ਲੇਖਕ : ਅੰਮ੍ਰਿਤ ਕੌਰ ਬਡਰੁੱਖਾਂ,
ਸੰਪਰਕ : 98767 -14004
ਜ਼ਿੰਦਗੀ ਔਖਾਂ-ਸੌਖਾਂ, ਦੁੱਖਾਂ-ਸੁੱਖਾਂ, ਹਾਸਿਆਂ-ਉਦਾਸੀਆਂ ਦਾ ਮਿਸ਼ਰਣ ਹੈ। ਉਂਝ ਤਾਂ ਹਰ ਬੰਦੇ ਨੂੰ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਬਸ਼ਰਤੇ ਕਿ ਬੰਦੇ ਨੂੰ ਸਿੱਖਣ ਦੀ ਭੁੱਖ ਪਿਆਸ ਹੋਵੇ। ਕਈ ਵਾਰ ਜਦੋਂ ਆਪਣੀ ਤੋਰ ਤੁਰਦੀ ਜ਼ਿੰਦਗੀ ਵਿੱਚ ਕੋਈ ਵਾਧ ਘਾਟ ਆ ਜਾਂਦੀ ਹੈ ਤਾਂ ਬੜਾ ਕੁਝ ਸੋਚਣ ‘ਤੇ ਮਜਬੂਰ ਹੋ ਜਾਂਦੇ ਹਾਂ।
ਪਿਛਲੇ ਦਿਨੀਂ ਆਏ ਮੀਂਹ ਹਨੇਰੀ ਵਿੱਚ ਕਾਫ਼ੀ ਨੁਕਸਾਨ ਹੋਇਆ। ਕੁਦਰਤੀ ਗੱਲ ਹੈ ਤੇਜ਼ ਝੱਖੜ ਆਉਣ ਨਾਲ ਬਿਜਲੀ ਵੀ ਪ੍ਰਭਾਵਿਤ ਹੁੰਦੀ ਹੈ। ਜਦੋਂ ਬਿਜਲੀ ਦੇ ਖੰਭੇ ਟੁੱਟੇ ਹੋਣ, ਤਾਰਾਂ ਉੱਤੇ ਵੱਡੇ ਵੱਡੇ ਦ੍ਰਖਤ ਟੁੱਟ ਕੇ ਡਿਗੇ ਹੋਣ ਤਾਂ ਇਨ੍ਹਾਂ ਚੀਜ਼ਾਂ ਦੀ ਮੁਰੰਮਤ ਨੂੰ ਵੀ ਸਮਾਂ ਲੱਗ ਜਾਂਦਾ ਹੈ। ਜਿਸ ਦਿਨ ਮੀਂਹ ਹਨੇਰੀ ਝੱਖੜ ਆਇਆ ਤਾਂ ਸਾਡੇ ਸਵੇਰ ਤੋਂ ਬਿਜਲੀ ਦਾ ਕੱਟ ਚੱਲ ਰਿਹਾ ਸੀ। ਸ਼ਾਮ ਨੂੰ ਜਦੋਂ ਬਿਜਲੀ ਆਉਣੀ ਸੀ ਤਾਂ ਹਨੇਰੀ ਝੱਖੜ ਸ਼ੁਰੂ ਹੋ ਗਿਆ। ਰੁੱਖ ਪੂਰੇ ਦੇ ਪੂਰੇ, ਅੱਧ ਵਿਚਾਲਿਉਂ ਅਤੇ ਵੱਡੇ ਵੱਡੇ ਟਾਹਣੇ, ਬਿਜਲੀ ਦੇ ਖੰਭੇ ਟੁੱਟ ਗਏ ਫ਼ਸਲਾਂ ਦਾ ਨੁਕਸਾਨ ਵੀ ਹੋਇਆ। ਸਵੇਰ ਦੀ ਗਈ ਬਿਜਲੀ ਸ਼ਾਮ ਤਕ ਵੀ ਨਾ ਆਈ। ਨਾ ਹੀ ਕੋਈ ਉਮੀਦ ਸੀ। ਪਤਾ ਸੀ ਕਿ ਇਹ ਕੁਦਰਤ ਦੀ ਕਰੋਪੀ ਦਾ ਖਿਲਾਰਿਆ ਸਮੇਟਣ ਨੂੰ ਸਮਾਂ ਤਾਂ ਲੱਗੇਗਾ ਹੀ। ਸੰਭਲ ਕੇ ਚੱਲਣਾ ਸ਼ੁਰੂ ਕਰ ਦਿੱਤਾ। ਪਾਣੀ ਹਿਸਾਬ ਨਾਲ ਵਰਤਣ ਲੱਗੇ। ਬਲਬ ਲੋੜ ਸਮੇਂ ਹੀ ਜਗਦੇ। ਸਾਰੇ ਪਰਿਵਾਰ ਨੇ ਇੱਕ ਕਮਰੇ ਵਿੱਚ ਇੱਕ ਪੱਖੇ ਹੇਠ ਸੌਣ ਦੀਆਂ ਯੋਜਨਾਵਾਂ ਬਣਾਈਆਂ ਅਤੇ ਅਮਲ ਵੀ ਕੀਤਾ। ਅੱਧੀ ਕੁ ਰਾਤ ਨੂੰ ਖਿੜਕੀਆਂ ਖੋਲ੍ਹ ਪੱਖਾ ਵੀ ਬੰਦ ਕਰ ਦਿੱਤਾ। ਬੱਚਿਆਂ ਦੀ ਜ਼ਰੂਰਤ ਨੂੰ ਮੁੱਖ ਰੱਖ ਕੇ ਹੀ ਇਨਵਰਟਰ ਵਾਲੀ ਬਿਜਲੀ ਦੀ ਵਰਤੋਂ ਕੀਤੀ ਗਈ। ਸੰਭਲ ਕੇ ਵਰਤਣ ਨਾਲ ਵੀ ਦੂਸਰੇ ਦਿਨ ਦੁਪਹਿਰ ਤੋਂ ਪਹਿਲਾਂ ਹੀ ਇਨਵਰਟਰ ਆਪਣੀ ਟੀਂ ਸੁਣਾ ਕੇ ਹੱਥ ਖੜ੍ਹੇ ਕਰ ਗਿਆ। ਆਂਢ ਗੁਆਂਢ ਵਿੱਚ ਵੀ ਇਹੀ ਹਾਲ ਸੀ।
ਗਰਮੀ ਤਾਂ ਕੋਈ ਬਹੁਤੀ ਨਹੀਂ ਸੀ, ਹਵਾ ਵਧੀਆ ਚੱਲ ਰਹੀ ਸੀ, ਸਭ ਤੋਂ ਵੱਡਾ ਡਰ ਪਾਣੀ ਖ਼ਤਮ ਹੋਣ ਦਾ ਸੀ। ਕਈਆਂ ਨਹਾਉਣਾ ਅੱਗੇ ਪਾ ਦਿੱਤਾ। ਨਹਾਉਣ ਸਮੇਂ ਦੋ ਦੋ ਬਾਲਟੀਆਂ ਖਰਾਬ ਕਰਨ ਵਾਲੇ ਨਿਆਣਿਆਂ ਨੂੰ ਅੱਧੀ ਬਾਲਟੀ ਨਾਲ ਦੋ ਦੋ ਨਿਆਣਿਆਂ ਨੂੰ ਬੜੇ ਸੁਚੱਜੇ ਤਰੀਕੇ ਅਪਣਾਉਂਦਿਆਂ ਨੁਹਾ ਦਿੱਤਾ ਗਿਆ। ਘਰ ਵਿੱਚ ਪੋਚੇ ਲਾਉਣ ਦਾ ਕੰਮ ਜਾਂ ਤਾਂ ਕੈਂਸਲ ਕਰ ਦਿੱਤਾ ਗਿਆ ਜਾਂ ਫਿਰ ਅੱਧੀ ਕੁ ਬਾਲਟੀ ਨਾਲ ਹੀ ਸਾਰ ਲਿਆ ਗਿਆ। ਭਾਂਡੇ ਮਾਂਜਣ ਵੇਲੇ ਸਿੱਧੀ ਟੂਟੀ ਨਾ ਛੱਡ ਕੇ ਇੱਕ ਵੱਡੇ ਭਾਂਡੇ ਵਿੱਚ ਪਾਣੀ ਪਾ ਕੇ ਕੰਮ ਚਲਾ ਲਿਆ ਗਿਆ। ਮੁੱਕਦੀ ਗੱਲ, ਜਿੱਥੇ ਸੰਭਵ ਹੋ ਸਕਦਾ ਸੀ, ਸੰਜਮ ਵਰਤਿਆ।
ਐਨਾ ਸੰਭਲ ਸੰਭਲ ਚੱਲਣਾ ਸਭ ਨੂੰ ਔਖਾ ਤਾਂ ਲੱਗ ਰਿਹਾ ਸੀ। ਦੂਸਰੇ ਦਿਨ ਵੀ ਜਦੋਂ ਦੁਪਹਿਰ ਤਕ ਬਿਜਲੀ ਨਾ ਆਈ ਤਾਂ ਥੋੜ੍ਹੀ ਬੇਚੈਨੀ ਹੋਣ ਲੱਗੀ। ਬਿਜਲੀ ਦਫਤਰ ਵਾਲਿਆਂ ਨੂੰ ਫ਼ੋਨ ਕਰਨੇ ਸ਼ੁਰੂ ਕਰ ਦਿੱਤੇ। ਅਗਲਿਆਂ ਫ਼ੋਨ ਚੁੱਕੇ ਹੀ ਨਹੀਂ। ਪਹਿਲਾਂ ਵਿਅਸਤ ਆ ਰਹੇ ਸੀ, ਫਿਰ ਸਵਿੱਚ ਆਫ। ਟੱਕਰਾਂ ਮਾਰ ਕੇ ਹਟ ਗਏ। ਮੈਂ ਆਪਣੇ ਪਤੀ ਨੂੰ ਕਿਹਾ, ”ਦੇਖ ਲੋ ਆਹ ਬਿਜਲੀ ਵਾਲੇ ਘੱਟੋ ਘੱਟ ਫ਼ੋਨ ਤਾਂ ਚੁੱਕ ਹੀ ਸਕਦੇ ਨੇ। ਬੰਦੇ ਨੂੰ ਪਤਾ ਲੱਗ ਜੇ ਬਈ ਐਨੇ ਟਾਈਮ ਬਾਅਦ ਬਿਜਲੀ ਆ ਜਾਊ।”
”ਇਹਨਾਂ ਕੋਲ ਬਥੇਰੇ ਤੇਰੇ ਵਰਗਿਆਂ ਦੇ ਫ਼ੋਨ ਆਉਂਦੇ ਹੋਣਗੇ। ਇਹ ਥੋਡੇ ਫ਼ੋਨ ਸੁਣਨ ਲੱਗਣ ਤਾਂ ਫਿਰ ਆਪਣਾ ਕੰਮ ਕਿਹੜੇ ਵੇਲੇ ਕਰਨਗੇ।” ਗੱਲ ਤਾਂ ਮੇਰੇ ਮਨ ਨੂੰ ਵੀ ਲੱਗ ਗਈ। ਮੈਂ ਉਸ ਤੋਂ ਬਾਅਦ ਫ਼ੋਨ ਨਹੀਂ ਲਾਇਆ।
ਫ਼ੋਨਾਂ ਦੀਆਂ ਬੈਟਰੀਆਂ ਵੀ ਆਪਣਾ ਕੰਮ ਛੱਡਣ ਨੂੰ ਤਿਆਰ ਸਨ। ਮੋਬਾਇਲ ਬੱਚਿਆਂ ਦੀ ਪਹੁੰਚ ਤੋਂ ਦੂਰ ਕਰ ਦਿੱਤੇ ਗਏ। ਨਿਆਣੇ ਵੀ ਘਰਾਂ ਤੋਂ ਬਾਹਰ ਭੱਜ ਭਜਾਈ ਖੇਡਣ ਲੱਗੇ। ਉਹ ਵੀ ਇਸ ਤਰ੍ਹਾਂ ਖੇਡ ਕੇ ਬੜੇ ਖੁਸ਼ ਹੋ ਰਹੇ ਸਨ। ਮੈਨੂੰ ਜਾਪਿਆ ਬੱਚਿਆਂ ਦੇ ਮੋਬਾਇਲ ਛਡਾਉਣ ਲਈ ਜੇ ਘਰ ਦੇ ਵੱਡੇ ਜੀਅ ਮਿਹਨਤ ਕਰਨ ਤਾਂ ਇਸ ਆਦਤ ਨੂੰ ਕਾਫ਼ੀ ਘਟਾਇਆ ਜਾ ਸਕਦਾ ਹੈ।
ਸ਼ਾਮ ਨੂੰ ਦਾਲ਼-ਰੋਟੀ ਬਣਾਉਣ ਦਾ ਕੰਮ ਵੀ ਸੂਰਜ ਛਿਪਣ ਤੋਂ ਪਹਿਲਾਂ ਹੀ ਕਰ ਲਿਆ ਗਿਆ। ਘਰਾਂ ਦੇ ਅੰਦਰ ਹਨੇਰਾ ਸ਼ੁਰੂ ਹੋਣ ਲੱਗਿਆ। ਮੋਬਾਈਲਾਂ ਤੋਂ ਟਾਰਚਾਂ ਦਾ ਕੰਮ ਲੈਣਾ ਸ਼ੁਰੂ ਕਰ ਦਿੱਤਾ। ਬਿਜਲੀ ਦਾ ਕੋਈ ਥਹੁ ਪਤਾ ਨਹੀਂ ਸੀ। ਬਾਕੀ ਤਾਂ ਔਖੇ ਸੌਖੇ ਸਾਰ ਲੈਣਾ ਸੀ ਪਰ ਪਾਣੀ ਬਿਨਾਂ ਬਹੁਤ ਔਖਾ ਸੀ। ਸਾਹਮਣੇ ਘਰ ਵਾਲਿਆਂ ਦਾ ਪੂਰਾ ਪਰਿਵਾਰ ਬੱਚਿਆਂ ਸਮੇਤ ਆਪਣੇ ਨਾਨਕਿਆਂ ਵੱਲ ਚੱਲ ਪਿਆ। ਇੱਕ ਤੀਰ ਨਾਲ ਦੋ ਤਿੰਨ ਨਿਸ਼ਾਨੇ ਲੱਗ ਜਾਣੇ ਸਨ। ਮਾਂ ਦਾ ਉਲਾਂਭਾ ਵੀ ਉੱਤਰ ਜਾਣਾ ਸੀ ਕਿ ਉਹਨੂੰ ਕੋਈ ਪੇਕੇ ਨਹੀਂ ਲੈ ਕੇ ਜਾਂਦਾ। ਨਾਨਕਿਆਂ ਨੂੰ ਮਿਲ ਵੀ ਆਉਣਾ ਸੀ, ਬਿਜਲੀ ਦਾ ਵੀ ਸਰ ਜਾਣਾ ਸੀ ਅਤੇ ਪੱਕੀਆਂ ਪਕਾਈਆਂ ਵੀ ਮਿਲ ਜਾਣੀਆਂ ਸੀ। ਕਈ ਕੰਮ ਬਣ ਜਾਣੇ ਸਨ। ਇਹ ਚੰਗੀ ਸਕੀਮ ਸੀ। ਸਾਡੇ ਘਰ ਬੱਚੇ ਆਏ ਸਨ, ਅਸੀਂ ਉਹਨਾਂ ਨੂੰ ਉਹਨਾਂ ਦੇ ਨਾਨਕੇ ਭੇਜ ਦਿੱਤਾ।
ਰਿਸ਼ਤੇਦਾਰੀ ਵਿੱਚ ਜਾਣ ਵਾਲੇ ਤਾਂ ਚਿੜੀ ਖੰਭ ਛੁਡਾ ਗਏ, ਜਿਹੜੇ ਜੀਅ ਪਿੱਛੇ ਰਹਿ ਗਏ, ਉਹਨਾਂ ਜਰਨੇਟਰ ਲਿਆਉਣ ਦੀ ਸਕੀਮ ਬਣਾਈ, ਘੱਟੋ ਘੱਟ ਪਾਣੀ ਵਾਲੀਆਂ ਟੈਂਕੀਆਂ ਤਾਂ ਭਰ ਲਈਏ। ਸ਼ਹਿਰ ਵਿੱਚੋਂ ਪਤਾ ਲੱਗਿਆ ਕਿ ਸ਼ਹਿਰ ਵਿੱਚ ਕੋਈ ਜਨਰੇਟਰ ਖਾਲੀ ਨਹੀਂ। ਨਾਲ ਦੇ ਪਿੰਡ ਪਤਾ ਕੀਤਾ ਤਾਂ ਕਿਸੇ ਦਾ ਖਰਾਬ ਹੋਇਆ ਜਨਰੇਟਰ ਠੀਕ ਕਰਾ ਕੇ ਲਿਆਂਦਾ। ਜਦੋਂ ਤਾਰਾਂ ਲਾ ਕੇ ਚਲਾਇਆ ਤਾਂ ਇੱਕ ਬੱਲਬ ਵੀ ਨਾ ਜਗਿਆ, ਮੋਟਰਾਂ ਤਾਂ ਕਿੱਥੋਂ ਚੱਲਣੀਆਂ ਸੀ। ਫਿਰ ਸਾਰੇ ਸੋਚੀਂ ਪੈ ਗਏ, ਕੀ ਕਰੀਏ? ਮਕੈਨਿਕ ਨੂੰ ਫ਼ੋਨ ਕਰ ਕੇ ਬੁਲਾਉਣ ਲਈ ਸੋਚਿਆ। ਉਸ ਦਾ ਫ਼ੋਨ ਵੀ ਵਿਅਸਤ ਆ ਰਿਹਾ ਸੀ। ਆਂਢ ਗੁਆਂਢ ਦੇ ਸਾਰੇ ਜਣੇ ਬਾਹਰ ਆ ਗਏ। ਬੀਬੀਆਂ ਗੱਲਾਂਬਾਤਾਂ ਵਿੱਚ ਮਸਤ, ਬੰਦੇ ਕੋਈ ਹੀਲਾ ਕਰਨ ਬਾਰੇ ਸੋਚਣ ਲੱਗੇ। ਸਾਰੇ ਜਣੇ ਗਲੀ ਵਿੱਚ ਮੱਛਰ ਨੇ ਵੀ ਆਪਣੇ ਪਰਿਵਾਰਾਂ ਸਮੇਤ ਆ ਕੇ ਪੂਰਾ ਲਹੂ ਪੀਤਾ। ਮੱਛਰਾਂ ਦਾ ਏਕਾ ਦੇਖਣ ਨੂੰ ਮਿਲਿਆ, ਪੂਰਾ ਪਰਿਵਾਰ ਇੱਕੋ ਸਮੇਂ ਹਮਲਾ ਕਰਦਾ। ਕਿਸੇ ਵੀ ਇਨਸਾਨ ਨੂੰ ਟਿਕ ਕੇ ਖੜ੍ਹਨ ਨਾ ਦਿੱਤਾ। ਅਖ਼ੀਰ ਸਾਰੇ ਜਣਿਆਂ ਬੇਵੱਸ ਹੋ ਕੇ ਸਵੇਰ ‘ਤੇ ਗੱਲ ਸੁੱਟਣ ਦੀ ਸੋਚੀ।
