ਲੇਖਕ : ਮਨਦੀਪ
ਸੰਪਰਕ: +1-438-924-2052
ਐਤਕੀਂ ਕੈਨੇਡਾ ਦੀਆਂ ਚੋਣਾਂ ਕਈ ਕੋਣਾਂ ਤੋਂ ਮਹੱਤਵਪੂਰਨ ਸਨ। ਚੋਣ ਕਿਆਸ ਕੈਨੇਡਾ ਦੇ ਮੌਸਮ ਵਾਂਗ ਵਾਰ-ਵਾਰ ਰੰਗ ਬਦਲਦੇ ਰਹੇ। ਕੈਨੇਡਾ ਵਸਦੇ ਪਰਵਾਸੀ ਦੱਖਣੀ ਏਸ਼ਿਆਈ ਭਾਈਚਾਰਿਆਂ ਦੀ ਚੋਣਾਂ ਵਿੱਚ ਭਰਵੀਂ ਸ਼ਮੂਲੀਅਤ, ਵਪਾਰ ਯੁੱਧ ਅਤੇ ਪਰਵਾਸੀਆਂ ਪ੍ਰਤੀ ਨੀਤੀ ਕਾਰਨ ਇਹ ਚੋਣਾਂ ਹੋਰ ਰੌਚਕ ਤੇ ਉਤਸੁਕਤਾ ਵਾਲੀਆਂ ਸਨ। ਕੈਨੇਡਾ ਦੀ ਲਿਬਰਲ ਪਾਰਟੀ ਨੇ ਸੰਸਦ ਦੀਆਂ ਕੁੱਲ 343 ਸੀਟਾਂ ਵਿੱਚੋਂ 169 ਸੀਟਾਂ ਹਾਸਲ ਕਰ ਕੇ ਲਗਾਤਾਰ ਤੀਜੀ ਵਾਰ ਬਾਜ਼ੀ ਮਾਰ ਲਈ ਅਤੇ 43.7% ਵੋਟਾਂ ਹਾਸਲ ਕਰ ਕੇ ਕੈਨੇਡਾ ਦੇ ਪਿਛਲੇ ਚਾਰ ਦਹਾਕਿਆਂ ਦੇ ਚੋਣ ਇਤਿਹਾਸ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਦਾ ਰਿਕਾਰਡ ਵੀ ਬਣਾਇਆ। ਕੰਜ਼ਰਵੇਟਿਵ ਪਾਰਟੀ ਪਿਛਲੇ ਸਾਲਾਂ ਨਾਲੋਂ ਵੋਟ ਪ੍ਰਤੀਸ਼ਤ ਦੇ ਵਾਧੇ ਦੇ ਬਾਵਜੂਦ 144 ਸੀਟਾਂ ਨਾਲ ਦੂਜੇ ਸਥਾਨ ‘ਤੇ ਰਹਿ ਗਈ ਅਤੇ ਇਸ ਦਾ ਪਾਰਟੀ ਪ੍ਰਧਾਨ ਪੀਅਰੇ ਪੋਲੀਵਰ ਖੁਦ ਚੋਣ ਹਾਰ ਗਿਆ ਹੈ। ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕਰੇਟਿਕ ਪਾਰਟੀ (ਐੱਨਡੀਪੀ) 7 ਸੀਟਾਂ ਤੱਕ ਸਿਮਟਣ ਨਾਲ ਕੌਮੀ ਪਾਰਟੀ ਦਾ ਰੁਤਬਾ ਵੀ ਗੁਆ ਚੁੱਕੀ ਹੈ। ਸਰਕਾਰ ਬਣਾਉਣ ਲਈ 172 ਸੀਟਾਂ ਦੇ ਟੀਚੇ ਦੇ ਬਿਲਕੁੱਲ ਨਜ਼ਦੀਕ ਹੋਣ ਦੇ ਬਾਵਜੂਦ ਲਿਬਰਲਾਂ ਨੂੰ ਬਹੁਮਤ ਵਾਲੀ ਸਰਕਾਰ ਬਣਾਉਣ ਦਾ ਸੁਖ ਨਹੀਂ ਮਿਲੇਗਾ ਅਤੇ ਮਿਲੀਜੁਲੀ ਸਰਕਾਰ ਬਣਨ ਨਾਲ ਕੈਨੇਡਾ ਦੀ ਸਿਆਸਤ ਵਿੱਚ ਟਰੂਡੋ ਵਜ਼ਾਰਤ ਵਾਂਗ ਮੁੜ ਸਿਆਸੀ ਅਸਥਿਰਤਾ ਦਾ ਮਾਹੌਲ ਰਹੇਗਾ।
