ਅੰਬਰ ਨੂੰ ਕੋਈ ਜਿੰਦੇ ਕੁੰਡੇ,
ਲਾ ਨਹੀਂ ਸਕਦਾ।
ਪੌਣਾਂ ਪੈਰੀਂ ਬੇੜੀਆਂ,
ਕੋਈ ਪਾ ਨਹੀਂ ਸਕਦਾ।
ਠੱਲ੍ਹ ਕਿਵੇਂ ਸਕਦਾ ਕੋਈ,
ਵਗਦੇ ਪਾਣੀਆਂ ਨੂੰ,
ਸੂਰਜ ਨੂੰ ਕੋਈ ਧਰਤੀ ਉੱਤੇ,
ਲਾਹ ਨਹੀਂ ਸਕਦਾ।
ਫ਼ਿਕਰਾਂ ਦੇ ਵਿੱਚ ਉਮਰ ਗੁਜ਼ਾਰੀ,
ਜਾਵੇ ਝੁਰ ਝੁਰ ਕੇ,
ਪੰਛੀਆਂ ਵਾਂਗੂੰ ਬੰਦਾ ਮੌਜ,
ਉਡਾ ਨਹੀਂ ਸਕਦਾ।
ਕੌਣ ਕਤਾਵੇਗਾ ਤੂੰ ਦੱਸੀਂ,
ਰੇਸ਼ਮ ਰਿਸ਼ਮਾਂ ਦਾ,
ਚੰਨ ਦੇ ਚਾਨਣ ਨੂੰ,
ਕੋਈ ਡੱਕਾਂ ਪਾ ਨਹੀਂ ਸਕਦਾ।
ਇਤਰ ਫੁਲੇਲਾਂ ਲਾ ਕੇ,
ਤਨ ਮਹਿਕਾਈ ਫਿਰਦਾ ਏ,
ਬਿਨ ਕਿਰਦਾਰੋਂ ਬੰਦਾ,
ਮਨ ਮਹਿਕਾ ਨਹੀਂ ਸਕਦਾ।
ਅੱਧ ਵਿਚਾਲੇ ਬੈਠ ਗਿਆ ਏ,
ਢੇਰੀ ਢਾਹੀ ਜੋ,
ਸਿਰੜਾਂ ਬਾਝੋਂ ਪਾਂਧੀ,
ਮੰਜ਼ਿਲ ਪਾ ਨਹੀਂ ਸਕਦਾ।
ਲੇਖਕ : ਰਣਜੀਤ ਕੌਰ ਰਤਨ