ਅਸੀਂ ਅਜੇ ਬਾਹਰ ਹੀ ਖੜ੍ਹੇ ਸੀ, ਹਨੇਰੇ ਵਿੱਚ ਇੱਕ ਮੋਟਰ ਸਾਈਕਲ ‘ਤੇ ਦੋ ਜਣੇ ਸਾਡੇ ਘਰਾਂ ਵੱਲ ਆ ਰਹੇ ਸਨ। ਸਾਰਿਆਂ ਸੋਚਿਆ , ਜਨਰੇਟਰ ਠੀਕ ਕਰਨ ਵਾਲੇ ਭਾਈ ਹੋਣਗੇ। ਜਦੋਂ ਉਹਨਾਂ ਦੇ ਕੋਲ ਜਾ ਕੇ ਪੁੱਛਿਆ ਤਾਂ ਉਹ ਬਿਜਲੀ ਵਾਲੇ ਸਨ। ਸਾਡੇ ਘਰਾਂ ਦੇ ਨੇੜਿਓਂ ਸਵਿੱਚ ਕੱਟੀ ਹੋਈ ਸੀ। ਆਮ ਜਿਹੀ ਸਥਿਤੀ ਵਿੱਚ ਵੀ ਨੁਕਸ ਜਿੱਥੇ ਮਰਜ਼ੀ ਹੋਵੇ ਪਰ ਸਾਡੇ ਘਰਾਂ ਦੀ ਬਿਜਲੀ ਨੂੰ ਰੂੰਗੇ ਵਾਲੇ ਕੱਟ ਲੱਗ ਜਾਂਦੇ ਹਨ। ਅੱਗੇ ਵਾਲੀਆਂ ਲਾਈਨਾਂ ਠੀਕ ਕਰਨ ਲਈ। ਉਹ ਕਹਿਣ ਲੱਗੇ ਕਿ ਪੰਦਰਾਂ ਕੁ ਮਿੰਟਾਂ ਤਕ ਲਾਈਟ ਆ ਜਾਣੀ ਹੈ। ਪਰ ਸਵੇਰੇ ਫਿਰ ਸਾਨੂੰ ਕੱਟਣੀ ਪੈਣੀ ਐ। ਉਸ ਵੇਲੇ ਤਾਂ ਮਨੋਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਸੀ, ਆਖਣ ਨੂੰ ਦਿਲ ਕਰਦਾ ਸੀ, ਇੱਕ ਵਾਰ ਪਾਣੀ ਭਰ ਲੈਣ ਦਿਓ, ਫਿਰ ਭਾਵੇਂ ਉਦੋਂ ਹੀ ਕੱਟ ਦੇਣਾ।
”ਬਾਈ ਪੀਣ ਲਈ ਪਾਣੀ ਲਿਆ ਦਿਓ ਸਾਨੂੰ।” ਉਹਨਾਂ ਵਿੱਚੋਂ ਇੱਕ ਜਣੇ ਨੇ ਕਿਹਾ। ਮੈਂ ਪਤਾ ਨਹੀਂ ਸੁਤੇ ਸਿੱਧ ਹੀ ਆਖਿਆ ਜਾਂ ਨਰਾਜ਼ਗੀ ਦਿਖਾਈ, ”ਵੀਰੇ! ਪਹਿਲਾਂ ਮੋਟਰਾਂ ਤਾਂ ਚਲਦੀਆਂ ਕਰੋ।”
ਮੈਂ ਉਹਨਾਂ ਦਾ ਜਵਾਬ ਉਡੀਕੇ ਬਿਨਾਂ ਪਾਣੀ ਲੈਣ ਅੰਦਰ ਆ ਗਈ। ਪਾਣੀ ਠੰਢਾ ਤਾਂ ਨਹੀਂ ਸੀ ਪਰ ਪਿਆਸ ਬੁਝਾਉਣ ਜੋਗਾ ਹੈ ਸੀ। ਥੋੜ੍ਹੀ ਦੇਰ ਬਾਅਦ ਉਹਨਾਂ ਬਿਜਲੀ ਚਾਲੂ ਕਰ ਦਿੱਤੀ ਅਤੇ ਆਖਿਆ, ”ਚਲਾ ਲੋ ਬਾਈ ਮੋਟਰ। ਪਾਣੀ ਭਰ ਲੋ।”
