ਪਿੱਛੇ ਰਹਿ ਜਾਏ ਕਰਮਾਂ ਮਾਰੀ ਭੁੱਖ ਤੋਂ ਅੱਗੇ ਲੰਘੋ ।
ਚਾਵਾਂ ਦਾ ਕੋਈ ਸ਼ਹਿਰ ਵਸਾਉ ਦੁਖ ਤੋਂ ਅੱਗੇ ਲੰਘੋ ।
ਖ਼ੁਦਦਾਰੀ ਨਾਲ ਜੀਵਨ ਦਾ ਵੱਲ ਸਿੱਖੋ ਦੁਨੀਆਂ ਉੱਤੇ,
ਪੈਰੀਂ ਪੈਂਖੜ ਪਾਏ ਜੋ ਉਸ ਸੁੱਖ ਤੋਂ ਅੱਗੇ ਲੰਘੋ ।
ਸੈ ਵਰ੍ਹਿਆਂ ਦੇ ਬਾਅਦ ਵੀ ਅੱਜ ਏ ਖ਼ਾਲਮ-ਖ਼ਾਲੀ ਝੋਲੀ,
ਸਮੇਂ ਦੇ ਬਾਂਝਪੁਣੇ ਦੀ ਸੱਖਣੀ ਕੁੱਖ ਤੋਂ ਅੱਗੇ ਲੰਘੋ ।
ਹੰਝੂਆਂ ਦਾ ਦੇ ਦੇ ਕੇ ਪਾਣੀ ਪਾਲਿਆ ਏ ਰੁੱਖ ਜਿਹੜਾ,
ਠੰਢੀ ਛਾਂ ਨਾ ਦੇ ਤਾਂ ਫਿਰ ਉਸ ਰੁੱਖ ਤੋਂ ਅੱਗੇ ਲੰਘੋ ।
ਜਿੱਥੇ ਹਾਸੇ ਕਰਨ ਸਵਾਗਤ ਓਸ ਨਗਰ ਜਾ ਵੱਸੋ,
‘ਰਾਹਤ ਜੀ’ ਇਸ ਨਫ਼ਰਤ ਦੀ ਦੁਖਦੁਖ ਤੋਂ ਅੱਗੇ ਲੰਘੋ।
ਲੇਖਕ : ਇਕਬਾਲ ਰਾਹਤ