ਸਿੱਦਕ ਵਾਲੇ ਹੀ ਪਰਖ ਦੀ ਸ਼ਮ੍ਹਾ ਉੱਤੇ
ਹੱਸ ਹੱਸ ਪਤੰਗਿਆਂ ਵਾਂਗ ਸੜਦੇ
ਸੜਦੀ ਤਵੀ ਤੇ ਖੇਡ ਆਨੰਦ ਵਾਲੀ
ਖੇਡ ਲੈਂਦੇ ਨੇ ਦੇਗ ਦੇ ਵਿੱਚ ਕੜ੍ਹਦੇ
ਨਾਲ ਆਰਿਆਂ ਹੋ ਦੋਫਾੜ ਜਾਂਦੇ
ਜਿਗਰੇ ਵਾਲੇ ਹੀ ਤੇਗ ਦੇ ਹੇਠ ਖੜ੍ਹਦੇ
‘ਅਮਰਜੀਤ ਸਿਹਾਂ’ ਤਲੀ ਤੇ ਸੀਸ ਧਰਕੇ
ਗਲੀ ਯਾਰ ਮਹਿਬੂਬ ਦੀ ਜਾਅ ਵੜਦੇ
ਵਿਰਲੇ ਵਿਰਲੇ ਹੀ ਤਾਣ ਦੇ ਉਦੋਂ ਸੀਨਾ
ਜਦੋਂ ਰਣ ਵਿੱਚ ਸ਼ੂਕਦੇ ਤੀਰ ਹੁੰਦੇ
ਜਦੋਂ ਧਰਮ ਕੁਰਬਾਨੀਆਂ ਮੰਗਦਾ ਹੈ
ਗੈਰਤ ਵਾਲੇ ਹੀ ਪਾਰ ਲਕੀਰ ਹੁੰਦੇ
ਉਹ ਪੂਰੀਆਂ ਪੌਣ ਨਾ ਰਣ ਅੰਦਰ
ਪਿਆਰੇ ਜਿਨ੍ਹਾਂ ਦੇ ਤਾਂਈਂ ਸਰੀਰ ਹੁੰਦੇ
‘ਅਮਰਜੀਤ ਸਿਹਾਂ’ ਕਹੇ ਜੁਬਾਨ ਵਿੱਚੋਂ
ਬੋਲ ਸਿਰਾਂ ਨਾਲ ਪਾਲਦੇ ਬੀਰ ਹੁੰਦੇ
ਭਾਂਵੇ ਉਮਰਾਂ ਮਸੂਮ ਮਲੂਕ ਹੋਵਨ
ਜਿੱਥੇ ਦੀਨ ਦੀ ਗੱਲ ਫਿਰ ਡੱਟ ਜਾਂਦੇ
ਸਿਖਰ ਛੋਂਹਦੀਆਂ ਜੁਲਮੀ ਅਟਾਰੀਆਂ ਨੂੰ
ਮਾਰ ਸਿੱਦਕ ਵਾਲੇ ਭਾਰੀ ਸੱਟ ਜਾਂਦੇ
ਫਿਰ ਵੈਰੀ ਦੀ ਤੇਗ ਦਾ ਡਰ ਕਾਹਦਾ
ਪੁਰਜਾ ਪੁਰਜਾ ਹਿੱਤ ਧਰਮ ਦੇ ਕੱਟ ਜਾਂਦੇ
‘ਅਮਰਜੀਤ ਸਿਹਾਂ’ ਆਪਾ ਕੁਰਬਾਨ ਕਰਕੇ
ਟਿੱਕਾ ਜੱਸ ਦਾ ਜੱਗ ‘ਚੋਂ ਖੱਟ ਜਾਂਦੇ
ਲੇਖਕ : ਅਮਰਜੀਤ ਸਿੰਘ ਸਭਰਾ