ਸ਼ੀਸ਼ਾ ਸੀ ਜੋ ਸ਼ਹਿਰ ਦਾ,
ਉਹ ਸਖ਼ਸ਼ ਕਿੱਧਰ ਗਿਆ।
ਜੋ ਸਭ ਦਾ ਸਾਂਝਾ ਬੰਦਾ ਸੀ,
ਉਹ ਬੰਦਾ ਕਿੱਧਰ ਗਿਆ।
ਸਭ ਛਿੱਕੇ ਟੰਗ ਸਿਧਾਂਤਾਂ ਨੂੰ,
ਆਗੂ ਨੇ ਭੁੱਲੇ ਫਰਜ਼ਾਂ ਨੂੰ
ਮੂੰਹ ਆਪਣਾ ਚੁੱਕੀ ਫਿਰਦੇ ਨੇ,
ਜਨਤਾ ਦਾ ਚਿਹਰਾ ਵਿਸਰ ਗਿਆ।
ਨਾ ਦੀਨ ਰਿਹਾ ਨਾ ਦੁਨੀ ਰਹੀ,
ਬਸ ਭਰੀ ਤਜੌਰੀ ਦਿਸਦੀ ਏ,
ਹਮਦਰਦ ਕਹਾਉਂਦਾ ਲੋਕਾਂ ਦਾ,
ਹੋ ਭੀੜ ਦੇ ਵਿੱਚੋਂ ਤਿੱਤਰ ਗਿਆ।
ਛੱਡ ਨੇਤਾ ਆਪਣੇ ਲੋਕਾਂ ਨੂੰ,
ਜਾਅ ਜੋਕਾਂ ਦੇ ਨਾਲ ਰਲ਼ਿਆ ਏ
ਐ ਬਾਗ਼-ਏ ਸਿਆਸਤ ਕੀ ਹੋਊ,
ਕੋਈ ਉੱਧਰ ਗਿਆ ਕੋਈ ਇੱਧਰ ਗਿਆ।
ਲੁੱਟ ਲਈ ਕਹਾਰਾਂ ਨੇ ਡੋਲੀ,
ਮੁੱਠੀ ‘ਚੋਂ ਮਾਰੂਥਲ ਕਿਰਿਆ,
ਉਹ ਤੀਲ੍ਹਾ ਖਾਕ ‘ਚ ਰੁਲ ਜਾਂਦਾ,
ਜੋ ਬੰਨ ਦੇ ਵਿੱਚੋਂ ਨਿਕਲ ਗਿਆ।
ਨਾ ਅੱਗੇ ਦਾ ਨਾ ਪਿੱਛੇ ਦਾ,
ਤਵਾਰੀਖ਼ ਸਣਾਉਂਦੀ ਸਮਿਆਂ ਦੀ,
ਦੋ ਬੇੜੀ ਬੈਠਣ ਵਾਲੇ ਦਾ,
ਹੈ ‘ਸੇਖੋਂ’ ਇਹੋ ਹਸ਼ਰ ਰਿਹਾ।
ਲੇਖਕ : ਜਗਜੀਤ ਸਿੰਘ ਸੇਖੋਂ
ਸੰਪਰਕ: 81465-86690