ਨਵੇਂ ਸਾਲ ਦੀ ਆਮਦ ਨਾਲ ਹੀ ਕੈਨੇਡਾ-ਅਮਰੀਕਾ ਦੇ ਸਿਆਸੀ ਵਾਤਾਵਰਨ ਵਿੱਚ ਤਿੱਖੀ ਹਲਚਲ ਦੇ ਬੱਦਲ ਛਾਏ ਰਹੇ। ਇੱਕ ਪਾਸੇ ਅਮਰੀਕਾ ਅੰਦਰ ਡੋਨਲਡ ਟਰੰਪ ਦੀ ਆਮਦ, ਦੂਜੇ ਪਾਸੇ ਕੈਨੇਡਾ ਦੀ ਸਿਅਸਤ ਵਿੱਚ ਆਈ ਸਮਾਜਿਕ-ਸਿਆਸੀ ਅਸਥਿਰਤਾ ਕਾਰਨ ਸਿਆਸੀ ਮਾਹਿਰਾਂ ਦੀਆਂ ਚੋਣ ਕਿਆਸ-ਅਰਾਈਆਂ ਲਗਾਤਾਰ ਕਰਵਟ ਬਦਲਦੀਆਂ ਰਹੀਆਂ। ਕੋਵਿਡ-19 ਤੋਂ ਬਾਅਦ ਵਧਦੀ ਮਹਿੰਗਾਈ, ਭਾਰਤ ਨਾਲ ਕੂਟਨੀਤਕ ਸਬੰਧਾਂ ‘ਚ ਕੁੜੱਤਣ, ਕੌਮਾਂਤਰੀ ਵਿਦਿਆਰਥੀਆਂ ਅਤੇ ਪਰਵਾਸੀਆਂ ਦੀ ਆਮਦ ਘਟਾਉਣ ਲਈ ਬਦਲੀਆਂ ਆਵਾਸ ਨੀਤੀਆਂ, ਰਿਹਾਇਸ਼ੀ ਘਰਾਂ ਦਾ ਸੰਕਟ ਆਦਿ ਕਾਰਨਾਂ ਕਰ ਕੇ ਪੈਦਾ ਹੋਈ ਸਮਾਜਿਕ ਬੇਚੈਨੀ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਨਾਲ ਥੋੜ੍ਹੀ ਠੱਲ੍ਹ ਪਈ। ਨਵੰਬਰ 2024 ਦੇ ਇੱਕ ਸਰਵੇਖਣ ਮੁਤਾਬਿਕ, ਕੰਜ਼ਰਵੇਟਿਵ ਪਾਰਟੀ ਦੇ ਮੁਕਾਬਲੇ ਟਰੂਡੋ ਸਰਕਾਰ ਦੀ ਲੋਕਪ੍ਰਿਅਤਾ ਤੇਜ਼ੀ ਨਾਲ ਘਟ ਰਹੀ ਸੀ ਅਤੇ ਕੈਨੇਡਾ ਦੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਨ ਦੇ ਹਾਲਾਤ ਪੈਦਾ ਹੋ ਗਏ ਸਨ। ਲੋਕ ਵਿਰੋਧ ਅਤੇ ਸਿਆਸੀ ਅਸਥਿਰਤਾ ਦੇ ਅਜਿਹੇ ਮਾਹੌਲ ਵਿੱਚ ਟਰੂਡੋ ਦੁਆਰਾ ਆਪਣੇ ਭਾਵੁਕ ਭਾਸ਼ਣ ਨਾਲ ਅਸਤੀਫਾ ਦੇਣ ਦੀ ਨੈਤਿਕਤਾ ਦਿਖਾਉਣਾ ਅਤੇ ਦੂਜੇ ਪਾਸੇ ਜਨਵਰੀ ਵਿੱਚ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਟਰੰਪ ਦੇ ਕੈਨੇਡਾ ਉੱਤੇ ਟੈਰਿਫ ਹਮਲੇ ਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਕੌਮੀ ਤ੍ਰਿਸਕਾਰ ਭਰੀ ਧਮਕੀ ਨੇ ਕੈਨੇਡਾ ‘ਚ ਪੈਦਾ ਹੋਏ ਸਿਆਸੀ ਤੂਫਾਨ ਦਾ ਮੁਹਾਣ ਹੀ ਬਦਲ ਦਿੱਤਾ। ਲਗਾਤਾਰ 10 ਸਾਲ ਰਾਜ ਕਰਨ ਦੇ ਬਾਵਜੂਦ ਕੈਨੇਡੀਅਨਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਨਾ ਕਰ ਸਕਣ ਦੀ ਆਲੋਚਨਾ ਵਿੱਚ ਘਿਰੀ ਸਰਕਾਰ ਲਈ ਟਰੰਪ ਦੀਆਂ ਧਮਕੀਆਂ ਵਰਦਾਨ ਬਣ ਕੇ ਬਹੁੜੀਆਂ। ਨਾਜ਼ੁਕ ਹਾਲਾਤ ਦਾ ਲਾਹਾ ਲੈਂਦਿਆਂ ਲਿਬਰਲਾਂ ਨੇ ਇੱਕੋ ਸਮੇਂ ਦੋ ਅਹਿਮ ਸਿਆਸੀ ਦਾਅ ਖੇਡੇ। ਇੱਕ: ਟਰੂਡੋ ਦੀ ਥਾਂ ਪਾਰਟੀ ਦੀ ਕਮਾਂਡ ਸਿਆਸੀ ਮੈਦਾਨ ‘ਚ ਨਵੇਂ ਮਾਰਕ ਕਾਰਨੀ ਨੂੰ ਸੌਂਪਣੀ; ਦੂਜਾ, ਅਮਰੀਕਾ ਦੇ ਵਪਾਰਕ-ਕੂਟਨੀਤਕ ਹਮਲਿਆਂ ਤੋਂ ਸੁਰੱਖਿਆ ਲਈ ਲੋਕਾਂ ਨੂੰ ਰਾਸ਼ਟਰਵਾਦੀ ਏਜੰਡੇ ਦੁਆਲੇ ਲਾਮਬੰਦ ਕਰਨਾ। ਟਰੰਪ ਦੀਆਂ ਅਰਾਜਕ ਨੀਤੀਆਂ ਅਤੇ ਬਿਆਨਾਂ ਤੋਂ ਭੈਅਭੀਤ ਹੋਏ ਕੈਨੇਡੀਅਨਾਂ ਨੇ ਆਪਣੀਆਂ ਬੁਨਿਆਦੀ ਲੋੜਾਂ ਭੁੱਲ ਕੇ ਕੈਨੇਡਾ ਦੇ ਵਜੂਦ ਨੂੰ ਪੈਦਾ ਹੋਈ ਚੁਣੌਤੀ ਨਾਲ ਨਜਿੱਠਣ ਨੂੰ ਤਰਜੀਹ ਦਿੱਤੀ।
ਕੈਨੇਡਾ ਦੀ ਨਿਘਰਦੀ ਆਰਥਿਕ ਸਿਹਤ ਦੇ ਇਲਾਜ ਲਈ ਕੈਨੇਡੀਅਨਾਂ ਨੇ ਰਵਾਇਤੀ ਸਿਆਸਤਦਾਨਾਂ ਨਾਲੋਂ ਵੱਧ ਅਰਥ ਸ਼ਾਸਤਰੀ ‘ਤੇ ਭਰੋਸਾ ਕੀਤਾ। ਮਾਰਕ ਕਾਰਨੀ ਨੂੰ ਆਰਥਿਕ-ਵਪਾਰਕ ਮਾਮਲਿਆਂ ਦਾ ਮਾਹਿਰ ਮੰਨਿਆ ਜਾਂਦਾ ਹੈ। ਕਾਰਨੀ ਨੂੰ ਇੰਗਲੈਂਡ ਅਤੇ ਕੈਨੇਡਾ ਦੀ ਕੇਂਦਰੀ ਬੈਂਕ ਦੇ ਗਵਰਨਰ ਰਹਿਣ ਦੇ ਨਾਲ-ਨਾਲ ਬ੍ਰਿਗਜ਼ਿਟ ਗੱਲਬਾਤ ਲਈ ਬਰਤਾਨੀਆ ਦੀ ਅਗਵਾਈ ਕਰਨ ਅਤੇ ਕੈਨੇਡਾ ਨੂੰ ਅਮਰੀਕਾ ਦੇ 2008 ਵਾਲੇ ਸੰਕਟ ਵਿੱਚੋਂ ਕੱਢਣ ਵਾਲੇ ਆਰਥਿਕ ਮਾਮਲਿਆਂ ਦੇ ਮਾਹਿਰ ਵਜੋਂ ਪੇਸ਼ ਕੀਤਾ ਗਿਆ।
ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਦੀ ਕਮਾਂਡ ਸਾਂਭਣ ਤੋਂ ਤੁਰੰਤ ਬਾਅਦ ਮਾਰਕ ਕਾਰਨੀ ਨੇ ਜਿੱਥੇ ਕੈਨੇਡੀਅਨਾਂ ਨੂੰ ਕਾਰਬਨ ਟੈਕਸ ਮੁਆਫ ਕਰਨ, ਟੈਕਸ ਘੱਟ ਕਰਨ, ਸਾਲਾਨਾ ਪੰਜ ਲੱਖ ਨਵੇਂ ਰਿਹਾਇਸ਼ੀ ਮਕਾਨ ਬਣਾਉਣ, ਵਾਤਾਵਰਨ ਸੰਕਟ ਨਾਲ ਨਜਿੱਠਣ, ਨੌਕਰੀਆਂ ਪੈਦਾ ਕਰਨ, ਮਹਿੰਗਾਈ ਨੂੰ ਨੱਥ ਪਾਉਣ ਆਦਿ ਵਰਗੇ ਵਾਅਦੇ ਕਰ ਕੇ ਵਿਰੋਧੀ ਧਿਰ ਦਾ ਏਜੰਡਾ ਖੋਹ ਲਿਆ ਉੱਥੇ ਉਸ ਨੇ ਕੌਮੀ ਸੁਰੱਖਿਆ ਸਥਾਪਿਤ ਕਰਨ, ਯੂਰੋਪ ਅਤੇ ਏਸ਼ੀਆ ਨਾਲ ਦੁਵੱਲੇ ਵਪਾਰਕ ਸਬੰਧ ਕਾਇਮ ਕਰਨ, ਟਰੰਪ ਦੀਆਂ ਨੀਤੀਆਂ ਦਾ ਸਪੱਸ਼ਟਤਾ ਤੇ ਦਲੇਰੀ ਨਾਲ ਵਿਰੋਧ ਕਰਨ ਅਤੇ ਦੂਜੇ ਦੇਸ਼ਾਂ ਨਾਲ ਕੂਟਨੀਤਕ ਸਬੰਧ ਮਜ਼ਬੂਤ ਕਰਨ ਦੀ ਭਾਵਨਾ ਦਿਖਾ ਕੇ ਕੈਨੇਡੀਅਨਾਂ ਵਿੱਚ ਲਿਬਰਲਾਂ ਪ੍ਰਤੀ ਮੁੜ ਵਿਸ਼ਵਾਸ ਤੇ ਆਸ ਦੀ ਲਹਿਰ ਪੈਦਾ ਕਰ ਦਿੱਤੀ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਜਲਦੀ ਚੋਣਾਂ ਕਰਵਾਉਣ ਦਾ ਐਲਾਨ ਕਰ ਕੇ ਲਿਬਰਲਾਂ ਨੇ ਮੌਕਾ ਸਾਂਭ ਲਿਆ।
