ਲੇਖਕ ਲ਼ ਹਰਲਾਜ ਸਿੰਘ ਬਹਾਦਰਪੁਰ
ਜਦੋਂ ਕਿਸੇ ਨੂੰ ਕਿਸੇ ਪਾਸਿਉਂ ਤੋੜਨਾ ਹੋਵੇ ਤਾਂ ਉਸ ਨੂੰ ਦੂਜੇ ਪਾਸੇ ਜੋੜਨ ਦਾ ਪ੍ਰਬੰਧ ਵੀ ਕਰਨਾ ਪੈਂਦਾ ਹੈ..
ਜਿਵੇਂ ਕਿ ਕਿਸੇ ਦੇ ਹੱਥ ਵਿਚੋਂ ਪਹਿਲੀ ਵਸਤੂ ਛੁਡਾਉਣ ਲਈ ਉਸ ਦੇ ਹੱਥ ਵਿਚ ਦੂਜੀ ਨਵੀਂ ਵਸਤੂ ਦੇਣੀ ਪੈਂਦੀ ਹੈ ।ਇਸੇ ਤਰ੍ਹਾਂ ਹੀ ਸਾਡੇ ਕੋਲੋਂ ਵੀ ਅਸਲੀ ਧਰਤੀ, ਕਿਰਤ ਅਤੇ ਸਾਡਾ ਸੱਭਿਆਚਾਰ ਛੁਡਾਉਣ ਲਈ ਸਾਨੂੰ ਨੈੱਟ ਦੀ ਨਕਲੀ ਧਰਤੀ, ਨਕਲੀ ਕਿਰਤ ਅਤੇ ਬਿਗਾਨੇ ਸੱਭਿਆਚਾਰ ਨਾਲ ਜੋੜਿਆ ਜਾ ਰਿਹਾ ਹੈ । ਵੱਡੀਆਂ ਕੰਪਨੀਆਂ ਦੇ ਮਾਲਕ ਹੁਣ ਆਪਣੀਆਂ ਵਸਤਾਂ ਦੇ ਭਾਅ ਆਪਣੀਆਂ ਮਨਮਰਜ਼ੀਆਂ ਅਨੁਸਾਰ ਤੈਅ ਕਰਕੇ ਅੰਨ੍ਹੀ ਲੁੱਟ ਕਰਦੇ ਹੋਏ ਸਮੇਂ ਦੀਆਂ ਸਰਕਾਰਾਂ ਨੂੰ ਖ਼ਰੀਦ ਕੇ ਦੇਸ਼ ਦੇ ਸਮੁੱਚੇ ਪ੍ਰਬੰਧ ਉੱਤੇ ਕਾਬਜ਼ ਹੋ ਰਹੇ ਹਨ । ਹੁਣ ਉਹ ਚਾਹੁੰਦੇ ਹਨ ਕਿ ਦੇਸ਼ ਦੀ ਸਮੁੱਚੀ ਧਰਤੀ ਦੇ ਮਾਲਕ ਵੀ ਅਸੀਂ ਹੀ ਹੋਈਏ, ਕਿਉਂਕਿ ਧਰਤੀ ਹੀ ਸਭ ਤੋਂ ਵੱਡਾ ਕੁਦਰਤੀ ਕਾਰਖਾਨਾ ਹੈ ਜਿਸ ਵਿਚ ਅਨੇਕਾਂ ਤਰ੍ਹਾਂ ਦਾ ਅਨਾਜ ਅਤੇ ਜੜੀਆਂ ਬੂਟੀਆਂ ਦੀ ਪੈਦਾਵਾਰ ਹੁੰਦੀ ਹੈ ।ਧਰਤੀ ਵਾਲੀ ਅਜਿਹੀ ਉਪਜ ਹੋਰ ਕਿਸੇ ਵੀ ਤਰਾਂ ਦੇ ਕਾਰਖਾਨੇ ਵਿਚ ਪੈਦਾ ਨਹੀਂ ਕੀਤੀ ਜਾ ਸਕਦੀ । ਕੋਈ ਵੀ ਕਾਰਖਾਨਾ ਧਰਤੀ ਦੀ ਉਪਜ ਤੋਂ ਬਗੈਰ ਚੱਲ ਨਹੀਂ ਸਕਦਾ । ਕਾਰਖਾਨਿਆਂ ਨੂੰ ਪੈਦਾਵਾਰ ਕਰਨ ਲਈ ਧਰਤੀ ਦੀ ਲੋੜ ਹੈ ਪਰ ਧਰਤੀ ਲਈ ਪੈਦਾਵਾਰ ਲਈ ਕਾਰਖਾਨਿਆਂ ਦੀ ਜ਼ਰੂਰਤ ਨਹੀਂ ਪੈਂਦੀ ਙ ਬੇਸ਼ੱਕ ਕਾਰਖਾਨੇ ਵੀ ਅੱਜ ਸਾਡੀ ਮੁੱਢਲੀ ਲੋੜ ਬਣ ਚੁੱਕੇ ਹਨ ਪਰ ਧਰਤੀ ਦੀ ਕੁਦਰਤੀ ਉਪਜ (ਪੈਦਾਵਾਰ) ਉਹ ਨਿਆਮਤ ਹੈ ਜੋ ਆਦਿ ਮਾਨਵ ਤੋਂ ਲੈ ਕੇ ਅੱਜ ਤੱਕ ਦੇ ਆਧੁਨਿਕ ਮਨੁੱਖ ਸਮੇਤ ਹਰ ਤਰ੍ਹਾਂ ਦੇ ਜੀਵ ਜੰਤੂਆਂ, ਬਨਸਪਤੀ ਆਦਿ ਦਾ ਪਾਲਣ-ਪੋਸ਼ਣ ਕਰ ਰਹੀ ਹੈ, ਸਮੁੱਚੀ ਧਰਤੀ ਦੇ ਜੀਵ ਜੰਤੂਆਂ ਨੂੰ ਜੀਵਤ ਰਹਿਣ ਲਈ ਧਰਤੀ ਦੀ ਲੋੜ ਹੈ ਨਾ ਕਿ ਕਾਰਖਾਨਿਆਂ ਦੀ ।ਕਾਰਖਾਨਿਆਂ ਨੇ ਸਾਨੂੰ ਸੁੱਖ, ਸਹੂਲਤਾਂ ਤਾਂ ਬਹੁਤ ਦਿੱਤੀਆਂ ਹਨ ਪਰ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਕਾਰਨ ਜਿੱਥੇ ਮਨੁੱਖਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਬਹੁਤ ਸਾਰੇ ਕੁਦਰਤੀ ਜੀਵ ਜੰਤੂਆਂ ਦੀਆਂ ਕਈ ਨਸਲਾਂ ਵੀ ਸਦਾ ਲਈ ਖਤਮ ਹੋ ਗਈਆਂ ਤੇ ਹੋ ਰਹੀਆਂ ਹਨ । ਹੁਣ ਮਨੁੱਖਾਂ ਵਿਚੋਂ ਚਲਾਕ ਬੁੱਧੀ ਵਾਲੇ ਗਿਣਤੀ ਦੇ ਮਨੁੱਖ ਧਰਤੀ ਨੂੰ ਆਪਣੀ ਨਿੱਜੀ ਜਾਇਦਾਦ ਅਤੇ ਸਮੁੱਚੀ ਮਨੁੱਖਾ ਜਾਤੀ ਨੂੰ ਆਪਣੀ ਗੁਲਾਮ ਬਣਾਉਣਾ ਚਾਹੁੰਦੇ ਹਨ । ਅੱਜ ਸਾਡੇ ਦੇਸ਼ ਦੀ ਧਰਤੀ ਕਿਸੇ ਨਾ ਕਿਸੇ ਰੂਪ ਵਿਚ ਸਾਰੇ ਦੇਸ਼ ਵਾਸੀਆਂ ਦੀ ਸਾਂਝੀ ਧਰਤੀ ਹੈ ।
ਕਿਸੇ ਕੋਲ ਘੱਟ ਹੈ ਕਿਸੇ ਕੋਲ ਵੱਧ ਹੈ, ਆਪੋ-ਆਪਣੀਆਂ ਲੋੜਾਂ ਅਨੁਸਾਰ ਵੱਖੋ ਵੱਖਰੀ ਪੈਦਾਵਾਰ ਹੋ ਰਹੀ ਹੈ, ਕੋਈ ਖੇਤੀ ਕਰ ਰਿਹਾ ਹੈ ਕੋਈ ਮਜ਼ਦੂਰੀ ਕਰ ਰਿਹਾ ਹੈ, ਕੋਈ ਮਜ਼ਦੂਰ ਵੀ ਖੇਤੀ ਕਰ ਰਿਹਾ ਹੈ, ਕੋਈ ਆਪਣੀ ਮਰਜ਼ੀ ਦੇ ਕੰਮ ਦੀ ਮਜ਼ਦੂਰੀ ਕਰ ਰਿਹਾ ਹੈ ਭਾਵ ਕਿ ਸਭ ਨੂੰ ਰੁਜ਼ਗਾਰ ਮਿਲ ਰਿਹਾ ਹੈ । ਜੇ ਇਸ ਦੇਸ਼ ਦੀ ਧਰਤੀ ਦਾ ਮਾਲਕ ਸਿਰਫ਼ ਇਕ ਹੀ ਵਿਅਕਤੀ ਜਾਂ ਅਦਾਰਾ ਹੋਇਆ ਫਿਰ ਅਸੀਂ ਸਾਰੇ ਗੁਲਾਮ ਮਜ਼ਦੂਰ ਹੋਵਾਂਗੇ, ਮਾਲਕ ਆਪਣੀ ਮਰਜ਼ੀ ਦੀ ਫਸਲ ਪੈਦਾ ਕਰੇਗਾ । ਆਪਣੀ ਮਨਮਰਜ਼ੀ ਨਾਲ ਫਸਲ ਅਤੇ ਮਜ਼ਦੂਰੀ ਦਾ ਭਾਅ ਤੈਅ ਕਰੇਗਾ, ਉਹ ਮਾਲਕ ਫਿਰ ਸਾਨੂੰ ਸਾਰਿਆਂ ਨੂੰ ਜਿਉਂਦੇ ਰੱਖਣ ਲਈ ਮਜ਼ਦੂਰੀ ਰਾਹੀਂ ਭੋਜਨ ਵੀ ਉਨੇ ਕੁ ਲੋਕਾਂ ਨੂੰ ਹੀ ਦੇਵੇਗਾ ਜਿੰਨੇ ਮਜ਼ਦੂਰਾਂ ਦੀ ਉਸ ਨੂੰ ਲੋੜ ਹੋਵੇਗੀ ਬਾਕੀਆਂ ਨੂੰ ਮਰਨ ਲਈ ਛੱਡ ਦੇਵੇਗਾ ।