦੇਸ਼ੀ ਦਖ਼ਲ ‘ਤੇ ਭਰੋਸਾ ਨਹੀਂ ਕੀਤਾ। ਕੈਨੇਡਾ ਦੀ ਰਾਜਨੀਤੀ ‘ਚ ਕਿਸੇ ਵੀ ਵਿਦੇਸ਼ੀ ਸਰਕਾਰ ਦਾ ਦਾਖਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”
ਉਨ੍ਹਾਂ ਨੇ ਲਿਬਰਲ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਸਟਿਨ ਟਰੂਡੋ ਦੀ ਸਰਕਾਰ ਨੇ ਆਪਣੇ ਅਨੁਕੂਲ ਨਤੀਜਿਆਂ ਲਈ ਏਜੰਸੀਆਂ ਦੀ ਰਿਪੋਰਟਾਂ ਨੂੰ ਰਾਜਨੀਤਿਕ ਤਰੀਕੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਹ ਦਾਅਵਾ ਇਕੋ ਸਮੇਂ ‘ਚ ਆਇਆ ਹੈ ਜਦ ਕੈਨੇਡਾ-ਭਾਰਤ ਸੰਬੰਧ ਪਹਿਲਾਂ ਹੀ ਤਣਾਅ ਭਰੇ ਹਨ। ਪਿਛਲੇ ਕੁਝ ਸਾਲਾਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਰਾਜਨੀਤਿਕ ਤੇ ਕੂਟਨੀਤਿਕ ਮਾਮਲਿਆਂ ਨੂੰ ਲੈ ਕੇ ਕਈ ਵਾਰ ਖਿੱਚਾਅ ਵਧਿਆ ਹੈ।
ਹੁਣ ਤੱਕ ਭਾਰਤੀ ਸਰਕਾਰ ਵੱਲੋਂ ਇਸ ਰਿਪੋਰਟ ‘ਤੇ ਕੋਈ ਸਰਕਾਰੀ ਪ੍ਰਤੀਕਿਰਿਆ ਨਹੀਂ ਆਈ। ਹਾਲਾਂਕਿ, ਪਿਛਲੇ ਸਮੇਂ ਭਾਰਤ ਨੇ ਵਿਦੇਸ਼ੀ ਦਾਖਲ ਦੇ ਇਲਜ਼ਾਮਾਂ ਨੂੰ ਹਮੇਸ਼ਾ ਨਕਾਰਿਆ ਹੈ।
ਕੰਜ਼ਰਵੇਟਿਵ ਪਾਰਟੀ ਦੇ ਕਈ ਆਗੂ ਕਹਿ ਰਹੇ ਹਨ ਕਿ ਟਰੂਡੋ ਸਰਕਾਰ ਨੇ ਵਿਦੇਸ਼ੀ ਦਖ਼ਲ ਦੀ ਚਿੰਤਾ ਜਤਾਉਂਦੇ ਹੋਏ ਵੀ 2019 ਅਤੇ 2021 ਦੀ ਚੋਣ ਦੌਰਾਨ ਚੀਨ ਵਲੋਂ ਕੀਤੀ ਦਖਲਅੰਦਾਜ਼ੀ ‘ਤੇ ਕੋਈ ਵੱਡਾ ਐਕਸ਼ਨ ਨਹੀਂ ਲਿਆ। ਇਹ ਰਿਪੋਰਟ ਰਾਜਨੀਤਿਕ ਮਾਹੌਲ ਨੂੰ ਹੋਰ ਗਰਮਾਉਣ ਦੀ ਸੰਭਾਵਨਾ ਰੱਖਦੀ ਹੈ, ਕਿਉਂਕਿ ਫੈਡਰਲ ਚੋਣਾਂ ਨੇੜੇ ਆ ਰਹੀਆਂ ਹਨ[ This report was written by Simranjit Singh as part of the Local Journalism Initiative.