8.3 C
Vancouver
Sunday, April 20, 2025

ਸਰੀ ਕੌਂਸਲ ਵਲੋਂ ਕਮੇਟੀਆਂ ਦਾ ਗਠਨ, ਸਿਰਫ਼ ਸਰੀ ਕਨੈਕਟ ਦੇ ਕੌਂਸਲਰਾਂ ਨੂੰ ਨਿਯੁਕਤ ਕਰਨ ‘ਤੇ ਭੱਖਿਆ ਮਾਮਲਾ

ਸਰੀ,(ਪਰਜੀਤ ਸਿੰਘ): ਸਰੀ ਕੌਂਸਲ ਨੇ ਬੀਤੇ ਦਿਨੀਂ ਮੀਟਿੰਗ ਦੌਰਾਨ ਨਵੀਆਂ ਕਮੇਟੀਆਂ ਦਾ ਐਲਾਨ ਕੀਤਾ, ਪਰ ਇਹ ਫੈਸਲਾ ਉਸ ਵੇਲੇ ਵਿਵਾਦਾਂ ‘ਚ ਆ ਗਿਆ ਜਦੋਂ ਪਤਾ ਲੱਗਾ ਕਿ ਸਿਰਫ਼ ਸਰੀ ਕਨੈਕਟ ਦੇ ਕੌਂਸਲ ਮੈਂਬਰਾਂ ਨੂੰ ਹੀ ਕਮੇਟੀਆਂ ‘ਚ ਥਾਂ ਦਿੱਤੀ ਗਈ ਹੈ। ਸਰੀ ਫਸਟ ਅਤੇ ਸੇਫ਼ ਸਰੀ ਕੋਲੇਸ਼ਨ ਪਾਰਟੀ ਦੇ ਕੌਂਸਲਰਾਂ ਨੂੰ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ ਗਿਆ ਹੈ।
ਮੇਅਰ ਬ੍ਰੈਂਡਾ ਲੌਕ ਦੀ ਸਰੀ ਕਨੈਕਟ ਟੀਮ ਦੇ ਹਰੇਕ ਮੈਂਬਰ ਨੂੰ ਘੱਟੋ-ਘੱਟ ਇੱਕ ਕਮੇਟੀ ਵਿੱਚ ਨਿਯੁਕਤ ਕੀਤਾ ਗਿਆ। ਕੌਂਸਲਰ ਪਰਦੀਪ ਕੂਨਰ ਨੂੰ ਤਿੰਨ ਕਮੇਟੀਆਂ ਵਿੱਚ, ਹੈਰੀ ਬੈਂਸ ਨੂੰ ਦੋ ਵਿੱਚ, ਜਦਕਿ ਰੌਬ ਸਟਫ ਅਤੇ ਗੋਰਡਨ ਹੈਪਨਰ ਨੂੰ ਇੱਕ-ਇੱਕ ਕਮੇਟੀ ਵਿੱਚ ਨਿਯੁਕਤ ਕੀਤਾ ਗਿਆ। ਇਸ ਦੇ ਉਲਟ, ਲਿੰਡਾ ਐਨਿਸ, ਮਾਈਕ ਬੋਸ, ਮੰਦੀਪ ਨਾਗਰ ਅਤੇ ਡੱਗ ਐਲਫੋਰਡ ਨੂੰ ਕਿਸੇ ਵੀ ਕਮੇਟੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ।
ਕੌਂਸਲ ਨੇ ਲਾਈਵਬਿਲਿਟੀ ਐਂਡ ਸੋਸ਼ਲ ਇਕਵਿਟੀ ਕਮੇਟੀ ਅਤੇ ਪਬਲਿਕ ਸੇਫਟੀ ਕਮੇਟੀਆਂ ਨੂੰ ਰੱਦ ਕਰਕੇ ਇਕ ਨਵੀਂ ਕਮੇਟੀ ”ਲਾਈਵਬਿਲਿਟੀ, ਸੋਸ਼ਲ ਇਕਵਿਟੀ ਅਤੇ ਪਬਲਿਕ ਸੇਫਟੀ ਕਮੇਟੀ” ਦਾ ਗਠਨ ਕੀਤਾ ਗਿਆ ਹੈ। ਇਸ ਨਵੀਂ ਕਮੇਟੀ ਦੇ ਚੇਅਰਮੈਨ ਰੌਬ ਸਟਫ ਹੋਣਗੇ ਜਦਕਿ ਪਰਦੀਪ ਕੂਨਰ ਵਾਈਸ-ਚੇਅਰਵੂਮਨ ਹੋਣਗੀਆਂ। ਹੈਰੀ ਬੈਂਸ ਨੂੰ ”ਐਗਰੀਕਲਚਰ ਐਂਡ ਫੂਡ ਪਾਲਿਸੀ ਕਮੇਟੀ” ਦਾ ਚੇਅਰਮੈਨ, ”ਇਨਵੈਸਟਮੈਂਟ, ਇਨੋਵੇਸ਼ਨ ਐਂਡ ਬਿਜ਼ਨਸ ਕਮੇਟੀ” ਦਾ ਵੀ ਚੇਅਰਮੈਨ ਬਣਾਇਆ ਗਿਆ। ਪਰਦੀਪ ਕੂਨਰ ਨੂੰ ”ਆਰਟਸ ਐਂਡ ਕਲਚਰ ਐਡਵਾਇਜ਼ਰੀ ਕਮੇਟੀ” ਦੀ ਚੇਅਰਵੂਮਨ ਅਤੇ ”ਪਾਰਕਸ, ਰਿਕਰੇਸ਼ਨ ਐਂਡ ਸਪੋਰਟ ਟੂਰਿਜ਼ਮ ਕਮੇਟੀ” ਦੀ ਵਾਈਸ-ਚੇਅਰਵੂਮਨ ਨਿਯੁਕਤ ਕੀਤਾ ਗਿਆ। ਇਸ ਕਮੇਟੀ ਦੇ ਚੇਅਰਮੈਨ ਗੋਰਡਨ ਹੈਪਨਰ ਹੋਣਗੇ।
ਸਰੀ ਫਸਟ ਦੀ ਕੌਂਸਲਰ ਲਿੰਡਾ ਐਨਿਸ ਨੇ ਵਿਰੋਧ ਜਤਾਉਂਦੇ ਹੋਏ ਪੁੱਛਿਆ ਕਿ ਇੰਵਾਇਰਨਮੈਂਟਲ ਐਂਡ ਕਲਾਈਮੇਟ ਚੇਂਜ ਕਮੇਟੀ ਦੀ ਗੈਰਹਾਜ਼ਰੀ ਦਾ ਕੀ ਕਾਰਣ ਹੈ। ਜਵਾਬ ਵਿੱਚ ਮੇਅਰ ਨੇ ਕਿਹਾ, “ਉਹ ਹਜੇ ਤਿਆਰ ਨਹੀਂ। ਇਹ ਜਾਂ ਅਗਲੀ ਮੀਟਿੰਗ ਵਿੱਚ, ਜਾਂ ਉਸ ਤੋਂ ਅਗਲੀ ਵਿੱਚ ਲਿਆਂਦੀ ਜਾਵੇਗੀ। ਹਜੇ ਮੈਂ ਉਸ ਲਈ ਤਿਆਰ ਨਹੀਂ ਸੀ।”
ਐਨਿਸ ਨੇ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਇਹ ”ਪੂਰੀ ਤਰ੍ਹਾਂ ਇਕ-ਪੱਖੀ ਅਤੇ ਮਨਮਰਜੀ ਦੀ ਸਿਆਸਤ ਹੈ।” ਉਨ੍ਹਾਂ ਨੇ ਕਿਹਾ ਕਿ ”ਕੌਂਸਲਰ ਲੋਕਲ ਪ੍ਰਤੀਬੱਧਤਾ ਅਤੇ ਤਜਰਬੇ ਦੇ ਆਧਾਰ ‘ਤੇ ਕਮੇਟੀਆਂ ਵਿੱਚ ਹੋਣੇ ਚਾਹੀਦੇ ਹਨ ૷ ਨਾ ਕਿ ਸਿਰਫ਼ ਇੱਕ ਸਲੇਟ ਦੇ ਮੈਂਬਰ।”
ਕੌਂਸਲਰ ਮਾਈਕ ਬੋਸ ਨੇ ਵੀ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਕਿ ਕਮੇਟੀਆਂ ਵਿੱਚ ਵੱਖ-ਵੱਖ ਅਵਾਜ਼ਾਂ ਅਤੇ ਵਿਚਾਰਧਾਰਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਵਿਆਪਕ ਪੱਧਰ ‘ਤੇ ਨੀਤੀਆਂ ਤੈਅ ਕੀਤੀਆਂ ਜਾ ਸਕਣ। ”ਇਹ ਦਿਖਾਉਂਦਾ ਹੈ ਕਿ ਸਰੀ ਕੋਨੈਕਟ ਸਿਰਫ਼ ਆਪਣੇ ਹੀ ਲੋਕਾਂ ਨੂੰ ਅੱਗੇ ਵਧਾਉਣ ਦੀ ਨੀਤੀ ਰੱਖਦੀ ਹੈ।”

 

Related Articles

Latest Articles