8.1 C
Vancouver
Monday, April 21, 2025

ਪਲਾਸਟਿਕ ਦੇ ਭਾਂਡਿਆਂ ਵਿੱਚ ਖਾਣਾ ਸਿਹਤ ਲਈ ਬੇਹੱਦ ਹਾਨੀਕਾਰਕ

ਗੁਰੂ ਕਾ ਲੰਗਰ ਪਲਾਸਟਿਕ ਦੇ ਭਾਂਡਿਆਂ ‘ਚ ਨਾ ਵਰਤਾਉਣ ਦੀ ਅਪੀਲ

ਸਰੀ : ਵਾਤਾਵਰਣ ਵਿਗਿਆਨੀਆਂ ਅਤੇ ਸਿਹਤ ਸੰਸਥਾਵਾਂ ਵਲੋਂ ਕੀਤੇ ਗਏ ਤਾਜ਼ਾ ਸਰਵੇਖਣਾਂ ਮੁਤਾਬਕ, ਪਲਾਸਟਿਕ ਦੇ ਭਾਂਡਿਆਂ ਵਿੱਚ ਭੋਜਨ ਕਰਨਾ ਸਿਰਫ਼ ਸਿਹਤ ਲਈ ਹੀ ਨਹੀਂ, ਸਗੋਂ ਵਾਤਾਵਰਨ ਲਈ ਵੀ ਬੇਹੱਦ ਹਾਨੀਕਾਰਕ ਹੈ। ਇਹ ਭਾਂਡੇ ਨਾ ਤਾਂ ਆਸਾਨੀ ਨਾਲ ਨਸ਼ਟ ਹੁੰਦੇ ਹਨ, ਨਾ ਹੀ ਇਹ ਰੀਸਾਈਕਲ ਹੋ ਸਕਦੇ ਹਨ। ਇਸ ਕਰਕੇ ਇਹ ਧਰਤੀ ‘ਤੇ ਕਈ ਸਾਲਾਂ ਤੱਕ ਪਏ ਰਹਿ ਜਾਂਦੇ ਹਨ ਅਤੇ ਹੌਲੀ ਹੌਲੀ ਇਨਾਂ ਵਿੱਚ ਜ਼ਹਿਰੀਲੇ ਤੱਤ ਇਕੱਠੇ ਹੋ ਜਾਂਦੇ ਹਨ ।
ਪਲਾਸਟਿਕ ਦੇ ਭਾਂਡਿਆਂ ਤੋਂ ਖਾਸ ਤੌਰ ‘ਤੇ ਗਰਮ ਭੋਜਨ ਜਾਂ ਚਾਹ ਆਦਿ ਪੀਣ ਸਮੇਂ ਬਿਸਫਿਨੋਲ-ਏ (ਭਫਅ) ਅਤੇ ਫਥਲੇਟਸ (ਫਹਟਹੳਲੳਟੲਸ) ਵਰਗੇ ਰਸਾਇਣ ਰਿਲੀਜ਼ ਹੁੰਦੇ ਹਨ। ਇਹ ਰਸਾਇਣ ਹਾਰਮੋਨਲ ਗੜਬੜ, ਥਾਇਰਾਇਡ ਸਮੱਸਿਆਵਾਂ, ਪੇਟ ਸੰਬੰਧੀ ਬਿਮਾਰੀਆਂ, ਲਿਵਰ ਤੇ ਕਿਡਨੀ ਨੂੰ ਨੁਕਸਾਨ ਪਹੁੰਚਾਉਣ, ਇਮਿਊਨ ਸਿਸਟਮ ਦੀ ਕਮਜ਼ੋਰ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਵਧਣ ਦੇ ਕਾਰਨ ਬਣ ਰਹੇ ਹਨ।
ਗੁਰੂ ਕਾ ਲੰਗਰ ਸਿੱਖ ਧਰਮ ਦਾ ਅਨਮੋਲ ਰੂਪ ਹੈ, ਜੋ ਸਮਾਨਤਾ, ਭਾਈਚਾਰੇ ਅਤੇ ਪਵਿੱਤਰਤਾ ਦੀ ਮਿਸਾਲ ਹੈ। ਪਰ ਜਦੋਂ ਗੁਰੂ ਕਾ ਲੰਗਰ ਪਲਾਸਟਿਕ ਦੇ ਭਾਂਡਿਆਂ ਵਿੱਚ ਵਰਤਾਇਆ ਜਾਂਦਾ ਹੈ ਤਾਂ ਇਹ ਸਿੱਖੀ ਦੇ ਆਦਰਸ਼ਾਂ ਨਾਲ ਉਲਟ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਦਾ ਸਾਫ-ਸੁਥਰੇ ਅਤੇ ਕੁਦਰਤ ਨਾਲ ਸਹੀ ਤਾਲਮੇਲ ਵਾਲੇ ਜੀਵਨ ਦੀ ਪ੍ਰੇਰਣਾ ਦਿੱਤੀ। ਅਜਿਹੀ ਸਥਿਤੀ ਵਿੱਚ, ਜਿੱਥੇ ਲੰਗਰ ਪਲਾਸਟਿਕ ਦੇ ਜ਼ਰੀਏ ਦਿੱਤਾ ਜਾ ਰਿਹਾ ਹੋਵੇ, ਉੱਥੇ ਪਵਿੱਤਰਤਾ ਦੀ ਜਗ੍ਹਾ ਆਲਸੀਪਨ, ਬੇਪਰਵਾਹੀ ਅਤੇ ਪ੍ਰਦੂਸ਼ਣ ਨੂੰ ਹੀ ਵਧਾਵਾ ਦਿੱਤਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਲਾਸਟਿਕ ਉਤਪਾਦਾਂ ਦੇ ਵਰਤੋਂ ਤੇ ਪਾਬੰਦੀ ਲਾ ਕੇ ਚੰਗਾ ਕਦਮ ਚੁੱਕਿਆ ਹੈ, ਉਥੇ ਹੀ ਕੈਨੇਡਾ ਦੇ ਗੁਰਦੁਆਰਿਆਂ ਨੂੰ ਵੀ ਇਸ ਪਾਸੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਕੈਨੇਡਾ ਅਤੇ ਅਮਰੀਕਾ ਵਰਗੇ ਮੁਲਕਾਂ ਵਿੱਚ ਪਲਾਸਟਿਕ ਉਤਪਾਦਾਂ ਤੇ ਕਈ ਸਾਲਾਂ ਤੋਂ ਪਾਬੰਦੀਆਂ ਲੱਗ ਚੁੱਕੀਆਂ ਹਨ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਕੈਨੇਡਾ ਵਿੱਚ ਵੀ ਕਈ ਗੁਰਦੁਆਰਾ ਸਾਹਿਬ ਅਜੇ ਵੀ ਪਵਿੱਤਰ ਲੰਗਰ ਨੂੰ ਪਲਾਸਟਿਕ ਦੇ ਭਾਂਡਿਆਂ ਰਾਹੀਂ ਵੰਡ ਰਹੇ ਹਨ। ਜੋ ਕੇ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਗੁਰੂ ਕਾ ਲੰਗਰ ਹਮੇਸ਼ਾ ਪੌਸ਼ਟਿਕਤਾ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਤੇ ਵਰਤਾਇਆ ਜਾਣਾ ਚਾਹੀਦਾ ਹੈ ਅਤੇ ਹਰ ਚੀਜ਼ ਗੁਰੂ ਕਾ ਲੰਗਰ ਨਹੀਂ ਹੋ ਸਕਦੀ ਖਾਸ ਕਰ ਅਜਿਹੀਆਂ ਚੀਜ਼ਾਂ ਜੋ ਸਿਹਤ ਲਈ ਹਾਨੀਕਾਰਨ ਹਨ।
