ਬੀ.ਸੀ. ਵਿੱਚ ਘੱਟੋ-ਘੱਟ ਤਨਖ਼ਾਹ 1 ਜੂਨ ਤੋਂ ਵੱਧ ਕੇ ਹੋਵੇਗੀ 17.85 ਡਾਲਰ ਪ੍ਰਤੀ ਘੰਟਾ

ਔਟਵਾ (ਪਰਮਜੀਤ ਸਿੰਘ): ਸਰੀ, (ਪਰਮਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਘੱਟੋ-ਘੱਟ ਤਨਖਾਹ 1 ਜੂਨ, 2025 ਨੂੰ 17.50 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ, ਪਰ ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਜ਼ (ਸੀ.ਸੀ.ਪੀ.ਏ.) ਅਤੇ ਲਿਵਿੰਗ ਵੇਜ ਫਾਰ ਫੈਮਿਲੀਜ਼ ਬੀ.ਸੀ. ਦੀ ਨਵੀਂ ਰਿਪੋਰਟ ਮੁਤਾਬਕ, ਇਹ ਅਜੇ ਵੀ ਜੀਵਨ ਯੋਗ ਤਨਖਾਹ (ਲਿਵਿੰਗ ਵੇਜ) ਤੋਂ ਕਾਫੀ ਪਿੱਛੇ ਹੈ। ਸੀ.ਸੀ.ਪੀ.ਏ. ਦੀ ਸੀਨੀਅਰ ਅਰਥ ਸ਼ਾਸਤਰੀ ਇਗਲੀਕਾ ਇਵਾਨੋਵਾ ਨੇ ਕਿਹਾ, ”ਅੰਕੜੇ ਸਪੱਸ਼ਟ ਦਰਸਾਉਂਦੇ ਹਨ ਕਿ ਇਹ ਕਾਮੇ 25 ਸਾਲ ਤੋਂ ਵੱਧ ਉਮਰ ਦੇ ਹਨ, ਜਿਨ੍ਹਾਂ ਵਿੱਚ ਮਹਿਲਾਵਾਂ ਅਤੇ ਨਸਲੀ ਕਾਮੇ ਵਧੇਰੇ ਪ੍ਰਭਾਵਿਤ ਹਨ।”
ਰਿਪੋਰਟ ਮੁਤਾਬਕ, ਸੂਬੇ ਦੇ 7,40,000 ਕਾਮੇ (ਕੁੱਲ ਰੁਜ਼ਗਾਰ ਪ੍ਰਾਪਤ ਕਰਮਚਾਰੀਆਂ ਦਾ ਇੱਕ ਤਿਹਾਈ) ਆਪਣੀ ਕਮਿਊਨਿਟੀ ਵਿੱਚ ਜੀਵਨ ਯੋਗ ਤਨਖਾਹ ਤੋਂ ਘੱਟ ਕਮਾਉਂਦੇ ਹਨ। ਜੀਵਨ ਯੋਗ ਤਨਖਾਹ ਉਹ ਘੰਟਾਵਾਰ ਦਰ ਹੈ, ਜੋ ਚਾਰ ਜਣਿਆਂ ਦੇ ਪਰਿਵਾਰ ਨੂੰ ਸਹਾਰਾ ਦੇਣ ਲਈ ਦੋ ਮਾਪਿਆਂ ਨੂੰ ਪੂਰਾ ਸਮਾਂ ਕੰਮ ਕਰਕੇ ਕਮਾਉਣੀ ਪੈਂਦੀ ਹੈ। 20 ਸ਼ਹਿਰਾਂ ਅਤੇ ਖੇਤਰਾਂ ਨੂੰ ਟਰੈਕ ਕਰਨ ਵਾਲੀ ਇਹ ਰਿਪੋਰਟ ਘੱਟੋ-ਘੱਟ ਤਨਖਾਹ ਵਿੱਚ 65 ਸੈਂਟ ਦੇ ਵਾਧੇ ਦੀ ਪੂਰਵ ਸੰਧਿਆ ‘ਤੇ ਆਈ ਹੈ, ਜੋ ਮਹਿੰਗਾਈ ਨਾਲ ਜੋੜੀ ਨਵੀਂ ਕਾਨੂੰਨੀ ਵਿਵਸਥਾ ਦਾ ਹਿੱਸਾ ਹੈ। ਲਿਵਿੰਗ ਵੇਜ ਫਾਰ ਫੈਮਿਲੀਜ਼ ਬੀ.