ਮਾਰਕ ਕਾਰਨੀ ਨੇ ਕੈਨੇਡਾ ਦੀ ਸਭ ਤੋਂ ਵੱਡੀ ਹਾਊਸਿੰਗ ਯੋਜਨਾ ਦੀ ਕੀਤੀ ਘੋਸ਼ਣਾ

ਸਰੀ, (ਸਿਮਰਨਜੀਤ ਸਿੰਘ): ਲਿਬਰਲ ਆਗੂ ਮਾਰਕ ਕਾਰਨੀ ਨੇ ਬੀਤੇ ਦਿਨੀਂ ਐਲਾਨ ਕੀਤਾ ਕਿ ਨਵੀਂ ਲਿਬਰਲ ਸਰਕਾਰ ਕੈਨੇਡਾ ਦੀ ਸਭ ਤੋਂ ਵੱਡੀ ਹਾਊਸਿੰਗ ਯੋਜਨਾ ਲੈ ਕੇ ਆਵੇਗੀ, ਜਿਸ ਵਿੱਚ ਉਹ ਘੱਟ ਤੋਂ ਘੱਟ 5 ਲੱਖ ਨਵੇਂ ਘਰ ਹਰ ਸਾਲ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਕੈਨੇਡਾ ਨੂੰ ਏਨੀ ਵੱਡੇ ਹਾਊਸਿੰਗ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤਰ੍ਹਾਂ ਦੀ ਸਥਿਤੀ ਅੱਜ ਹੈ। ਉਸ ਵੇਲੇ, ਵਜੀਰ ਆਜ਼ਮ ਵਿਲੀਅਮ ਲਾਇਨ ਮੈਕੇਂਜ਼ੀ ਕਿੰਗ ਦੀ ਸਰਕਾਰ ਨੇ ਨਵੇਂ ਸਾਰੋਕਾਰਾਂ ਅਤੇ ਉਦਯੋਗ ਖੜ੍ਹੇ ਕਰਕੇ ਘਰ ਬਣਾਉਣ ਦੀ ਲਾਗਤ ਘਟਾਈ ਸੀ।
ਕਾਰਨੀ ਨੇ ਕਿਹਾ, “ਕੈਨੇਡਾ ਨੇ ਪਹਿਲਾਂ ਵੀ ਹਾਊਸਿੰਗ ਸੰਕਟ ਦਾ ਹੱਲ ਲੱਭਿਆ ਸੀ ਅਤੇ ਅਸੀਂ ਫਿਰ ਕਰ ਸਕਦੇ ਹਾਂ।” ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਕਸ ਨੀਤੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ “ਅਸੀਂ ਕੈਨੇਡਾਵਾਸੀਆਂ ਲਈ ਘਰ ਬਣਾਵਾਂਗੇ ਅਤੇ ਇੱਕ ਨਵਾਂ ਉਦਯੋਗ ਖੜ੍ਹਾ ਕਰਾਂਗੇ।”
ਉਨ੍ਹਾਂ ਨੇ ਬਿਲਡ ਕੈਨੇਡਾ ਹੋਮਜ਼ ਯੋਜਨਾ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰੀ ਜ਼ਮੀਨਾਂ ‘ਤੇ ਘੱਟ-ਲਾਗਤ ਵਾਲੇ ਘਰ ਬਣਾਏ ਜਾਣ, $25 ਅਰਬ ਦੀ ਮਦਦ ਘਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤੀ ਜਾਵੇਗੀ। $10 ਅਰਬ ਦੀ ਰਕਮ ਅਫੋਰਡੇਬਲ ਹਾਊਸਿੰਗ ਉੱਤੇ ਲਗਾਈ ਜਾਵੇਗੀ। ਘਰ ਬਣਾਉਣ ਦੀ ਲਾਗਤ ਘਟਾਉਣ ਲਈ ਨਵੇਂ ਉਪਰਾਲਿਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਹੁ-ਇਕਾਈਆਂ ਵਾਲੀਆਂ ਰਿਹਾਇਸ਼ੀ ਇਮਾਰਤਾਂ ਉੱਤੇ ਮਿਊਂਸੀਪਲ ਵਿਕਾਸ ਸ਼ੁਲਕ 50% ਘਟਾਏ ਜਾਣਗੇ । ਕਿਰਾਏ ਵਾਲੇ ਘਰ ਵਧਾਉਣ ਲਈ 1970 ਦੇ ਦੌਰਾਨ ਲਾਗੂ ਕੀਤੀ ਟੈਕਸ ਛੂਟ ਮੁੜ ਲਿਆਉਣਗੇ। ਖਾਲੀ ਪਈਆਂ ਇਮਾਰਤਾਂ ਨੂੰ ਘਰਾਂ ਵਿੱਚ ਤਬਦੀਲ ਕਰਨ ਲਈ ਨਵੇਂ ਕਾਨੂੰਨ ਲਾਗੂ ਹੋਣਗੇ। ਹਾਊਸਿੰਗ ਐਕਸੀਲੇਰੇਟਰ ਫੰਡ ਰਾਹੀਂ ਨਕਸ਼ਿਆਂ ਅਤੇ ਇਜਾਜ਼ਤਾਂ ਨਾਲ ਜੁੜੀ ਰੁਕਾਵਟਾਂ ਘਟ ਕੀਤੀਆਂ ਜਾਣਗੀਆਂ। ਲਿਬਰਲ ਪਾਰਟੀ ਨੇ ਇਹ ਵੀ ਕਿਹਾ ਕਿ 1 ਮਿਲੀਅਨ ਡਾਲਰ ਜਾਂ ਇਸ ਤੋਂ ਘੱਟ ਕੀਮਤ ਵਾਲੇ ਘਰਾਂ ਉੱਤੇ ਜੀ.ਐਸ.ਟੀ. ਖਤਮ ਕੀਤਾ ਜਾਵੇਗਾ। ਕਾਰਨੀ ਨੇ ਅੰਤ ਵਿੱਚ ਕਿਹਾ, “ਅਸੀਂ ਅਮਰੀਕੀ ਟੈਰੀਫ਼ਾਂ ਦਾ ਮੁਕਾਬਲਾ ਕਰਾਂਗੇ, ਨੌਕਰੀਆਂ ਪੈਦਾ ਕਰਾਂਗੇ, ਦਰਮਿਆਨੇ ਵਰਗ ਲਈ ਟੈਕਸ ਘਟਾਵਾਂਗੇ, ਅਤੇ ਜੀ-7 ਵਿੱਚ ਸਭ ਤੋਂ ਤੇਜ਼ ਵਿਕਾਸਸ਼ੀਲ ਅਰਥਵਿਵਸਥਾ ਬਣਾਵਾਂਗੇ।” This report was written by Simranjit Singh as part of the Local Journalism Initiative.

Exit mobile version