11 C
Vancouver
Monday, April 7, 2025

ਮੁਲਾਕਾਤ: ਪੰਜਾਬ ਦਾ ਉੱਘਾ ਭੌਤਿਕ ਵਿਗਿਆਨੀ- ਪ੍ਰੋ. ਹਰਦੇਵ ਸਿੰਘ ਵਿਰਕ

 

ਮੁਲਾਕਾਤੀ: ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਪ੍ਰੋ. ਹਰਦੇਵ ਸਿੰਘ ਵਿਰਕ ਦਾ ਨਾਂ ਪੰਜਾਬ ਦੇ ਉੱਘੇ ਭੌਤਿਕ ਵਿਗਿਆਨੀਆਂ, ਵਿਦਵਾਨਾਂ ਅਤੇ ਸਿੱਖ ਧਰਮ ਦੇ ਜ਼ਹੀਨ ਸਕਾਲਰਾਂ ਵਿੱਚ ਸ਼ੁਮਾਰ ਹੁੰਦਾ ਹੈ।ਉਸ ਦੀ ਸ਼ਖਸ਼ੀਅਤ ਦੀਆਂ ਪਰਤਾਂ, ਜਿਉਂ ਜਿਉਂ ਉੱਧੜੀ ਜਾਂਦੀਆਂ ਹਨ,ਹਰ ਪਰਤ ਉਸਦੇ ਸੰਘਰਸ਼,ਸਾਦਗੀ,ਖੋਜ ਅਧਿਐਨ,ਧਰਮ ਅਤੇ ਦ੍ਰਿੜ੍ਹਤਾ ਦੀ ਬਾਤ ਪਾਉਂਦੀ ਹੈ।ਮੇਰੇ ਲਈ ਇਹ ਮੁਲਾਕਾਤ ਇਸ ਕਰਕੇ ਵੀ ਅਹਿਮ ਹੈ ਕਿ ਮੈਂ ਬੀ.ਐਸ.ਸੀ (ਆਨਰਜ਼) ਵਿੱਚ ਪ੍ਰੋ. ਵਿਰਕ ਕੋਲੋਂ ‘ਨਿਊਕਲੀਅਰ ਫਿਜਿਕਸ’ ਪੜ੍ਹਦਾ ਰਿਹਾ ਹਾਂ।ਪਿੱਛੇ ਜਿਹੇ ਉਨ੍ਹਾਂ ਨਾਲ ਹੋਈ ਇਕ ਮੁਲਾਕਾਤ ਦੇ ਕੁਝ ਅੰਸ਼ ਮੈਂ ਨਵਾਂ ਜ਼ਮਾਨਾ ਦੇ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ।
ਡਾ. ਸਾਬ੍ਹ ਤੁਸੀਂ ਆਪਣੇ ਜਨਮ ਸਥਾਨ, ਬਚਪਨ ਅਤੇ ਮੁੱਢਲੀ ਪੜ੍ਹਾਈ ਬਾਰੇ ਪਾਠਕਾਂ ਨੂੰ ਜਾਣੂ ਕਰਾਓ? ਬਚਪਨ ਦੀ ਕੋਈ ਅਭੁੱਲ ਯਾਦ ਹੋਵੇ ਤਾਂ ਉਸ ਦਾ ਵੀ ਜਕਿਰ ਕਰੋ?
– ਮੇਰਾ ਜਨਮ 23 ਫ਼ਰਵਰੀ 1942 ਨੂੰ ਪਿਤਾ ਅਵਤਾਰ ਸਿੰਘ ਵਿਰਕ ਅਤੇ ਮਾਤਾ ਤੇਜ਼ ਕੌਰ ਦੇ ਘਰ ਪਿੰਡ ਕਾਮੋਕੇ, ਜਿਲਾ ਗੁੱਜਰਾਂਵਾਲ਼ਾ ( ਹੁਣ ਪਾਕਿਸਤਾਨ ਵਿੱਚ) ਵਿੱਚ ਹੋਇਆ।ਉੱਥੇ ਹੀ ਪ੍ਰਾਇਮਰੀ ਸਕੂਲ ਵਿੱਚ ਮੈਨੂੰ ਪੜ੍ਹਨ ਭੇਜਿਆ ਗਿਆ।ਤਿੰਨ ਮਹੀਨੇ ਉਰਦੂ ਦਾ ਕਾਇਦਾ ਅਜੇ ਅੱਧਾ ਵੀ ਨਹੀਂ ਸੀ ਪੜ੍ਹਿਆ ਕਿ ਪਾਕਿਸਤਾਨ ਬਨਣ ਦੀ ਖਬਰ ਫੈਲ ਗਈ। ਮੁਸਲਮਾਨਾਂ ਨੇ ਘਰਾਂ ਤੇ ਪਾਕਿਸਤਾਨੀ ਝੰਡੇ ਲਹਿਰਾ ਦਿੱਤੇ ਸਨ।ਹਿੰਦੂ ਸਿੱਖ ਡਰਦੇ ਜਥੇਦਾਰ ਹਰੀ ਸਿੰਘ ਦੇ ਘਰ ਜਾ ਕੇ ਲੁਕ ਗਏ।ਵੱਢ ਟੁੱਕ ਹੋਣ ਲੱਗੀ।ਮੈਂ ਪਹਿਲੀ ਵਾਰੀ ਗੋਲੀਆਂ ਚੱਲਦੀਆਂ ਦੇਖੀਆਂ ਸਨ।ਬਚਦੇ ਬਚਾਂਦੇ ਸ਼ਰਨਾਰਥੀ ਕੈਂਪਾਂ ਤੋਂ ਟਰੱਕਾਂ ਰਾਹੀ ਅਸੀਂ ਅੰਮ੍ਰਿਤਸਰ,ਧੂਰੀ ਅਤੇ ਉੱਥੋਂ ਸੰਗਰੂਰ ਪਹੁੰਚੇ ਸਾਂ।ਉਸ ਵੇਲੇ ਦੇ ਡਰ,ਸਹਿਮ,ਦਹਿਸ਼ਤ ਨੂੰ ਚੇਤੇ ਕਰਕੇ ਮੇਰੀ ਰੂਹ ਅੱਜ ਵੀ ਕੰਬ ਉੱਠਦੀ ਹੈ।
ਪੰਜਾਬ ਵਿੱਚ ਆਕੇ ਤੁਸੀਂ ਫਿਰ ਕਿੱਥੇ ਕਿੱਥੇ ਪੜ੍ਹਾਈ ਕੀਤੀ ? ਉਸ ਸਮੇਂ ਤੁਹਾਡੇ ਘਰੇਲੂ ਹਾਲਾਤ ਕਿਹੋ ਜੇਹੇ ਸਨ?
