15.1 C
Vancouver
Sunday, May 11, 2025

ਵੈਨਕੂਵਰ ਸਿਟੀ ਕੌਂਸਲ ਨੇ ਅਪ੍ਰੈਲ ਮਹੀਨੇ “ਸਿੱਖ ਵਿਰਾਸਤ ਮਹੀਨੇ” ਵਜੋਂ ਮਨਾਉਣ ਲਈ ਦਿੱਤੀ ਸਰਕਾਰੀ ਮਨਜ਼ੂਰੀ

ਵੈਨਕੂਵਰ, (ਪਰਮਜੀਤ ਸਿੰਘ) ਵੈਨਕੂਵਰ ਸਿਟੀ ਕੌਂਸਲ ਨੇ ਫੈਸਲਾ ਲਿਆ ਹੈ ਕਿ ਅਪਰੈਲ ਮਹੀਨੇ ਨੂੰ “ਸਿੱਖ ਵਿਰਾਸਤ ਮਹੀਨਾ” ਵਜੋਂ ਸਰਕਾਰੀ ਤੌਰ ‘ਤੇ ਮਨਾਇਆ ਜਾਵੇਗਾ। ਇਹ ਫੈਸਲਾ 2026 ਤੋਂ ਲਾਗੂ ਹੋਵੇਗਾ, ਜਿਸ ਤਹਿਤ ਹਰੇਕ ਸਾਲ ਸ਼ਹਿਰ ਵੱਲੋਂ ਅਧਿਕਾਰਕ ਐਲਾਨ ਕੀਤਾ ਜਾਵੇਗਾ।
ਇਹ ਮਤਾ ਕੌਂਸਲਰ ਸੈਰਾ ਕਰਬੀ-ਯੰਗ ਵੱਲੋਂ ਲਿਆ ਗਿਆ ਸੀ, ਜਿਸ ਨੂੰ ਸਿਟੀ ਕੌਂਸਲ ਨੇ ਇੱਕਜੁੱਟ ਹੋ ਕੇ ਮਨਜ਼ੂਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਨਾ ਸਿਰਫ਼ ਸਿੱਖ ਭਾਈਚਾਰੇ ਦੀ ਲੰਬੀ ਇਤਿਹਾਸਿਕ ਯਾਤਰਾ ਨੂੰ ਮੰਨਤਾ ਦਿੰਦਾ ਹੈ, ਸਗੋਂ ਉਨ੍ਹਾਂ ਦੀਆਂ ਬੇਮਿਸਾਲ ਯੋਗਦਾਨਾਂ ਨੂੰ ਵੀ ਸਲਾਮ ਕਰਦਾ ਹੈ।
ਵੈਨਕੂਵਰ ਦੇ ਮੇਅਰ ਕੈਨ ਸਿੰਮ ਨੇ ਕਿਹਾ, ”ਸਿੱਖ ਵਿਰਾਸਤ ਮਹੀਨਾ ਸਾਨੂੰ ਇਸ ਗੱਲ ਦੀ ਯਾਦ ਦਿਲਾਉਂਦਾ ਹੈ ਕਿ ਸਿੱਖ ਭਾਈਚਾਰੇ ਨੇ ਕੈਨੇਡਾ ਨੂੰ ਇਕ ਸੁੰਦਰ, ਸਮਾਨਤਾਵਾਦੀ ਤੇ ਸੇਵਾਦਾਰੀ ਸਮਾਜ ਬਣਾਉਣ ਵਿੱਚ ਕਿੰਨਾ ਮਹੱਤਵਪੂਰਨ ਯੋਗਦਾਨ ਪਾਇਆ ਹੈ। ਅਸੀਂ ਵੈਨਕੂਵਰ ਵਾਸੀਆਂ ਵਲੋਂ ਇਸ ਮਹੀਨੇ ਨੂੰ ਅਧਿਕਾਰਕ ਤੌਰ ‘ਤੇ ਮਨਾਉਣ ‘ਤੇ ਮਾਣ ਮਹਿਸੂਸ ਕਰਦੇ ਹਾਂ।”
ਕਰਬੀ-ਯੰਗ ਨੇ ਕਿਹਾ, ”ਮੈਂ ਇਸ ਮਤੇ ਨੂੰ ਲਿਆ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਸਿੱਖ ਕੈਨੇਡੀਅਨ ਭਾਈਚਾਰੇ ਦੀ ਸੰਸਕ੍ਰਿਤੀ, ਵਿਰਾਸਤ ਤੇ ਮੁੱਲਿਆਂ ਨੂੰ ਉਤਸ਼ਾਹਤ ਕਰਨਾ ਸਾਡੇ ਸ਼ਹਿਰ ਲਈ ਇਕ ਗੌਰਵ ਦੀ ਗੱਲ ਹੈ।” ਸਿੱਖ ਕਮੇਊਨਟੀ ਦੀ ਵਿਰਾਸਤ 1906 ਤੋਂ ਕੈਨੇਡਾ ਵਿੱਚ ਸ਼ੁਰੂ ਹੋਈ ਸੀ, ਜਦ ਪਹਿਲੇ ਸਿੱਖ ਇਮਿਗ੍ਰੈਂਟ ਇੱਥੇ ਆਏ ਸਨ। ਅੱਜ ਇਹ ਭਾਈਚਾਰਾ ਰਾਜਨੀਤੀ, ਵਪਾਰ, ਸਿਹਤ, ਕਲਾ ਤੇ ਸਿੱਖਿਆ ਸਮੇਤ ਕਈ ਖੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਵਿਰਾਸਤ ਮਹੀਨੇ ਵਿੱਚ ਵਿਸਾਖੀ ਵੀ ਸ਼ਾਮਲ ਹੈ, ਜੋ ਕਿ ਸਿੱਖ ਧਰਮ ਲਈ ਧਾਰਮਿਕ ਅਤੇ ਸੰਸਕ੍ਰਿਤਿਕ ਤੌਰ ‘ਤੇ ਅਤਿ ਮਹੱਤਵਪੂਰਨ ਦਿਨ ਹੈ। ਇਹ ਦਿਨ ਖ਼ਾਲਸੇ ਦੀ ਸਥਾਪਨਾ, ਗੁਰੂ ਨਾਨਕ ਦੇਵ ਜੀ, ਅਤੇ ਦਸ ਗੁਰੂ ਸਾਹਿਬਾਨਾਂ ਦੀ ਰੂਹਾਨੀ ਵਿਰਾਸਤ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਵੈਨਕੂਵਰ ਸਿਟੀ ਨੇ ਕਿਹਾ ਹੈ ਕਿ “ਸਿੱਖ ਵਿਰਾਸਤ ਮਹੀਨਾ” ਨੂੰ ਸਰਕਾਰੀ ਤਰੀਕੇ ਨਾਲ ਮਨਾਉਣਾ ਸਭਿਆਚਾਰਕ ਪਛਾਣ, ਸਹਿਸਨੁਭੂਤੀ, ਅਤੇ ਵਿਭਿੰਨਤਾ ਦੀ ਇਜ਼ਤ ਵੱਲ ਇੱਕ ਹੋਰ ਵੱਡਾ ਕਦਮ ਹੈ।

Related Articles

Latest Articles