ਸੀ. ਦੀ ਸੂਬਾਈ ਮੈਨੇਜਰ ਅਨਾਸਤਾਸੀਆ ਫ੍ਰੈਂਚ ਨੇ ਕਿਹਾ, ”ਮੌਜੂਦਾ ਸਮਰੱਥਤਾ ਸੰਕਟ ਵਿੱਚ, ਕਾਮੇ ਜੀਵਨ ਯੋਗ ਅਤੇ ਘੱਟੋ-ਘੱਟ ਤਨਖਾਹ ਦੇ ਅੰਤਰ ਵਿੱਚ ਫਸ ਗਏ ਹਨ। ਉਨ੍ਹਾਂ ਨੂੰ ਕਈ ਸਖਤ ਫੈਸਲੇ ਲੈਣੇ ਪੈ ਰਹੇ ਹਨ૷ਕਰਿਆਨਾ ਖਰੀਦਣਾ ਜਾਂ ਘਰ ਗਰਮ ਕਰਨਾ, ਬਿੱਲਾਂ ਦਾ ਭੁਗਤਾਨ ਕਰਨਾ ਜਾਂ ਕਿਰਾਇਆ ਸਮੇਂ ‘ਤੇ ਦੇਣਾ।”
ਜੀਵਨ ਯੋਗ ਅਤੇ ਨਵੀਂ ਘੱਟੋ-ਘੱਟ ਤਨਖਾਹ ਵਿਚਕਾਰ ਸਭ ਤੋਂ ਘੱਟ ਅੰਤਰ ਡਾਸਨ ਕ੍ਰੀਕ ਵਿੱਚ 3.14 ਡਾਲਰ ਹੈ, ਜੋ ਦੱਖਣ ਵੱਲ ਵਧਦਿਆਂ ਮੈਟਰੋ ਵੈਨਕੂਵਰ ਅਤੇ ਗ੍ਰੇਟਰ ਵਿਕਟੋਰੀਆ ਵਿੱਚ 8 ਡਾਲਰ ਤੋਂ ਵੱਧ ਹੋ ਜਾਂਦਾ ਹੈ। ਇਵਾਨੋਵਾ ਨੇ ਕਿਹਾ, ”ਅਸੀਂ ਇਸ ਅੰਤਰ ਨੂੰ ਦੋਹਾਂ ਪਾਸਿਆਂ ਤੋਂ ਘਟਾਉਣਾ ਚਾਹੁੰਦੇ ਹਾਂ૷ਤਨਖਾਹਾਂ ਵਧਾਉਣ ਅਤੇ ਖਰਚਿਆਂ ‘ਤੇ ਅੰਕੁਸ਼ ਲਗਾਉਣ ਨਾਲ। ਸਮਾਜਿਕ ਬੁਨਿਆਦੀ ਢਾਂਚੇ ਵਿੱਚ ਵਧੇਰੇ ਸਹਾਇਤਾ ਦੀ ਲੋੜ ਹੈ।”
ਰਿਪੋਰਟ ਵਿੱਚ ਘੱਟੋ-ਘੱਟ ਤਨਖਾਹ ਨੂੰ 20 ਡਾਲਰ ਪ੍ਰਤੀ ਘੰਟਾ ਕਰਨ ਦੀ ਸਿਫਾਰਸ਼ ਕੀਤੀ ਗਈ ਹੈ, ਜਿਸ ਨਾਲ ਸੂਬੇ ਭਰ ਦੇ 4,00,000 ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ। ਇਸ ਦੇ ਨਾਲ ਹੀ, ਜਨਤਕ ਆਵਾਜਾਈ ਵਿੱਚ ਨਿਵੇਸ਼, ਸਸਤੀ ਭੋਜਨ ਰਣਨੀਤੀ, ਵਧੇਰੇ ਉਦਾਰ ਆਮਦਨ ਸਹਾਇਤਾ ਅਤੇ ਹਾਊਸਿੰਗ ਵਿੱਚ ਨਿਵੇਸ਼ ਦੀ ਵੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ, ”ਅਸੀਂ ਪਿਛਲੇ ਦਹਾਕੇ ਤੋਂ ਹਾਊਸਿੰਗ ਸੰਕਟ ਵਿੱਚ ਹਾਂ, ਅਤੇ ਸਰਕਾਰ ਨੇ ਅਜੇ ਤੱਕ ਇਸ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਕਦਮ ਨਹੀਂ ਉਠਾਏ।” ਹਾਲ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਨਤੀਜੇ ਦਿਖਣ ਵਿੱਚ ਕੁਝ ਸਾਲ ਲੱਗਣਗੇ।
