ਕਾਹਿਰਾ: ਮਿਸਰ ਦੇ ਪ੍ਰਸਿੱਧ ਰੈੱਡ ਸੀ ਰਿਜ਼ੋਰਟ ਹਰਗਾਡਾ ਦੇ ਕੋਲ ਇੱਕ ਟੂਰਿਸਟ ਪਨਡੁੱਬੀ ਡੁੱਬਣ ਨਾਲ 6 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿੱਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸਿੰਦਬਾਦ ਨਾਂ ਦੀ ਇਹ ਸਬਮਰੀਨ (ਪਨਡੁੱਬੀ) ਹਾਦਸੇ ਸਮੇਂ 44 ਯਾਤਰੀਆਂ ਨਾਲ ਸਮੁੰਦਰੀ ਯਾਤਰਾ ‘ਤੇ ਸੀ। ਇਹ ਯਾਤਰੀ ਰੂਸ ਦੇ ਨਾਗਰਿਕ ਦੱਸੇ ਜਾ ਰਹੇ ਹਨ। ਹੁਣ ਤਕ 29 ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ।
ਰਿਪੋਰਟਾਂ ਮੁਤਾਬਕ, ਇਹ ਸਬਮਰੀਨ ਸਮੁੰਦਰ ਦੇ 65 ਫੁੱਟ ਦੀ ਗਹਿਰਾਈ ਵਿੱਚ ਇੱਕ ਚੱਟਾਨ ਨਾਲ ਜਾ ਟਕਰਾਈ, ਜਿਸ ਕਾਰਨ ਇਹ ਪਾਣੀ ਦੇ ਦਬਾਅ ਕਰਕੇ ਡੁੱਬ ਗਈ। ਹਾਲਾਂਕਿ, ਅਜੇ ਤੱਕ ਹਾਦਸੇ ਦੇ ਅਸਲ ਕਾਰਨਾਂ ਬਾਰੇ ਕੋਈ ਪੁਸ਼ਟੀ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਇਹ ਫਿਨਲੈਂਡ ਵਿੱਚ ਡਿਜ਼ਾਈਨ ਕੀਤੀ ਗਈ ਸੀ। ਇੱਕ ਵਾਰ 44 ਯਾਤਰੀਆਂ ਅਤੇ 2 ਕਰੂ ਮੈਂਬਰ ਨੂੰ 72 ਫੁੱਟ ਤੱਕ ਲੈ ਜਾ ਸਕਦੀ ਹੈ। ਇਹ ਯਾਤਰੀਆਂ ਨੂੰ ਕੋਰਲ ਰੀਫ (ਸਮੁੰਦਰੀ ਕੋਰਲ) ਅਤੇ ਟ੍ਰਾਪਿਕਲ ਮੱਛੀਆਂ ਦੇ ਦ੍ਰਿਸ਼ ਦਿਖਾਉਣ ਲਈ ਵਰਤੀ ਜਾਂਦੀ ਸੀ। ਇਸ ਦੀ ਟਿਕਟ ਵੱਡਿਆਂ ਲਈ 69 ਡਾਲਰ (ਤਕਰੀਬਨ 6,000 ਰੁਪਏ) ਅਤੇ ਬੱਚਿਆਂ ਲਈ 33 ਡਾਲਰ (ਤਕਰੀਬਨ 3,000 ਰੁਪਏ) ਸੀ।
ਹਾਦਸੇ ਦੀ ਸੂਚਨਾ ਮਿਲਣ ‘ਤੇ 21 ਐਂਬੂਲੈਂਸਾਂ ਘਟਨਾ ਸਥਾਨ ‘ਤੇ ਪਹੁੰਚ ਗਈਆਂ। ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਮਿਸਰੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਸਰ ਦੀ ਟੂਰਿਸਟ ਇੰਡਸਟਰੀ ‘ਤੇ ਇਹ ਹਾਦਸਾ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ, ਕਿਉਂਕਿ ਹਰਗਾਡਾ ਰੈੱਡ ਸੀ ‘ਚ ਟੂਰਿਸਟ ਐਟਰੈਕਸ਼ਨ ਵਜੋਂ ਜਾਣੀ ਜਾਂਦੀ ਹੈ। ਹੁਣ ਦੱਸਣਾ ਬਾਕੀ ਹੈ ਕਿ ਸੁਰੱਖਿਆ ਪਬੰਧਾਂ ‘ਤੇ ਕੀ ਬਦਲਾਅ ਕੀਤੇ ਜਾਣਗੇ।