ਉਹਨਾਂ ਨੂੰ ਚਾਹ ਦੁੱਧ ਲਈ ਪੁੱਛਿਆ। ਉਹਨਾਂ ਨਾਂਹ ਕਰ ਦਿੱਤੀ ਅਤੇ ਪਾਣੀ ਪੀ ਕੇ ਚਲੇ ਗਏ। ਅਸੀਂ ਹਨੇਰੇ ਵਿੱਚ ਉਹਨਾਂ ਦੀਆਂ ਸ਼ਕਲਾਂ ਵੀ ਨਹੀਂ ਦੇਖੀਆਂ। ਜਦੋਂ ਨੂੰ ਬੱਲਬ ਲਾਏ, ਉਹ ਆਪਣਾ ਕੰਮ ਨਿਪਟਾ ਕੇ ਚਲਦੇ ਬਣੇ। ਜਿਹੜੇ ਬਿਜਲੀ ਵਾਲਿਆਂ ‘ਤੇ ਫ਼ੋਨ ਨਾ ਚੁੱਕਣ ਕਾਰਨ ਨਰਾਜ਼ਗੀ ਸੀ, ਹੁਣ ਉਹਨਾਂ ਦੀਆਂ ਮਜਬੂਰੀਆਂ ਦਿਸਣ ਲੱਗ ਪਈਆਂ। ਅੰਦਰੋਂ ਦੁਆਵਾਂ ਵੀ ਨਿਕਲੀਆਂ। ਸਾਰੇ ਦਿਨ ਦੀਆਂ ਸੁਣੀਆਂ ਖ਼ਬਰਾਂ ਦਿਮਾਗ਼ ਵਿੱਚ ਘੁੰਮਣ ਲੱਗ ਪਈਆਂ। ਕਿਤੇ ਉਹ ਖੰਭਿਆਂ ‘ਤੇ ਚੜ੍ਹੇ ਹੋਏ ਨੇ, ਕਿਤੇ ਟੁੱਟੇ ਖੰਭਿਆਂ ਨੂੰ ਹਟਾ ਰਹੇ ਨੇ, ਕਿਤੇ ਉਹ ਤਾਰਾਂ ਠੀਕ ਕਰ ਰਹੇ ਨੇ ਜਾਂ ਕਸ ਰਹੇ ਨੇ। ਕਿੰਨੇ ਸਾਰੇ ਕੰਮ ਇਨ੍ਹਾਂ ਨੂੰ ਕਰਨੇ ਪੈਂਦੇ ਹਨ। ਅਸੀਂ ਘਰੇ ਬੈਠੇ ਹੀ ਇਨ੍ਹਾਂ ਨਾਲ ਗੁੱਸੇ ਹੋਏ ਰਹਿੰਦੇ ਹਾਂ। ਮੈਂ ਤਾਂ ਕਈ ਬਜ਼ੁਰਗ ਬੀਬੀਆਂ ਨੂੰ ਇਹ ਕਹਿੰਦੇ ਵੀ ਸੁਣਿਆ, ”ਇਹ ਤਾਂ ਜਾਣ ਕੇ ਸੁੱਚ ਬੰਦ ਕਰ ਦਿੰਦੇ ਨੇ ਬਈ ਲੋਕ ਆਪੇ ਤੜਫ਼ਦੇ ਫਿਰਨਗੇ।”
ਪਹਿਲਾਂ ਪਹਿਲਾਂ ਇਹੀ ਲਗਦਾ ਹੁੰਦਾ ਸੀ ਕਿ ਇਹ ਬਿਜਲੀ ਵਾਲੇ ਲੋਕਾਂ ਨੂੰ ਜਾਣ ਬੁੱਝ ਕੇ ਤੰਗ ਕਰਦੇ ਹਨ। ਬੇ-ਸਮਝ ਸ਼ਰੇਆਮ ਬੁਰਾ ਭਲਾ ਬੋਲ ਦਿੰਦੇ ਹਨ। ਜਦੋਂ ਇਸ ਮਹਿਕਮੇ ਵਿੱਚ ਭਰਤੀ ਹੋਏ ਕਿਸੇ ਆਪਣੇ ਤੋਂ ਇਨ੍ਹਾਂ ਦੇ ਖੇਤਰ ਦੀਆਂ ਗੱਲਾਂ ਸੁਣੀਏ ਤਾਂ ਪਤਾ ਲਗਦਾ ਹੈ ਕਿ ਇਨ੍ਹਾਂ ਦੀ ਡਿਊਟੀ ਕਿੰਨੀ ਸਖ਼ਤ ਹੁੰਦੀ ਹੈ। ਕੜਾਕੇ ਦੀ ਸਰਦੀ ਵਿੱਚ ਅਤੇ ਗਰਮੀਆਂ ਵਿੱਚ ਜਦੋਂ ਕਾਂ ਅੱਖ ਨਿਕਲਦੀ ਹੈ, ਇਹ ਦਿਨ ਰਾਤ ਆਪਣੀਆਂ ਸਖ਼ਤ ਡਿਊਟੀਆਂ ਨਿਭਾਉਂਦੇ ਹਨ। ਇਨ੍ਹਾਂ ਦੇ ਮਹਿਕਮੇ ਵਿੱਚ ਵੀ ਬੇਈਮਾਨ ਹੁੰਦੇ ਹਨ, ਜੋ ਭ੍ਰਿਸ਼ਟ ਨੇਤਾਵਾਂ ਦੇ ਕੰਮ ਕਰ ਕੇ ਖੁਸ਼ ਹੁੰਦੇ ਹਨ। ਇਮਾਨਦਾਰ ਅਫਸਰ ਵੀ ਇਹੋ ਜਿਹੇ, ਜਿਹੜੇ ਕੰਮ ਬਹੁਤਾ ਹੋਣ ਕਰਕੇ ਭੁੱਖੇ ਭਾਣੇ ਰਹਿ ਸਕਦੇ ਹਨ। ਪਰ ਇਨ੍ਹਾਂ ਦੀ ਇਮਾਨਦਾਰੀ ਤੋਂ ਡਰਦਿਆਂ ਇਨ੍ਹਾਂ ਨੂੰ ਟਿਕਣ ਨਹੀਂ ਦਿੱਤਾ ਜਾਂਦਾ। ਬਦਲੀ ਕਰਵਾਉਣ ਲਈ ਬੇਈਮਾਨਾਂ ਦਾ ਪੂਰਾ ਜ਼ੋਰ ਲੱਗਿਆ ਰਹਿੰਦਾ ਹੈ।
ਇੱਕ ਵਾਰ ਕਿਸੇ ਬਿਜਲੀ ਮੁਲਾਜ਼ਮ ਦੀ ਵਿਦਾਇਗੀ ਪਾਰਟੀ ‘ਤੇ ਜਾਣ ਦਾ ਸਬੱਬ ਬਣਿਆ ਤਾਂ ਬਹੁਤ ਸਾਰੇ ਭੁਲੇਖੇ ਮਨ ਵਿੱਚੋਂ ਨਿਕਲ ਗਏ। ਵਿਦਾਇਗੀ ਭਾਸ਼ਣ ਵੇਲੇ ਜਦੋਂ ਕਿਸੇ ਨੇ ਆਖਿਆ, ” ਆਪਣੇ ਮਹਿਕਮੇ ਵਿੱਚ ਜੇ ਕੋਈ ਸੁੱਖੀ ਸਾਂਦੀ ਰਿਟਾਇਰਮੈਂਟ ਤਕ ਪਹੁੰਚ ਜਾਂਦਾ ਹੈ, ਇਹ ਵੀ ਬਹੁਤ ਵੱਡੀ ਗੱਲ ਹੈ।” ਇਸ ਗੱਲ ਨੇ ਦਿਮਾਗ਼ ਘੁਮਾ ਦਿੱਤਾ ਸੀ। ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਚੇਤੇ ਆਈਆਂ, ਜਦੋਂ ਇਨ੍ਹਾਂ ਦੇ ਖੰਭਿਆਂ ਤੋਂ ਡਿਗ ਕੇ ਸੱਟਾਂ ਵੱਜ ਜਾਂਦੀਆਂ ਹਨ ਜਾਂ ਫਿਰ ਕਈ ਵਾਰ ਜਾਨ ਤੋਂ ਵੀ ਹੱਥ ਧੋਣੇ ਪਏ। ਜਿੰਨਾ ਕੁ ਮੈਂ ਦੇਖਿਆ ਸੁਣਿਆ, ਬਿਜਲੀ ਕਾਮਿਆਂ ਨੂੰ ਬਚਾ ਕਿੱਟਾਂ ਦੀ ਕਮੀ ਕਾਰਨ ਕਈ ਵਾਰ ਕੀਮਤੀ ਜਾਨਾਂ ਵੀ ਗਵਾਉਣੀਆਂ ਪੈਂਦੀਆਂ ਹਨ।
