ਜਦੋਂ ਸਰਹਦਾਂ ਹੀ ਉਲੀਕ ਲਈਆਂ ਤਾਂ ਫਿਰ ਮਾਰੂ ਹਥਿਆਰ ਖਰੀਦਣ ਦੀ ਦੌੜ ਕਿਉਂ?

ਲੇਖਕ : ਜੰਗੀਰ ਸਿੰਘ ਦਿਲਬਰ
ਸੰਪਰਕ : 98770-33838
ਜਦੋਂ ਦੁਨੀਆਂ ਦੇ ਦੇਸ਼ਾਂ ਨੇ ਆਪਣੀਆਂ ਆਪਣੀਆਂ ਸਰਹੱਦਾਂ ਹੀ ਮਿੱਥ ਲਈਆਂ ਜਾਂ ਲਕੀਰਾਂ ਖਿੱਚ ਲਈਆਂ, ਫਿਰ ਹਰ ਰੋਜ਼ ਮਾਰੂ ਹਥਿਆਰ ਬਣਾਉਣ ਜਾਂ ਵੱਖ ਵੱਖ ਦੇਸ਼ਾਂ ਤੋਂ ਖ਼ਤਰਨਾਕ ਹਥਿਆਰ ਖ਼ਰੀਦਣ ‘ਤੇ ਅਰਬਾਂ ਖਰਬਾਂ ਰੁਪਏ ਬਰਬਾਦ ਕਰਨ ਦੀ ਦੌੜ ਕਿਉਂ? ਅੱਜ ਜਦੋਂ ਵੀ ਕਿਸੇ ਦੇਸ਼ ਦਾ ਮੁਖੀ ਵਿਦੇਸ਼ੀ ਦੌਰੇ ‘ਤੇ ਜਾਂਦਾ ਹੈ ਤਾਂ ਮਾਰੂ ਹਥਿਆਰ ਖ਼ਰੀਦਣ ਬਾਰੇ ਦੁਨੀਆਂ ਭਰ ਦੇ ਅਖਬਾਰਾਂ ਅਤੇ ਟੈਲੀਵੀਜ਼ਨਾਂ ਤੋਂ ਇਲਾਵਾ ਹੋਰ ਸਾਰੇ ਮੀਡੀਏ ਰਾਹੀਂ ਖੂਬ ਜ਼ੋਰ ਸ਼ੋਰ ਨਾਲ ਰੌਲਾ ਪਾਇਆ ਜਾਂਦਾ ਹੈ। ਕੀ ਇੰਝ ਹੋਣ ਨਾਲ ਹਰ ਦੇਸ਼ ਦਾ ਲੋਕ ਭਲਾਈ ਦਾ ਪੈਸਾ ਬੇਲੋੜਾ ਬਰਬਾਦ ਨਹੀਂ ਕੀਤਾ ਜਾਂਦਾ?
ਅੱਜ ਕੱਲ ਜੇ ਧਿਆਨ ਨਾਲ ਪੜ੍ਹਿਆ ਅਤੇ ਪੜਤਾਲਿਆ ਜਾਵੇ ਤਾਂ ਇਹ ਪੱਖ ਸਾਫ਼ ਸਾਹਮਣੇ ਆਵੇਗਾ ਕਿ ਧਰਤੀ ਦਾ ਹਰ ਤਾਕਤਵਰ ਦੇਸ਼ ਸਭ ਤੋਂ ਪਹਿਲਾਂ ਆਪਣੇ ਨਾਲ ਲੱਗਦੇ ਕੰਮਜ਼ੋਰ ਦੇਸ਼ ਨੂੰ ਆਪਣੇ ਅਧੀਨ ਕਰਕੇ ਉਸ ਦੇ ਸਾਰੇ ਜ਼ਰੂਰੀ ਸਾਧਨਾ ਨੂੰ ਖਾਸ ਕਰਕੇ ਕੱਚੇ ਮਾਲ ਦੇ ਖਣਿਜ ਪਦਾਰਥਾਂ ਨੂੰ ਹੜੱਪਣ ਲਈ, ਉਹਨਾਂ ਉੱਪਰ ਆਪਣਾ ਮੁਕੰਮਲ ਕਬਜ਼ਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉਸ ਤੋਂ ਬਾਅਦ ਹੌਲੀ ਹੌਲੀ ਉਸ ਦੇ ਉੱਪਰ ਆਪਣਾ ਮੁਕੰਮਲ ਕਬਜ਼ਾ ਕਰ ਲਵੇਗਾ। ਇਹ ਬਹੁਤ ਹੀ ਘਿਣਾਉਣੀ ਅਤੇ ਖ਼ਤਰਨਾਕ ਖੇਡ ਹੈ। ਇਹ ਸਿਲਸਿਲਾ ਧਰਤੀ ਦੇ ਹਰ ਤਾਕਤਵਰ ਦੇਸ਼ ਦਾ ਹਿੱਸਾ ਬਣ ਚੁੱਕਿਆ ਹੈ। ਪਰ ਜੇ ਇਨਸਾਨੀਅਤ ਦੇ ਹਿਸਾਬ ਨਾਲ ਸੋਚਿਆ ਜਾਵੇ ਤਾਂ ਇੰਝ ਨਹੀਂ ਹੋਣਾ ਚਾਹੀਦਾ ਕਿਉਂਕਿ ਧਰਤੀ ਦੇ ਹਰ ਆਦਮੀ ਨੂੰ ਆਪਣੀ ਮਰਜ਼ੀ ਨਾਲ ਆਪਣੇ ਦੇਸ਼ ਅੰਦਰ ਆਪਣੇ ਦੇਸ਼ ਦੀ ਆਵੋ ਹਵਾ ਵਿੱਚ ਸਾਹ ਲੈਣ ਅਤੇ ਜਿਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਪਰ ਪਤਾ ਨਹੀਂ ਦੁਨੀਆਂ ਦੇ ਕਈ ਲੀਡਰਾਂ ਨੂੰ ਇਕ ਅਜੀਬ ਕਿਸਮ ਦਾ ਝੱਲ ਜਾਂ ਨਸ਼ਾ ਚੜ੍ਹਿਆ ਹੋਇਆ ਹੈ, ਜੋ ਸਾਰੀ ਦੁਨੀਆਂ ‘ਤੇ ਕਬਜ਼ਾ ਕਰਨ ਦਾ ਭਰਮ ਪਾਲ਼ ਕੇ ਪਾਗਲਾਂ ਦੀ ਤਰ੍ਹਾਂ ਦਿਨ ਰਾਤ ਇਨ੍ਹਾਂ ਸਕੀਮਾਂ ਵਿੱਚ ਜ਼ਿੰਦਗੀ ਦਾ ਸੁਨਹਿਰੀ ਸਮਾਂ ਬਰਬਾਦ ਕਰ ਰਹੇ ਹਨ। ਇਹ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ।
ਆਪਾਂ ਸਾਰੇ ਹੀ ਜਾਣਦੇ ਹਾਂ ਅਤੇ ਦੁਨੀਆਂ ਦੇ ਵਿਧਵਾਨ ਅਤੇ ਪੀਰ ਪੈਗੰਬਰ ਵੀ ਕਹਿ ਗਏ ਹਨ ਕਿ ਅੰਤ ਸਮੇਂ ਮਨੁੱਖ ਨਾਲ ਕੁਝ ਵੀ ਨਹੀਂ ਜਾਣਾ। ਮਨੁੱਖ ਖਾਲੀ ਹੱਥ ਆਇਆ ਅਤੇ ਖਾਲੀ ਹੱਥ ਹੀ ਜਾਵੇਗਾ। ਦੁਨੀਆ ‘ਤੇ ਵੱਡੇ ਵੱਡੇ ਸਿਕੰਦਰ ਵਰਗੇ ਯੋਧੇ ਆਏ, ਬਹੁਤ ਕੁਝ ਜਿੱਤਕੇ ਆਖਰ ਖਾਲੀ ਹੱਥ ਸੰਸਾਰ ਤੋਂ ਚਲੇ ਗਏ। ਇਹ ਸਭ ਕੁਝ ਜਾਣਦੇ ਹੋਏ ਵੀ ਤਾਕਤਵਰ ਦੇਸ਼ ਜਾਂ ਮਨੁੱਖ ਪਾਗਲਾਂ ਦੀ ਤਰ੍ਹਾਂ ਜ਼ਿੰਦਗੀ ਦਾ ਸੁਨਾਹਿਰੀ ਸਮਾਂ ਬਿਨਾ ਕਾਰਨ ਬਰਬਾਦ ਕਿਉਂ ਕਰ ਰਿਹਾ ਹੈ। ਜਦੋਂ ਹਰ ਦੇਸ਼ ਨੇ ਆਪਣੇ ਨਾਲ ਲੱਗਦੇ ਦੇਸ਼ਾਂ ਨਾਲ ਸਰਹੱਦਾਂ ਦੀਆਂ ਪੱਕੀਆਂ ਲਕੀਰਾਂ ਹੀ ਖਿੱਚ ਲਈਆਂ ਜਾਂ ਆਪਣੇ ਆਪਣੇ ਇਲਾਕੇ ਮਿੱਥ ਲਏ ਫਿਰ ਹਰ ਰੋਜ਼ ਲੁਕ -ਛਿਪ ਕੇ ਉਸ ਗੁਆਂਢੀ ਦੇਸ਼ ਦੀ ਕੰਮਜ਼ੋਰੀ ਦਾ ਲਾਭ ਉਠਾਕੇ ਉਸਦੇ ਕੀਮਤੀ ਖਣਿਜ ਪਦਾਰਥਾਂ ਜਾਂ ਹੋਰ ਕੀਮਤੀ ਸਾਧਨਾਂ ‘ਤੇ ਜਬਰੀ ਕਬਜ਼ੇ ਕਰਕੇ ਉਸ ਦੇਸ਼ ਨੂੰ ਬਰਬਾਦ ਕਰਨ ਜਾਂ ਉਥਲ-ਪੁਥਲ ਕਰਨ ਦੀਆਂ ਕੋਝੀਆਂ-ਕਮੀਨੀਆਂ ਹਰਕਤਾਂ ਕਿਉਂ ਕੀਤੀਆਂ ਜਾਂਦੀਆਂ ਹਨ? ਇੰਝ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਤਾਕਤ ਦੇ ਸਹਾਰੇ ਲੁੱਟ-ਖਸੁੱਟ ਕਰਨ ਦੀ ਬਜਾਏ ਉਸ ਗੁਆਂਢੀ ਦੇਸ਼ ਨਾਲ ਸਰਵ ਪ੍ਰਵਾਣਤ ਸਮਝੌਤਾ ਤੈਅ ਕਰਕੇ ਪੁੱਗਦੀਆਂ ਕੀਮਤਾਂ’ ਤੇ ਹਰ ਤਰ੍ਹਾਂ ਦੇ ਮਾਲ ਦਾ ਅਰਦਾਨ ਪ੍ਰਦਾਨ ਜਾਂ ਲੈਣ ਦੇਣ ਦਾ ਪ੍ਰਬੰਧ ਕੀਤਾ ਜਾਵੇ। ਇਸ ਤਰ੍ਹਾਂ ਦੁਨੀਆਂ ਅੰਦਰ ਅਮਨ ਸ਼ਾਂਤੀ ਵੀ ਬਣੀ ਰਹੇਗੀ ਅਤੇ ਹਰ ਦੇਸ਼ ਦੀ ਪ੍ਰਭੂਸੱਤਾ ਨੂੰ ਵੀ ਠੇਸ ਨਹੀਂ ਪੁੱਜੇਗੀ।
ਪਰ ਬਹੁਤ ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਉਪਰੋਕਤ ਲਿਖਿਆਂ ਗੱਲਾਂ ਵਲ ਧਿਆਨ ਦੇਣ ਦੀ ਬਜਾਏ ਤਾਕਤਵਰ ਦੇਸ਼ ਛੋਟੇ ਦੇਸ਼ਾਂ ਉੱਪਰ ਆਪਣੀ ਧੌਂਸ ਜਮਾਉਣ ਦੀ ਖ਼ਾਤਰ ਉਨ੍ਹਾਂ ਨੂੰ ਆਪਣੀ ਸ਼ਕਤੀ ਦੇ ਸਹਾਰੇ ਉਨ੍ਹਾਂ ਦੇ ਕੱਚੇ ਮਾਲ ਦੀਆਂ ਖਣਿਜਾਂ ਉੱਪਰ ਜ਼ਬਰਦਸਤੀ ਕਬਜ਼ੇ ਕਰਕੇ ਹੜਪ ਕਰਨਾ ਚਾਹੁੰਦੇ ਹਨ ਅਤੇ ਦਬਾ ਕੇ ਰੱਖਣਾ ਚਾਹੁੰਦੇ ਹਨ। ਇਸ ਰੀਤ ਨੂੰ ਕਾਇਮ ਰੱਖਣ ਲਈ ਇਸ ਧਰਤੀ ਦੇ ਸਾਰੇ ਹੀ ਤਾਕਤਵਰ ਦੇਸ਼ ਆਪ ਤੋਂ ਕੰਮਜ਼ੋਰ ਜਾਂ ਆਪਣੇ ਪਿਛਲੱਗ ਦੇਸ਼ਾਂ ਨੂੰ ਆਪਣੇ ਕਾਬੂ ਵਿੱਚ ਰੱਕਣ ਲਈ ਅਰਬਾਂ ਖਰਬਾਂ ਦੇ ਮਾਰੂ ਹਥਿਆਰਾਂ, ਜਿਵੇਂ ਕਿ ਬੰਬ, ਟੈਂਕ, ਮਿਜ਼ਾਇਲਾਂ, ਪਣਡੁੱਬੀਆਂ ਅਤੇ ਪ੍ਰਮਾਣੂ ਬੰਬਾਂ ਦੇ ਨਾਲ ਨਾਲ ਹੋਰ ਬਹੁਤ ਜ਼ਹਿਰ ਫੈਲਾਉਣ ਵਾਲੇ ਜ਼ਹਿਰੀਲੇ ਸ਼ਸਤਰ ਇਕੱਠੇ ਕਰਨ ਲੱਗੇ ਹੋਏ ਹਨ। ਜੇਕਰ ਇਸ ਤੋਂ ਵੀ ਅੱਧਾ ਪੈਸਾ ਲੋਕ ਹਿਤ ਜਾਂ ਲੋਕ ਭਲਾਈ ਦੇ ਕੰਮਾਂ ਲਈ ਵਰਤਿਆ ਜਾਵੇ ਤਾਂ ਦੁਨੀਆਂ ਦੇ ਸਾਰੇ ਦੇਸ਼ ਖੁਸ਼ਹਾਲ ਹੋ ਸਕਦੇ ਹਨ।