ਉੱਧਰ, ਪੀਅਰੇ ਪੋਲੀਵਰ ਦੁਆਰਾ ਟਰੰਪ ਦੇ ‘ਅਮਰੀਕਾ ਫਸਟ’ ਦੇ ਕੌਮੀ ਸ਼ਾਵਨਵਾਦੀ ਸਨਕ ਦਾ ਜਵਾਬ ‘ਕੈਨੇਡਾ ਫਸਟ’ ਦੀ ਉਸੇ ਮਾਅਰਕੇਬਾਜ਼ ਸੁਰ ਵਿੱਚ ਦੇਣ ਨਾਲ ਉਸ ਵਿੱਚੋਂ ਟਰੰਪ ਦਾ ਪਰਛਾਵਾਂ ਝਲਕਦਾ ਸੀ ਜੋ ਕੈਨੇਡੀਅਨ ਸੱਭਿਆਚਾਰ ਤੇ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਸੀ। ਟਰੰਪ ਦੀਆਂ ਨੀਤੀਆਂ ਖਿਲਾਫ ‘ਟੀਮ ਕੈਨੇਡਾ’ ਤਿਆਰ ਕਰ ਕੇ ਲਿਬਰਲਾਂ ਨੇ ਪੀਅਰ ਦਾ ਆਖ਼ਿਰੀ ਏਜੰਡਾ ਖੋਹ ਕੇ ਉਸ ਨੂੰ ਨਿਹੱਥਾ ਕਰ ਦਿੱਤਾ।
ਕੈਨੇਡਾ ਦੀ ਸਮਾਜਿਕ-ਸਿਆਸੀ ਤਸਵੀਰ ਦਾ ਦੂਜਾ ਹਕੀਕੀ ਪਹਿਲੂ ਇਹ ਵੀ ਹੈ ਕਿ ਲਿਬਰਲਾਂ ਦੀ ਜਿੱਤ ਦੇ ਜਸ਼ਨਾਂ ਨਾਲੋਂ ਵੱਧ ਜ਼ਰੂਰੀ ਕੈਨੇਡਾ ਦੇ ਲੋਕਾਂ ਦੇ ਬੁਨਿਆਦੀ ਮੁੱਦੇ ਅਤੇ ਕੈਨੇਡਾ ਦੇ ਆਰਥਿਕ-ਸਮਾਜਿਕ ਹਾਲਾਤ ਹਨ ਜੋ ਸੰਕਟ ਦੇ ਦੁਆਰ ‘ਤੇ ਖੜ੍ਹੇ ਹਨ। ਕੈਨੇਡਾ ਦੇ ਵੱਡੇ ਆਰਥਿਕ-ਵਪਾਰਕ ਭਾਈਵਾਲ ਅਮਰੀਕਾ ਦੀ ਆਰਥਿਕਤਾ ਖੜੋਤ ਵਿੱਚ ਫਸ ਗਈ ਹੈ ਜਿਸ ਦਾ ਸਿੱਧਾ ਅਸਰ ਕੈਨੇਡਾ ਦੀ ਆਰਥਿਕਤਾ ਉੱਤੇ ਹੋਵੇਗਾ। ਅਮਰੀਕਾ ਦੀ ਅਰਥ ਵਿਵਸਥਾ 2025 ਦੀ ਪਹਿਲੀ ਤਿਮਾਹੀ ਵਿੱਚ 0.3% ਦੀ ਗਿਰਾਵਟ ਨਾਲ ਰਿਕਾਰਡ ਉੱਚ ਵਪਾਰਕ ਘਾਟੇ ਵਿੱਚ ਚੱਲ ਰਹੀ ਹੈ। ਟੈਰਿਫਾਂ ਅਤੇ ਅਮਰੀਕਾ ‘ਚ ਦਰਾਮਦ ਭੰਡਾਰਨ ਕਰ ਕੇ ਕੈਨੇਡਾ ਦੇ ਸਟੀਲ, ਲੱਕੜ, ਆਟੋਮੋਟਿਵ, ਊਰਜਾ ਤੇ ਖੇਤੀਬਾੜੀ ਖੇਤਰ ਅਤੇ ਟਰੱਕ ਕਾਰੋਬਾਰਾਂ ਵਿੱਚ ਵਿਕਾਸ ਦੀ ਗਤੀ ਧੀਮੀ ਹੋ ਗਈ ਹੈ। ਟਰੰਪ ਦੁਆਰਾ ਅਮਰੀਕਾ ਵਿੱਚ ਕਾਰਪੋਰੇਟ ਟੈਕਸ ‘ਚ 20% ਦੀ ਕਟੌਤੀ ਕਰਨ ਦੇ ਬਿਆਨ ਅਤੇ ਟੈਰਿਫ ਹਮਲੇ ਕਾਰਨ ਕੈਨੇਡੀਅਨ ਕਾਰੋਬਾਰ ਤੇ ਨਿਵੇਸ਼ ਅਮਰੀਕਾ ਵੱਲ ਰੁਖ਼ ਕਰ ਰਿਹਾ ਹੈ। ਇਸ ਸੂਰਤ ਵਿੱਚ ਕੈਨੇਡੀਅਨ ਸਰਕਾਰ ਕੋਲ ਕੈਨੇਡਾ ਦੇ ਵੱਡੇ ਕਾਰੋਬਾਰੀਆਂ ਨੂੰ ਟੈਕਸ ਛੋਟਾਂ ਦੇਣ ਦਾ ਰਾਹ ਬਚਦਾ ਹੈ, ਜਿਸ ਦੀ ਭਰਪਾਈ ਜਨਤਕ ਖੇਤਰ ਦੇ ਖਰਚਿਆਂ ਉੱਤੇ ਕੱਟ ਲਾ ਕੇ ਅਤੇ ਆਮ ਕੈਨੇਡੀਅਨ ਖਪਤਕਾਰਾਂ ਉੱਤੇ ਟੈਕਸ ਬੋਝ ਵਧਾ ਕੇ ਕੀਤੀ ਜਾਵੇਗੀ। ਦੂਜਾ, ਚੱਲ ਰਹੀਆਂ ਦੋ ਜੰਗਾਂ ਅਤੇ ਟਰੰਪ ਦੀਆਂ ਅਰਾਜਕ ਨੀਤੀਆਂ ਕਾਰਨ ਗਲੋਬਲ ਸਪਲਾਈ ਚੇਨ ਅਤੇ ਸੰਸਾਰ ਵਪਾਰ ਪ੍ਰਭਾਵਿਤ ਹੋਣ ਨਾਲ ਗਲੋਬਲ ਆਰਥਿਕਤਾ ਵਿਕਾਸ ਤੇ ਖੜੋਤ ਦੀ ਸਮੱਸਿਆ ਨਾਲ ਜੂਝ ਰਹੀ ਹੈ। ਇਸ ਦੇ ਅੰਗ ਵਜੋਂ ਕੈਨੇਡੀਅਨ ਅਰਥ ਵਿਵਸਥਾ ਵੀ ਇਸ ਤੋਂ ਅਛੂਤੀ ਨਹੀਂ ਰਹੇਗੀ। ਗਲੋਬਲ ਆਰਥਿਕ ਖੜੋਤ ਅਤੇ ਅਮਰੀਕੀ ਟੈਰਿਫ ਹਮਲਿਆਂ ਕਾਰਨ ਕੈਨੇਡਾ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਖੜੋਤ ਆਦਿ ਨੂੰ ਰੋਕਣਾ ਲੱਗਭੱਗ ਅਸੰਭਵ ਹੈ। ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਪੂੰਜੀਵਾਦੀ ਅਰਥ ਸ਼ਾਸਤਰੀਆਂ ਕੋਲ ਕੇਂਦਰੀ ਬੈਂਕ ਦੀਆਂ ਵਿਆਜ ਦਰਾਂ ਵਧਾਉਣ, ਜਨਤਕ ਖੇਤਰ ਤੇ ਕੱਟ ਲਾਉਣ ਅਤੇ ਲੋਕਾਂ ਦੇ ਅਧਿਕਾਰਾਂ ਦਾ ਘਾਣ ਕਰਨ ਤੋਂ ਸਿਵਾਏ ਕੋਈ ਹੋਰ ਰਾਮਬਾਣ ਈਜਾਦ ਨਹੀਂ ਹੋਇਆ। ਮਾਰਕ ਕਾਰਨੀ ਇਸੇ ਫਾਰਮੂਲੇ ਦੀ ਵਰਤੋਂ ਕਰਨ ਲਈ ਮਜਬੂਰ ਹੋਵੇਗਾ ਜਿਸ ਨਾਲ ਹਾਲਤ ਹੋਰ ਗੰਭੀਰ ਹੋਣ ਦੇ ਖ਼ਦਸ਼ੇ ਹਨ।