ਸੰਨ 1948 ‘ਚ ਮੈਂ ਲਸੋਈ(ਸੰਗਰੂਰ) ਦੇ ਪ੍ਰਾਇਮਰੀ ਸਕੂਲ ‘ਚ ਪਹਿਲੀ ਵਿੱਚ ਦਾਖ਼ਲ ਹੋਇਆ।ਮੇਰੇ ਕੋਲ ਪਾਉਣ ਨੂੰ ਸ਼ਰਨਾਰਥੀ ਕੈਂਪ ਵਿੱਚ ਮਿਲੇ ਕੱਪੜੇ ਹੀ ਸਨ।ਚਾਰ ਕਿੱਲੋਮੀਟਰ ਤੁਰ ਕੇ ਸਕੂਲ ਜਾਣਾ ਪੈਂਦਾ ਸੀ।ਸਰਦੀਆਂ ਵਿੱਚ ਪਾਉਣ ਨੂੰ ਸਵੈਟਰ ਵੀ ਨਹੀਂ ਸੀ।ਸਕੂਲ ਵਿੱਚ ਇੱਕੋ ਅਧਿਆਪਕ ਸੀ।ਛੋਟੀ ਛੋਟੀ ਗਲਤੀ ਤੇ ਬੈਂਤ ਨਾਲ ਕੁੱਟਦਾ।ਮੁਰਗ਼ਾ ਬਣਾ ਦਿੰਦਾ।ਮੇਰੇ ਸਾਥੀ ਕੱਠੇ ਹੋ ਕੇ ਇੱਲਤਾਂ ਕਰਦੇ।ਨਹਿਰ ਵਿੱਚ ਨਹਾਉਂਦੇ।ਵਾੜੇ ‘ਚੋਂ ਖ਼ਰਬੂਜ਼ੇ ਚੋਰੀ ਕਰਕੇ ਖਾਂਦੇ।ਪ੍ਰੰਤੂ ਮੈਂ ਉਨ੍ਹਾਂ ਦਾ ਸਾਥ ਨਹੀਂ ਦੇਂਦਾ ਸਾਂ।ਖਾਲਸਾ ਸਕੂਲ ਲਸੋਈ ਤੋਂ ਅੱਠਵੀਂ ਪਾਸ ਕਰਕੇ, ਮੈਂ ਨੌਂਵੀਂ ਵਿੱਚ ਸਰਕਾਰੀ ਹਾਈ ਸਕੂਲ ਮਲੇਰਕੋਟਲੇ ਦਾਖ਼ਲ ਹੋ ਗਿਆ।
ਉਸ ਔਖੇ ਸਮੇਂ ਵਿੱਚ, ਤੁਸੀਂ ਉੱਚੀ ਸਿੱਖਿਆ ਕਿਵੇਂ ਪ੍ਰਾਪਤ ਕਰ ਗਏ ?
ਮੈਂ ਸੰਗਰੂਰ ਜਲਿੇ ਦੇ ਪਿੰਡ ਸ਼ੋਕਰਾਂ ਵਿੱਚ ਆਪਣੀ ਮਾਂ ਅਤੇ ਨਾਨੀ ਨਾਲ ਰਹਿੰਦਾ ਸੀ।ਨਾਨੇ ਦੀ ਮੌਤ ਹੋ ਗਈ ਸੀ। ਨਾਨੀ ਨੇ ਅਲਾਟ ਹੋਈ ਜ਼ਮੀਨ ਦਾ ਕੰਮ ਸਾਂਭਿਆ ਹੋਇਆ ਸੀ।ਹਿੰਦੂ ਮੈਰਿਜ ਐਕਟ ਨੇ ਘਰੋ ਘਰ ਤਰਥੱਲੀ ਮਚਾ ਦਿੱਤੀ ਸੀ।ਨਾਨੀ ਦੇ ਤਿੰਨ ਧੀਆਂ ਸਨ।ਸ਼ਰੀਕ ਤਾਕ ਵਿੱਚ ਸਨ ਕਿ ਨਾਨੀ ਕਦੋਂ ਮਰੇ ਅਤੇ ਉਹ ਵਾਰਿਸ ਬਣ ਕੇ ਜ਼ਮੀਨ ਸਾਂਭਣ।ਕਿਸੇ ਦੋਖੀ ਨੇ ਮੇਰੀ ਨਾਨੀ ਦਾ ਕਤਲ ਕਰ ਦਿੱਤਾ।ਮੈਂ ਉਦੋਂ ਤੇਰਾਂ ਸਾਲ ਦਾ ਸੀ।ਮੇਰੀ ਮਾਂ ਦੋ ਸਾਲ ਕਚਹਿਰੀਆਂ ਦੇ ਚੱਕਰ ਕੱਢਦੀ ਰਹੀ।ਮੈਂ ਡੰਗਰ ਵੀ ਚਾਰਨ ਜਾਂਦਾ,ਨਾਲ ਕਿਤਾਬਾ ਵੀ ਪੜ੍ਹਦਾ।ਮੇਰੇ ਸਕੂਲ ਦੇ ਹੈੱਡਮਾਸਟਰ ਰਘੂਨਾਥ ਸਰੀਏ ਨੇ ਮੈਨੂੰ ਮਲੇਰਕੋਟਲੇ ਕਾਲਜ ਵਿੱਚ ਦਾਖਲ ਕਰਾ ਦਿੱਤਾ ਸੀ।ਕਾਲਜ ਵਿੱਚ ਮੁਫ਼ਤ ਪੜ੍ਹਾਈ ਅਤੇ ਕਿਤਾਬਾਂ ਦੀ ਸਹੂਲਤ ਵੀ ਮਿਲ ਗਈ ਸੀ।ਸ਼ੋਕਰਾਂ ਤੋਂ ਮਲੇਰਕੋਟਲੇ ਕੱਚੀ ਸੜਕ ਤੇ ਮੈਂ ਕਈ ਵਾਰੀ, ਮੀਂਹਾਂ ਵਿੱਚ, ਸਾਇਕਲ ਮੋਢਿਆਂ ਉੱਤੇ ਚੁੱਕ ਕੇ ਵੀ ਤੁਰਿਆ ਸਾਂ।ਪ੍ਰੋ. ਬਹਾਦਰ ਸਿੰਘ, ਚੰਦ ਵਰਮਾ, ਬਾਲ ਕਿਸ਼ਨ ਚੌਧਰੀ ਅਤੇ ਪ੍ਰੋ.ਨਿਰਮਲ ਸਿੰਘ ਮੇਰੇ ਚਹੇਤੇ ਅਧਿਆਪਕ ਸਨ।ਫੇਰ ਮੈਂ ਮਹਿੰਦਰਾ ਕਾਲਜ ਪਟਿਆਲ਼ਾ ਵਿੱਬੀ.ਐਸ.ਸੀ ‘ਚ ਦਾਖਲਾ ਲੈ ਲਿਆ।ਖ਼ਰਚੇ ਲਈ ਪ੍ਰੋਫੈਸਰਾਂ ਦੇ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਉਂਦਾ ਰਿਹਾ।