ਅੱਜਕੱਲ੍ਹ ਵੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਤਰੱਕੀ ਕਰ ਰਹੇ ਦੇਸ਼ਾਂ ਦੇ ਲੀਡਰ ਤਾਕਤਵਰ ਦੇਸ਼ਾਂ ਨਾਲ ਦੋਸਤੀ ਦਾ ਪੱਖ ਪੂਰਦੇ ਹੋਏ ਉਨ੍ਹਾਂ ਨਾਲ ਅਰਬਾਂ ਖ਼ਰਬਾਂ ਦੇ ਸਮਝੌਤੇ ਆਪਣੇ ਨਿੱਜੀ ਹਿੱਤਾਂ ਲਈ ਜਾਂ ਆਪਣੇ ਗਿਣਤੀ ਦੇ ਚਮਚਿਆਂ, ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਕਰ ਲੈਂਦੇ ਹਨ।
ਇਕ ਗੱਲ ਸਮਝ ਨਹੀਂ ਆਉਂਦੀ, ਜਦੋਂ ਸਰਹੱਦਾਂ ਦੀ ਹੱਦਬੰਦੀ ਹੀ ਉਲੀਕ ਲਈ ਫਿਰ ਮਨੁੱਖਤਾ ਦੇ ਖ਼ਾਤਮੇ ਲਈ ਅਤੇ ਦੂਜੇ ਦੇਸ਼ਾਂ ਨੂੰ ਹੜੱਪਣ ਜਾਂ ਬਰਬਾਦ ਕਰਨ ਲਈ ਧੱਕੇਸ਼ਾਹੀ ਕਿਉਂ?
ਜੇਕਰ ਇਸ ਤਰ੍ਹਾਂ ਧੱਕੇਸ਼ਾਹੀਆਂ ਹੁੰਦੀਆਂ ਰਹੀਆਂ ਤਾਂ ਦੁਨੀਆਂ ਦੇ ਕੰਮਜੋਰ ਦੇਸ਼ਾਂ ਦੀ ਬਰਬਾਦੀ ਤੈਅ ਹੈ ਅਤੇ ਨਾਲ ਹੀ ਆਮ ਲੋਕਾਂ ਦੀ ਅਮਨ-ਸ਼ਾਂਤੀ ਵੀ ਖਤਮ ਹੋ ਜਾਵੇਗੀ। ਇਹ ਵਰਤਾਰਾ ਮਨੁੱਖ ਜਾਤੀ ਲਈ ਘਾਤਕ ਸਿੱਧ ਹੋਵੇਗਾ। ਜਿੰਨਾ ਪੈਸਾ ਮਨੁੱਖਤਾ ਨੂੰ ਖਤਮ ਕਰਨ ਵਾਲੇ ਮਾਰੂ ਹਥਿਆਰਾਂ ‘ਤੇ ਬਰਬਾਦ ਕੀਤਾ ਜਾਂਦਾ ਹੈ, ਜੇ ਕਰ ਇਹੀ ਪੈਸਾ ਮਨੁੱਖ ਜਾਤੀ ਦੀ ਭਲਾਈ ‘ਤੇ ਲਾਇਆ ਜਾਵੇ ਤਾਂ ਦੁਨੀਆਂ ਉੱਤੇ ਸ਼ਾਂਤੀ ਬਹਾਲ ਹੋ ਜਾਵੇਗੀ ਅਤੇ ਕਿਸੇ ਦੇਸ਼ ਦੀ ਪ੍ਰਭੂਸੱਤਾ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ। ਸਾਰੀ ਦੁਨੀਆਂ ਦੇ ਲੋਕ ਇਹ ਗੱਲ ਵੱਲ ਗੰਭੀਰਤਾ ਨਾਲ ਸੋਚਣ।

Exit mobile version