ਜ਼ਿੰਦਗੀ ਸੀ ਖ਼ਵਾਬ ਸੀ ਜਾਂ ਇਕ ਖਿਆਲ ਸੀ।
ਉਹ ਜੋ ਵੀ ਸੀ ਸਾਡੇ ਦਮਾਂ ਦੇ ਨਾਲ ਨਾਲ ਸੀ।
ਆਇਆ ਲਬਾਂ ਤੇ ਜੋ ਮੇਰੇ ਸ਼ਿਕਵਾ ਨਹੀਂ ਸੀ ਉਹ
ਅੱਖਾਂ ‘ਚ ਜੋ ਤੂੰ ਦੇਖਿਆ ਦਿਲ ਦਾ ਉਬਾਲ ਸੀ।
ਸਿਰ ‘ਤੇ ਹੁਮਾ ਦੀ ਛਾਂ ਪਈ ਜਾਂਦੇ ਫਕੀਰ ਦੇ
ਬਾਰੀ ‘ਚ ਝੁਕ ਕੇ ਦੇਖਦੀ ਫੁੱਲਾਂ ਦੀ ਡਾਲ ਸੀ।
ਉਸ ਪਿੱਛੋਂ ਕੀ ਕੀ ਗੁਜ਼ਰਿਆ ਕੋਈ ਪਤਾ ਨਹੀਂ
ਉਸ ਨਾਲ ਅੱਖਾਂ ਮਿਲਣ ਤੱਕ ਮੈਨੂੰ ਸੰਭਾਲ ਸੀ।
ਤਨਹਾਈਆਂ ਦੇ ਸ਼ਹਿਰ ਦਾ ਮਾਲਕ ਰਿਹਾ ਹਾਂ ਮੈਂ
ਕੋਈ ਮੇਰਾ ਸ਼ਰੀਕ ਸੀ ਤੇ ਨਾ ਭਿਆਲ ਸੀ।
ਮਰਜ਼ੀ ਖਿਲਾਫ ਭੀੜ ਵਿਚ ਸ਼ਾਮਲ ਤਮਾਮ ਲੋਕ
ਤੇਰੇ ਸ਼ਹਿਰ ਵਿਚ ਰੌਣਕਾਂ ਦਾ ਅਜਬ ਹਾਲ ਸੀ।
ਸ਼ਿਕਵੇ ਸ਼ਿਕਾਇਤਾਂ ਦੇ ਲਈ ਹਾਲਾਤ ਸੀ ਬੁਰੇ
ਦਰਦਾਂ ਦੀ ਫਸਲ ਵਾਸਤੇ ਇਹ ਖੂਬ ਸਾਲ ਸੀ।
ਲੇਖਕ : ਗੁਰਦੀਪ