ਪੰਡ ਯਾਦਾਂ ਦੀ

ਤੇਰੇ ਘਰ ਕੋਲੋਂ ਮਾਏ ਅੱਜ ਹੋ ਕੇ ਆਈਂ ਆਂ।
ਸੱਚ ਜਾਣੀ ਮਾਏਂ ਪੰਡ, ਯਾਦਾਂ ਦੀ ਲਿਆਈ ਆਂ।

ਚੱਕੀ ਨੲ੍ਹੀਂ ਸੀ ਜਾਂਦੀ, ਬਾਹਲੀ ਭਾਰੀ ਹੋ ਗਈ।
ਯਾਦਾਂ ਦੇ ਝਰੋਖਿਆਂ ‘ਚ ਜਦੋਂ ਖੋਹ ਗਈ
ਚਾਹਕੇ ਵੀ ਜਾਂਦੀ ਕੋਈ, ਗੱਲ ਨਾ ਭੁਲਾਈ ਆ।
ਸੱਚ ਜਾਣੀ ਮਾਏਂ ਪੰਡ, ਯਾਦਾਂ ਦੀ ਲਿਆਈ ਆਂ।

ਮੁੜੀ ਸੀਗੀ ਜਦੋਂ ਮਾਏਂ ਫਿਰਨੀ ਦਾ ਮੋੜ ਨੀ।
ਤੱਕਿਆ ਉਦਾਸ ਹੋਇਆ, ਸੱਥ ਵਾਲ ਬੋਹੜ ਨੀ
ਜਿਹਦੇ ਹੇਠ ਹੁੰਦੀ ਸੀ ਪੀਂਘ ਪਾਈ ਆ।
ਸੱਚ ਜਾਣੀ ਮਾਏਂ ਪੰਡ, ਯਾਦਾਂ ਦੀ ਲਿਆਈ ਆਂ।

ਦਰ੍ਹਾਂ ਵਿੱਚ ਖੜ੍ਹ ਜਦ ਝਾਤੀ ਵਿਹੜੇ ਮਾਰੀ ਮੈਂ।
ਚੌਂਕੇ ਵਾਲੀ ਕੰਧ ਢੱਠੀ ਵੇਖੀ ਉਹ ਸਾਰੀ ਮੈਂ।
ਚਾਟੀ ਤੇ ਮਧਾਣੀ ਤੇਰੀ, ਦਿੱਤੀ ਨਾ ਦਿਖਾਈ ਆ।
ਸੱਚ ਜਾਣੀ ਮਾਏਂ ਪੰਡ, ਯਾਦਾਂ ਦੀ ਲਿਆਈ ਆਂ।

ਛੋਟਾ ਜਿਹਾ ਘਰ ਸਾਡਾ ਫੁੱਲਾਂ ਦੀ ਕਿਆਰੀ ਸੀ।
ਸਾਰਿਆਂ ‘ਚ ਬੈਠੀ ਮਾਏ, ਲੱਗਦੀ ਪਿਆਰੀ ਸੀ।
ਉਹੀ ਘਰ ‘ਪ੍ਰੀਤ’ ਹੁਣ ਦਿੰਦਾ ਦੁਹਾਈ ਆ।
ਸੱਚ ਜਾਣੀ ਮਾਏਂ ਪੰਡ, ਯਾਦਾਂ ਦੀ ਲਿਆਈ ਆਂ।

ਲੇਖਕ : ਹਰਪ੍ਰੀਤ ਕੌਰ 604-442-7619

 

Exit mobile version