ਸਰੀ, ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਚਿੱਠੀ ਲਿਖ ਕੇ ਸਰੀ ਤੋਂ ਇੱਕ ਸੰਸਦ ਮੈਂਬਰ (ੰਫ) ਨੂੰ ਫੈਡਰਲ ਕੈਬਨਿਟ ਵਿੱਚ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਇਹ ਮੰਗ ਸਰੀ ਦੇ ਤੇਜ਼ੀ ਨਾਲ ਵਧ ਰਹੇ ਮਹੱਤਵ ਅਤੇ ਇਸ ਦੀਆਂ ਵਿਲੱਖਣ ਜ਼ਰੂਰਤਾਂ ਨੂੰ ਫੈਡਰਲ ਸਰਕਾਰ ਵਿੱਚ ਨੁਮਾਇੰਦਗੀ ਦੇਣ ਦੇ ਮਕਸਦ ਨਾਲ ਕੀਤੀ ਗਈ ਹੈ।
ਮੇਅਰ ਲੌਕ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਸਰੀ ਸਿਟੀ ਦੀ ਮੇਅਰ ਅਤੇ ਕੌਂਸਲ ਦੀ ਵਲੋਂ, ਮੈਂ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇਸ ਅਹਿਮ ਅਹੁਦੇ ‘ਤੇ ਚੋਣ ਜਿੱਤਣ ‘ਤੇ ਦਿਲੋਂ ਵਧਾਈ ਦਿੰਦੀ ਹਾਂ। ਅਸੀਂ ਦੇਸ਼ ਦੀ ਅਗਵਾਈ ਨਾਲ ਜੁੜੀ ਜ਼ਿੰਮੇਵਾਰੀ ਨੂੰ ਸਮਝਦੇ ਹਾਂ ਅਤੇ ਉਨ੍ਹਾਂ ਦੀ ਸਮਰਪਣ ਭਾਵਨਾ ਦੀ ਕਦਰ ਕਰਦੇ ਹਾਂ।” ਉਨ੍ਹਾਂ ਨੇ ਅੱਗੇ ਕਿਹਾ, “ਮੈਂ ਸਰੀ ਵਿੱਚ ਹੋ ਰਹੇ ਵਿਕਾਸ ਅਤੇ ਤਬਦੀਲੀ ਨੂੰ ਵੀ ਉਜਾਗਰ ਕਰਨਾ ਚਾਹੁੰਦੀ ਹਾਂ। ਸਰੀ ਸਿਰਫ਼ ਇੱਕ ਵਧ ਰਿਹਾ ਸ਼ਹਿਰ ਨਹੀਂ, ਸਗੋਂ ਕੈਨੇਡਾ ਦਾ ਇੱਕ ਪ੍ਰਮੁੱਖ ਸ਼ਹਿਰੀ ਕੇਂਦਰ ਬਣ ਰਿਹਾ ਹੈ।”
ਮੇਅਰ ਨੇ ਦੱਸਿਆ ਕਿ ਸਰੀ ਜਲਦੀ ਹੀ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਸ਼ਹਿਰ ਬਣ ਜਾਵੇਗਾ। “ਸਾਡੀ ਆਬਾਦੀ ਹਰ ਦਿਨ ਔਸਤਨ 28 ਨਵੇਂ ਵਸਨੀਕਾਂ ਦੀ ਦਰ ਨਾਲ ਵਧ ਰਹੀ ਹੈ। ਪਿਛਲੇ 20 ਸਾਲਾਂ ਵਿੱਚ ਸਾਡੀ ਆਬਾਦੀ ਵਿੱਚ ਸਵਾ ਦੋ ਲੱਖ ਤੋਂ ਵੱਧ ਲੋਕਾਂ ਦਾ ਵਾਧਾ ਹੋਇਆ ਹੈ, ਜੋ ਰਿਚਮੰਡ ਦੀ ਆਬਾਦੀ ਦੇ ਬਰਾਬਰ ਹੈ। ਜੇਕਰ ਇਹ ਰੁਝਾਨ ਜਾਰੀ ਰਿਹਾ, ਤਾਂ ਸਰੀ ਜਲਦੀ ਹੀ 10 ਲੱਖ ਤੋਂ ਵੱਧ ਵਸਨੀਕਾਂ ਦਾ ਘਰ ਬਣ ਜਾਵੇਗਾ।” ਉਨ੍ਹਾਂ ਨੇ ਸਰੀ ਸਿਟੀ ਸੈਂਟਰ ਦੀ ਗੱਲ ਕੀਤੀ, ਜੋ ਸਭ ਤੋਂ ਸੰਘਣੀ ਭਾਈਚਾਰਕ ਇਕਾਈ ਹੈ। “2016 ਤੋਂ 2021 ਦਰਮਿਆਨ ਇਸ ਦੀ ਆਬਾਦੀ ਵਿੱਚ 25% ਦਾ ਵਾਧਾ ਹੋਇਆ। ਇੱਥੇ ਹਰ ਚੌਥਾ ਵਿਅਕਤੀ ਨਵਾਂ ਆਇਆ ਹੈ, ਜੋ ਤੇਜ਼ ਵਿਕਾਸ ਨੂੰ ਦਰਸਾਉਂਦਾ ਹੈ।”
ਮੇਅਰ ਨੇ ਨਿਊਟਨ ਦੇ ਵਪਾਰਕ ਵਿਕਾਸ ‘ਤੇ ਜ਼ੋਰ ਦਿੱਤਾ। “ਨਿਊਟਨ ਸਾਡਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਵਪਾਰਕ ਕੇਂਦਰ ਹੈ, ਜਿੱਥੇ ਇੱਕ ਸਾਲ ਵਿੱਚ ਵਪਾਰਾਂ ਵਿੱਚ 7% ਦਾ ਵਾਧਾ ਹੋਇਆ। ਅੱਜ ਸਰੀ ਦੇ ਇੱਕ ਤਿਹਾਈ ਤੋਂ ਵੱਧ ਵਪਾਰ ਨਿਊਟਨ ਵਿੱਚ ਹਨ। ਨਿਊਟਨ ਦੀ ਆਬਾਦੀ 1,58,000 ਤੋਂ ਵੱਧ ਹੈ, ਜੋ ਕੋਕੁਇਟਲਮ ਦੇ ਸ਼ਹਿਰ ਦੇ ਬਰਾਬਰ ਹੈ। ਸਰੀ ਵਿੱਚ ਕੁੱਲ 2,81,000 ਤੋਂ ਵੱਧ ਲੋਕ ਰੁਜ਼ਗਾਰ ਵਿੱਚ ਹਨ, ਜੋ ਖੇਤਰ ਦੇ 20% ਰੁਜ਼ਗਾਰ ਦਾ ਹਿੱਸਾ ਹੈ। ਸਾਡੇ ਸ਼ਹਿਰ ਵਿੱਚ 24,000 ਤੋਂ ਵੱਧ ਵਪਾਰ ਸਥਾਪਿਤ ਹਨ।”