ਖਾਣੇ ਨਾਲ ਘਿਓ ਦੀ ਵਰਤੋਂ ਆਮ ਹੈ। ਪੁਰਾਣੇ ਸਮਿਆਂ ਵਿਚ ਡੀਕ ਲਾ ਕੇ ਘਿਓ ਪੀਣ ਦੇ ਕਿੱਸੇ ਵੀ ਆਮ ਸੁਣੇ ਹੋਣਗੇ। ਪਰ ਅੱਜ ਦੇ ਸਮੇਂ ਡਾਕਟਰਾਂ ਤੋਂ ਹਮੇਸ਼ਾ ਸਲਾਹ ਲਈ ਜਾਂਦੀ ਹੈ ਕਿ ਘਿਓ ਦੀ ਵਰਤੋਂ ਸਿਹਤ ਲਈ ਚੰਗੀ ਹੈ ਜਾਂ ਮਾੜੀ।ਪਹਿਲਾਂ ਘਿਓ ਸ਼ੁੱਧ ਹੁੰਦਾ ਸੀ, ਅੱਜ ਕੱਲ੍ਹ ਘਿਓ ਵਿੱਚ ਵੀ ਮਿਲਾਵਟ ਵੱਧ ਗਈ ਹੈ। ਲੋਕਾਂ ਨੇ ਘਿਓ ਦੀ ਵਰਤੋਂ ਕਿਉਂ ਘਟਾਈ, ਇਸ ਦਾ ਕੋਈ ਠੋਸ ਜਵਾਬ ਨਹੀਂ ਮਿਲ ਸਕਿਆ ਪਰ ਹੁਣ ਲੋਕਾਂ ਦੇ ਮਨਾਂ ‘ਚ ਇਹ ਜਾਨਣ ਦੀ ਉਤਸੁਕਤਾ ਪੈਦਾ ਹੋ ਗਈ ਹੈ ਕਿ ਕੀ ਘਿਓ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ? ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਰੋਟੀ ‘ਚ ਥੋੜ੍ਹੀ ਜਿਹੀ ਮਾਤਰਾ ‘ਚ ਘਿਓ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ ਸਗੋਂ ਇਸ ਦੇ ਕਈ ਫਾਇਦੇ ਹੋਣਗੇ। ਕੁਝ ਲੋਕਾਂ ਨੂੰ ਘਿਓ ਦੀ ਸੀਮਤ ਮਾਤਰਾ ‘ਚ ਵਰਤੋਂ ਕਰਨ ਨਾਲ ਫਾਇਦਾ ਹੋ ਸਕਦਾ ਹੈ, ਜਦਕਿ ਇਸ ਨੂੰ ਜ਼ਿਆਦਾ ਮਾਤਰਾ ‘ਚ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਘਿਓ ਕਿਸ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਕਿਸ ਨੂੰ ਲਾਭ।ਮੈਕਸ ਨਾਨਾਵਤੀ ਹਸਪਤਾਲ ਮੁੰਬਈ ਦੇ ਸੀਨੀਅਰ ਡਾਇਟੀਸ਼ੀਅਨ ਡਾ: ਰਸਿਕਾ ਮਾਥੁਰ ਦਾ ਕਹਿਣਾ ਹੈ ਕਿ ਹਰ ਇਨਸਾਨ ਦੇ ਸਰੀਰ ਵਿਚ ਵੱਖ-ਵੱਖ ਸਮਰੱਥਾਵਾਂ ਹੁੰਦੀਆਂ ਹਨ। ਘਿਓ ਕਿਸ ਲਈ ਫਾਇਦੇਮੰਦ ਹੈ ਅਤੇ ਕਿਸ ਲਈ ਨੁਕਸਾਨਦਾਇਕ ਹੈ, ਇਸ ਦੇ ਲਈ ਵਿਅਕਤੀ ਦੀ ਸਿਹਤ ਨੂੰ ਜਾਣਨਾ ਜ਼ਰੂਰੀ ਹੈ। ਜੇਕਰ ਵਿਅਕਤੀ ਦੀ ਸਿਹਤ ਪਹਿਲਾਂ ਹੀ ਕਮਜ਼ੋਰ ਹੈ ਤਾਂ ਘਿਓ ਉਸ ਨੂੰ ਕੋਈ ਲਾਭ ਨਹੀਂ ਦੇਵੇਗਾ। ਦੂਜੇ ਪਾਸੇ ਜੇਕਰ ਕੋਈ ਸਿਹਤਮੰਦ ਵਿਅਕਤੀ ਥੋੜ੍ਹੀ ਮਾਤਰਾ ‘ਚ ਘਿਓ ਖਾਵੇ ਤਾਂ ਉਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਅਜਿਹੇ ‘ਚ ਜੇਕਰ ਕੋਈ ਘਿਓ ਨੂੰ ਰੋਟੀ ਉਤੇ ਲਗਾ ਕੇ ਖਾਵੇ ਤਾਂ ਉਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਕੀ ਭਾਰ ਘੱਟ ਕਰਦਾ ਹੈ
ਡਾ: ਰਸਿਕਾ ਮਾਥੁਰ ਨੇ ਦੱਸਿਆ ਕਿ ਕੀ ਘਿਓ ਭਾਰ ਘਟਾਉਣ ਦੀ ਇੱਛਾ ਰੱਖਣ ਵਾਲਿਆਂ ਦੀ ਮਦਦ ਕਰਦਾ ਹੈ ਜਾਂ ਨਹੀਂ, ਐਲੋਪੈਥ ਵਿਚ ਇਸ ਦਾ ਕੋਈ ਜ਼ਿਕਰ ਨਹੀਂ ਹੈ। ਕੁਝ ਮਾਨਤਾਵਾਂ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਥੋੜ੍ਹੀ ਮਾਤਰਾ ਵਿੱਚ ਘਿਓ ਦਾ ਸੇਵਨ ਭਾਰ ਘਟਾਉਣ ਵਿੱਚ ਲਾਭਦਾਇਕ ਹੋ ਸਕਦਾ ਹੈ। ਜੇਕਰ ਸਵੇਰੇ ਘਿਓ ਨਾਲ ਚੋਪੜੀ ਰੋਟੀ ਖਾਧੀ ਜਾਵੇ ਤਾਂ ਦਿਨ ਭਰ ਭੁੱਖ ਨਹੀਂ ਲਗਦੀ। ਯਾਨੀ ਇਹ ਭਾਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੈ। ਜਦੋਂ ਘਿਓ ਨੂੰ ਰੋਟੀ ਉਤੇ ਲਗਾਇਆ ਜਾਂਦਾ ਹੈ, ਤਾਂ ਇਹ ਇਸ ਦੇ ਗਲਾਈਸੈਮਿਕ ਇੰਡੈਕਸ ਨੂੰ ਹੋਰ ਘਟਾਉਂਦਾ ਹੈ। ਯਾਨੀ ਇਸ ਨਾਲ ਡਾਇਬਟੀਜ਼ ਦਾ ਖਤਰਾ ਵੀ ਘੱਟ ਹੋਵੇਗਾ। ਘਿਓ ਸਿਹਤਮੰਦ ਕੋਲੈਸਟ੍ਰੋਲ ਵਧਾਉਣ ਵਿਚ ਵੀ ਮਦਦ ਕਰ ਸਕਦਾ ਹੈ।
ਨੁਕਸਾਨ ਕੀ ਹੈ
ਡਾ: ਰਸਿਕਾ ਮਾਥੁਰ ਨੇ ਕਿਹਾ ਕਿ ਘਿਓ ਦਾ ਜ਼ਿਆਦਾ ਸੇਵਨ ਨੁਕਸਾਨ ਵੀ ਕਰ ਸਕਦਾ ਹੈ। ਜੋ ਲੋਕ ਦਿਲ ਦੇ ਮਰੀਜ਼ ਹਨ ਜਾਂ ਜਿਨ੍ਹਾਂ ਦਾ ਕੋਲੈਸਟ੍ਰੋਲ ਵਧ ਗਿਆ ਹੈ, ਜੇਕਰ ਉਹ ਜ਼ਿਆਦਾ ਘਿਓ ਦਾ ਸੇਵਨ ਕਰਦੇ ਹਨ ਤਾਂ ਇਸ ਨਾਲ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਦੂਜੇ ਪਾਸੇ, ਜਦੋਂ ਤੁਸੀਂ ਘਿਓ ਨੂੰ ਬਹੁਤ ਜ਼ਿਆਦਾ ਤਾਪਮਾਨ ‘ਤੇ ਰੱਖਦੇ ਹੋ, ਤਾਂ ਇਸ ਦੀ ਬਣਤਰ ਬਦਲ ਜਾਂਦੀ ਹੈ, ਜਿਸ ਕਾਰਨ ਸਰੀਰ ਵਿਚ ਫ੍ਰੀ ਰੈਡੀਕਲਜ਼ ਬਣ ਜਾਂਦੇ ਹਨ। ਫ੍ਰੀ ਰੈਡੀਕਲਸ ਦੇ ਗਠਨ ਦਾ ਮਤਲਬ ਹੈ ਕਈ ਬਿਮਾਰੀਆਂ ਦਾ ਘਰ। ਇਸ ਲਈ ਇੱਕ ਜਾਂ ਦੋ ਚੱਮਚ ਤੋਂ ਵੱਧ ਘਿਓ ਸਹੀ ਨਹੀਂ ਹੈ।