ਔਟਵਾ (ਪਰਮਜੀਤ ਸਿੰਘ): ਕੈਨੇਡਾ ਦੀ 45ਵੀਆਂ ਫੈਡਰਲ ਚੋਣਾਂ, ਵਿੱਚ ਵੋਟਰਾਂ ਨੇ ਵੀ ਨਵਾਂ ਰਿਕਾਰਡ ਬਣਾਇਆ ਹੈ। ਇਲੈਕਸ਼ਨਜ਼ ਕੈਨੇਡਾ ਦੇ ਅਨੁਸਾਰ, ਲਗਭਗ 19.5 ਮਿਲੀਅਨ ਕੈਨੇਡੀਅਨ ਨਾਗਰਿਕਾਂ ਨੇ ਇਸ ਚੋਣ ਵਿੱਚ ਵੋਟ ਪਾਈ, ਜੋ ਇਤਿਹਾਸ ਵਿੱਚ ਸਭ ਤੋਂ ਵੱਧ ਹੈ। ਇਹ ਅੰਕੜਾ 68.65% ਵੋਟਰ ਟਰਨਆਊਟ ਨੂੰ ਦਰਸਾਉਂਦਾ ਹੈ, ਜੋ 1993 ਤੋਂ ਬਾਅਦ ਸਭ ਤੋਂ ਉੱਚਾ ਹੈ, ਜਦੋਂ ਟਰਨਆਊਟ 69.6% ਸੀ। 2021 ਦੀ ਚੋਣ ਵਿੱਚ 62.5% ਵੋਟਰ ਟਰਨਆਊਟ ਸੀ, ਜਿਸ ਵਿੱਚ 17,209,000 ਲੋਕਾਂ ਨੇ ਵੋਟ ਪਾਈ ਸੀ।
ਇਸ ਚੋਣ ਵਿੱਚ ਵੋਟਿੰਗ ਦੇ ਅੰਕੜੇ ਦੱਸਦੇ ਹਨ ਕਿ 11,062,539 ਲੋਕਾਂ ਨੇ ਚੋਣ ਵਾਲੇ ਦਿਨ ਆਪਣੇ ਪੋਲਿੰਗ ਸਟੇਸ਼ਨ ਜਾਂ ਲੌਂਗ-ਟਰਮ ਕੇਅਰ ਹੋਮ ਵਿੱਚ ਵੋਟ ਪਾਈ।
928,311 ਨੇ ਆਪਣੇ ਇਲੈਕਟੋਰਲ ਡਿਸਟ੍ਰਿਕਟ ਵਿੱਚ ਸਪੈਸ਼ਲ ਬੈਲਟ ਨਾਲ ਵੋਟ ਕੀਤੀ, ਜਦਕਿ 215,057 ਨੇ ਆਪਣੇ ਡਿਸਟ੍ਰਿਕਟ ਤੋਂ ਬਾਹਰ ਸਪੈਸ਼ਲ ਬੈਲਟ ਰਾਹੀਂ ਵੋਟ ਪਾਈ, ਜਿਸ ਵਿੱਚ ਫੌਜੀ ਕਰਮਚਾਰੀ, ਕੈਦੀ, ਅਤੇ ਕੈਨੇਡਾ ਵਿੱਚ ਆਪਣੇ ਡਿਸਟ੍ਰਿਕਟ ਤੋਂ ਬਾਹਰ ਰਹਿਣ ਵਾਲੇ ਸ਼ਾਮਲ ਸਨ। ਨਾਲ ਹੀ, 57,440 ਵਿਅਕਤੀਆਂ ਨੇ, ਜੋ ਕੈਨੇਡਾ ਤੋਂ ਬਾਹਰ ਰਹਿੰਦੇ ਹਨ, ਸਪੈਸ਼ਲ ਬੈਲਟ ਰਾਹੀਂ ਵੋਟਿੰਗ ਕੀਤੀ।
ਇਸ ਤੋਂ ਪਹਿਲਾਂ, ਅਪ੍ਰੈਲ 18 ਤੋਂ 21 ਦੌਰਾਨ ਐਡਵਾਂਸ ਪੋਲਿੰਗ ਵਿੱਚ ਵੀ ਰਿਕਾਰਡ-ਤੋੜ 7.3 ਮਿਲੀਅਨ ਲੋਕਾਂ ਨੇ ਵੋਟ ਪਾਈ, ਜੋ 2021 ਦੀ ਐਡਵਾਂਸ ਵੋਟਿੰਗ ਨਾਲੋਂ 25% ਵੱਧ ਸੀ। ਇਸ ਚੋਣ ਵਿੱਚ 28.5 ਮਿਲੀਅਨ ਤੋਂ ਵੱਧ ਰਜਿਸਟਰਡ ਵੋਟਰ ਸਨ, ਜਿਸ ਵਿੱਚ ਚੋਣ ਵਾਲੇ ਦਿਨ ਰਜਿਸਟਰ ਹੋਣ ਵਾਲੇ ਸ਼ਾਮਲ ਨਹੀਂ ਹਨ। ਇਸ ਵਾਰ ਦਾ ਟਰਨਆਊਟ 2015 ਦੀ 68.3% ਭਾਗੀਦਾਰੀ ਤੋਂ ਵੀ ਵੱਧ ਹੈ, ਪਰ ਇਹ 1958 ਦੇ 79.4% ਦੇ ਰਿਕਾਰਡ ਨੂੰ ਨਹੀਂ ਤੋੜ ਸਕਿਆ। ਇਨਾਂ ਚੋਣਾਂ ਵਿੱਚ 16 ਰਜਿਸਟਰਡ ਪਾਰਟੀਆਂ ਨੇ ਹਿੱਸਾ ਲਿਆ ਅਤੇ 1,959 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਰਜ ਕੀਤੀਆਂ।
ਇਹ ਚੋਣ 343 ਸੀਟਾਂ ਵਾਲੇ ਨਵੇਂ ਇਲੈਕਟੋਰਲ ਨਕਸ਼ੇ ਅਨੁਸਾਰ ਹੋਈ, ਜੋ 2021 ਦੀ ਜਨਗਣਨਾ ‘ਤੇ ਅਧਾਰਤ ਸੀ। ਇਲੈਕਸ਼ਨਜ਼ ਕੈਨੇਡਾ ਨੇ ਕਿਹਾ ਕਿ ਅਗਲੇ ਮਹੀਨਿਆਂ ਵਿੱਚ ਅਧਿਕਾਰਤ ਨਤੀਜਿਆਂ ਦੀ ਰਿਪੋਰਟ ਜਾਰੀ ਕੀਤੀ ਜਾਵੇਗੀ, ਜਿਸ ਵਿੱਚ ਵੋਟਿੰਗ ਦੇ ਪੂਰੇ ਅੰਕੜੇ ਅਤੇ ਵਿਸਥਾਰ ਸ਼ਾਮਲ ਹੋਣਗੇ।