ਸਰੀ, (ਸਿਮਰਨਜੀਤ ਸਿੰਘ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਿਸ਼ਵ ਪੱਧਰ ‘ਤੇ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਕੈਨੇਡਾ ਅਤੇ ਮੈਕਸੀਕੋ ਨਾਲ ਸਬੰਧਤ ਸਥਿਤੀ ਅਜੇ ਵੀ ਅਸਪੱਸ਼ਟ ਅਤੇ ਭੰਭਲਭੂਸੇ ਵਾਲੀ ਬਣੀ ਹੋਈ ਹੈ। ਟਰੰਪ ਨੇ ਹਾਲ ਹੀ ਵਿੱਚ ਆਲਮੀ ਟੈਰਿਫਾਂ ਦੀ ਗੱਲ ਕੀਤੀ ਸੀ, ਪਰ ਉਨ੍ਹਾਂ ਦੇ ਇਸ ਐਲਾਨ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਅਮਰੀਕਾ ਦੇ ਦੋ ਨਜ਼ਦੀਕੀ ਗੁਆਂਢੀ ਦੇਸ਼ਾਂਕੈਨੇਡਾ ਅਤੇ ਮੈਕਸੀਕੋ’ਤੇ ਇਹ ਟੈਰਿਫ ਲਾਗੂ ਹੋਣਗੇ ਜਾਂ ਨਹੀਂ।
ਇਹ ਅਸਪੱਸ਼ਟਤਾ ਉਦੋਂ ਹੋਰ ਵਧ ਗਈ ਜਦੋਂ ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਦੋਵਾਂ ਦੇਸ਼ਾਂ ਬਾਰੇ ਕੋਈ ਖਾਸ ਜਾਣਕਾਰੀ ਜਾਰੀ ਨਹੀਂ ਕੀਤੀ। ਕੈਨੇਡਾ ਅਤੇ ਮੈਕਸੀਕੋ, ਜੋ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ (ਨਾਫਟਾ) ਅਤੇ ਬਾਅਦ ਵਿੱਚ ਯੂ.ਐਸ.ਐਮ.ਸੀ.ਏ. ਦੇ ਹਿੱਸੇ ਵਜੋਂ ਅਮਰੀਕਾ ਦੇ ਮੁੱਖ ਵਪਾਰਕ ਸਹਿਯੋਗੀ ਰਹੇ ਹਨ, ਹੁਣ ਇਸ ਫੈਸਲੇ ਦੇ ਅਸਰ ਨੂੰ ਲੈ ਕੇ ਚਿੰਤਤ ਹਨ। ਪਿਛਲੇ ਸਮੇਂ ਵਿੱਚ ਟਰੰਪ ਨੇ ਕੈਨੇਡਾ ‘ਤੇ ਫੈਂਟਾਨਾਈਲ ਤਸਕਰੀ ਅਤੇ ਮੈਕਸੀਕੋ ‘ਤੇ ਗੈਰ-ਕਾਨੂੰਨੀ ਪ੍ਰਵਾਸ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਦੋਸ਼ ਲਗਾਉਂਦਿਆਂ ਟੈਰਿਫਾਂ ਦੀ ਧਮਕੀ ਦਿੱਤੀ ਸੀ। ਹਾਲਾਂਕਿ, ਅਮਰੀਕੀ ਸੈਨੇਟ ਨੇ ਹਾਲ ਹੀ ਵਿੱਚ ਕੈਨੇਡਾ ‘ਤੇ ਲੱਗੇ ਟੈਰਿਫਾਂ ਨੂੰ 51-48 ਦੇ ਵੋਟ ਫਰਕ ਨਾਲ ਰੱਦ ਕਰ ਦਿੱਤਾ ਸੀ, ਜਿਸ ਨਾਲ ਉਮੀਦ ਜਾਗੀ ਸੀ ਕਿ ਸਬੰਧ ਸੁਧਰ ਸਕਦੇ ਹਨ। ਪਰ ਇਸ ਨਵੇਂ ਐਲਾਨ ਨੇ ਮੁੜ ਤੋਂ ਸ਼ੱਕ ਪੈਦਾ ਕਰ ਦਿੱਤਾ ਹੈ।