ਪਲਾਸਟਿਕ ਦੇ ਭਾਂਡਿਆਂ ਅਤੇ ਲਿਫਾਫਿਆਂ ਨੇ ਵਾਤਾਵਰਨ ਲਈ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ। ਨਦੀਆਂ, ਝੀਲਾਂ, ਸਮੁੰਦਰ, ਜੰਗਲ ਅਤੇ ਪਹਾੜੀ ਇਲਾਕੇ ਪਲਾਸਟਿਕ ਦੇ ਕੂੜੇ ਨਾਲ ਭਰੇ ਹੋਏ ਹਨ। ਹਜ਼ਾਰਾਂ ਸਮੁੰਦਰੀ ਜੀਵ ਜਿਵੇਂ ਕਿ ਡਾਲਫਿਨ, ਟਰਟਲ, ਅਤੇ ਮੱਛੀਆਂ ਪਲਾਸਟਿਕ ਨਿਗਲ ਜਾਣ ਕਾਰਨ ਮਰ ਰਹੀਆਂ ਹਨ। ਗੋਲਬਲ ਤਾਪਮਾਨ ਵਿੱਚ ਹੋ ਰਹਾ ਵਾਧਾ, ਵਾਤਾਵਰਣੀ ਤਬਦੀਲੀ ਅਤੇ ਆਫ਼ਤਾਂ ਸਿੱਧਾ ਇਸ ਪ੍ਰਦੂਸ਼ਣ ਨਾਲ ਜੁੜੀਆਂ ਹੋਈਆਂ ਹਨ।
ਪਲਾਸਟਿਕ ਦੇ ਵਿਰੁੱਧ ਜੰਗ ਸਿਰਫ਼ ਸਰਕਾਰਾਂ ਜਾਂ ਸੰਸਥਾਵਾਂ ਦੀ ਜਿੰਮੇਵਾਰੀ ਨਹੀਂ, ਸਗੋਂ ਹਰ ਇਨਸਾਨ ਦੀ ਜਿੰਮੇਵਾਰੀ ਹੈ। ਸੰਗਤਾਂ, ਲੰਗਰ ਸੇਵਾ ਕਰ ਰਹੇ ਸੇਵਾਦਾਰਾਂ, ਵਪਾਰੀ ਵਰਗ, ਅਤੇ ਪਿੰਡ-ਕਸਬਿਆਂ ਦੇ ਲੋਕਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਨਗਰ ਕੀਰਤਨਾਂ ਅਤੇ ਧਾਰਮਿਕ ਸਮਾਗਮਾਂ ਦੌਰਾਨ ਪਲਾਸਟਿਕ ਦੇ ਭਾਂਡਿਆਂ ਅਤੇ ਲਿਫਾਫਿਆਂ ਦੀ ਵਰਤੋਂ ਨਾ ਕਰਨੀ ਸਿੱਧੀ ਤੌਰ ਤੇ ਧਰਤੀ ਮਾਤਾ ਦੀ ਰੱਖਿਆ ਕਰਨ ਵਾਲਾ ਕਦਮ ਹੋਵੇਗਾ।
ਸਾਡੀ ਧਰਤੀ, ਸਾਡੀ ਸਿਹਤ ਅਤੇ ਸਾਡੀ ਆਤਮਾ ਤਿੰਨੋ ਹੀ ਪਲਾਸਟਿਕ ਦੀ ਭੇਟ ਚੜ੍ਹ ਰਹੇ ਹਨ। ਇਹ ਸਮਾਂ ਹੈ ਜਾਗਣ ਦਾ, ਸੋਚ ਬਦਲਣ ਦਾ ਅਤੇ ਪਲਾਸਟਿਕ ਦੀ ਥਾਂ ਹੋਰ ਵਿਕਲਪਾਂ ਦੀ ਵਰਤੋਂ ਕਰਨ ਦਾ। ਆਓ ਅਸੀਂ ਸਾਰੇ ਮਿਲ ਕੇ ਇੱਕ ਵਾਅਦਾ ਕਰੀਏ ਕਿ ਅਸੀਂ ਨਾ ਸਿਰਫ਼ ਆਪਣੇ ਲਈ, ਸਗੋਂ ਆਪਣੀ ਅਗਲੀ ਪੀੜ੍ਹੀ ਲਈ ਵੀ ਸਾਫ਼, ਸਿਹਤਮੰਦ ਅਤੇ ਆਦਰਸ਼ ਜੀਵਨ ਬਣਾਉਣ ਲਈ ਕੰਮ ਕਰਾਂਗੇ।

Related Articles

Latest Articles