ਜਿਸ ਦੇ ਵਿਰੋਧ ‘ਚ ਹੋ ਗਿਆ
ਸਾਰਾ ਹੀ ਅੱਜ ਨਿਜ਼ਾਮ ਹੈ
ਉਸ ਉੱਤੇ ਪਿੰਜਰਿਆਂ ‘ਚੋਂ
ਪੰਛੀ ਉਡਾਉਣ ਦਾ ਇਲਜ਼ਾਮ ਹੈ।
ਪਛਾਣ ਸਕਣਾ ਹੈ ਬੜਾ
ਮੁਸ਼ਕਿਲ ਜ਼ਮਾਨੇ ਵਿੱਚ ਹੁਣ
ਮਸ਼ਹੂਰ ਕਿਹੜਾ ਹੈ ਅਤੇ
ਕਿਹੜਾ ਸ਼ਖ਼ਸ ਬਦਨਾਮ ਹੈ।
ਇਹ ਲੋਕ ਭੋਲ਼ੇ ਦੱਸ ਦੇ
ਇਨ੍ਹਾਂ ਤੋਂ ਬਚ ਜਾਂਦੇ ਕਿਵੇਂ
ਰਾਜਨੀਤੀ ਨੇ ਤਾਂ ਵਰਤ
ਲਿਆ ਅੱਲਾ ਤੇ ਰਾਮ ਹੈ।
ਸਨਮਾਨ ਉਹ ਹੁੰਦਾ ਪ੍ਰਤਿਭਾ
ਜੋ ਸਦਾ ਪੈਦਾ ਕਰੇ
ਇਹ ਚਾਪਲੂਸ ਬਣਾਉਣ ਲਈ
ਵਰਤ ਲੈਂਦੇ ਇਨਾਮ ਹੈ।
ਉਹ ਦੇਰ ਕਿੰਨੀ ਹੋਰ ਕਰਦਾ
ਲੁਕ ਕੇ ਉਸ ਨੂੰ ਪਿਆਰ
ਹੁਣ ਆਖ਼ਰ ਹੱਦਾਂ ਤੋੜ
ਕੇ ਹੋ ਗਿਆ ਸ਼ਰ੍ਹੇਆਮ ਹੈ।
ਹੁੰਦੇ ਜ਼ਖ਼ਮ ਜਿਹੜੇ ਰਿਸਣ
ਵਾਲੇ ਨਾ ਉਹ ਭਰਦੇ ਕਦੇ
ਜੋ ਪੁੱਛਦਾ ਮੈਂ ਕਹਿ ਦੇਵਾਂ
ਹੁਣ ਤਾਂ ਬੜਾ ਆਰਾਮ ਹੈ।
ਇਹ ਲੋਕ ਤਾਂ ‘ਜਗਜੀਤ’ ਨੂੰ
ਆਜ਼ਾਦ ਐਵੇਂ ਆਖਦੇ
ਤੂੰ ਜਾਣਦੀ ਤੇਰੀ ਅਦਾ ਦਾ
ਉਹ ਸ਼ੁਰੂ ਤੋਂ ਗੁਲਾਮ ਹੈ।
ਲੇਖਕ : ਜਗਜੀਤ ਗੁਰਮ
ਸੰਪਰਕ: 99152-64836