12.7 C
Vancouver
Friday, May 9, 2025

ਕੈਨੇਡਾ ਚੋਣਾਂ 2025 ‘ਚ ਫਿਰ ਲਟਕਵੀਂ ਪਾਰਲੀਮੈਂਟ

ਦਰਬਾਰਾ ਸਿੰਘ ਕਾਹਲੋਂ
-ਸੰਪਰਕ : +12898292929
28 ਅਪ੍ਰੈਲ ਨੂੰ ਕੈਨੇਡਾ ਦੀਆਂ ਸਨੈਪ ਫੈਡਰਲ ਚੋਣਾਂ ‘ਚ ਜੋ ਨਤੀਜੇ ਹੁਣ ਤਕ ਸਾਹਮਣੇ ਆਏ ਹਨ, ਇਨ੍ਹਾਂ ‘ਚ ਕਿਸੇ ਵੀ ਰਾਜਨੀਤਕ ਪਾਰਟੀ ਨੂੰ 343 ਮੈਂਬਰਾਂ ‘ਤੇ ਅਧਾਰਿਤ ਹਾਊਸ ਆਫ਼ ਕਾਮਨਜ਼ ‘ਚ ਬਹੁਮਤ ਪ੍ਰਾਪਤ ਨਹੀਂ ਹੋਇਆ। 23 ਮਾਰਚ ਨੂੰ ਸਦਨ ਭੰਗ ਹੋਣ ਸਮੇਂ ਲਿਬਰਲ ਸੱਤਾਧਾਰੀ ਪਾਰਟੀ ਕੋਲ 152, ਕੰਜ਼ਰਵੇਟਿਵ ਕੋਲ 120, ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਕੋਲ 24, ਬਲਾਕ ਕਿਊਬੈਕ ਕੋਲ 33, ਗਰੀਨ ਪਾਰਟੀ ਕੋਲ 2 ਸੀਟਾਂ ਸਨ।
ਦੇਸ਼ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਡਲ ਟਰੰਪ ਵੱਲੋਂ ਆਰਿਥਕ, ਸੁਰੱਖਿਆ, ਪ੍ਰਵਾਸ ਅਤੇ ਯੁੱਧਨੀਤਕ ਚੁਣੌਤੀਆਂ ਸਾਹਮਣੇ ਅਮਰੀਕਾ ਦੇ 51ਵੇਂ ਸੂਬੇ ਵਜੋਂ ਸ਼ਾਮਲ ਹੋਣ ਲਈ ਦਬਾਅ, ਟੈਰਿਫ ਲਗਾ ਕੇ ਇਸ ਦੀ ਆਰਥਿਕਤਾ ਢਹਿ ਢੇਰੀ ਕਰਨ ਦੀਆਂ ਆਏ ਦਿਨ ਧਮਕੀਆਂ, ਕੈਨੇਡਾ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ, ਇਸ ਦੀ ਆਨ ਸ਼ਾਨ ਨੂੰ ਖ਼ਤਰੇ ਕਰਕੇ ਸਮਝਿਆ ਜਾ ਰਿਹਾ ਸੀ ਕਿ ਲੋਕ ਇਸ ਵਾਰ ਇਕ ਪ੍ਰਭਾਵਸ਼ਾਲੀ ਆਗੂ ਦੀ ਅਗਵਾਈ ‘ਚ ਬਹੁਮਤ ਵਾਲੀ ਸਰਕਾਰ ਚੁਣਨਗੇ। ਪਿਛਲੀਆਂ 8 ਚੋਣਾਂ ‘ਚੋਂ 5 ‘ਚ ਲੋਕਾਂ ਨੇ ਲਟਕਵੀਂ ਪਾਰਲੀਮੈਂਟ ਚੁਣੀ ਸੀ। ਦੇਸ਼ ਨੂੰ ਲਗਾਤਾਰ ਘੱਟ ਗਿਣਤੀ ਸਰਕਾਰਾਂ ਮਿਲਣ ਕਰਕੇ ਆਰਥਿਕ, ਪ੍ਰਸ਼ਾਸਨਿਕ, ਸੁਰੱਖਿਆ ਅਤੇ ਵਿਦੇਸ਼ਾਂ ਨਾਲ ਸਬੰਧਤ ਨੀਤੀਆਂ ਦੇ ਨਿਰਮਾਣ ਅਤੇ ਵਿਕਾਸ ‘ਤੇ ਵੱਡਾ ਪ੍ਰਭਾਵ ਪਿਆ।
ਹੁਣ ਤੱਕ ਆਏ ਰੁਝਾਨਾਂ ਅਨੁਸਾਰ ਕੈਨੇਡਾ ਦੇ ਲੋਕਾਂ ਨੇ ਇਕ ਵਾਰ ਫਿਰ ਲਟਕਵੀਂ ਪਾਰਲੀਮੈਂਟ ਅਤੇ ਲਗਾਤਾਰ ਤੀਸਰੀ ਵਾਰ ਭਾਵ ਸੰਨ 2019, 2021 ਅਤੇ ਹੁਣ 2025 ‘ਚ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਪੱਖ ‘ਚ ਘੱਟ ਗਿਣਤੀ ਸਰਕਾਰ ਦੇ ਹੱਕ ‘ਚ ਫੈਸਲਾ ਦਿੱਤਾ ਦਿਖਾਈ ਦਿੱਤਾ ਹੈ। ਇਸ ਸਮੇਂ ਰੁਝਾਨ ਦਰਸਾਉੰਦੇ ਹਨ ਕਿ ਲਿਬਰਲ ਪਾਰਟੀ ਨੂੰ 168, ਕੰਜ਼ਰਵੇਟਿਵ ਪਾਰਟੀ ਨੂੰ 144, ਐੱਨ.ਡੀ.ਪੀ ਨੂੰ 7 ਬਲਕਿ ਕਿਊਬੈਕ ਨੂੰ 23 ਅਤੇ ਗਰੀਨ ਪਾਰਟੀ ਨੂੰ 1 ਸੀਟ ਹਾਸਲ ਹੋਵੇਗੀ। ਹੈਰਾਨਗੀ ਦੀ ਗੱਲ ਇਹ ਹੈ ਕਿ ਚੋਣਾਂ ਵਾਲੇ ਦਿਨ ਅਮਰੀਕੀ ਰਾਸ਼ਟਰਪਤੀ ਨੇ ਬੜੇ ਸ਼ਰਮਨਾਕ ਢੰਗ ਨਾਲ ਦਖ਼ਲ ਦਿੱਤਾ। ਕਿਹਾ ਕਿ ਉਹ ਕੈਨੇਡਾ ਦੇ ਮਹਾਨ ਲੋਕਾਂ ਦੀ ਚੰਗੀ ਕਿਸਮਤ ਦੀ ਕਾਮਨਾ ਕਰਦਿਆਂ ਜ਼ੋਰ ਦਿੰਦਾ ਹਾਂ ਕਿ ਕੈਨੇਡੀਅਨ ਵੋਟਰ ਉਸ ਵਿਅਕਤੀ (ਭਾਵ ਮੈਨੂੰ) ਵੋਟ ਕਰਨ ਜਿਸ ਕੋਲ ਸ਼ਕਤੀ ਅਤੇ ਸੂਝ ਹੈ ਤੁਹਾਡੇ ਟੈਕਸ ਅੱਧੇ ਕਰਨ ਦੀ, ਤੁਹਾਡੀ ਫ਼ੌਜੀ ਸ਼ਕਤੀ ਵਧਾਉਣ, ਮੁਫ਼ਤ ‘ਚ ਤੁਹਾਨੂੰ ਵਿਸ਼ਵ ਦੀ ਟੀਸੀ ‘ਤੇ ਪਹੁੰਚਾਉਣ, ਤੁਹਾਡੀਆਂ ਉਤਪਾਦਤ ਵਸਤਾਂ ਖ਼ਰੀਦਣ, ਤੁਹਾਨੂੰ ਚੌਗੁਣੇ ਰੂਪ ‘ਚ ਜ਼ੀਰੋ ਟੈਕਸਾਂ ਅਤੇ ਜ਼ੀਰੋ ਟੈਰਿਫ਼ਾਂ ਜ਼ਰੀਏ ਵਿਕਸਤ ਕਰਨ ਦੀ, ਜੇ ਤੁਸੀਂ ਅਮਰੀਕਾ ਦਾ 51ਵਾਂ ਸੂਬਾ ਬਣ ਜਾਓ। ਅਮਰੀਕਾ ਦੇ ਗ੍ਰਹਿ ਸਕੱਤਰ ਮਾਰਕੋ ਰੂਬੀਓ ਦਾ ਕਹਿਣਾ ਸੀ ਕਿ ਟਰੰਪ ਦਾ ਅਸਲ ਮਕਸਦ ਕੈਨੇਡਾ ਨਾਲ ਵਪਾਰ ਘਾਟਾ ਨਜਿੱਠਣਾ ਹੈ। ਇਹ ਤਾਂ ਹੀ ਵਧੀਆ ਢੰਗ ਨਾਲ ਨਜਿੱਠਿਆ ਜਾ ਸਕਦਾ ਹੈ ਜੇਕਰ ਕੈਨੇਡਾ ਇਕ ਰਾਜ ਵਜੋਂ ਅਮਰੀਕਾ ‘ਚ ਸ਼ਾਮਲ ਹੋ ਜਾਏ ਪਰ ਤੁਰੰਤ ਟਰੰਪ ਨੂੰ ਠੋਕਵਾਂ ਜਵਾਬ ਦਿੰਦਿਆਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੇਅਰੋ ਪੋਲੀਵਰ ਅਤੇ ਲਿਬਰਲ ਪਾਰਟੀ ਆਗੂ ਮਾਰਕ ਕਾਰਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਚੋਣਾਂ ਤੋਂ ਦੂਰ ਰਹੇ। ਕੈਨੇਡਾ ਦੇ ਲੋਕ ਆਪਣੀ ਭਵਿੱਖੀ ਹੋਣੀ ਦਾ ਫ਼ੈਸਲਾ ਮੱਤ ਪੇਟੀ ਰਾਹੀਂ ਕਰਨਗੇ। ਕੈਨੇਡਾ ਨੂੰ ਆਪਣੀ ਪ੍ਰਭੂਸੱਤਾ, ਆਪਣੀ ਆਜ਼ਾਦੀ, ਆਪਣੀ ਏਕਤਾ ਅਤੇ ਅਖੰਡਤਾ ‘ਤੇ ਮਾਣ ਹੈ। ਕੈਨੇਡਾ ਕਦੇ ਅਮਰੀਕਾ ਦਾ 51ਵਾਂ ਸੂਬਾ ਨਹੀਂ ਬਣੇਗਾ।
ਚੋਣਾਂ ‘ਚ ਹੈਰਾਨ ਕੁੱਝ ਨਤੀਜੇ ਵੀ ਸਾਹਮਣੇ ਆਏ ਹਨ। ਕੰਜ਼ਰਵੇਟਿਵ ਪਾਰਟੀ ਆਗੂ ਪੇਅਰੇ ਪੋਲੀਵਰ ਜੋ ਦੇਸ਼ ‘ਚ ਰਾਜਨੀਤਕ ਬਦਲਾਅ ਲਈ ਲੜ ਰਿਹਾ ਸੀ, ਵੈਸੇ ਵੀ ਉਹ ਜਨਵਰੀ, 