ਇਸ ਦੇ ਨਾਲ ਹੀ ਕੈਨੇਡਾ ਵਿੱਚ ਰਿਹਾਇਸ਼ੀ ਘਰਾਂ ਦੀ ਭਾਰੀ ਕਿੱਲਤ ਹੈ ਪਰ ਇਹ ਕਿੱਲਤ ਰਿਹਾਇਸ਼ੀ ਘਰਾਂ ਉੱਤੇ ਵੱਡੀਆਂ ਕਾਰਪੋਰੇਸ਼ਨਾਂ ਦੀ ਇਜਾਰੇਦਾਰੀ ਅਤੇ ਘਰਾਂ ਦੀਆਂ ਮਹਿੰਗੀਆਂ ਕੀਮਤਾਂ ਕਾਰਨ ਹੈ। ਸਾਲਾਨਾ ਪੰਜ ਲੱਖ ਰਿਹਾਇਸ਼ੀ ਘਰਾਂ ਦੇ ਨਿਰਮਾਣ ਨਾਲ ਅਸਲੀ ਫਾਇਦਾ ਆਮ ਲੋਕਾਂ ਨਾਲੋਂ ਵੱਧ ਵੱਡੇ ਪ੍ਰਾਈਵੇਟ ਬਿਲਡਰਾਂ ਨੂੰ ਹੋਵੇਗਾ। ਰਿਹਾਇਸ਼ੀ ਘਰਾਂ ਦਾ ਨਿਰਮਾਣ ਆਮ ਲੋਕਾਂ ਦੀਆਂ ਲੋੜਾਂ ਨਾਲੋਂ ਮੁਨਾਫਾ ਕੇਂਦਰਿਤ ਵੱਧ ਹੈ। ਇਸ ਤੋਂ ਇਲਾਵਾ ਅਮਰੀਕੀ ਦਬਾਅ ਕਾਰਨ ਕੈਨੇਡਾ ਸਰਕਾਰ ਨੇ ਜੰਗੀ ਖਰਚਿਆਂ ਲਈ ਨਾਟੋ ਦੇ ਟੀਚੇ ਨੂੰ ਪੂਰਾ ਕਰਨ ਲਈ ਸਾਲ 2030 ਤੱਕ ਆਪਣੇ ਫੌਜੀ ਤੇ ਰੱਖਿਆ ਖੇਤਰ ਵਿੱਚ ਕੁੱਲ ਜੀਡੀਪੀ ਦਾ 2% ਖਰਚਣਾ ਹੈ ਜਿਸ ਨਾਲ ਕੈਨੇਡੀਅਨ ਆਰਥਿਕਤਾ ਉੱਤੇ ਸਾਲਾਨਾ 60 ਬਿਲੀਅਨ ਡਾਲਰ ਦਾ ਬੋਝ ਪਵੇਗਾ। ਕੈਨੇਡਾ ਵੱਲੋਂ ਇਜ਼ਰਾਈਲ ਨੂੰ ਦਿੱਤੀ ਜਾ ਰਹੀ ਵਿੱਤੀ ਅਤੇ ਹਥਿਆਰਾਂ ਦੀ ਸਪਲਾਈ ਦਾ ਬੋਝ ਕੈਨੇਡਾ ਦੇ ਖ਼ਜ਼ਾਨੇ ਉੱਤੇ ਪੈਂਦਾ ਹੈ ਜਿਸ ਦਾ ਮੁਨਾਫਾ ਕੈਨੇਡੀਅਨ ਤੇ ਅਮਰੀਕੀ ਹਥਿਆਰ ਕੰਪਨੀਆਂ ਨੂੰ ਹੋ ਰਿਹਾ ਹੈ। ਮਾਰਕ ਕਾਰਨੀ ਲੋਕਾਂ ਨਾਲੋਂ ਵੱਧ ਕੈਨੇਡੀਅਨ ਕਾਰਪੋਰੇਟ ਜਮਾਤ ਦੇ ਹਿੱਤਾਂ ਦੀ ਰਖਵਾਲੀ ਤੇ ਕਾਰਪੋਰੇਟ ਜਮਾਤ ਨੂੰ ਸੰਕਟ ਵਿਚੋਂ ਕੱਢਣ ਲਈ ਸਾਹਮਣੇ ਲਿਆਂਦਾ ਗਿਆ ਹੈ। ਕਾਰਨੀ ਨੇ ਅਤੀਤ ਵਿੱਚ ਬੈਂਕਰ ਵਜੋਂ ਜੋ ਸੇਵਾਵਾਂ ਨਿਭਾਈਆਂ ਹਨ, ਉਹ ਹੁਣ ਤੱਕ ਵੱਡੇ ਸੰਸਾਰ ਬੈਂਕਰਾਂ, ਵੱਡੇ ਕਾਰੋਬਾਰੀਆਂ ਅਤੇ ਕੁਲੀਨ ਵਰਗ ਦੇ ਹਿੱਤਾਂ ਲਈ ਸਨ, ਆਮ ਲੋਕਾਂ ਲਈ ਨਹੀਂ। ਕਾਰਨੀ ਅਸਲ ਅਰਥਾਂ ਵਿੱਚ ਪੂੰਜੀਪਤੀ ਜਮਾਤ ਦੇ ਹਿੱਤਾਂ ਦੀ ਤਰਜਮਾਨੀ ਕਰਨ ਵਾਲਾ ਨੁਮਾਇੰਦਾ ਹੈ, ਇਸੇ ਲਈ 53% ਕਾਰੋਬਾਰੀ ਨੇਤਾਵਾਂ ਨੇ ਕਾਰਨੀ ਦਾ ਸਮਰਥਨ ਕੀਤਾ ਅਤੇ 30% ਨੇ ਪੀਅਰੇ ਪੋਲੀਵਰ ਦਾ। ਕੈਨੇਡਾ, ਅਮਰੀਕੀ ਸਾਮਰਾਜ ਦਾ ਜੂਨੀਅਰ ਭਾਈਵਾਲ ਹੈ ਜੋ ਗਲੋਬਲ ਸਾਊਥ ਦੀ ਲੁੱਟ ਕਰ ਕੇ ਪੱਛਮੀ ਸਾਮਰਾਜ ਨੂੰ ਮਜ਼ਬੂਤ ਕਰਦਾ ਹੈ। ਕੈਨਡਾ ਅੰਦਰ ਨਾ-ਬਰਾਬਰੀ ਲਗਾਤਾਰ ਵਧ ਰਹੀ ਹੈ ਅਤੇ ਵਿਕਾਸ ਤੇ ਕੌਮੀ ਸੁਰੱਖਿਆ ਦੇ ਨਾਂ ਹੇਠ ਪਰਵਾਸੀ ਕਾਮਿਆਂ, ਕੌਮਾਂਤਰੀ ਵਿਦਿਆਰਥੀਆਂ, ਗਿੱਗ ਕਾਮਿਆਂ ਦੀ ਕਿਰਤ ਲੁੱਟ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ।
ਟਰੰਪ ਦੇ ਵਪਾਰ ਯੁੱਧ, ਕੈਨੇਡੀਅਨ ਆਰਥਿਕਤਾ ਦੀ ਮਜ਼ਬੂਤੀ ਤੇ ਵਿਕਾਸ, ਰਹਿਣ-ਸਹਿਣ ਦੀਆਂ ਲਾਗਤਾਂ ਘੱਟ ਕਰਨ, ਰਿਹਾਇਸ਼ੀ ਘਰਾਂ ਦੀ ਥੁੜ੍ਹ ਤੇ ਕੀਮਤਾਂ ਘੱਟ ਕਰਨ, ਸਿਹਤ, ਬੀਮਾ, ਸਿੱਖਿਆ ਸਹੂਲਤਾਂ, ਵਿਦੇਸ਼ੀ ਨਿਵੇਸ਼ ਹਾਸਲ ਕਰਨ, ਸਮਾਜਿਕ-ਸਿਆਸੀ ਉਥਲ-ਪੁਥਲ ਆਦਿ ਵਿਕਰਾਲ ਚੁਣੌਤੀਆਂ ਪ੍ਰਤੀ ਕਾਰਨੀ ਦੀ ਪਹੁੰਚ ਤੇ ਭਵਿੱਖੀ ਕਾਰਗੁਜ਼ਾਰੀ ਦੇਖਣ ਵਾਲੀ ਹੋਵੇਗੀ।