ਮੇਰਾ ਪਿਤਾ ਵੀ ਮੈਨੂੰ ਖ਼ਰਚਾ ਦੇ ਜਾਂਦਾ ਸੀ।ਹੋਸਟਲ ਵਿੱਚ ਰਹਿੰਦਿਆਂ ਹਰਿੰਦਰ ਸਿੰਘ ਮਹਿਬੂਬ, ਨਵਤੇਜ ਭਾਰਤੀ,ਕੁਲਵੰਤ ਗਰੇਵਾਲ਼ ਦੀ ਸੰਗਤ ਵਿੱਚ ਮੈਂ ਵੀ ਕਵਿਤਾ ਵੀ ਲਿਖਣ ਲੱਗ ਪਿਆ ਸੀ।ਬੀ.ਐਸ.ਸੀ ਪਾਸ ਕਰਕੇ ਅੱਗੇ ਮੈਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਐਮ.ਐਸ. ਸੀ ਫਿਜਕਿਸ ਦੀ ਡਿਗਰੀ ਹਾਸਿਲ ਕੀਤੀ।ਕਾਸਮਿਕ ਵਿਕੀਰਨਾਂ ਦੇ ਪ੍ਰਸਿੱਧ ਭਾਰਤੀ ਵਿਗਿਆਨੀ ਪ੍ਰੋ.ਪਿਆਰਾ ਸਿੰਘ ਗਿੱਲ ਮੇਰੇ ਚਹੇਤੇ ਅਧਿਆਪਕ ਸਨ।
ਤੁਹਾਡੀ ਪਹਿਲੀ ਨੌਕਰੀ ਕਿੱਥੇ ਲੱਗੀ? ਤੁਸੀਂ ਪੰਜਾਬੀ ਯੂਨੀਵਰਸਿਟੀ ਵਿੱਚ ਕਦੋਂ ਗਏ?
– ਐਮ.ਐਸ.ਸੀ ਕਰਨ ਉਪਰੰਤ ਮੈਂਨੂੰ ਸੰਨ 1963 ‘ਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਲੈਕਚਰਾਰ ਦੀ ਨੌਕਰੀ ਮਿਲ ਗਈ।ਥੋੜ੍ਹੀ ਦੇਰ ਬਾਦ ਮੈਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਅਪਲਾਈਡ ਫਿਜਿਕਸ ਵਿਭਾਗ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ।ਸੰਨ 1965 ‘ਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਭੌਤਿਕ ਵਿਗਿਆਨ ਵਿਭਾਗ ਵਿੱਚ ਇਨਸਟਕਟਰ ਜਾ ਲੱਗਿਆ।ਫਿਰ ਲੈਕਚਰਾਰ ਬਣਿਆਂ।
ਤੁਸੀਂ ਪੀ.ਐਚ.ਡੀ ਕਦੋਂ ਤੇ ਕਿੱਥੋਂ ਕੀਤੀ। ਤੁਹਾਡਾ ਖੋਜ ਕਾਰਜ ਕਿਸ ਵਿਸ਼ੇ ਤੇ ਸੀ? ਥੋੜ੍ਹਾ ਵਿਸਤਾਰ ਨਾਲ ਦੱਸੋ।
-ਸੰਨ 1970 ‘ਚ ਮੈਨੂੰ ਫਰਾਂਸ ਵਿੱਚ ਖੋਜ ਕਰਨ ਲਈ ਵਜ਼ੀਫ਼ਾ ਮਿਲ ਗਿਆ।ਪੈਰਿਸ ਪਹੁੰਚ ਕੇ ਪਹਿਲਾਂ ਫ਼੍ਰੈਂਚ ਸਿੱਖਣੀ ਪਈ।ਫਿਰ ਮੈਂ ਪੈਰਿਸ ਵਿੱਚ ਮੇਰੀ ਕਿਊਰੀ ਯੂਨੀਵਰਸਿਟੀ ਵਿੱਚ ਖੋਜ ਕਾਰਜ ਕਰਨ ਲੱਗਾ।ਮੇਰਾ ਨਿਗਰਾਨ ਪ੍ਰੋ. ਮੈਕਸ ਮੋਰਾਂ ( Max Morand),ਪੈਰਿਸ ਯੂਨੀਵਰਸਿਟੀ ਦੇ ਜੂਸੀਓ ਕੈਂਪਸ ਵਿਖੇ ਜਨਰਲ ਫਿਜਿਕਸ ਪ੍ਰਯੋਗਸ਼ਾਲਾ ਦਾ ਨਿਰਦੇਸ਼ਕ ਸੀ।ਉਸ ਨੇ ਮੈਨੂੰ ਚੀਨੀ ਗਾਇਡ ਸਾਏ ਚੂ ਦੇ ਹਵਾਲੇ ਕਰ ਦਿੱਤਾ।ਮੈਨੂੰ ‘ਮੂਲ ਕਣਾਂ ਦੀ ਭਾਲ’ ਵਿਸ਼ੇ ਉੱਪਰ ਖੋਜ ਕਰਨ ਦਾ ਮੌਕਾ ਮਿਲ ਗਿਆ।ਮੈਨੂੰ ਨਿਊਕਲੀਅਰ ਇਮਲਸ਼ਨ ਪਲੇਟਾਂ ਵਿਚ ਖੁਰਦਬੀਨ ਨਾਲ ਸਕੈਨਿੰਗ ਕਰਕੇ ਕਣਾਂ ਦੇ ਮਾਰਗ ਦੀ ਪਛਾਣ ਕਰਨੀ ਪੈਂਦੀ ਸੀ।ਪਹਿਲੇ ਛੇ ਮਹੀਨੇ ਵਿਚ ਮੈਂ ਛੇ ਸੌ ਦੇ ਕਰੀਬ ਤਾਰੇ ( Nuclear Star) ਢੂੰਡ ਲਏ ਸਨ।ਇਨ੍ਹਾ ਵਿਚ ਵੀਹ ਚਿੱਟੇ ਤਾਰਿਆਂ (white Stars)ਵਿਚ ਮੈਂ ਖੋਜ ਕਾਰਜ ਕਰਕੇ ਕਿਸੇ ਨਵੇਂ ਕਣ ਨੂੰ ਖੋਜਣਾ ਸੀ।ਸਾਏ ਚੂ ਦੱਸਦਾ ਸੀ ਕਿ ਉਸਨੇ ਐਲ-ਮੀਸਾਨ ਦੀ ਖੋਜ ਕਰ ਲਈ ਸੀ।ਉਹ ਮੈਨੂੰ ਵੀ ਇਸ ਕਣ ਤੇ ਖੋਜ ਕਰਕੇ, ਪ੍ਰੋੜਤਾ ਕਰਨ ਲਈ ਉਤਸ਼ਾਹਿਤ ਕਰ ਰਿਹਾ ਸੀ।ਹੌਲੀ ਹੌਲੀ ਮੈਨੂੰ ਸਾਏ ਚੂ ਦੀ ਖੋਜ ਤਰਕ ਵਿਹੂਣੀ ਲੱਗੀ।ਮੈਂ ਆਪਣੇ ਖੋਜ ਸਿੱਟਿਆਂ ਦੀ ਪੜਚੋਲ ਕਰਕੇ ਸਿੱਧ ਕੀਤਾ ਕਿ ਐਲ-ਮੀਸਾਨ ਨਾਂ ਦਾ ਕੋਈ ਕਣ ਹੁੰਦਾ ਹੀ ਨਹੀਂ।1972 ‘ਚ ਕੈਂਬਰਿਜ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਖੋਜ ਨੂੰ ਰੱਦ ਕਰ ਦਿੱਤਾ ਸੀ।ਮੇਰੀ ਕਿਊਰੀ ਯੂਨੀਵਰਸਿਟੀ ਤੋਂ ਦੋ ਸਾਲ ਦੋ ਮਹੀਨੇ ਵਿੱਚ ਮੈਂ ਡਾਕਟਰੇਟ ਦੀ ਡਿਗਰੀ ਹਾਸਿਲ ਕਰਨ ਉਪਰੰਤ,ਪਟਿਆਲ਼ੇ ਆਪਣੀ ਨੌਕਰੀ ਤੇ ਵਾਪਿਸ ਮੁੜ ਆਇਆ।ਦੇਸ਼ ਪਰਤਣ ਤੋਂ ਪਹਿਲਾਂ ਮੇਰੇ ਪੰਜ ਖੋਜ ਪੱਤਰ ਇਕ ਫਰਾਂਸੀਸੀ ਰਿਸਾਲੇ ਵਿਚ ਛਪ ਚੁੱਕੇ ਸਨ।
ਡਾਕਟਰੇਟ ਕਰਨ ਪਿੱਛੋਂ,ਤੁਹਾਡਾ ਖੋਜ ਕਾਰਜ ਕਿਸ ਰਫ਼ਤਾਰ ਨਾਲ ਅੱਗੇ ਵਧਿਆ?
-ਵਿਭਾਗ ਦੇ ਮੁੱਖੀ ਡਾ. ਬੀ.ਐਸ.ਸੂਦ ਦੇ ਕਹਿਣ ਤੇ ਮੈਂ ਖੋਜ ਪ੍ਰਾਜੈਕਟਾਂ ਦੀ ਤਜਵੀਜ਼ ਬਣਾ ਕੇ ਯੂ.ਜੀ ਸੀ ਅਤੇ ਸੀ.ਐਸ.ਆਈ.ਆਰ ਨੂੰ ਭੇਜੀ।ਦੋ ਖੋਜ ਪ੍ਰਾਜੈਕਟ ਮਿਲ ਗਏ। ਮੇਰੀ ਖੋਜ ਦਾ ਕੰਮ ਰਿੜ ਪਿਆ।ਮੇਰੇ ਅਧੀਨ ਦੋ ਖੋਜ ਵਿਦਿਆਰਥੀ ਕੰਮ ਕਰਨ ਲੱਗੇ। ਮੇਰੇ ਗਰੁੱਪ ਦੇ ਖੋਜਾਰਥੀਆਂ ਦੇ ਖੋਜ ਪਰਚੇ ਵੀ ਪ੍ਰਕਾਸ਼ਤ ਹੋਣ ਲੱਗੇ। ਮਕਬੂਲ ਵਿਗਿਆਨੀਆਂ ਨਾਲ ਮੇਰਾ ਰਾਬਤਾ ਬਨਣ ਲੱਗਾ।ਕਾਨਫਰੰਸਾਂ ਦੇ ਸੱਦੇ ਆਉਣ ਲੱਗੇ।ਸੰਨ 1979 ਤੱਕ ਸਾਡੇ ਗਰੁੱਪ ਦੇ ਖੋਜਾਰਥੀਆਂ ਦੇ ਵੀਹ ਤੋਂ ਵੱਧ ਖੋਜ-ਪੱਤਰ ਛਪ ਚੁੱਕੇ ਸਨ।ਮੇਰੀਆਂ ਆਪਣੀਆਂ ਵੀ ਤਿੰਨ ਪੁਸਤਕਾਂ ਛਪ ਚੁੱਕੀਆਂ ਸਨ।ਸੰਨ 1975 ਵਿੱਚ ਮੈਂ ਲੈਕਚਰਾਰ ਤੋਂ ਰੀਡਰ ਬਣਿਆਂ।ਉਸ ਸਮੇਂ ਤੱਕ ਮੇਰੇ ਦਰਜ਼ਨ ਕੁ ਖੋਜ ਪੱਤਰ ਛਪ ਚੁੱਕੇ ਸਨ।
ਤੁਹਾਡੇ ਹੁਣ ਤੱਕ ਤੁਹਾਡੇ ਕਿੰਨੇ ਖੋਜ ਪੱਤਰ ਕੌਮੀ ਤੇ ਅੰਤਰ ਰਾਸ਼ਟਰੀ ਪੱਧਰ ਦੇ ਖੋਜ ਰਿਸਾਲਿਆਂ ਵਿੱਚ ਛਪ ਚੁੱਕੇ ਹਨ? ਪ੍ਰਕਾਸ਼ਤ ਪੁਸਤਕਾਂ ਦਾ ਵੀ ਵੇਰਵਾ ਦਿਉ?
-ਮੇਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖੋਜ ਰਿਸਾਲਿਆਂ ਵਿੱਚ 450 ਖੋਜ ਪੱਤਰ ਪ੍ਰਕਾਸ਼ਤ ਹੋ ਚੁੱਕੇ ਹਨ।ਮੇਰੀਆਂ 45 ਕਿਤਾਬਾ ਅਤੇ ਵਿਗਿਆਨ ਤੇ ਤਕਨੀਕੀ ਵਿਸਅਿਾਂ ਤੇ ਦੋ ਸੌ ਨਿਬੰਧ ਛਪ ਚੁੱਕੇ ਹਨ।ਪਾਪੂਲਰ ਸਾਇੰਸ ਸਬੰਧੀ ਮੇਰੇ ਸੌ ਕੁ ਨਿਬੰਧ ਪੰਜਾਬੀ ਵਿੱਚ ਛਪੇ ਹਨ।
ਤੁਹਾਡੀ ਦੇਖਰੇਖ ਵਿੱਚ ਕਿੰਨੇ ਕੁ ਖੋਜਾਰਥੀਆਂ ਨੇ ਡਾਕਟਰੇਟ ਅਤੇ ਐਮ. ਫਿਲ ਦੀਆਂ ਡਿਗਰੀਆਂ ਹਾਸਿਲ ਕੀਤੀਆਂ?
-ਮੇਰੀ ਦੇਖਰੇਖ ਵਿੱਚ 18 ਖੋਜਾਰਥੀਆਂ ਨੇ ਪੀ.ਐਚ.ਡੀ ਅਤੇ 16 ਨੇ ਐਮ.ਫਿਲ ਦੀਆਂ ਡਿਗਰੀਆਂ ਹਾਸਿਲ ਕੀਤੀਆਂ ਹਨ।
ਪੰਜਾਬੀ ਮਾਧਿਅਮ ਵਿੱਚ ਵਿਗਿਆਨ ਦੀਆਂ ਪਾਠ ਪੁਸਤਕਾਂ ਲਿਖਣ ਵਿੱਚ ਵੀ ਤੁਹਾਡੀ ਸ਼ਮੂਲੀਅਤ ਰਹੀ ਹੈ, ਇਸ ਬਾਰੇ ਦੱਸੋ।
– ਪੰਜਾਬੀ ਮਾਧਿਅਮ ਵਿੱਚ ਮੈਂ ਛੇ ਵਿਗਿਆਨ ਪਾਠ ਪੁਸਤਕਾਂ ਤਿਆਰ ਕੀਤੀਆਂ ਹਨ। ਇੰਨ੍ਹਾ ਕਰਕੇ ਮੈਨੂੰ ਪੁਰਸਕਾਰ ਵੀ ਮਿਲੇ ਸਨ।
ਵਿਗਿਆਨ ਅਤੇ ਧਰਮ ਦੀ ਖੋਜ ਦਾ ਸਬੱਬ ਕਦੋਂ ਤੇ ਕਿੱਥੇ ਜੁੜਿਆ?
-ਵਿਗਿਆਨ ਅਤੇ ਸਿੱਖ ਧਰਮ ਦੀ ਖੋਜ ਦਾ ਮੁੱਢ ਵੀ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਹੀ ਬੱਝਿਆ।ਸੰਨ 1967 ‘ਚ ਇਕ ਗੁਰਦਵਾਰੇ ਵਿੱਚ ਕੀਰਤਨ ਮੌਕੇ ਮੇਰੇ ਮਨ ਵਿੱਚ ਮਾਰੂ ਰਾਗ ਦੇ ਇਕ ‘ਸੋਹਿਲੇ’ ਦੇ ਭਾਵ ਅਰਥ ਜਾਨਣ ਦੀ ਇੱਛਾ ਪ੍ਰਗਟ ਹੋਈ।ਘਰ ਜਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ। ਬੜੀ ਹੈਰਾਨੀ ਹੋਈ ਕਿ ਗੁਰੂ ਨਾਨਕ ਸਾਹਿਬ ਤਾਂ ਸੋਹਿਲੇ ਵਿੱਚ ਬ੍ਰਹਿਮੰਡ ਦੀ ਰਚਨਾ ਦੀ ਗੱਲ ਕਰ ਰਹੇ ਹਨ।ਫੇਰ ਮੈਂਨੂੰ ‘ਬ੍ਰਹਿਮੰਡ ਦੀ ਰਚਨਾ’ ਤੇ ਇਕ ਲੈਕਚਰ ਦੇਣ ਦਾ ਮੌਕਾ ਮਿਲਿਆ।ਮੇਰੇ ਲੈਕਚਰ ਦੀ ਸ਼ਲਾਘਾ ਹੋਈ।ਉਸ ਤੋਂ ਬਾਦ ਮੈਂ ਗੁਰੂ ਨਾਨਕ ਦੀ ਪੰਜਵੀਂ ਸ਼ਤਾਬਦੀ ਤੇ ਹੋਏ ਸੈਮੀਨਾਰ ਵਿੱਚ, ਇਕ ਖੋਜ ਪੱਤਰ ਪੜ੍ਹਿਆ।ਲੋਕਾਂ ਨੇ ਹੱਲਾਸ਼ੇਰੀ ਦਿੱਤੀ।ਇਸੇ ਹੱਲਾਸ਼ੇਰੀ ਸਦਕਾ, ਸੰਨ 1975 ‘ਚ ਮੇਰੀ ਪੁਸਤਕ ‘ ਬ੍ਰਹਿਮੰਡ ਦੀ ਰਚਨਾ’ ਪ੍ਰਕਾਸ਼ਤ ਹੋਈ।ਇੰਝ ਮੇਰੀ ‘ਗੁਰਬਾਣੀ ਦੀ ਵਿਗਿਆਨਿਕ ਵਿਆਖਿਆ’ ਕਰਨ ਦੀ ਸ਼ੁਰੂਆਤ ਹੋਈ।
ਤੁਸੀਂ ਆਪਣੇ ਵਿਦਿਆਰਥੀਆਂ ਵਿੱਚ ਕਾਫ਼ੀ ਹਰਮਨ ਪਿਆਰੇ ਰਹੇ ਹੋ, ਕੀ ਕਹਿਣਾ ਚਾਹੋਗੇ?
– ਮੈਂ ਜਿੰਦਗੀ ਦੇ ਸਖ਼ਤ ਦੌਰ ਵਿੱਚੋਂ ਨਿਕਲ ਕੇ ਆਇਆ ਸੀ।ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਨੇੜੇ ਤੋਂ ਜਾਣਦਾ ਸੀ।ਔਖ ਸੌਖ ਵੇਲੇ ਮੈਂ ਉਨ੍ਹਾ ਦੀ ਮਦਦ ਵੀ ਕਰ ਦਿੰਦਾ ਸੀ।ਅਗਵਾਈ ਵੀ ਕਰਦਾ ਸੀ।ਜਦੋਂ ਮੈਂ ਪੈਰਿਸ ਜਾਣਾ ਸੀ ਉਸ ਵੇਲੇ ਮੇਰੇ ਸਟਾਫ਼ ਨੇ ਤਾਂ ਮੈਨੂੰ ਕੋਈ ਪਾਰਟੀ ਨਹੀਂ ਦਿੱਤੀ, ਪਰ ਮੇਰੇ ਚਹੇਤੇ ਵਿਦਿਆਰਥੀਆਂ ਨੇ ਮੈਨੂੰ ਵਿਦਾਇਗੀ ਪਾਰਟੀ ਦੇ ਕੇ ਤੋਰਿਆ ਸੀ।ਮੇਰੀ ਅਗਵਾਈ ਵਿੱਚ ਵਿਦਿਆਰਥੀਆਂ ਦੇ ਜੈ ਪੁਰ, ਆਗਰਾ, ਦੇਹਰਾਦੂਨ, ਮਸੂਰੀ, ਕਾਠਮੰਡੂ, ਪਟਨਾ ਸਾਹਿਬ ਦੇ ਟੂਰ ਆਯੋਜਿਤ ਕੀਤੇ ਗਏ ਸਨ। ਹਿਮਾਲੀਆ ਪਰਬਤ ਤੋਂ ਖੋਜ ਲਈ ਅਸੀਂ ਨਮੂਨੇ ਇਕੱਠੇ ਕਰਕੇ ਲਿਆਏ ਸਾਂ।
ਪੰਜਾਬੀ ਯੂਨੀਵਰਸਿਟੀ ਵਿੱਚ ਗੁਜ਼ਾਰੇ ਸਮੇਂ ਬਾਰੇ ਹੋਰ ਕੀ ਕਹਿਣਾ ਚਾਹੋਗੇ?
– ਚੌਦਾਂ ਸਾਲਾਂ ਦਾ ਇਹ ਸਮਾਂ ਮੇਰੇ ਲਈ ਬੜਾ ਅਹਿਮ ਸੀ।ਮੇਰੀ ਸ਼ਾਦੀ ਇੱਥੇ ਰਹਿੰਦਿਆਂ ਹੀ ਹੋਈ, ਤਿੰਨ ਪੁੱਤਰਾਂ ਦਾ ਜਨਮ ਇੱਥੇ ਹੋਇਆ।ਡਾਕਟਰੇਟ ਦੀ ਡਿਗਰੀ ਇੱਥੇ ਹੀ ਮਿਲੀ। ਵਿਦੇਸ਼ਾਂ ਦੇ ਦੌਰੇ ਵੀ ਬਹੁਤੇ ਇੱਥੇ ਰਹਿੰਦਿਆਂ ਹੀ ਕੀਤੇ।ਖੋਜ ਕਾਰਜ ਦੀ ਇੱਥੋਂ ਹੀ ਸ਼ੁਰੂਆਤ ਹੋਈ।
ਤੁਹਾਡਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੇਵਾ ਕਾਲ ਕਿਹੋ ਜਿਹਾ ਰਿਹਾ?
-ਮੈਂ 10 ਜੁਲਾਈ 1979 ਨੂੰ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਰੀਡਰ ਦੀ ਪੋਸਟ ਤੇ ਹਾਜ਼ਰ ਹੋ ਗਿਆ।ਫਿਜਿਕਸ ਡਿਪਾਰਟਮੈਂਟਮੈਂਟ ਦੀ ਕੋਈ ਵੱਖਰੀ ਬਿਲਡਿੰਗ ਨਹੀਂ ਸੀ।ਮੈਂ ਜਾਕੇ ਬੀ.ਐਸ.ਸੀ (ਆਨਰਜ) ਦੀ ਕਲਾਸ ਸ਼ੁਰੂ ਕੀਤੀ।ਉਦੋਂ ਫਿਜਿਕਸ ਵਿਭਾਗ ਵਿੱਚ ਸਿਰਫ ਪੰਜ ਅਧਿਆਪਕ ਸਨ। ਬੜੀ ਮੁਸ਼ਕਿਲ ਨਾਲ ਪ੍ਰਯੋਗਸ਼ਾਲਾ ਦਾ ਸਾਮਾਨ ਮੰਗਵਾਇਆ।
ਸੰਨ1980 ‘ਚ ਮੈਂ ਪ੍ਰੋਫੈਸਰ ਬਣ ਗਿਆ।ਵਿਭਾਗ ਵਿੱਚ ਐਮ.ਐਸ.ਸੀ,ਐਮ.ਫਿਲ਼ ਦੇ ਕੋਰਸ ਸ਼ੁਰੂ ਕੀਤੇ ਗਏ।ਇੱਥੇ ਮੈਂ ਡੀਨ ਸਾਇੰਸ ਫੈਕਲਟੀ ਬਣਿਆਂ।ਪੰਜਾਬ ਦੇ ਕਾਲੇ ਦੌਰ ਦਾ ਮੇਰੇ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਵੀ ਮਾੜਾ ਅਸਰ ਪਿਆ ਸੀ।ਜਦੋਂ ਮੈਂ ਡੀਨ ਵਿਦਿਆਰਥੀ ਭਲਾਈ ਅਤੇ ਅਕਾਦਮਿਕ ਸਾਂ, ਉਦੋਂ ਡਿਊਟੀ ਸਮੇਂ ਮੈਨੂੰ ਅਸੂਲ ਪ੍ਰਸਤ ਹੋਣ ਕਰਕੇ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ।ਸੰਨ 1981 ਤੋਂ 2002 ਤੱਕ ਮੈਂ ਵਿਦੇਸ਼ੀ ਦੌਰੇ ਕਰਦਾ ਰਿਹਾ।
ਇੱਥੇ ਤੁਸੀਂ ਕਿਨ੍ਹਾਂ ਪ੍ਰਾਜੈਕਟਾਂ ਤੇ ਖੋਜ ਕਾਰਜ ਕੀਤੇ ?
– ਮੈਂ ਭੁਚਾਲ਼ਾਂ ਦੀ ਖੋਜ ਕਰਨ ਚੋਖਾ ਕੰਮ ਕੀਤਾ।ਸੰਨ 1984 ਵਿੱਚ ਅਸੀਂ ਰੇਡਾਨ ਗੈਸ ਦੀ ਰਿਕਾਰਡਿੰਗ ਯੂਨੀਵਰਸਿਟੀ ਤੋਂ ਸ਼ੁਰੂ ਕਰਕੇ ਖੋਜ ਦਾ ਦਾਇਰਾ ਹਿਮਾਚਲ ਪ੍ਰਦੇਸ਼ ਵਿੱਚ ਕਾਂਗੜਾ ਵਾਦੀ ਤੱਕ ਫੈਲਾ ਦਿੱਤਾ।ਪਾਲਮਪੁਰ ਖੇਤੀਬਾੜੀ ਯੂਨੀਵਰਸਿਟੀ ਵਿਚ ਸਾਡਾ ਰਿਕਾਰਡਿੰਗ ਸਟੇਸ਼ਨ ਹੁੰਦਾ ਸੀ।ਇੱਥੇ ਮੇਰੇ ਖੋਜ ਵਿਦਿਆਰਥੀ ਬਲਜਿੰਦਰ ਸਿੰਘ ਰੰਧਾਵਾ,ਅਨੰਦ ਸ਼ਰਮਾ,ਵਿਵੇਕ ਵਾਲੀਆ ਕੰਮ ਕਰ ਰਹੇ ਸਨ।
ਤੁਸੀਂ ਸੇਵਾ ਮੁਕਤ ਕਦੋਂ ਹੋਏ? ਅੱਜ ਕੱਲ੍ਹ ਕਿੱਥੇ ਰਹਿ ਰਹੇ ਹੋ? ਤੁਹਾਡੇ ਬੱਚੇ ਕਿੱਥੇ ਰਹਿੰਦੇ ਹਨ?
-ਜੂਨ 2002 ਵਿੱਚ ਮੈਂ ਸੇਵਾ ਮੁਕਤ ਹੋਕੇ ਮੁਹਾਲੀ ਆਕੇ ਵੱਸ ਗਿਆ।ਸਾਡਾ ਪਟਿਆਲੇ ਵਾਲਾ ਘਰ, ਕਿਸੇ ਪੁਲਸੀਏ ਨੇ ਦੱਬ ਲਿਆ ਸੀ।ਉਹ ਘਰ ਵੀ ਮੈਨੂੰ ਮਜਬੂਰੀ ਵੱਸ ਵੇਚਣਾ ਪਿਆ।ਮੇਰੇ ਤਿੰਨ ਪੁੱਤਰ ਵਿਦੇਸ ਵਿੱਚ ਰਹਿੰਦੇ ਹਨ।
ਕਦੀ ਅੰਮ੍ਰਿਤਸਰ ਵਿਭਾਗ ਜਾਂਦੇ ਹੋ
– ਹਾਂ ਮੇਰਾ ਲਗਾਇਆ ਪੌਦਾ ‘ਭੌਤਿਕ ਵਿਗਿਆਨ ਵਿਭਾਗ’ਹੁਣ ਪੂਰਾ ਭਰਵਾਂ ਰੁੱਖ ਬਣ ਚੁੱਕਾ ਹੈ। ਪੂਰਾ ਬੁਲੰਦੀਆਂ ਤੇ ਹੈ।ਦੇਖ ਕੇ ਮਨ ਨੂੰ ਖ਼ੁਸ਼ੀ ਹੁੰਦੀ।
ਤੁਸੀਂ ਐਨੇ ਵਧੀਆ ਰਿਕਾਰਡ ਦੇ ਹੁੰਦੇ ਸੁੰਦੇ ਉਪ ਕੁਲਪਤੀ ਕਿਉ ਨਹੀਂ ਬਣ ਸਕੇ, ਕੀ ਕਹਿਣਾ ਚਾਹੋਗੇ?
– ਆਪਣੇ ਸਿਧਾਂਤ ਤਿਆਗ ਕੇ ਚਾਪਲੂਸੀ ਅਤੇ ਸੌਦੇਬਾਜ਼ੀ ਦਾ ਗੁਣ ਮੇਰੇ ਵਿੱਚ ਨਹੀਂ ਸੀ।ਨਹੀਂ ਤਾਂ ਸਿਆਸਤ ਦੀ ਪੌੜੀ ਚੜ੍ਹ ਕੇ ਕਈ ਨਿਕੰਮੇ ਲੋਕ ਵੀ ਕਈ ਵਾਰ ਟੀਸੀ ਤੇ ਪਹੁੰਚ ਜਾਂਦੇ ਹਨ।
ਆਪਣੇ ਕਾਰਜ ਕਾਲ ਦੌਰਾਨ ਤੁਹਾਨੂੰ ਕਈ ਮਾਨ ਸਨਮਾਨ ਵੀ ਮਿਲੇ ਹੋਣਗੇ? ਕੁਝ ਖ਼ਾਸ ਸਨਮਾਨਾਂ ਦਾ ਜਕਿਰ ਕਰੋ।
– ਮੈਨੂੰ ਮਿਲੇ ਸਨਮਾਨਾਂ ਵਿੱਚੋਂ ਪ੍ਰਮੁੱਖ ਇਨਾਮਾਂ ਦਾ ਸੰਖੇਪ ਜਕਿਰ ਕਰਾਂਗਾ।ਮੈਨੂੰ ਵਿਗਿਆਨ ਸਾਹਿਤ ਦਾ ਸ੍ਰੋਮਣੀ ਅਵਾਰਡ ਸੰਨ 1993 ‘ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤਾ ਗਿਆ।ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਮੈਨੂੰ ਸੰਨ 2000 ‘ਚ ਕਰਤਾਰ ਸਿੰਘ ਧਾਲੀਵਾਲ ਐਵਾਰਡ ਦੇਕੇ ਨਿਵਾਜਿਆ ਗਿਆ।
ਤੁਹਾਡੀ ਖੋਜ ਦੇ ਖੇਤਰ ਕਿਹੜੇ ਕਿਹੜੇ ਰਹੇ ਹਨ?
