ਅਮਰੀਕਾ ਵਿੱਚ ਵੱਡੀ ਉਮਰ ਦੇ ਲੋਕਾਂ ਨੂੰ ਚਿਕਨਗੁਨੀਆ ਵੈਕਸੀਨ ਨਾ ਲੈਣ ਦੀ ਸਲਾਹ

 

ਵੈਕਸੀਨ ਦੇ ਮਾੜੇ ਪ੍ਰਭਾਵਾਂ ਕਾਰਨ ਦੋ ਲੋਕਾਂ ਦੀ ਹੋਈ ਮੌਤ
ਸਰੀ, (ਪਰਮਜੀਤ ਸਿੰਘ): ਵਾਸ਼ਿੰਗਟਨ : ਅਮਰੀਕਾ ਨੇ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਯਾਤਰੀਆਂ ਨੂੰ ਚਿਕਨਗੁਨੀਆ ਵੈਕਸੀਨ ਨਾ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ, ਕਿਉਂਕਿ ਇਸ ਦੇ ਮਾੜੇ ਪ੍ਰਭਾਵ ਵੇਖਣ ਨੂੰ ਮਿਲ ਰਹੇ ਹਨ, ਜਿਵੇਂ ਕਿ ਦਿਲ ਦੀਆਂ ਸਮੱਸਿਆਵਾਂ, ਨਸਾਂ ਦੀਆਂ ਬਿਮਾਰੀਆਂ ਅਤੇ ਕਈ ਥਾਵਾਂ ‘ਤੇ ਮੌਤ ਦੀਆਂ ਰਿਪੋਰਟਾਂ ਵੀ ਆਈਆਂ ਹਨ। ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀ.ਡੀ.ਸੀ.) ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ.ਡੀ.ਏ.) ਨੇ 9 ਮਈ ਨੂੰ ਵੈਕਸੀਨ, ਜੋ ਵਾਲਨੇਵਾ ਕੰਪਨੀ ਦੁਆਰਾ ਇਕਸਚਿਕ (ੀਣਚਿਹਤ) ਨਾਮ ਨਾਲ ਵੇਚੀ ਜਾਂਦੀ ਹੈ, ਦੀਆਂ ਸਮੱਸਿਆਵਾਂ ਬਾਰੇ ਨੋਟਿਸ ਜਾਰੀ ਕੀਤਾ। ਨੋਟਿਸ ਮੁਤਾਬਕ, ”7 ਮਈ, 2025 ਤੱਕ, 62 ਤੋਂ 89 ਸਾਲ ਦੀ ਉਮਰ ਦੇ ਵਿਅਕਤੀਆਂ ਵਿੱਚ, ਜਿਨ੍ਹਾਂ ਨੇ ਇਕਸਚਿਕ ਵੈਕਸੀਨ ਲਈ, 17 ਗੰਭੀਰ ਮਾੜੇ ਪ੍ਰਭਾਵ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਦੋ ਲੋਕਾਂ ਦੀ ਮੌਤ ਹੋਈ।” ਕੈਨੇਡਾ ਵਿੱਚ, ਹੈਲਥ ਕੈਨੇਡਾ ਨੇ ਕਿਹਾ ਹੈ ਕਿ ਉਹ ਇਕਸਚਿਕ ਦੀ ਸੁਰੱਖਿਆ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਜੇਕਰ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਜੋ ਵੈਕਸੀਨ ਦੇ ਲਾਭ-ਜੋਖਮ ਪ੍ਰੋਫਾਈਲ ਨੂੰ ਬਦਲ ਸਕਦੀ ਹੈ, ਤਾਂ ”ਉਚਿਤ ਕਾਰਵਾਈ” ਕੀਤੀ ਜਾਵੇਗੀ। ਹਾਲਾਂਕਿ, ਕੈਨੇਡਾ ਨੇ ਵੱਡੀ ਉਮਰ ਦੇ ਲੋਕਾਂ ਲਈ ਇਸ ਦੀ ਵਰਤੋਂ ਖਿਲਾਫ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਚਿਕਨਗੁਨੀਆ ਇੱਕ ਵਾਇਰਸ ਹੈ ਜੋ ਮੱਛਰਾਂ ਦੇ ਕੱਟਣ ਨਾਲ ਮਨੁੱਖਾਂ ਵਿੱਚ ਫੈਲਦਾ ਹੈ। ਇਹ ਜ਼ਿਆਦਾਤਰ ਅਮਰੀਕਾ, ਏਸ਼ੀਆ ਅਤੇ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ, ਅਤੇ ਕਦੇ-ਕਦਾਈਂ ਯੂਰਪ ਵਿੱਚ ਵੀ ਇਸ ਦਾ ਪ੍ਰਕੋਪ ਦੇਖਣ ਨੂੰ ਮਿਲਦਾ ਹੈ। ਇਸ ਦੇ ਲੱਛਣ ਡੇਂਗੂ ਅਤੇ ਜ਼ੀਕਾ ਵਰਗੇ ਹੁੰਦੇ ਹਨ, ਜਿਨ੍ਹਾਂ ਵਿੱਚ ਤੇਜ਼ ਬੁਖਾਰ ਅਤੇ ਜੋੜਾਂ ਦਾ ਗੰਭੀਰ ਦਰਦ ਸ਼ਾਮਲ ਹੈ, ਜੋ ਲੰਬੇ ਸਮੇਂ ਤੱਕ ਰਹਿ ਸਕਦਾ ਹੈ। ਹੋਰ ਲੱਛਣਾਂ ਵਿੱਚ ਸੋਜ, ਮਾਸਪੇਸ਼ੀਆਂ ਦਾ ਦਰਦ, ਸਿਰਦਰਦ, ਮਤਲੀ, ਥਕਾਵਟ ਅਤੇ ਚਮੜੀ ‘ਤੇ ਧੱਫੜ ਸ਼ਾਮਲ ਹਨ।
ਅਮਰੀਕਾ ਵਿੱਚ ਹਰ ਸਾਲ ਯਾਤਰੀਆਂ ਵਿੱਚ 100 ਤੋਂ 200 ਕੇਸ ਸਾਹਮਣੇ ਆਉਂਦੇ ਹਨ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੇ 9 ਦਸੰਬਰ, 2014 ਦੇ ਅੰਕੜਿਆਂ ਮੁਤਾਬਕ, ਅਮਰੀਕਾ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਪ੍ਰਭਾਵਿਤ ਖੇਤਰਾਂ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਵਿੱਚ 320 ਪੁਸ਼ਟੀਸ਼ੁਦਾ ਅਤੇ 159 ਸੰਭਾਵੀ ਕੇਸ ਸਾਹਮਣੇ ਆਏ ਸਨ।
ਕੈਨੇਡਾ ਅਤੇ ਅਮਰੀਕਾ ਵਿੱਚ ਇਹ ਵੈਕਸੀਨ ਉਨ੍ਹਾਂ ਯਾਤਰੀਆਂ ਲਈ ਉਪਲਬਧ ਹੈ ਜੋ ਚਿਕਨਗੁਨੀਆ ਦੇ ਜੋਖਮ ਵਾਲੇ ਦੇਸ਼ਾਂ ਦੀ ਯਾਤਰਾ ਕਰ ਰਹੇ ਹਨ। ਇਕਸਚਿਕ ਵੈਕਸੀਨ ਵਿੱਚ ਚਿਕਨਗੁਨੀਆ ਵਾਇਰਸ ਦਾ ਜੀਵਤ ਪਰ ਕਮਜ਼ੋਰ ਰੂਪ ਸ਼ਾਮਲ ਹੁੰਦਾ ਹੈ, ਜੋ ਬਿਮਾਰੀ ਵਰਗੇ ਲੱਛਣ ਪੈਦਾ ਕਰ ਸਕਦਾ ਹੈ।
ਪਿਛਲੇ ਮਹੀਨੇ, ਸੀ.ਡੀ.ਸੀ. ਨੂੰ ਸਲਾਹ ਦੇਣ ਵਾਲੇ ਵੈਕਸੀਨ ਮਾਹਿਰਾਂ ਦੇ ਪੈਨਲ ਨੂੰ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਛੇ ਵਿਅਕਤੀਆਂ ਦੀ ਜਾਂਚ ਬਾਰੇ ਦੱਸਿਆ ਗਿਆ, ਜਿਨ੍ਹਾਂ ਨੂੰ ਵੈਕਸੀਨ ਲੈਣ ਤੋਂ ਇੱਕ ਹਫਤੇ ਦੇ ਅੰਦਰ ਦਿਲ ਜਾਂ ਦਿਮਾਗ ਦੇ ਲੱਛਣ ਸਾਹਮਣੇ ਆਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਹੋਰ ਸਿਹਤ ਸਮੱਸਿਆਵਾਂ ਸਨ। ਇੱਕ ਵਿਅਕਤੀ ਦੀ ਮੌਤ ਇਨਸੇਫੇਲਾਈਟਿਸ (ਦਿਮਾਗ ਦੀ ਸੋਜ) ਕਾਰਨ ਹੋਈ। ਦੂਜੇ ਦੇਸ਼ਾਂ ਵਿੱਚ ਵੀ 10 ਤੋਂ ਵੱਧ ਅਜਿਹੇ ਕੇਸ ਸਾਹਮਣੇ ਆਏ ਹਨ।

 

Exit mobile version