2025 ਤੱਕ ਕੈਨੇਡਾ ‘ਚ ਭਵਿੱਖੀ ਫੈਡਰਲ ਚੋਣਾਂ ‘ਚ ਆਪਣੀ ਪਾਰਟੀ ਦੀ ਭਾਰੀ ਜਿੱਤ ਅਤੇ ਸਰਕਾਰ ਬਣਾਉਣ ਦੀ ਆਸ ਲਗਾਈ ਬੈਠਾ ਸੀ, ਜਿਸ ਨੇ ਇਕ ਵਧੀਆ ਰਾਜਨੀਤਕ ਜੋਧੇ ਵਜੋਂ ਚੋਣ ਲੜਨ ‘ਚ ਕੋਈ ਕਸਰ ਨਹੀਂ ਛੱਡੀ ਕਿਉਂਕਿ 2015, 2019, 2021 ਦੀਆਂ ਫੈਡਰਲ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਨੂੰ ਲਗਾਤਾਰ ਹਾਰਾਂ ਦਾ ਸਾਹਮਣਾ ਕਰਨ ਪੈ ਰਿਹਾ ਸੀ, ਖ਼ੁਦ ਕਾਰਲੇਟਨ ਓਂਟਾਰੀਓ ਦੀ ਸੀਟ ਤੋਂ ਹਾਰ ਗਿਆ। ਉਸ ਨੂੰ ਆਪਣੇ ਹਲਕੇ ‘ਚ 91 ਉਮੀਦਵਾਰਾਂ ਦਾ ਸਾਹਣਾ ਕਰਨ ਪੈ ਰਿਹਾ ਸੀ, ਕੰਜ਼ਰਵੇਟਿਵ ਪਾਰਟੀ ਨੇ ਆਖ਼ਰੀ ਮੌਕੋ ਭਾਰਤੀ ਰਾਜਨੀਤਕ ਪਾਰਟੀ ਭਾਜਪਾ ਵਾਂਗ ਇਸ ਹਲਕੇ ‘ਚ ਆਪਣਾ ਚੋਣਵੇਂ ਪਾਰਟੀ ਕਾਰਡ ਲੱਕ ਦਿੱਤਾ ਸੀ ਪਰ ਉਹ ਪੋਲੀਵਰ ਦੀ ਸੀਟ ਨਾ ਬਚਾ ਸਕੇ। ਇਹ ਸੀਟ ਲਿਬਰਲ ਪਾਰਟੀ ਦੇ ਆਗੂ ਬਰੂਸ ਫੈਨ ਜੋਏ ਨੇ ਜਿੱਤੀ ਹੈ। ਉਸ ਨੇ ਪੋਲੀਵਰ ਦੀਆਂ 38581 ਵੋਟਾਂ ਮੁਕਾਬਲੇ 42374 ਵੋਟਾਂ ਪ੍ਰਾਪਤ ਕਰ ਕੇ ਜਿੱਤ ਹਾਸਲ ਕਰ ਲਈ ਹੈ। ਕੰਜ਼ਰਵੇਟਿਵ ਪਾਰਟੀ ਨੂੰ ਇਹ ਬਹੁਤ ਵੱਡਾ ਸਦਮਾ ਲਗਾ ਹੈ।
ਦੂਸਰਾ ਹੈਰਾਨਕੁੰਨ ਨਤੀਜਾ ਐੱਨਡੀਪੀ ਪਾਰਟੀ ਦੇ ਸੁਪਰੀਮੋ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਜਿੱਥੇ ਇਸ ਪਾਰਟੀ ਦੀ ਸਰਕਾਰ ਵੀ ਹੈ, ਕਰਨਬੇਅ ਹਲਕੇ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਹੱਥੇ ਹੋਈ ਹਾਰ ਹੈ। ਉਸ ਨੇ ਤਾਂ ਇਸ ਕਰ ਕੇ ਪਾਰਟੀ ਲੀਡਰਸ਼ਿਪ ਤੋਂ ਲਾਂਭੇ ਹੋਣ ਦਾ ਫ਼ੈਸਲਾ ਲਿਆ ਹੈ। ਵਰਣਨਯੋਗ ਹੈ ਕਿ ਇਸ ਵਾਰ ਐੱਨ.ਡੀ.ਪੀ ਜਗਮੀਤ ਸਿੰਘ ਦੀ ਅਗਵਾਈ ‘ਚ ਆਪਣਾ ਮਾਨਤਾ ਪ੍ਰਾਪਤ ਵਿਰੋਧੀ ਪਾਰਟੀ ਦਾ ਰੁਤਬਾ ਵੀ ਹਾਊਸ ਆਫ ਕਾਮਨਜ਼ ‘ਚੋਂ ਗੁਆ ਚੁੱਕੀ ਹੈ। ਇਸ ਰੁਤਬੇ ਲਈ ਕਿਸੇ ਵੀ ਰਾਜਨੀਤਕ ਪਾਰਟੀ ਕੋਲ ਸਦਨ ‘ਚ ਘੱਟੋ ਘੱਟ 12 ਸੀਟਾਂ ਹੋਣੀਆਂ ਜ਼ਰੂਰੀ ਹਨ। ਨਤੀਜਿਆਂ ਦੇ ਰੁਝਾਨ ਪੰਜਾਬੀਆਂ ਦੇ ਹੱਕ ‘ਚ ਚੜ੍ਹਤ ਦਰਸਾ ਰਹੇ ਹਨ। 65 ਕੁ ਪੰਜਾਬੀ ਅੰਤ ਸਿੱਖ ਭਾਈਚਾਰੇ ਨਾਲ ਜੋ ਉਮੀਦਵਾਰ ਲੜ ਰਹੇ ਸਨ ਐਤਕੀਂ ਮੁੜ ਪਿਛਲੀ ਵਾਰ 18 ਦੇ ਮੁਕਾਬਲੇ 22 ਉਮੀਦਵਾਰ ਜਿੱਤ ਰਹੇ ਹਨ। ਇਨ੍ਹਾਂ ‘ਚ ਜਿੱਤਣ ਵਾਲਿਆਂ ‘ਚ ਅਹਿਮ ਰੂਬੀ ਸਹੋਤਾ, ਮਨਿੰਦਰ ਸਿੱਧੂ, ਅਨੀਤਾ ਅਨੰਦ (ਕੈਬਨਿਟ ਮੰਤਰੀ), ਬਰਦੀਸ਼ ਚਗਰ (ਸਾਬਕਾ ਮੰਤਰੀ), ਅੰਜੂ ਢਿੱਲੋਂ, ਮੁੱਖ ਧਾਲੀਵਾਲ, ਇਕਵਿੰਦਰ ਸਿੰਘ, ਰਨਦੀਪ ਸਿੰਘ, ਗੁਰਬਖ਼ਸ਼ ਸੈਣੀ ਪਰਮ ਬੈਂਸ ਲਿਬਰਲ ਪਾਰਟੀ ਨਾਲ ਸਬੰਧਤ ਹਨ। ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਜੇਤੂ ਪੰਜਾਬੀ ਉਮੀਦਵਾਰ ਜਸਰਾਜ ਹਾਲਨ, ਦਵਿੰਦਰ ਗਿੱਲ, ਅਮਨਦੀਪ ਗਿੱਲ, ਅਰਪਨ ਖੰਨਾ, ਟਿਮ ਉਪਲ (ਸਾਬਕਾ ਮੰਤਰੀ) ਪਰਮ ਗਿੱਲ, ਸੁਖਮਨ ਗਿੱਲ, ਜਗਸ਼ਰਨ ਸਿੰਗ ਮਾਹਲ, ਹਰਬ ਗਿੱਲ ਆਦਿ ਸ਼ਾਮਲ ਹਨ।