ਬੀ.ਸੀ. ਚੈਂਬਰ ਆਫ ਕਾਮਰਸ ਦੀ ਪ੍ਰਧਾਨ ਫੀਓਨਾ ਫੈਮੁਲਕ ਨੇ ਘੱਟੋ-ਘੱਟ ਤਨਖਾਹ ਨੂੰ ਮਹਿੰਗਾਈ ਨਾਲ ਜੋੜਨ ਦੇ ਸਰਕਾਰੀ ਫੈਸਲੇ ਦਾ ਸਵਾਗਤ ਕੀਤਾ, ਪਰ ਚੇਤਾਵਨੀ ਦਿੱਤੀ ਕਿ ਬੀ.ਸੀ. ਵਿੱਚ ਕਾਰੋਬਾਰ ਦੀ ਲਾਗਤ ਉੱਚੀ ਹੈ ਅਤੇ ਕਾਰੋਬਾਰ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰ ਨੂੰ ਸੰਤੁਲਨ ਲੱਭਣ ਦੀ ਅਪੀਲ ਕੀਤੀ।
ਇਵਾਨੋਵਾ ਨੇ ਜ਼ੋਰ ਦਿੱਤਾ ਕਿ ਰਿਪੋਰਟ ਦੀਆਂ ਸਿਫਾਰਸ਼ਾਂ ਅਰਥਵਿਵਸਥਾ ਨੂੰ ਵਧਾਉਣਗੀਆਂ। ”ਸਸਤਾ ਹਾਊਸਿੰਗ ਇੱਕ ਵੱਡਾ ਮੁੱਦਾ ਹੈ, ਜਿਸ ਨਾਲ ਮਾਲਕਾਂ ਨੂੰ ਨੌਕਰੀਆਂ ਭਰਨ ਵਿੱਚ ਮੁਸ਼ਕਲ ਆਉਂਦੀ ਹੈ। ਘੱਟ ਆਮਦਨ ਵਾਲੇ ਲੋਕਾਂ ਨੂੰ ਵਧੇਰੇ ਪੈਸੇ ਦੇਣ ਨਾਲ ਉਹ ਖਰਚ ਕਰਨਗੇ, ਜੋ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ।”
ਮੰਤਰੀ ਹੈਰੀ ਬੈਂਸ ਨੇ ਕਿਹਾ ਕਿ ਸਰਕਾਰ ਨੇ 2017 ਤੋਂ ਘੱਟੋ-ਘੱਟ ਤਨਖਾਹ ਵਿੱਚ ਨਿਰੰਤਰ ਵਾਧਾ ਕੀਤਾ ਹੈ। ”2016 ਵਿੱਚ ਸਾਡੀ ਤਨਖਾਹ ਕੈਨੇਡਾ ਵਿੱਚ ਸਭ ਤੋਂ ਘੱਟ ਸੀ, ਪਰ ਹੁਣ ਇਹ ਸਾਰੇ ਸੂਬਿਆਂ ਵਿੱਚ ਸਭ ਤੋਂ ਉੱਚੀ ਹੈ।”
ਇਹ ਰਿਪੋਰਟ ਅਤੇ ਸਿਫਾਰਸ਼ਾਂ ਸੂਬੇ ਵਿੱਚ ਜੀਵਨ ਯੋਗ ਤਨਖਾਹ ਅਤੇ ਆਰਥਿਕ ਸੁਰੱਖਿਆ ਦੀ ਵਡੇਰੀ ਚਰਚਾ ਦਾ ਹਿੱਸਾ ਹਨ, ਸਰਕਾਰ, ਕਾਰੋਬਾਰਾਂ ਅਤੇ ਕਾਮਿਆਂ ਨੂੰ ਮਿਲ ਕੇ ਇਸ ਲਈ ਹੱਲ ਕਰਨ ਦੀ ਲੋੜ ਹੈ।

Exit mobile version