ਕੈਨੇਡੀਅਨ ਅਤੇ ਮੈਕਸੀਕਨ ਅਧਿਕਾਰੀਆਂ ਨੇ ਅਜੇ ਤੱਕ ਇਸ ਮਾਮਲੇ ‘ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ, ਪਰ ਦੋਵੇਂ ਦੇਸ਼ ਅਮਰੀਕਾ ਨਾਲ ਗੱਲਬਾਤ ਦੀ ਤਿਆਰੀ ਕਰ ਰਹੇ ਹਨ। ਵਪਾਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅਸਪੱਸ਼ਟਤਾ ਉੱਤਰੀ ਅਮਰੀਕੀ ਵਪਾਰ ਨੂੰ ਪ੍ਰਭਾਵਿਤ ਕਰ ਸਕਦੀ ਹੈ, ਕਿਉਂਕਿ ਤਿੰਨੋਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਇੱਕ-ਦੂਜੇ ਨਾਲ ਡੂੰਘਾਈ ਨਾਲ ਜੁੜੀਆਂ ਹੋਈਆਂ ਹਨ।
ਟਰੰਪ ਪ੍ਰਸ਼ਾਸਨ ਤੋਂ ਆਉਣ ਵਾਲੇ ਦਿਨਾਂ ਵਿੱਚ ਵਧੇਰੇ ਸਪੱਸ਼ਟਤਾ ਦੀ ਉਮੀਦ ਕੀਤੀ ਜਾ ਰਹੀ ਹੈ, ਪਰ ਫਿਲਹਾਲ ਸਥਿਤੀ ਭੰਭਲਭੂਸੇ ਵਾਲੀ ਬਣੀ ਹੋਈ ਹੈ, ਜਿਸ ਨਾਲ ਵਪਾਰੀਆਂ ਅਤੇ ਨੀਤੀ ਨਿਰਮਾਤਾਵਾਂ ਵਿੱਚ ਬੇਚੈਨੀ ਵਧ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ‘ਤੇ ਭਾਵੇਂ ਨਵੇਂ ਟੈਰਿਫ਼ ਫਿਲਹਾਲ ਰੋਕ ਦਿੱਤੇ ਗਏ ਹਨ ਪਰ ਪਹਿਲਾਂ ਤੋਂ ਲਾਗੂ ਕੀਤੀਆਂ ਟੈਰਿਫ਼ਾਂ ਕੈਨੇਡਾ ਦੇ ਆਟੋ ਉਦਯੋਗ ‘ਤੇ ਵੱਡਾ ਅਸਰ ਪਾ ਰਹੀਆਂ ਹਨ। ਇਹ ਟੈਰਿਫ਼ਾਂ ਪਿਛਲੇ ਹਫ਼ਤੇ ਲਾਗੂ ਹੋਏ ਸਨ ਜਿਨ੍ਹਾਂ ਦੇ ਤਹਿਤ ਅਮਰੀਕਾ ਵਿਚ ਦਾਖਲ ਹੋਣ ਵਾਲੀਆਂ ਵਿਦੇਸ਼ੀ ਗੱਡੀਆਂ, ਟਰੱਕਾਂ ਅਤੇ ਆਟੋ ਪਾਰਟਸ ‘ਤੇ 25% ਸ਼ੁਲਕ ਲੱਗੇਗਾ।
ਆਟੋ ਉਦਯੋਗ ‘ਤੇ ਪੈਣ ਵਾਲੇ ਪ੍ਰਭਾਵ ਦੀ ਪਹਿਲੀ ਨਿਸ਼ਾਨੀ ਸਟੈਲੈਂਟਿਸ ਕੰਪਨੀ ਵੱਲੋਂ ਓਂਟਾਰੀਓ ਦੇ ਵਿੰਡਸਰ ਸ਼ਹਿਰ ‘ਚ ਮੈਨੂਫੈਕਚਰਿੰਗ ਫੈਕਟਰੀ ਨੂੰ ਦੋ ਹਫ਼ਤਿਆਂ ਲਈ ਬੰਦ ਕਰਨਾ ਪਿਆ ਹੈ।
