ਪੈ ਚੁੱਕਿਆ ਏਨਾ ਫ਼ਰਕ
ਕਿ ਹੁਣ ਫ਼ਰਕ ਨਹੀਂ ਪੈਂਦਾ।
ਕਿਉਂਕਿ ਜੋ ਜਿਵੇਂ ਦਾ ਸੀ,
ਉਵੇਂ ਦਾ ਨਹੀਂ ਰਹਿੰਦਾ?
ਦੁਨੀਆਂ ਦੇ ਰੰਗ-
ਬੜੇ ਦੇਖੇ,ਬੜੇ ਸੁਣੇ,ਬੜੇ ਹੰਢਾਏ,
ਪਰ ਜੋ ਅਸਲ ਵਿੱਚ ਸੱਚ ਹੈ
ਉਹ ਕਿੱਥੇ ਹੈ ਰਹਿੰਦਾ?
ਪੈ ਚੁੱਕਿਆ ਏਨਾ ਫ਼ਰਕ
ਕਿ ਹੁਣ ਫ਼ਰਕ ਨਹੀਂ ਪੈਂਦਾ।
ਇਕ ਦਿਨ ਸੀ
ਜਦੋਂ ਜਾਦੂ ਤੇ ਵੀ ਯਕੀਨ ਸੀ,
ਇਕ ਅੱਜ ਦਾ ਦਿਨ ਹੈ
ਜਦੋਂ ਹਕ਼ੀਕ਼ਤ ਤੇ ਵੀ
ਯਕੀਨ ਨਹੀਂ ਆਉਂਦਾ ।
ਕਿਉਂ ਏਨੀ ਮਾਯੂਸ ਹੋ ਗਈ ਏ
ਜਿੰਦ ਮੇਰੀ,
ਇਹ ਖੇੜੇ ਵਿਚ ਨਹੀਂ ਆਉਂਦੀ?
ਕਿਉਂ ਦਿਲ ਦੀਆਂ ਦਿਲ ਚ ਹੀ
ਰੱਖਣ ਨੂੰ ਦਿਲ ਕਰਦਾ ਏ ,
ਕੁਝ ਜ਼ੁਬਾਨ ਤੇ ਨਹੀਂ ਆਉਂਦਾ।
ਪੈ ਚੁੱਕਿਆ ਏਨਾ ਫ਼ਰਕ
ਕਿ ਹੁਣ ਫ਼ਰਕ ਨਹੀਂ ਪੈਂਦਾ।
ਹਰ ਇਨਸਾਨ ਦੂਜੇ ਵਿਚ
ਕਮੀਆਂ ਲੱਭਦਾ ਫਿਰਦਾ ਏ,
ਓਹਦੇ ਆਪਣੇ ਅੰਦਰ ਹੈ ਜੋ
ਉਹ ਕਿਉਂ ਨਜ਼ਰੀਂ ਨਹੀਂ ਪੈਂਦਾ।
ਇਕ ਦੌੜ ਹੈ ਪੈਸੇ ਦੀ,
ਸ਼ੋਹਰਤ ਦੀ,ਨਾਮ ਦੀ,
ਇਹ ਸਭ ਪਾਉਣ ਲਈ ਬੰਦਾ
ਕੀ ਕੁਝ ਨਹੀਂ ਕਰਵ ਬਹਿੰਦਾ।
ਪੈ ਚੁੱਕਿਆ ਏਨਾ ਫ਼ਰਕ
ਕਿ ਹੁਣ ਫ਼ਰਕ ਨਹੀਂ ਪੈਂਦਾ।
ਇਕ ਵਾਰੀ ਸੋਚਿਆ ਸੀ
ਕਿ ਚੱਲ ਕੋਈ ਨਾ,
ਦੁਨੀਆਂ ਜਿਵੇਂ ਦੀ ਹੈ
ਅਸੀਂ ਵੀ ਉਵੇਂ ਦੇ ਹੋ ਜਾਂਦੇ ਹਾਂ।
ਜਿਸ ਰਾਹ ਤੇ ਬਾਕੀ ਤੁਰਦੇ ਨੇ
ਓਸੇ ਤੇ ਤੁਰ ਕੇ ਵੇਖ ਲੈਂਦੇ ਹਾਂ।
ਇਕ ਕਦਮ ਪੁੱਟਿਆ
ਤੇ ਅੰਦਰੋਂ ਆਵਾਜ਼ ਆਈ,
ਜੇ ਤੂੰ ਵੀਂ ਏਦਾਂ ਹੀ ਕਰਨਾ ਸੀ
ਫੇਰ ਕੀ ਲੋੜ ਸੀ ਇਥੋਂ ਤਕ
ਸੱਚ ਨਾਲ ਤੁਰ ਕੇ ਆਉਣ ਦੀ?
ਹੁਣ ਜੇ ਏਨੀ ਵਾਟ ਕੱਟੀ ਏ,
ਤੇ ਫਿਰ ਨਿਸ਼ਚਾ ਕਰ ਕੇ ਆਉਂਦਾ ।
ਪੈ ਚੁੱਕਿਆ ਏਨਾ ਫ਼ਰਕ
ਕਿ ਹੁਣ ਫ਼ਰਕ ਨਹੀਂ ਪੈਂਦਾ।
ਲੇਖਕ : ਡਾ ਮਨਦੀਪ ਕੌਰ ਰੰਧਾਵਾ