ਇਨ੍ਹਾਂ ਦੋ ਦਿਨਾਂ ਵਿੱਚ ਮਹਿਸੂਸ ਹੋਇਆ ਕਿ ਅਸੀਂ ਬਿਜਲੀ ‘ਤੇ ਕਿੰਨਾ ਨਿਰਭਰ ਹੋ ਗਏ ਹਾਂ। ਕਈ ਵਾਰ ਤਾਂ ਜਾਪਦਾ ਹੈ ਕਿ ਮਸ਼ੀਨਾਂ ਹੀ ਨਹੀਂ, ਅਸੀਂ ਵੀ ਬਿਜਲੀ ‘ਤੇ ਹੀ ਚਲਦੇ ਹੋਈਏ। ਅਸੀਂ ਉਸ ਦਿਨ ਘਰੋਂ ਬਾਹਰ ਖੜ੍ਹੇ ਪੁਰਾਣੇ ਸਮਿਆਂ ਨੂੰ ਯਾਦ ਕਰਦੇ ਰਹੇ। ਸੋਚਿਆ, ਜੇ ਕਿਤੇ ਸਾਰੇ ਘਰਾਂ ਵਿੱਚ ਇੱਕ ਨਲਕਾ ਲੱਗਿਆ ਹੁੰਦਾ, ਫਿਰ ਪਾਣੀ ਵਾਲੀ ਚਿੰਤਾ ਨਹੀਂ ਸੀ ਹੋਣੀ। ਪਾਣੀ ਵਾਲੇ ਨਲਕੇ ਤਾਂ ਹੁਣ ਸੁਪਨੇ ਹੀ ਬਣ ਗਏ। ਬੜਾ ਕੁਝ ਸੋਚਣ ‘ਤੇ ਮਜਬੂਰ ਹੋ ਗਏ, ਜੇ ਬਿਜਲੀ ਨਾ ਹੋਵੇ, ਸਾਨੂੰ ਪੀਣ ਲਈ ਪਾਣੀ ਵੀ ਬੜਾ ਮੁਸ਼ਕਿਲ ਮਿਲਣਾ ਹੈ। ਬਿਜਲੀ ਦੀ ਬੱਚਤ ਬਾਰੇ ਗੱਲ ਹੋਈ ਤਾਂ ਯਾਦ ਆਇਆ ਕਿ ਸੜਕਾਂ ਦੇ ਕਿਨਾਰੇ ਖੰਭਿਆਂ ‘ਤੇ ਲੱਗੀਆਂ ਲਾਈਟਾਂ ਸਾਰਾ ਸਾਰਾ ਦਿਨ ਚਲਦੀਆਂ ਰਹਿੰਦੀਆਂ ਹਨ। ਪਤਾ ਨਹੀਂ ਇਨ੍ਹਾਂ ਦਾ ਵਾਲੀ ਵਾਰਸ ਕੌਣ ਹੈ? ਬਿਜਲੀ ਵਾਲੇ ਕਹਿੰਦੇ ਇਹ ਸਾਡੇ ਮਹਿਕਮੇ ਅਧੀਨ ਨਹੀਂ ਆਉਂਦੀਆਂ। ਥੋੜ੍ਹੇ ਇਨਸਾਨੀਅਤ ਦਾ ਮਾਦਾ ਰੱਖਣ ਵਾਲਿਆਂ ਨੂੰ ਇਹ ਗੱਲਾਂ ਬੜੀਆਂ ਰੜਕਦੀਆਂ ਹਨ। ਹਰ ਬੰਦੇ ਨੂੰ ਸੰਭਲ ਕੇ ਚੱਲਣ ਦੀ ਲੋੜ ਹੈ। ਅਸਲ ਗੱਲ ਤਾਂ ਇਹ ਹੈ ਕਿ ਜੋ ਅਸੀਂ ਦੋ ਦਿਨ ਬਿਜਲੀ ਤੋਂ ਬਿਨਾਂ ਕੱਟੇ, ਕਈਆਂ ਨੇ ਸਾਡੇ ਤੋਂ ਵੱਧ ਘੱਟ ਦਿਨ ਵੀ ਕੱਟੇ ਹੋਣਗੇ। ਅਸੀਂ ਪਾਣੀ ਦੀ ਵਰਤੋਂ ਕਿੰਨਾ ਸੰਭਲ ਕੇ ਕੀਤੀ, ਇਨਵਰਟਰ ਵਾਲੀ ਬਿਜਲੀ ਦੀ ਵਰਤੋਂ ਵੀ ਬੜੇ ਸੰਜਮ ਨਾਲ ਕੀਤੀ। ਕੀ ਬਿਜਲੀ ਪਾਣੀ ਦੀ ਬੱਚਤ ਨੂੰ ਅਸੀਂ ਆਪਣੇ ਸੁਭਾਅ ਵਿੱਚ ਸ਼ਾਮਲ ਨਹੀਂ ਕਰ ਸਕਦੇ? ਹਰ ਬੰਦਾ ਇਸ ਬੱਚਤ ਨਾਲ ਆਪਣਾ ਬਣਦਾ ਯੋਗਦਾਨ ਪਾਵੇ ਤਾਂ ਬੂੰਦ ਬੂੰਦ ਨਾਲ ਹੀ ਤਲਾਬ ਭਰਦੇ ਹਨ।