ਸਾਡੇ ਕੋਲ ਕੋਈ ਹੱਕ ਵੀ ਨਹੀਂ ਹੋਣਗੇ, ਇਹ ਹੋਵੇਗੀ ਅਸਲੀ ਗੁਲਾਮੀ । ਸਾਡੇ ਲਈ ਅਜਿਹੀ ਗੁਲਾਮੀ ਦਾ ਤਾਣਾ ਬਾਣਾ ਨੈੱਟ ਰਾਹੀਂ ਬੁਣਿਆ ਜਾ ਰਿਹਾ ਹੈ ।ਇਸ ਨੈੱਟ ਰਾਹੀਂ ਜਿੱਥੇ ਸਾਨੂੰ ਆਪਣੀ ਧਰਤੀ, ਕਿਰਤ ਅਤੇ ਸੱਭਿਆਚਾਰ ਨਾਲ਼ੋਂ ਤੋੜਿਆ ਜਾ ਰਿਹਾ ਹੈ, ਉੱਥੇ ਸਾਡੇ ਸਮੇਂ, ਸ਼ਰਮ ਅਤੇ ਮਿਲਵਰਤਣ ਵਾਲ਼ੇ ਸੰਸਕਾਰਾਂ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ ।ਅਫਸੋਸ ਕਿ ਅਸੀਂ ਬਿਨਾਂ ਸੋਚੇ ਸਮਝੇ ਨੈੱਟ ਦੀ ਇਸ ਚਾਲ ਵਿਚ ਬੁਰੀ ਤਰ੍ਹਾਂ ਫਸਦੇ ਜਾ ਰਹੇ ਹਾਂ ।ਅਸੀਂ ਲੋੜੀਂਦੀ ਖੇਤੀ ਜਾਂ ਲੋੜੀਂਦੇ ਕਾਰਖਾਨਿਆਂ ਵਿਚ ਸਰੀਰਕ ਮਿਹਨਤ ਵਾਲਾ ਕੰਮ ਕਰਕੇ ਕਮਾਈ ਕਰਨ ਦੀ ਥਾਂ ਨੈੱਟ ‘ਤੇ ਬਣੇ ਵੱਖਰੇ ਵੱਖਰੇ ਬੇਲੋੜੇ ਸਾਧਨਾਂ (ਫੇਸਬੁੱਕ, ਇੰਸਟਾਗ੍ਰਾਮ ਅਦਿ) ਰਾਹੀ ਚੰਗੀ, ਮੰਦੀ ਅਤੇ ਬੇਲੋੜੀ ਸਮੱਗਰੀ ਸਾਂਝੀ ਕਰਕੇ ਕਮਾਈ ਕਰਨ ਵੱਲ ਨੂੰ ਦੌੜ ਰਹੇ ਹਾਂ । ਯਾਦ ਰੱਖਿਓ, ਇਸ ਨੈੱਟ ‘ਤੇ ਪੈਸੇ ਕਮਾਏ ਜਾ ਸਕਦੇ ਹਨ ਪਰ ਭੋਜਨ ਪੈਦਾ ਨਹੀਂ ਕੀਤਾ ਜਾ ਸਕਦਾ।ਸਾਨੂੰ ਨੈੱਟ ਤੋਂ ਕਮਾਏ ਪੈਸਿਆਂ ਨਾਲ ਭੋਜਨ ਵੀ ਤਾਂ ਹੀ ਮਿਲ ਰਿਹਾ ਹੈ ਕਿਉਂਕਿ ਹਾਲੇ ਬਹੁਤ ਸਾਰੇ ਲੋਕ ਅੰਨ ਪੈਦਾ ਕਰ ਰਹੇ ਹਨ । ਸਾਡੀਆਂ ਮੁਢਲੀਆਂ ਲੋੜਾਂ ਲਈ ਸਾਜ਼ੋ ਸਾਮਾਨ ਵੀ ਸਰੀਰਕ ਮਿਹਨਤ ਰਾਹੀਂ ਹੀ ਤਿਆਰ ਹੁੰਦਾ ਹੈ ਨਾ ਕਿ ਨੈੱਟ ਰਾਹੀਂ ।