ਯੂਨੀਫੋਰ ਲੋਕਲ 444 ਯੂਨੀਅਨ ਨੇ ਸੋਸ਼ਲ ਮੀਡੀਆ ‘ਤੇ ਸਟੈਲੈਂਟਿਸ ਵੱਲੋਂ ਕਰਮਚਾਰੀਆਂ ਨੂੰ ਭੇਜੇ ਇੱਕ ਨੋਟਿਸ ਵਿੱਚ ਕਿਹਾ ਕਿ 7 ਅਤੇ 14 ਅਪਰੈਲ ਦੇ ਹਫ਼ਤਿਆਂ ਦੌਰਾਨ ਉਤਪਾਦਨ ਰੱਦ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਫੈਸਲੇ ਦਾ ਸਿੱਧਾ ਕਾਰਨ ਟਰੰਪ ਵੱਲੋਂ ਲਗਾਏ ਟੈਰਿਫ਼ ਦੱਸੇ ਹਨ। ਇਹ ਆਟੋ-ਟੈਰਿਫ਼ਾਂ ‘ਚ ਕੈਨੇਡਾ ਦੀਆਂ ਸਾਰੀਆਂ ਨਿਰਯਾਤੀ ਵਸਤੂਆਂ ‘ਤੇ 25% ਟੈਕਸ। ਸਟੀਲ ਅਤੇ ਐਲੂਮੀਨਿਅਮ ਉੱਤੇ ਵਾਧੂ 25% ਟੈਕਸ , ਕੈਨੇਡਾ ਦੀ ਉਰਜਾ ਨਿਰਯਾਤ ‘ਤੇ 10% ਟੈਕਸ ਲਾਗੂ ਕੀਤੇ ਗਏ ਹਨ।
ਇਹਨਾਂ ਦੇ ਅਧੀਨ, ਜੇਕਰ ਕੋਈ ਗੱਡੀ ਵਿਦੇਸ਼ ‘ਚ ਬਣੀ ਹੈ ਪਰ ਉਸ ਵਿੱਚ ਅਮਰੀਕਾ-ਬਣੀ ਆਟੋ ਪਾਰਟਸ ਸ਼ਾਮਲ ਹਨ, ਤਾਂ ਉਹਨਾਂ ਪਾਰਟਸ ‘ਤੇ ਟੈਰਿਫ਼ ਨਹੀਂ ਲੱਗੇਗਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਹਨਾਂ ਨਵੀਆਂ ਟੈਰਿਫ਼ਾਂ ਨੂੰ “ਕੈਨੇਡਾ ਦੇ ਮਜ਼ਦੂਰਾਂ ‘ਤੇ ਸਿੱਧਾ ਹਮਲਾ” ਕਰਾਰ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਕੈਨੇਡਾ ਜਲਦੀ ਹੀ ਅਮਰੀਕਾ ਦੇ ਵਿਰੁੱਧ ਜਵਾਬੀ ਕਾਰਵਾਈ ਕਰੇਗਾ।
ਕਾਰਨੀ ਨੇ ਕਿਹਾ, “ਇਹ ਆਟੋ-ਟੈਰਿਫ਼ ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਦੇ ਆਟੋ ਉਦਯੋਗ ਨੂੰ ਖ਼ਤਰੇ ‘ਚ ਪਾ ਸਕਦੀਆਂ ਹਨ। ਅਸੀਂ ਇਸ ਹਮਲੇ ਦਾ ਢੁਕਵਾਂ ਜਵਾਬ ਦੇਵਾਂਗੇ।”
ਉਨ੍ਹਾਂ ਨੇ ਕੈਨੇਡਾ-ਅਮਰੀਕਾ ਵਪਾਰ ਪਰਿਸ਼ਦ ਨਾਲ ਮੀਟਿੰਗ ਕੀਤੀ ਅਤੇ ਕੈਨੇਡਾ-ਅਮਰੀਕਾ ਸੰਬੰਧੀ ਫੈਡਰਲ ਕੈਬਿਨਟ ਕਮੇਟੀ ਦੀ ਬੈਠਕ ਵੀ ਸ਼ੁਕਰਵਾਰ ਨੂੰ ਹੋਣ ਜਾ ਰਹੀ ਹੈ।