ਹਾਰਨ ਵਾਲਿਆਂ ‘ਚ ਕਮਲ ਖਹਿਰਾ (ਕੈਬਨਿਟ ਮੰਤਰੀ) ਮਹੱਤਵਪੂਰਨ ਉਮੀਦਵਾਰ ਸੀ ਜੋ ਲਿਬਰਲ ਪਾਰਟੀ ਵੱਲੋਂ ਖੜ੍ਹੀ ਸੀ। ਕੈਨੇਡਾ ਇਸ ਵਾਰ ਮੁੱੜ ਘੱਟ ਗਿਣਤੀ ਲਿਬਰਲ ਪਾਰਟੀ ਦੀ ਸਰਕਾਰ ਦੀ ਅਗਵਾਈ ਨਵੇਂ ਆਰਿਤਕ ਮਾਹਿਰ ਆਗੂ ਮਾਰਕ ਕਾਰਨੀ ਕਰਨ ਜਾ ਰਹੇ ਹਨ। ਜਸਟਿਨ ਟਰੂਡੋ ਨੇ ਇਸ ਪਾਰਟੀ ਦੀ ਅਗਵਾਈ ਵਾਲੀਆਂ ਤਿੰਨ ਸਰਕਾਰਾਂ ਸਨ 2015 (ਬਹੁਮਤ ਸਰਕਾਰ) ਸੰਨ 2019 ਅਤੇ 2021 ਦੀਆਂ ਘੱਟ ਗਿਣਤੀ ਸਰਕਾਰਾਂ ਚਲਾਈਆਂ। ਉਨ੍ਹਾਂ ਦੇ ਪਾਰਟੀ ਅੰਦਰੋਂ ਵਿਰੋਧ ਕਰਕੇ ਉਨ੍ਹਾਂ ਨੇ ਅਸਤੀਫ਼ਾ ਦੇਣਾ ਪਿਆ। ਉਨ੍ਹਾਂ ਦੀ ਥਾਂ ਵੱਡੇ ਬਹੁਮਤ (85 ਪ੍ਰਤੀਸ਼ਤ) ਨਾਲ ਪਾਰਟੀ ਨੇ ਮਾਰਕ ਕਾਰਨੀ ਨੂੰ ਆਪਣਾ ਨੇਤਾ ਚੁਣਿਆ, ਜਿਨ੍ਹਾਂ ਨੇ ਟਰੂਡੋ ਤੋਂ ਬਾਅਦ ਸੱਤਾ ਸੰਭਾਲਦਿਆਂ 23 ਮਾਰਚ ਨੂੰ ਸਨੈਪ ਫੈਡਰਲ ਚੋਣਾਂ ਦਾ ਐਲਾਨ ਕਰ ਦਿੱਤਾ। ਵੈਸੇ ਆਮ ਚੋਣਾਂ ਅਕਤੂਬਰ, 2025 ਨੂੰ ਹੋਣੀਆਂ ਸਨ। ਉਨ੍ਹਾਂ 28 ਅਪ੍ਰੈਲ ਦੀਆਂ ਨੇਪਨ ਚੋਣ ਹਲਕੇ ਤੋਂ ਚੋਣ ਜਿੱਤੀ ਹੈ।
ਮਾਰਕ ਕਾਰਨੀ ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਰਹਿ ਚੁੱਕੇ ਹਨ। ਉਨ੍ਹਾਂ ਕੈਨੇਡਾ ਨੂੰ 2007-08 ਦੀ ਮੰਦਹਾਲੀ ‘ਚੋਂ ਬਾਹਰ ਕੱਢਣ ਕਰ ਕੇ ਵੱਡਾ ਨਾਮਣਾ ਖੱਟਿਆ। ਉਹ ਭਾਰਤ ਦੇ ਡਾਕਟਰ ਮਨਮੋਹਨ ਸਿੰਗ ਵਾਂਗ ਵਿਸ਼ਵ ਪ੍ਰਸਿੱਧ ਆਰਥਿਕ ਮਾਹਿਰ ਮੰਨੇ ਜਾਂਦੇ ਹਨ। ਉਹ ਅਮਰੀਕਾ ਨਾਲ ਮੁੜ ਤੋਂ ਨਿੱਘੇ ਸਬੰਧਾਂ ਦੀ ਥਾਂ ਹੋਰ ਰਾਸ਼ਟਰਾਂ, ਯੂਰਪੀਅਨ ਯੂਨੀਅਨ, ਚੀਨ ਅਤੇ ਭਾਰਤ ਵਰਗੇ ਦੇਸ਼ਾਂ ਨਾਲ ਵਪਾਰਕ ਅਤੇ ਆਰਥਿਕ ਸਬੰਧ ਰੱਖਣ ਦੇ ਚਾਹਵਾਨ ਹਨ।
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਇਸ ਮੰਤਵ ਲਈ ਯੂਕੇ ਅਤੇ ਫਰਾਂਸ ਦਾ ਦੌਰਾ ਵੀ ਕੀਤਾ ਸੀ। ਹੁਣ ਉਹ ਦੇਸ਼ ਦੀ 25ਵੇਂ ਪ੍ਰਧਾਨ ਮੰਤਰੀ ਵਜੋਂ ਵਾਗਡੋਰ ਸੰਭਾਲ ਰਹੇ ਹਨ। ਉਨ੍ਹਾਂ ਦੀ ਸਰਕਾਰ ਅੱਗੇ ਮੁੱਖ ਚੁਣੌਤੀ ਤਾਂ ਟਰੰਪ ਆਫਤ, ਟਰੰਪ ਟੈਰਿਫ ਅਤੇ ਉਨ੍ਹਾਂ ਵੱਲੋਂ ਕੈਨੇਡਾ ਨੂੰ 51ਵੇਂ ਸੂਬੇ ਵਜੋਂ ਅਮਰੀਕਾ ‘ਚ ਸ਼ਾਮਲ ਕਰਨ ਨੂੰ ਨਜਿੱਠਣਾ ਹੈ। ਇਸ ਤੋਂ ਇਲਾਵਾ ਮੁੱਖ ਚੁਣੌਤੀਆਂ ਰਹਿਣ ਦੀ ਲਾਗਤ ‘ਚ ਲੱਕ ਤੋੜਵਾਂ ਵਾਧਾ, ਆਰਥਿਕ ਮੰਦਹਾਲੀ ਦੀ ਦਸਤਕ, ਮਕਾਨ ਉਸਾਰੀ ਸਿਹਤ (ਡਾਕਟਰ ਪਰਿਵਾਰਾਂ ਨੂੰ ਉਪਲਬਧ) ਨਾ ਹੋਣਾ, ਸਰਕਾਰੀ ਖ਼ਰਚੇ, ਅਪਰਾਧ ਅਤੇ ਨਸ਼ੀਲੇ ਪਦਾਰਤਾਂ ਦੀ ਤਸਕਰੀ, ਪ੍ਰਵਾਸ, ਵਾਤਾਵਰਣ ਅਤੇ ਟੈਕਸਾਂ ਨਾਲ ਨਜਿੱਠਣਾ ਹੈ। ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਆਉਣ ਵਾਲੇ ਕੁੱਝ ਮਹੀਨੇ ਦਰਸਾਉਂਦੇ ਹਨ ਕਿ ਮਾਰਕ ਕਾਰਨੀ ਕੈਨੇਡਾ ਦੇ ਆਰਥਿਕ ਮਾਹਿਰ ਪ੍ਰਧਾਨ ਮੰਤਰੀ ਕਿਵੇਂ ਇਕ ਦੇਸ਼ ਨੂੰ ਅਨੇਕ ਚੁਣੌਤੀਆਂ ‘ਚੋਂ ਬਾਹਰ ਕੱਢਦੇ ਹਨ।

Related Articles

Latest Articles