ਨੈੱਟ ਇਕ ਵਧੀਆ ਸੰਚਾਰ ਸਾਧਨ ਤਾਂ ਹੈ ਜਿਸ ਰਾਹੀਂ ਤੁਸੀਂ ਆਡੀਓ, ਵੀਡੀਓ ਜਾਂ ਲਿਖਤੀ ਸਮੱਗਰੀ ਬਿਨਾਂ ਕਿਸੇ ਦੇਰ ਦੇ ਇਕ ਦੂਜੇ ਕੋਲ ਭੇਜ ਸਕਦੇ ਹੋ, ਪਰ ਮਨੁੱਖ ਦੀਆਂ ਮੁਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਲਈ ਸਮੱਗਰੀ ਨਾ ਤਾਂ ਨੈੱਟ ਦੀ ਧਰਤੀ ‘ਤੇ ਪੈਦਾ ਹੁੰਦੀ ਹੈ, ਨਾ ਇਹ ਨੈੱਟ ਰਾਹੀਂ ਇਕ ਥਾਂ ਤੋਂ ਦੂਜੀ ਥਾਂ ‘ਤੇ ਭੇਜੀ ਜਾ ਸਕਦੀ ਹੈ ।ਜਿਸ ਹਿਸਾਬ ਨਾਲ ਅਸੀਂ ਨੈੱਟ ਦੀ ਖੇਤੀ ਵੱਲ ਦੌੜ ਰਹੇ ਹਾਂ ਅਤੇ ਸਾਨੂੰ ਇਸ ਤੋਂ ਕਮਾਈ ਹੋ ਰਹੀ ਹੈ, ਉਸ ਹਿਸਾਬ ਨਾਲ ਖੇਤੀ ਜਾਂ ਕਾਰਖਾਨਿਆਂ ਦੇ ਸਰੀਰਕ ਮਿਹਨਤ ਵਾਲੇ ਕੰਮ ਤਾਂ ਕਿਸੇ ਨੇ ਵੀ ਨਹੀਂ ਕਰਨੇ ।ਸਰੀਰਕ ਮਿਹਨਤ ਵਾਲੇ ਕੰਮ ਕਰਕੇ ਅਸੀਂ ਰਾਜ਼ੀ ਨਹੀਂ ਹਾਂ । ਜ਼ਮੀਨਾਂ ਨਾਲ ਸਾਡਾ ਪਿਆਰ ਨਹੀਂ ਰਿਹਾ । ਜ਼ਮੀਨਾਂ ਨਾਲ ਪਿਆਰ ਵੀ ਉਨ੍ਹਾਂ ਨੂੰ ਹੀ ਹੁੰਦਾ ਹੈ ਜੋ ਕਿਸੇ ਨਾ ਕਿਸੇ ਰੂਪ ਵਿਚ ਜ਼ਮੀਨਾਂ ਨਾਲ ਜੁੜੇ ਹੋਏ ਹੋਣ ।ਜ਼ਮੀਨਾਂ ਵੇਚ ਕੇ ਅਸੀਂ ਨੈੱਟ ਦੇ ਸਾਧਨ ਮੋਬਾਈਲ ਵਗੈਰਾ ਖ਼ਰੀਦਣ ਨੂੰ ਆਪਣੀ ਸ਼ਾਨ ਸਮਝਦੇ ਹਾਂ । ਕਾਰਪੋਰੇਟ ਘਰਾਣਿਆਂ ਤੋਂ ਜ਼ਮੀਨਾਂ ਨੂੰ ਬਚਾਉਣ ਲਈ ਵੱਡੀ ਉਮਰ ਦੇ ਲੋਕ ਜੋ ਮਿੱਟੀ ਨਾਲ ਜੁੜੇ ਹੋਏ ਹਨ, ਉਹ ਦੇਸ਼ ਵੇਚੂ ਲੀਡਰਾਂ ਵਿਰੁੱਧ ਧਰਨਿਆਂ ਮੁਜ਼ਾਹਰਿਆਂ ਰਾਹੀਂ ਲੜ ਰਹੇ ਹਨ ।ਨਵੀਂ ਪੀੜ੍ਹੀ ਕੁੱਝ ਕੁ ਤਾਂ ਦੇਸ਼ ਦੀ ਧਰਤੀ ਉੱਤੇ ਹੀ ਰਹਿਣਾ ਪਸੰਦ ਨਹੀਂ ਕਰਦੀ ।ਜੋ ਦੇਸ਼ ਵਿਚ ਰਹਿਣਾ ਚਾਹੁੰਦੀ ਹੈ ਉਹ ਆਪਣੀ ਅਸਲੀ ਧਰਤੀ ਉੱਤੇ ਰਹਿਣ ਦੀ ਥਾਂ ਨੈੱਟ ਦੀ ਉਸਾਰੀ ਨਕਲੀ ਧਰਤੀ ‘ਤੇ ਸਵਾਰ ਹੋ ਚੁੱਕੀ ਹੈ ।ਬਜ਼ੁਰਗ ਕਿੰਨਾ ਕੁ ਚਿਰ ਲੜਨਗੇ? ਜਿਸ ਤਰ੍ਹਾਂ ਅਸੀਂ ਨੈੱਟ ਨਾਲ ਜੁੜਦੇ ਜਾ ਰਹੇ ਹਾਂ, ਇਸ ਨੂੰ ਵੇਖ ਕੇ ਤਾਂ ਮੈਨੂੰ ਇਹ ਨੈੱਟ ਚਿੱਟੇ (ਨਸ਼ਿਆਂ) ਨਾਲੋਂ ਵੀ ਵੱਧ ਖ਼ਤਰਨਾਕ ਲੱਗ ਰਿਹਾ ਹੈ ।ਕਿਤੇ ਇਹ ਨਾ ਹੋਵੇ ਕਿ ਸਾਨੂੰ ਇਸ ਨੈੱਟ ਦੀ ਨਕਲੀ ਧਰਤੀ ਅਤੇ ਕਮਾਈ ਨਾਲ ਜੋੜ ਕੇ ਕਾਰਪੋਰੇਟ ਘਰਾਣੇ ਸਾਡੇ ਕੋਲੋਂ ਸਾਡੀ ਅਸਲੀ ਧਰਤੀ ਅਤੇ ਕਮਾਈ ਹੀ ਅਤੇ ਖੋਹ ਲੈਣ ਅਸੀਂ ਕਾਰਪੋਰੇਟਾਂ ਦੀਆਂ ਚਾਲਾਂ ਨੂੰ ਨਾ ਸਮਝਦੇ ਹੋਏ, ਜਿਊਂਦੇ ਰਹਿਣ ਲਈ ਲੋੜੀਂਦੇ ਖੇਤੀ ਅਤੇ ਕਾਰਖਾਨਿਆਂ ਦੇ ਕੰਮ ਦੀ ਕਿਰਤ ਨੂੰ ਛੱਡ ਕੇ ਨੈੱਟ ‘ਤੇ ਪਾਉਣ ਲਈ ਬੇਲੋੜੀ ਸਮੱਗਰੀ ਤਿਆਰ ਕਰਨ ਵਾਲੀ ਬੇਲੋੜੀ ਕਿਰਤ ਕਰਨ ਨੂੰ ਪਹਿਲ ਦੇਣ ਲੱਗੀਏ । ਅਸੀਂ ਅਮੀਰ ਬਣਨ ਦੀ ਦੌੜ ਵਿਚ ਅੰਨ੍ਹੇਵਾਹ ਦੌੜ ਰਹੇ ਹਾਂ, ਨੈੱਟ ਸਮੱਗਰੀ ਨੂੰ ਮੈਂ ਬੇਲੋੜੀ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਸਾਨੂੰ ਜਿਊਂਦੇ ਰਹਿਣ ਲਈ ਇਸ ਦੀ ਲੋੜ ਨਹੀਂ ਹੈ, ਖੇਤੀ ਅਤੇ ਕਾਰਖਾਨਿਆਂ ਦਾ ਕੰਮ ਸਾਡੀ ਜ਼ਿੰਦਗੀ ਦੀ ਲੋੜ ਹੈ ।ਦੂਜੀ ਗੱਲ ਇਹ ਇਸ ਹਵਾ ਵਿਚ ਚੱਲ ਰਹੇ ਨੈੱਟ ਕਾਰਖਾਨੇ ਦਾ ਮਾਲਕ ਇਕ ਹੈ । ਉਹ ਕਦੇ ਵੀ ਇਸ ਨੂੰ ਬੰਦ ਕਰ ਸਕਦਾ ਹੈ ਜਾਂ ਇਹ ਵੀ ਕਹਿ ਸਕਦਾ ਹੈ ਕਿ ਤੁਸੀਂ ਨੈੱਟ ‘ਤੇ ਸਮੱਗਰੀ ਪਾਓ ਜਾਂ ਨਾ ਪਾਓ ਪਰ ਇਸ ਦਾ ਤੁਹਾਨੂੰ ਪੈਸਾ ਕੋਈ ਨਹੀ ਮਿਲੇਗਾ । ਫਿਰ ਤੁਹਾਡੇ ਕੋਲ ਇਸ ਦਾ ਕੀ ਬਦਲ ਹੋਵੇਗਾ ।ਸਾਨੂੰ ਸਾਡੀ ਧਰਤੀ ਨਾਲੋਂ ਤੋੜਨ ਲਈ ਜੋ ਸਾਡੇ ਜਿਊਾਦੇ ਰਹਿਣ ਲਈ ਅਤੀ ਜ਼ਰੂਰੀ ਹੈ ਉਸ ਖੇਤੀ ਅਤੇ ਇਸ ਦੇ ਸਹਾਇਕ ਧੰਦਿਆਂ ਨੂੰ ਘਾਟੇ ਦੇ ਸੌਦੇ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ । ਹੱਥੀਂ ਕੰਮ ਕਰਨ ਨੂੰ ਬੇਇੱਜ਼ਤੀ ਸਮਝਿਆ ਜਾ ਰਿਹਾ ਹੈ ਙ ਸਾਡੇ ਦੇਸ਼ ਦੀ ਧਰਤੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕਿ ਇਹ ਤਾਂ ਰੇਹਾਂ ਸਪ੍ਰੇਆਂ ਨਾਲ ਪ੍ਰਦੂਸ਼ਤ ਹੋ ਚੁੱਕੀ ਹੈ । ਸਾਡੇ ਦੇਸ਼ ਦੇ ਨੌਜੁਆਨ ਆਪਣੇ ਘਰ ਰਹਿ ਕੇ ਸੌਖੀ ਕਿਰਤ ਕਰਨ ਦੀ ਥਾਂ ਆਪਣੀਆਂ ਕੀਮਤੀ ਜ਼ਮੀਨਾਂ ਵੇਚ ਕੇ ਜਾਂ ਕੋਈ ਹੋਰ ਹੀਲਾ ਵਸੀਲਾ ਵਰਤ ਕੇ ਆਪਣੀ ਬਹੁਮੁੱਲੀ ਛੇ ਰੁੱਤਾਂ ਦੇ ਵਾਤਾਵਰਨ ਵਾਲੀ ਧਰਤੀ ਨੂੰ ਛੱਡ ਕੇ ਠੰਢੇ ਜਾਂ ਤੱਤੇ ਵਾਤਾਵਰਨਾਂ ਵਾਲ਼ੇ ਵਿਦੇਸ਼ਾਂ ਵਿਚ ਜਾ ਕੇ ਔਖੀ ਤੋਂ ਔਖੀ ਮਜ਼ਦੂਰੀ ਕਰਨ ਨੂੰ ਪਹਿਲ ਦੇ ਰਹੇ ਹਨ । ਸਾਨੂੰ ਆਪਣੀ ਧਰਤੀ ਅਤੇ ਕਿਰਤ ਨਾਲ਼ੋਂ ਤੋੜਨ ਲਈ ਨੈੱਟ ਰਾਹੀਂ ਚੱਲੀ ਜਾ ਰਹੀ ਇਸ ਚਾਲ ਵਿਚੋਂ ਨਿਕਲ ਕੇ ਨੈੱਟ ਲਈ ਬੇਲੋੜੀ ਸਮੱਗਰੀ ਤਿਅਰ ਕਰਨ ਦੀ ਥਾਂ ਖੇਤੀ, ਖੇਤੀ ਦੇ ਸਹਾਇਕ ਧੰਦਿਆਂ ਅਤੇ ਕਾਰਖਾਨਿਆਂ ਵਿਚ ਹੱਥੀਂ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਇਸ ਸੱਚੀ ਕਿਰਤ ਰਾਹੀਂ ਅਸੀਂ ਆਪਣੇ-ਆਪ ਨੂੰ ਅਤੇ ਅਪਣੇ ਦੇਸ਼ ਨੂੰ ਖੁਸ਼ਹਾਲ ਬਣਾ ਸਕੀਏ । ਅਸੀਂ ਹਰ ਉਮਰ ਦੇ ਲੋਕ ਦਿਨ ਰਾਤ ਨੈੱਟ ਚਲਾ ਕੇ ਬੈਠੇ ਰਹਿੰਦੇ ਹਾਂ ਤੇ ਚੰਗੀ, ਮੰਦੀ ਅਤੇ ਬੇਲੋੜੀ ਸਮੱਗਰੀ ਨੈੱਟ ਉੱਤੇ ਚਾੜ੍ਹਦੇ ਰਹਿੰਦੇ ਹਾਂ । ਫਿਰ ਉਨ੍ਹਾਂ ‘ਤੇ ਬੇਲੋੜੀਆਂ ਪਸੰਦਾਂ, ਬੇਪਸੰਦਾਂ, ਟਿੱਪਣੀਆਂ, ਫਾਲਤੂ ਦੀਆਂ ਬਹਿਸਾਂ ਕਰਨ ਅਤੇ ਉਨ੍ਹਾਂ ਨੂੰ ਸਾਂਝੀਆਂ ਕਰਨ ‘ਤੇ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਰਹਿੰਦੇ ਹਾਂ ।ਜਦੋਂ ਅਸੀਂ ਨੈੱਟ ਚਲਾ ਕੇ ਬੈਠ ਜਾਂਦੇ ਹਾਂ ਤਾਂ ਉਸੇ ਸਮੇਂ ਅਸੀਂ ਵਰਤੇ ਜਾਣੇ ਸ਼ੁਰੂ ਹੋ ਜਾਂਦੇ ਹਾਂ । ਅਸੀਂ ਬਿਨਾਂ ਮਜ਼ਦੂਰੀ ਤੋਂ ਕਿਸੇ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ । ਸਾਡਾ ਸਮਾਂ ਸਭ ਤੋਂ ਵੱਧ ਕੀਮਤੀ ਹੁੰਦਾ ਹੈ ।
