12.7 C
Vancouver
Friday, May 9, 2025

ਸਿੱਲੀਆਂ ਅੱਖਾਂ ‘ਚ ਤੈਰਦੇ ਸਵਾਲ

 

ਲੇਖਕ : ਸੁਖਜੀਤ ਕੌਰ,
ਸੰਪਰਕ: 94787-57567
ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਦਹਿਸ਼ਤੀ ਹਮਲੇ ਪਿੱਛੋਂ ਮਨ ‘ਤੇ ਅਜੀਬ ਜਿਹੀ ਉਦਾਸੀ ਭਾਰੀ ਹੋ ਗਈ, ਇਉਂ ਲੱਗ ਰਿਹਾ ਸੀ, ਜਿਵੇਂ ਹਉਕਿਆਂ ਅਤੇ ਹੰਝੂਆਂ ਨੇ ਫਿਜ਼ਾ ਸੋਗਮਈ ਕਰ ਦਿੱਤੀ ਹੋਵੇ। ਖ਼ੁਸ਼ੀਆਂ ਦੇ ਪਲ ਮਾਣਨ ਵਾਸਤੇ ਖ਼ੂਬਸੂਰਤ ਵਾਦੀਆਂ ‘ਚ ਜਾਣ ਵਾਲੇ ਪਲਾਂ ਵਿੱਚ ਹੀ ਮਿੱਟੀ ਦੇ ਢੇਰ ਹੋ ਗਏ ਅਤੇ ਜੋ ਬਚ ਗਏ ਉਹ ਬੇਜਾਨ ਬੁੱਤ ਹੋ ਗਏ। ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ‘ਤੇ ਵਾਰ-ਵਾਰ ਇਸ ਹਮਲੇ ਸਬੰਧੀ ਵੀਡੀਓ ਦਿਖਾਏ ਜਾ ਰਹੇ ਸਨ, ਜਿਨ੍ਹਾਂ ਨੇ ਉਦਾਸੀ ਦੇ ਤੰਦ ਹੋਰ ਲੰਮੇ ਕਰ ਦਿੱਤੇ। ਆਪਣੇ ਨੇਵੀ ਅਫਸਰ ਪਤੀ ਦੀ ਲਾਸ਼ ਕੋਲ ਬੈਠੀ ਮੁਟਿਆਰ ਦਾ ਵਿਰਲਾਪ ਝੱਲਿਆ ਨਹੀਂ ਸੀ ਜਾ ਰਿਹਾ। ਕੁਝ ਹੀ ਦਿਨਾਂ ‘ਚ ਉਸ ਦੀ ਦੁਨੀਆ ਵੱਸ ਕੇ ਉੱਜੜ ਗਈ। ਉਨ੍ਹਾਂ ਦੇ ਵਿਆਹ ਨੂੰ ਹਾਲੇ ਹਫ਼ਤਾ ਵੀ ਨਹੀਂ ਸੀ ਹੋਇਆ ਕਿ ਇਹ ਭਾਣਾ ਵਾਪਰ ਗਿਆ। ਉਸ ਦੇ ਚੂੜੇ ਦਾ ਰੰਗ ਵੀ ਨਹੀਂ ਸੀ ਬਦਲਿਆ ਕਿ ਉਸ ਦੀ ਦੁਨੀਆ ਹਨੇਰੀ ਹੋ ਗਈ। ਵਿਆਹ ਤੋਂ ਬਾਅਦ ਚੰਗੀਆਂ ਯਾਦਾਂ ਨੂੰ ਸਮੇਟਦੇ ਹੋਏ ਇਸ ਜੋੜੇ ਦੀਆਂ ਖ਼ੁਸ਼ੀਆਂ ਦਹਿਸ਼ਤਗਰਦਾਂ ਨੇ ਪਲਾਂ ‘ਚ ਢੇਰ ਕਰ ਦਿੱਤੀਆਂ। ਮੇਰਾ ਨਿੱਤ ਦੇ ਘਰੇਲੂ ਰੁਝੇਵਿਆਂ ਵੱਲ ਵੀ ਧਿਆਨ ਨਹੀਂ ਸੀ ਲੱਗ ਰਿਹਾ। ਦਫ਼ਤਰੋਂ ਛੁੱਟੀ ਹੋਣ ਦੇ ਬਾਵਜੂਦ ਘਰ ਦਾ ਕੰਮ ਖਿੱਲਰਿਆ ਪਿਆ ਸੀ। ਰਹਿ-ਰਹਿ ਕੇ ਉਹੀ ਦ੍ਰਿਸ਼ ਅੱਖਾਂ ਅੱਗੇ ਆ ਰਹੇ ਸਨ। ਪਲਾਂ ਛਿਣਾਂ ‘ਚ ਹੀ ਕਈ ਹੱਸਦੇ-ਵੱਸਦੇ ਪਰਿਵਾਰ ਉੱਜੜ ਗਏ ਸਨ। ਵਾਦੀਆਂ ਦੇ ਨਜ਼ਾਰਿਆਂ ‘ਚ ਖ਼ੂਬਸੂਰਤ ਯਾਦਾਂ ਸਮੇਟਣ ਲਈ ਗਏ ਲੋਕ ਉਮਰ ਭਰ ਦੇ ਰੋਣੇ ਲੈ ਕੇ ਆ ਗਏ ਹਨ ਤੇ ਪਲਾਂ ‘ਚ ਹੀ ਆਪਣਿਆਂ ਨੂੰ ਗੁਆ ਕੇ ਪਰਤੇ ਲੋਕਾਂ ਦਾ ਦੁੱਖ ਬਿਆਨ ਨਹੀਂ ਹੋ ਸਕਦਾ। ਬੱਚਿਆਂ ਨੂੰ ਸਕੂਲ ਭੇਜਣ ਅਤੇ ਪਤੀ ਦੇ ਦਫ਼ਤਰ ਜਾਣ ਤੋਂ ਬਾਅਦ ਮੇਰਾ ਜੇਰਾ ਨਹੀਂ ਸੀ ਪਿਆ ਕਿ ਮੈਂ ਕੋਈ ਨਿਊਜ਼ ਚੈਨਲ ਲਗਾ ਸਕਾਂ ਜਾਂ ਸੋਸ਼ਲ ਮੀਡੀਆ ਵੇਖ ਸਕਾਂ ਕਿਉਂਕਿ ਹਰ ਪਾਸੇ ਪਹਿਲਗਾਮ ‘ਚ ਵਾਪਰੇ ਹਮਲੇ ਨੇ ਦਹਿਸ਼ਤ ਫੈਲਾਈ ਹੋਈ ਸੀ। ਮਨ ‘ਚ ਕਈ ਸਵਾਲ ਉੱਠ ਰਹੇ ਸਨ ਕਿ ਆਖ਼ਰ ਕਿਉਂ ਲੋਕ ਆਪਣੇ ਹੀ ਦੇਸ਼ ‘ਚ ਸੁਰੱਖਿਅਤ ਨਹੀਂ? ਕੁਝ ਸਕਿੰਟਾਂ ਦੀ ਕਾਰਵਾਈ ਨੇ ਕਿਵੇਂ ਇੱਕ ਸਜ ਵਿਆਹੀ ਨੂੰ ਵਿਧਵਾ ਬਣਾ ਦਿੱਤਾ ਅਤੇ ਉਸ ਦੀ ਦੁਨੀਆ ਉਜਾੜ ਦਿੱਤੀ। ਇਹ ਬੇਵਸੀ ਤੇ ਦੁੱਖ ਦਾ ਸਿਖਰ ਸੀ ਕਿ ਆਪਣੇ ਪਤੀ ਅਤੇ ਪੁੱਤਰ ਦੇ ਮਾਰੇ ਜਾਣ ਪਿੱਛੋਂ ਇੱਕ ਪੀੜਤਾ ਹੱਥ ਜੋੜ ਜੋੜ ਕੇ ਮੌਤ ਲਈ ਫਰਿਆਦ ਕਰ ਰਹੀ ਸੀ। ਉਸ ਦੀ ਦੁਨੀਆ ਹਨੇਰੀ ਹੋ ਗਈ ਸੀ ਤੇ ਉਸ ਵਿੱਚ ਜਿਊਣ ਦੀ ਕੋਈ ਇੱਛਾ ਨਹੀਂ ਸੀ। ਇਉਂ ਲੱਗਦਾ ਸੀ ਜਿਵੇਂ ਮੌਤ ਦੇ ਖ਼ੌਫ਼ ਅੱਗੇ ਜ਼ਿੰਦਗੀ ਨੇ ਹਾਰ ਮੰਨ ਲਈ ਹੋਵੇ। ਮਨ ਇੰਨਾ ਪ੍ਰੇਸ਼ਾਨ ਸੀ ਕਿ ਹੌਸਲਾ ਹੀ ਨਹੀਂ ਪਿਆ ਕਿ ਹੋਰ ਵੀਡੀਓਜ਼ ਵੇਖ ਸਕਾਂ। ਮੇਰਾ ਇਹ ਹੌਸਲਾ ਵੀ ਨਹੀਂ ਪਿਆ ਕਿ ਅੱਜ ਆਪਣੀ ਮਾਤਾ ਨਾਲ ਫੋਨ ‘ਤੇ ਗੱਲ ਕਰ ਸਕਾਂ, ਕਿਉਂਕਿ ਪੁੱਤਰ ਅਤੇ ਜਵਾਈ ਦੇ ਫ਼ੌਜ ‘ਚ ਹੋਣ ਕਾਰਨ ਉਹ ਅਜਿਹੀਆਂ ਘਟਨਾਵਾਂ ਨਾਲ ਛੇਤੀ ਪ੍ਰੇਸ਼ਾਨ ਹੋ ਜਾਂਦੇ ਹਨ। ਮੈਨੂੰ ਸਮਝ ਨਾ ਆਵੇ ਕਿ ਮੈਂ ਧਿਆਨ ਕਿੱਧਰ ਲਾਵਾਂ? ਮੈਂ ਆਪਣੀ ਭੂਆ ਦੀ ਨੂੰਹ ਨੂੰ ਫੋਨ ਕੀਤਾ ਤੇ ਇਧਰ-ਉੱਧਰ ਦੀਆਂ ਗੱਲਾਂ ਸ਼ੁਰੂ ਕੀਤੀਆਂ। ਉਸ ਨੂੰ ਕਦੇ ਮੈਂ ਤੂੜੀ-ਤੰਦ ਸਾਂਭਣ ਬਾਰੇ ਪੁੱਛਾਂ ਤੇ ਹੋਰ ਘਰ ਦੀ ਸੁੱਖ-ਸਾਂਦ ਬਾਰੇ ਪੁੱਛਣ ਲੱਗੀ ਪਰ ਉਸ ਦੇ ਸਵਾਲ ਤੇ ਜਵਾਬ ਪਹਿਲਾਗਾਮ ‘ਚ ਹੋਈਆਂ ਮੌਤਾਂ ਦੇ ਦੁਆਲੇ ਹੀ ਘੁੰਮ ਰਹੇ ਸਨ। ਮੈਂ ਜ਼ਿਆਦਾ ਦੇਰ ਗੱਲ ਨਾ ਕਰ ਸਕੀ। ਕਾਫ਼ੀ ਸਮਾਂ ਸੋਸ਼ਲ ਮੀਡੀਆ ਦੀ ਵਧੀ ਪਹੁੰਚ ਕਾਰਨ ਪੈਣ ਵਾਲੇ ਪ੍ਰਭਾਵਾਂ ਬਾਰੇ ਸੋਚਦੀ ਰਹੀ। ਏਨੇ ਨੂੰ ਆਪਣੀ ਨਨਾਣ ਜਿਸਦਾ ਪਤੀ ਸੀਆਰਪੀਐਫ ‘ਚ ਹੈ, ਉਸ ਦਾ ਬੀਤੀ ਰਾਤ ਆਇਆ ਸੁਨੇਹਾ ਪੜ੍ਹਿਆ। ਮੈਂ ਤੇ ਭੈਣ ਜੀ ਅਕਸਰ ਇੱਕ ਦੂਜੇ ਨੂੰ ਮਜ਼ਾਕ ਕਰਦੇ ਰਹਿੰਦੇ ਹਾਂ। ਅੱਜ ਮੈਂ ਜਦੋਂ ਫੋਨ ਕੀਤਾ ਤਾਂ ਦੂਜੇ ਪਾਸਿਓਂ ਬੜੀ ਸੁਸਤ ਜਿਹੀ ਆਵਾਜ਼ ਆਈ। ਦੂਜੀ ਵਾਰ ਹੈਲੋ ਕਿਹਾ ਤਾਂ ਮੇਰੀ ਨਨਾਣ ਤਾਂ ਰੋਣ ਲੱਗ ਪਈ। ਮੈਂ ਇਕਦਮ ਉੱਠ ਕੇ ਬੈਠ ਗਈ ਤੇ ਬੜੀ ਚਿੰਤਾ ‘ਚ ਪੁੱਛਿਆ ਕਿ ਕੀ ਹੋਇਆ ਹੈ? ਤਾਂ ਉਸ ਨੇ ਨਿਊਜ਼ ਚੈਨਲ ‘ਤੇ ਕਰਨਾਲ ਦੇ ਨੇਵੀ ਅਫਸਰ ਦੀ ਦੇਹ ਪੁੱਜਣ ਦੀ ਖ਼ਬਰ ਬਾਰੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਵਿਰਲਾਪ ਦੀ ਦੇਖੀ ਖ਼ਬਰ ਬਾਰੇ ਦੱਸਿਆ ਤੇ ਹੋਰ ਉੱਚੀ-ਉੱਚੀ ਰੋਣ ਲੱਗ ਪਈ। ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਏਨੇ ਨੂੰ ਡੋਰ ਬੈੱਲ ਵੱਜੀ ਤੇ ਮੈਂ ਦਰਵਾਜ਼ਾ ਖੋਲ੍ਹਿਆ ਮੇਰੇ ਪਤੀ ਦਫ਼ਤਰੋਂ ਪਰਤੇ ਸਨ। ਉਨ੍ਹਾਂ ਵੀ ਕੱਪੜੇ ਬਦਲ ਕੇ ਰੋਜ਼ ਦੀ ਤਰ੍ਹਾਂ ਆਉਂਦੇ ਸਾਰ ਨਿਊਜ਼ ਚੈਨਲ ਲਗਾ ਲਿਆ। ਹਮਲੇ ਦੇ ਉਹ ਦ੍ਰਿਸ਼ ਫਿਰ ਅੱਖਾਂ ਸਾਹਮਣੇ ਆ ਗਏ ਤੇ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਅੱਖਾਂ ‘ਚੋਂ ਹੰਝੂ ਵਹਿਣ ਲੱਗੇ। ਪੂਰੇ ਦਿਨ ‘ਚ ਸਮੇਟ ਕੇ ਰੱਖੀਆਂ ਭਾਵਨਾਵਾਂ ਬੇਕਾਬੂ ਹੋ ਗਈਆਂ ਤੇ ਮੈਂ ਰੋਣ ਲੱਗੀ। ਮੈਨੂੰ ਰੋਂਦੀ ਨੂੰ ਦੇਖ ਮੇਰੀ ਗਿਆਰਾਂ ਸਾਲ ਦੀ ਧੀ ਨੇ ਪੁੱਛਿਆ ਕਿ ਮੰਮਾ ਕੀ ਹੋਇਆ? ਮੈਂ ਉਸ ਨੂੰ ਹਾਦਸੇ ਦੇ ਸੰਖੇਪ ਵੇਰਵਾ ਦਿੱਤਾ ਤੇ ਉਸ ਦੀਆਂ ਵੀ ਅੱਖਾਂ ਨਮ ਹੋ ਗਈਆਂ।

Related Articles

Latest Articles