ਨਿਊਕਲੀਅਰ ਅਤੇ ਰੇਡੀਏਸ਼ਨ ਫਿਜਿਕਸ, ਸੀਸਮਾਲੋਜੀ, ਨੈਨੋਟੈਕਨਾਲੋਜੀ, ਵਾਤਾਵਰਨ ਵਿਗਿਆਨ, ਵਿਗਿਆਨ ਦਾ ਇਤਿਹਾਸ ਅਤੇ ਦਰਸ਼ਨ ਮੇਰੇ ਖੋਜ ਅਧਿਐਨ ਦੇ ਵਿਸ਼ੇਸ਼ ਖੇਤਰ ਰਹੇ ਹਨ।
ਕੀ ਵਿਗਿਆਨ ਨੂੰ ਮਾਤ-ਭਾਸ਼ਾ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ? ਜੇ ਹਾਂ ਤਾਂ ਕਿਸ ਜਮਾਤ ਤੱ
– ਵਿਗਿਆਨਕ ਵਿਸਅਿਾਂ ਨੂੰ ਮਾਤਭਾਸ਼ਾ ਵਿੱਚ ਪੜ੍ਹਾਇਆ ਜਾਣਾ ਬੜਾ ਜ਼ਰੂਰੀ ਹੈ।ਜੋ ਸੰਕਲਪ ਮਾਤ ਭਾਸ਼ਾ ਵਿੱਚ ਸਿੱਖੇ ਜਾਂ ਸਮਝੇ ਜਾ ਸਕਦੇ ਹਨ, ਹੋਰ ਕਿਸੇ ਭਾਸ਼ਾ ਵਿੱਚ ਨਹੀਂ ਸਿੱਖੇ ਜਾ ਸਕਦੇ।ਘੱਟੋ-ਘੱਟ ਬਾਰ੍ਹਵੀਂ ਤੱਕ ਵਿਗਿਆਨਿਕ ਵਿਸ਼ੇ ਪੰਜਾਬੀ ਵਿੱਚ ਪੜ੍ਹਾਏ ਜਾਣ।
ਅੱਜ ਗਿਆਨ ਵਿਗਿਆਨ ਸਾਹਿਤ ਦੀ ਸਥਿਤੀ ਕੀ ਹੈ? ਕੌਣ ਵਧੀਆ ਲਿਖ ਰਹੇ ਹਨ? ਇਸ ਵਿੱਚ ਕੀ ਕੀ ਹੋਰ ਹੋਣਾ ਚਾਹੀਦਾ ਹੈ।
– ਇਸ ਖੇਤਰ ਵਿੱਚ ਕਈ ਲੇਖਕ ਨਿੱਠ ਕੇ ਕੰਮ ਕਰ ਰਹੇ ਹਨ।ਡਾ.ਡੀ.ਪੀ. ਸਿੰਘ, ਵਿਦਵਾਨ ਸਿੰਘ ਸੋਨੀ, ਹਰੀ ਕ੍ਰਿਸ਼ਨ ਮਾਇਰ, ਸਤਵੰਤ ਕਲੋਟੀ, ਤੇ ਕਈ ਹੋਰ ਵਧੀਆ ਲਿਖ ਰਹੇ ਹਨ।ਗਿਆਨ ਦੀ ਤੇਜ ਰਫ਼ਤਾਰ ਦੇ ਨਾਲ ਨਾਲ ਪੰਜਾਬੀ ਵਿਗਿਆਨ ਸਾਹਿਤ ਅਜੇ ਕਾਫ਼ੀ ਪਿੱਛੇ ਹੈ।
ਅੱਜ ਕੱਲ ਕੀ ਸਰਗਰਮੀਆਂ ਹਨ?
– ਕੁਝ ਸਮਾਂ ਪਹਿਲਾਂ ਮੇਰੀ ਸਵੈ ਜੀਵਨੀ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪ੍ਰਕਾਸ਼ਤ ਹੋਈ ਹੈ।ਉਸ ਵਿੱਚ ਮੇਰੇ ਜੀਵਨ ਦੇ ਸਾਰੇ ਪੱਖ ਉਜਾਗਰ ਹੋਏ ਹਨ।ਪੰਜਾਬ ਦੇ ਪ੍ਰਦੂਸ਼ਤ ਪਾਣੀ ਦੀ ਸਮੱਸਿਆ ਉੱਪਰ ਮੇਰਾ ਖੋਜ ਕਾਰਜ ਜਾਰੀ 9HdFray International Sustainability Award was conferred on me in
2022 in Phuket (Thailand) for my research in this area.
ਨਵਾਂ ਜ਼ਮਾਨਾ ਦੇ ਪਾਠਕਾਂ ਨਾਲ ਕੋਈ ਅਨੁਭਵ, ਸੰਦੇਸ਼ ਦੇਣਾ ਚਾਹੋਗੇ?
– ਮੈਂ ਇਹ ਕਹਿਣਾ ਚਾਹਾਂਗਾ ਕਿ ਬੁਰੇ ਤੋਂ ਬੁਰਾ ਵਕਤ ਨਿਕਲ ਜਾਂਦਾ ਹੈ, ਇਨਸਾਨ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ।ਤੁਰ ਪਓਗੇ ਤਾਂ ਕਿਤੇ ਪਹੁੰਚ ਹੀ ਜਾਓਗੇ। ਦ੍ਰਿੜ ਇਰਾਦੇ ਜਿੱਤ ਦੇ ਪ੍ਰਤੀਕ ਹੁੰਦੇ ਹਨ। ਜੰਿਦਗੀ ਵਿੱਚ ਵਿਗਿਆਨਿਕ ਨਜ਼ਰੀਆ ਅਪਣਾਓ ਨਾਂ ਕਿ ਦਕੀਆਨੂਸੀ ਟੂਣੇ ਸਬੂਤਾਂ ਅਤੇ ਜਾਦੂ ਮੰਤਰਾਂ ਵਾਲਾ।
ਈ. ਮੇਲ: mayer-hk@yahoo.com

Related Articles

Latest Articles