ਨੈੱਟ ਵਾਲ਼ੇ ਵੀ ਉਸੇ ਸਮੱਗਰੀ (ਪੋਸਟ) ਦੇ ਵੱਧ ਪੈਸੇ ਦਿੰਦੇ ਹਨ ਜਿਸ ‘ਤੇ ਵੱਧ ਗਿਣਤੀ ਲੋਕਾਂ ਦਾ ਜ਼ਿਆਦਾ ਸਮਾਂ ਖ਼ਰਾਬ ਹੋਇਆ ਹੁੰਦਾ ਹੈ ਭਾਵ ਕਿ ਜੋ ਸਮੱਗਰੀ ਲੋਕਾਂ ਨੂੰ ਵੱਧ ਤੋਂ ਸਮਾਂ ਨੈੱਟ ਨਾਲ ਜੋੜ ਕੇ ਰੱਖਦੀ ਹੈ ।ਇਸ ਲਈ ਆਪਣੀ ਕਿਰਤ ਨੂੰ ਛੱਡ ਕੇ ਨੈੱਟ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ। ਜੇ ਤੁਸੀਂ ਨੈੱਟ ਤੋਂ ਕਮਾਈ ਕਰ ਰਹੇ ਹੋ ਤਾਂ ਤੁਸੀਂ ਆਪਣੇ ਚਾਹੁਣ ਵਾਲਿਆਂ ਦੇ ਸਮੇਂ ਨੂੰ ਬਰਬਾਦ ਕਰਨ ਦਾ ਕਮਿਸ਼ਨ (ਦਲਾਲੀ) ਖਾ ਰਹੇ ਹੋਂ ਅਤੇ ਨੈੱਟ ਮਾਲਕਾਂ ਦੀ ਕਮਾਈ ਦਾ ਸੰਦ ਬਣ ਰਹੇ ਹੋਂ । ਇਸ ਨੈੱਟ ਤੋਂ ਤੁਹਾਨੂੰ ਤੁਹਾਡੀ ਧਰਤੀ, ਕਿਰਤ ਅਤੇ ਤੁਹਾਡੇ ਸੱਭਿਆਚਾਰ ਨਾਲੋਂ ਤੋੜਨ ਦੀ ਵੱਧ ਕੀਮਤ ਵੀ ਮਿਲ ਸਕਦੀ ਹੈ ਤੇ ਜਾਓਗੇ ਤੁਸੀਂ ਜਲਦੀ ਆਪਣੀ ਧਰਤੀ, ਕਿਰਤ ਅਤੇ ਸੱਭਿਆਚਾਰ ਨਾਲ਼ੋਂ ਟੁੱਟ ਕੇ ।ਇਸ ਉੱਤੇ ਨਿਰਭਰ ਹੋ ਜਾਓਗੇ, ਪਰ ਜਦੋਂ ਇਸ ਨੈੱਟ ਨੇ ਤੁਹਾਡੀ ਧਰਤੀ ਅਤੇ ਕਿਰਤ ਕਰਨ ਦੀ ਸ਼ਕਤੀ ਖੋਹ ਲਈ ਫਿਰ ਤੁਸੀਂ ਆਪਣੀ ਇਸ ਧਰਤੀ ‘ਤੇ ਕਿਰਤ ਕਰਨ ਅਤੇ ਖੁੱਲ੍ਹ ਕੇ ਤੁਰਨ ਨੂੰ ਵੀ ਤਰਸੋਗੇ ।ਨੈੱਟ ਚਲਾਉਣਾ ਤਾਂ ਦੂਰ ਦੀ ਗੱਲ ਹੈ, ਤੁਹਾਨੂੰ ਆਪਣਾ ਪੇਟ ਪਾਲਣਾ ਵੀ ਔਖਾ ਹੋ ਜਾਵੇਗਾ । ਸੋਚਣ ਵਾਲੀ ਗੱਲ ਹੈ ਕਿ ਹੁਣ ਵੀ ਕਿੰਨੀਆਂ ਕੁ ਕੰਪਨੀਆਂ ਹਨ ਜੋ ਆਪਣੇ ਮਜ਼ਦੂਰਾਂ ਨੂੰ ਫੋਨ ਅੰਦਰ ਲੈ ਕੇ ਜਾਣ ਦੀ ਇਜਾਜ਼ਤ ਦਿੰਦੀਆਂ ਹਨ? ਜਦੋਂ ਖੇਤੀ ਸਮੇਤ ਸਮੁੱਚੇ ਕਾਰਖਾਨਿਆਂ ਦਾ ਮਾਲਕ ਇਕ ਹੋਇਆ ਤਾਂ ਹੋ ਸਕਦਾ ਹੈ ਫਿਰ ਇਹ ਫੋਨ ਅਤੇ ਨੈੱਟ ਨਾ ਚੱਲਣ, ਨਾ ਹੀ ਫਿਰ ਧਰਨੇ ਮੁਜ਼ਾਹਰੇ ਹੋਣੇ ਹਨ । ਮਜ਼ਦੂਰੀ ਮੰਗਣ ਲਈ ਵੀ ਬੇਨਤੀਆਂ ਹੀ ਕਰਨੀਆਂ ਪੈਣਗੀਆਂ । ਉਦੋਂ ਪਤਾ ਲੱਗੇਗਾ ਕਿ ਅਸਲੀ ਗੁਲਾਮੀ ਕੀ ਹੁੰਦੀ ਹੈ ਤੇ ਆਜ਼ਾਦੀ ਦਾ ਮੁੱਲ ਕੀ ਹੁੰਦਾ ਹੈ ।ਪਹਿਲਾਂ ਤਾਂ ਅੰਗਰੇਜ਼ਾਂ ਨੇ ਸਾਡੇ ਦੇਸ਼ ‘ਤੇ ਜ਼ੋਰ ਨਾਲ ਕਬਜ਼ਾ ਕੀਤਾ ਸੀ ਜੋ ਲੋਕਾਂ ਨੇ ਛੁਡਵਾ ਵੀ ਲਿਆ ਸੀ । ਹੁਣ ਅਗਲਿਆਂ ਨੇ ਕਬਜ਼ਾ ਨਹੀਂ ਕਰਨਾ, ਹੁਣ ਤਾਂ ਤੁਹਾਡੀ ਜ਼ਮੀਨ ਤੁਹਾਡੇ ਕੋਲੋਂ ਮੁੱਲ ਖ਼ਰੀਦਣੀ ਹੈ । ਵੇਚੀ ਹੋਈ ਵਸਤੂ ਉਤੇ ਵੇਚਣ ਵਾਲੇ ਦਾ ਹੱਕ ਸਦਾ ਲਈ ਖ਼ਤਮ ਹੋ ਜਾਂਦਾ ਹੈ । ਮੇਰਾ ਇਸ ਤਰ੍ਹਾਂ ਕਹਿਣ ਤੋਂ ਭਾਵ ਇਹ ਨਹੀਂ ਹੈ ਕਿ ਆਪਾਂ ਨੈੱਟ ਨੂੰ ਤਿਆਗ ਹੀ ਦੇਈਏ ।ਨਹੀਂ, ਤਿਆਗਣਾ ਨਹੀਂ ਹੈ, ਪਰ ਇਸ ਦੀ ਵਰਤੋਂ ਆਪਣੀ ਜ਼ਰੂਰੀ ਲੋੜ ਲਈ ਹੀ ਕਰਨੀ ਹੈ । ਕਿਤੇ ਅਜਿਹਾ ਨਾ ਹੋਵੇ ਕਿ ਅਸੀਂ ਨੈੱਟ ਨੂੰ ਬੇਲੋੜਾ ਵਰਤਦੇ ਰਹੀਏ ਤੇ ਨੈੱਟ ਸਾਨੂੰ ਹੀ ਵਰਤ ਜਾਵੇ ।ਅੱਜ ਦੇਸ਼ ਦੀ ਵਾਗਡੋਰ ਉਨ੍ਹਾਂ ਲੀਡਰਾਂ ਦੇ ਹੱਥ ਵਿਚ ਆ ਚੁੱਕੀ ਹੈ ਜੋ ਕਾਰਪੋਰੇਟਾਂ ਦੀਆਂ ਕਠਪੁਤਲੀਆਂ ਬਣ ਕੇ ਦੇਸ਼ ਦੀ ਜੰਤਾ ਦੇ ਭਲੇ, ਨੌਜਵਾਨੀ ਨੂੰ ਆਪਣੇ ਦੇਸ਼ ਨਾਲ ਜੋੜਨ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਥਾਂ, ਸਾਨੂੰ ਜਾਤਾਂ, ਧਰਮਾਂ, ਸੂਬਿਆਂ ਦੇ ਝਗੜਿਆਂ ਅਤੇ ਇਕ ਦੂਜੇ ਦੇ ਵਿਰੁੱਧ ਲੜਾ ਕੇ ਖੁਦ ਦੇਸ਼ ਨੂੰ ਵੇਚਣ ‘ਤੇ ਲੱਗੇ ਹੋਏ ਹਨ ।ਇਸ ਲਈ ਸਾਨੂੰ ਸਾਰਿਆਂ ਇਕ ਦੂਜੇ ਦੇ ਵਿਰੋਧਾਂ ਨੂੰ ਛੱਡ ਕੇ ਦੇਸ਼ ਦੀ ਸਮੁੱਚੀ ਮਨੁੱਖਤਾ ਦੇ ਭਲੇ ਲਈ ਇਕ ਹੋ ਕੇ ਸੋਚਣਾ ਪਵੇਗਾ ਕਿ ਅਸੀਂ ਆਪਣੀ ਧਰਤੀ, ਆਪਣੀ ਹੋਂਦ, ਕਿਰਤ ਅਤੇ ਸੱਭਿਆਚਾਰ ਨੂੰ ਕਿਵੇਂ ਬਚਾਉਣਾ ਹੈ।