ਡਾ. ਮਨਮੀਤ ਮਾਨਵ
ਸੰਪਰਕ: ੳਗਮੳਰਕਮੳਨਮੲੲਟਗਮੳਲਿ.ਚੋਮ
ਭੋਜਨ ਜੀਵਨ ਦੀ ਮੁੱਢਲੀ ਜ਼ਰੂਰਤ ਹੈ। ਭੋਜਨ ਪਦਾਰਥਾਂ ਦੀ ਗੁਣਵੱਤਾ ਤੇ ਪੋਸ਼ਣ ਸੁਰੱਖਿਆ ਚੰਗੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਅਹਿਮ ਪਹਿਲੂ ਹੈ। ਭੋਜਨ ਪਦਾਰਥਾਂ ‘ਚ ਮਿਲਾਵਟ ਜਿੱਥੇ ਵਪਾਰੀਆਂ ਵੱਲੋਂ ਘੱਟ ਲਾਗਤ ਅਤੇ ਵੱਧ ਆਰਥਿਕ ਲਾਭ ਲਈ ਕੀਤੀ ਜਾਂਦੀ ਹੈ ਉਥੇ ਖਪਤਕਾਰਾਂ ਦੀ ਅਗਿਆਨਤਾ, ਜਾਗਰੂਕਤਾ ਦੀ ਕਮੀ ਅਤੇ ਬੇਲੋੜੀਆਂ ਮੰਗਾਂ ਨੇ ਵੀ ਮਿਲਾਵਟ ਦਾ ਰੁਝਾਨ ਵਧਾਇਆ ਹੈ।
ਪੁਰਾਣੇ ਸਮਿਆਂ ਵਿੱਚ ਸਾਬਤ ਅਨਾਜ, ਦਾਲਾਂ, ਸਾਬਤ ਮਸਾਲਿਆਂ ਨੂੰ ਸਾਫ਼ ਸੁਥਰਾ ਕਰ ਕੇ ਘਰ ਵਿੱਚ ਹੀ ਪੀਹਣ ਦਾ ਰੁਝਾਨ ਸੀ। ਤੇਲ, ਘਿਓ, ਪਨੀਰ ਆਦਿ ਘਰ ਵਿੱਚ ਹੀ ਕੱਢਣ ਜਾਂ ਕਿਸੇ ਜਾਣਕਾਰ ਉਤਪਾਦਕ ਤੋਂ ਲੈਣ ਨੂੰ ਤਰਜੀਹ ਦਿੱਤੀ ਜਾਂਦੀ ਸੀ। ਲੋੜ ਅਨੁਸਾਰ ਮੌਸਮੀ ਅਚਾਰ, ਚਟਣੀ, ਮੁਰੱਬਾ ਆਦਿ ਸੁਆਣੀਆਂ ਘਰ ਹੀ ਬਣਾ ਲੈਂਦੀਆਂ ਸਨ। ਸਾਡੀ ਆਲਸੀ ਜੀਵਨ ਸ਼ੈਲੀ ਅਤੇ ਬੇਲੋੜੀ ਦੌੜ-ਭੱਜ ਨੇ ਅੱਜ ਕੱਲ੍ਹ ਬਾਜ਼ਾਰਾਂ ਵਿੱਚ ਪ੍ਰਾਸੈਸ ਕੀਤੇ ਅਤੇ ਰੈਡੀ ਮਿਕਸ/ਰੈਡੀ ਟੂ ਈਟ (ਖਾਣ ਲਈ ਤਿਆਰ) ਖਾਧ ਪਦਾਰਥਾਂ ਦੀ ਮੰਗ ਵਧਾਈ ਹੈ ਇਸ ਕਾਰਨ ਮਿਲਾਵਟ ਦਾ ਰੁਝਾਨ ਵੀ ਵਧਿਆ ਹੈ। ਪ੍ਰਾਸੈਸਡ ਪ੍ਰੋਡਕਟ (ਪੀਸੇ ਹੋਏ, ਮਿਕਸ ਕੀਤੇ, ਪਕਾਏ ਹੋਏ) ਵਿੱਚ ਉਨ੍ਹਾਂ ਦੀ ਮਾਤਰਾ, ਰੰਗਤ, ਸੁਆਦ ਤੇ ਸੁਗੰਧ ਵਧਾਉਣ ਲਈ ਸਸਤੇ ਪਦਾਰਥ- ਚਾਕ ਪਾਊਡਰ, ਟੈਲਕਮ ਪਾਊਡਰ, ਸਸਤੇ ਸਟਾਰਚ, ਅਰਾਰੋਟ, ਲੱਕੜ ਦਾ ਬੂਰਾ, ਰਸਾਇਣਕ ਰੰਗ, ਨਕਲੀ ਮਿਠਾਸ ਅਤੇ ਸਿੰਥੈਟਿਕ ਗੰਧ ਮਿਲਾਉਣ ਦੀ ਬਹੁਤ ਗੁੰਜਾਇਸ਼ ਹੁੰਦੀ ਹੈ। ਭੋਜਨ ਉਦਯੋਗਾਂ ਨਾਲੋਂ ਭੋਜਨ ‘ਚ ਮਿਲਾਵਟ ਕਰਨ ਵਾਲੇ ਉਦਯੋਗ ਕਿਤੇ ਵੱਧ ਆਧੁਨਿਕ ਹਨ। ਮਿਲਾਵਟ ਦਾ ਅੰਤਿਮ ਪੀੜਤ ਭਾਵੇਂ ਖਪਤਕਾਰ ਹੈ ਪਰ ਇਹ ਵੀ ਸੱਚ ਹੈ ਕਿ ਮਿਲਾਵਟ ਤੋਂ ਬਚਣ ਦਾ ਉਪਾਅ ਵੀ ਖਪਤਕਾਰ ਦੀ ਜਾਗਰੂਕਤਾ, ਗਿਆਨ, ਸਹੀ ਮੰਗਾਂ ਤੇ ਗੁਣਵੱਤਾ ਖਰੀਦਦਾਰੀ ਹੈ।
ਮਨੁੱਖੀ ਸਰੀਰ ਵਿੱਚ ਕੁਦਰਤ ਵੱਲੋਂ ਹੀ ਗਿਆਨ ਇੰਦਰੀਆਂ ਦੇ ਰੂਪ ਵਿੱਚ ਪ੍ਰਯੋਗਸ਼ਾਲਾ ਸਥਾਪਿਤ ਹੈ ਜਿਨ੍ਹਾਂ ਦੀ ਮਦਦ ਨਾਲ ਅਸੀਂ ਸੁੰਘ ਕੇ, ਚੱਖ ਕੇ, ਦੇਖ ਕੇ, ਛੂਹ ਕੇ, ਸੁਣ ਕੇ ਸ਼ੁੱਧਤਾ ਦਾ ਅੰਦਾਜ਼ਾ ਲਗਾ ਸਕਦੇ ਹਾਂ ਪਰ ਇਨ੍ਹਾਂ ਗਿਆਨ ਇੰਦਰੀਆਂ ਦੀ ਚੇਤਨਾ ਵੀ ਬਹੁਤ ਜ਼ਰੂਰੀ ਹੈ। ਭੋਜਨ ਪਦਾਰਥਾਂ ਦੇ ਸੰਵੇਦੀ ਅਤੇ ਭੌਤਿਕ ਗੁਣਾਂ (ਗੰਧ, ਰੰਗ, ਸੁਆਦ, ਪਰਿਪੱਕਤਾ, ਬਣਾਵਟ, ਭਾਰ, ਆਕਾਰ, ਘਣਤਾ) ਨਾਲ ਹੀ ਗੁਣਵੱਤਾ ਦੀ ਮੁੱਢਲੀ ਪਛਾਣ ਹੁੰਦੀ ਹੈ। ਕੁਦਰਤ ਦੇ ਦਿੱਤੇ ਸੰਵੇਦੀ ਅੰਗਾਂ (ਸੲਨਸੲ ੋਰਗੳਨਸ) ਨਾਲ ਭੋਜਨ ਪਦਾਰਥਾਂ ਦੇ ਕੁਦਰਤੀ ਗੁਣਾਂ ਪ੍ਰਤੀ ਸੰਵੇਦਨਸ਼ੀਲਤਾ ਹੀ ਸ਼ੁੱਧਤਾ ਦੀ ਪਛਾਣ ਕਰਵਾਉਂਦੀ ਹੈ।
ਖਪਤਕਾਰਾਂ ਦੀਆਂ ਮੰਗਾਂ ਹੀ ਬਾਜ਼ਾਰ ਵਿੱਚ ਉੱਦਮੀਆਂ ‘ਤੇ ਦਬਾਅ ਬਣਾਉਂਦੀਆਂ ਹਨ ਅਤੇ ਵਪਾਰੀ ਉਨ੍ਹਾਂ ਮੰਗਾਂ ਦੇ ਅਨੁਕੂਲ ਬਾਜ਼ਾਰ ਵਿੱਚ ਭੋਜਨ ਪਦਾਰਥ ਮੁਹੱਈਆਂ ਕਰਵਾਉਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਖਪਤਕਾਰ ਕੁਦਰਤੀ ਰੰਗਾਂ ਅਤੇ ਕੁਦਰਤੀ ਸੁਆਦ ਵਾਲੀਆਂ ਸਬਜ਼ੀਆਂ, ਫ਼ਲ ਆਦਿ ਵੱਲ ਬਹੁਤਾ ਧਿਆਨ ਨਹੀਂ ਦਿੰਦੇ, ਉਹ ਚਟਕੀਲੇ ਹਰੇ, ਲਾਲ ਰੰਗ ਦੀਆਂ ਸਬਜ਼ੀਆਂ ਤੇ ਫਲਾਂ ਦੀ ਖਰੀਦ ਨੂੰ ਤਰਜੀਹ ਦਿੰਦੇ ਹਨ। ਅੰਬ, ਤਰਬੂਜ਼, ਖਰਬੂਜਾ, ਪਪੀਤਾ ਆਦਿ ਖਰੀਦਣ ਵੇਲੇ ਮਿਠਾਸ ਦੀ ਗਰੰਟੀ ਲੈਣਾ ਵਪਾਰੀਆਂ ਉੱਪਰ ਕਿਤੇ ਨਾ ਕਿਤੇ ਗੈਰ-ਕੁਦਰਤੀ ਰੰਗ (ਮੈਲਾਕਾਈਟ ਗਰੀਨ, ਰੋਡਾਮਾਈਨ ਬੀ, ਮੀਥਾਨੋਲ ਰੈਡ, ਲੈਡ ਕਰੋਮੇਟ) ਅਤੇ ਨਕਲੀ ਮਿਠਾਸ/ਸਵੀਟਨਰ (ਸੈਕਰੀਨ, ਐਸਪਾਰਟੇਮ, ਸੁਕਰਾਲੋਜ਼) ਦਾ ਇਸਤੇਮਾਲ ਕਰਨ ਲਈ ਦਬਾਅ ਬਣਾਉਂਦੀਆਂ ਹਨ। ਦਾਲਾਂ ਖਰੀਦਣ ਵੇਲੇ ਵੀ ਕੁਦਰਤੀ ਰੰਗ ਅਤੇ ਕੁਦਰਤੀ ਚਮਕ ਬਾਰੇ ਸੁਚੇਤ ਰਹਿਣਾ ਜ਼ਰੂਰੀ ਹੈ ਤਾਂ ਜੋ ਦਾਲਾਂ ਵਿੱਚ ਚਮਕੀਲਾ ਪੀਲਾ ਰੰਗ ਦੇਣ ਲਈ ਮੈਟਾਨਿਲ ਯੈਲੋ (ਰਸਾਇਣਕ ਪੀਲਾ ਰੰਗ) ਦੀ ਵਰਤੋਂ ਨੂੰ ਨਿਰਉਤਸ਼ਾਹਿਤ ਕੀਤਾ ਜਾ ਸਕੇ।
ਕਰੋਨਾ ਮਹਾਮਾਰੀ ਤੋਂ ਬਾਅਦ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਕਰਨ ਅਤੇ ਰਵਾਇਤੀ ਖੰਡ ਦੇ ਬਦਲ ਵਜੋਂ ਸ਼ਹਿਦ ਦੀ ਖਪਤ ਵਧੀ ਹੈ। ਸ਼ਹਿਦ ਵਿੱਚ ਗੰਨੇ, ਖੰਡ ਦੇ ਸਿਰਪ ਅਤੇ ਕੌਰਨ ਸਿਰਪ ਦੀ ਮਿਲਾਵਟ ਵਧਣ ਕਾਰਨ ਖਪਤਤਕਾਰਾਂ ਵਿੱਚ ਸ਼ਹਿਦ ਦੀ ਗੁਣਵੱਤਾ ਬਾਰੇ ਜਾਗਰੂਕਤਾ ਵਧੀ ਹੈ। ਸ਼ਹਿਦ ਵਿੱਚ ਸ਼ੁੱਧਤਾ ਦੀ ਪਛਾਣ ਲਈ ਖਪਤਕਾਰਾਂ ਵਿੱਚ ਸ਼ਹਿਦ ਦੀ ਕੁਦਰਤੀ ਮਿਠਾਸ, ਤਾਜ਼ੀ ਸੁਗੰਧ ਅਤੇ ਪੂਰੀ ਤਰ੍ਹਾਂ ਪੱਕੇ ਸ਼ਹਿਦ ਦੀ ਦਿੱਖ ਤੇ ਬਣਤਰ ਬਾਰੇ ਚੇਤਨਾ ਜ਼ਰੂਰੀ ਹੈ। ਖਪਤਕਾਰਾਂ ਨੇ ਜੰਮੇ ਸ਼ਹਿਦ ਬਾਰੇ ਇਹ ਧਾਰਨਾ ਬਣਾਈ ਹੋਈ ਹੈ ਕਿ ਇਹ ਖੰਡ ਦੀ ਮਿਲਾਵਟ ਵਾਲਾ ਹੁੰਦਾ ਹੈ ਜਦਕਿ ਘੱਟ ਤਾਪਮਾਨ ਅਤੇ ਕੁਝ ਖਾਸ ਫਸਲੀ ਫੁੱਲਾਂ (ਸਰ੍ਹੋਂ, ਰਾਇਆ ਆਦਿ) ਦੇ ਸ਼ਹਿਦ ਦਾ ਜੰਮਣਾ ਉਸ ਦਾ ਕੁਦਰਤੀ ਗੁਣ ਹੁੰਦਾ ਹੈ ਪਰ ਗਾਹਕਾਂ ਦਾ ਜੰਮੇ ਸ਼ਹਿਦ ਨੂੰ ਸਿਰੇ ਤੋਂ ਨਕਾਰ ਦੇਣਾ ਅਤੇ ਤਰਲ ਸ਼ਹਿਦ ਦੀ ਬੇਲੋੜੀ ਮੰਗ ਨੇ ਸ਼ਹਿਦ ਉਤਪਾਦਕਾਂ ਨੂੰ ਬਹੁਤ ਨਿਰਉਤਸ਼ਾਹਿਤ ਕੀਤਾ ਹੈ ਜਿਸ ਕਾਰਨ ਉਹ ਇਸ ਮੰਗ ਨੂੰ ਪੂਰਾ ਕਰਨ ਦੇ ਦਬਾਅ ਅਧੀਨ ਸ਼ਹਿਦ ਦੀ ਬੇਲੋੜੀ ਪ੍ਰਾਸੈਸਿੰਗ ਜਿਵੇਂ ਵੱਧ ਤਾਪਮਾਨ ‘ਤੇ ਗਰਮ ਕਰਨਾ ਜਾਂ ਫੈਕਟਰੀਆਂ ਤੋਂ ਪਾਇਸ਼ਚਰਾਈਜ਼ ਕਰਵਾਉਂਦੇ ਹਨ ਜਿਸ ਨਾਲ ਉਹ ਕਰਿਸਟਲ ਵਾਂਗ ਚਮਕ ਤਾਂ ਜਾਂਦਾ ਹੈ ਪਰ ਉਸ ਦਾ ਕੁਦਰਤੀ ਰੰਗ, ਸੁਆਦ, ਸੁਗੰਧ ਅਤੇ ਕੁਦਰਤੀ ਲਾਭ ਖ਼ਤਮ ਹੋ ਜਾਂਦੇ ਹਨ।
ਡੇਅਰੀ ਉਤਪਾਦ (ਦੁੱਧ, ਪਨੀਰ, ਖੋਆ, ਘਿਓ), ਮੀਟ ਤੇ ਮੱਛੀ ਉਤਪਾਦ ਆਦਿ ਘੱਟ ਮਿਆਦ ਵਾਲੇ ਖਾਦ ਪਦਾਰਥ ਹਨ ਅਤੇ ਇਨ੍ਹਾਂ ਦੀ ਸੁਗੰਧ, ਸੁਆਦ ਤੇ ਕੁਦਰਤੀ ਗੁਣ ਇਨ੍ਹਾਂ ਦੀ ਤਾਜ਼ਗੀ ਨਾਲ ਜੁੜੇ ਹੁੰਦੇ ਹਨ। ਸੋ ਅਜਿਹੇ ਉਤਪਾਦਾਂ ਦੀ ਖਰੀਦ ਵੇਲੇ ਵੱਧ ਮਿਆਦ ਦੀ ਉਮੀਦ ਰੱਖਣੀ ਵੀ ਨਹੀਂ ਚਾਹੀਦੀ ਅਤੇ ਨਾ ਹੀ ਵੱਧ ਮਿਆਦ ਵਾਲੇ ਇਨ੍ਹਾਂ ਉਤਪਾਦਾਂ ਦੀ ਖਰੀਦ ਨੂੰ ਤਰਜੀਹ ਦੇਣੀ ਚਾਹੀਦੀ ਹੈ ਡੇਅਰੀ ਅਤੇ ਮਾਸ/ਮੱਛੀ ਉਤਪਾਦ ਆਦਿ ਬਿਲਕੁੱਲ ਤਾਜ਼ੇ ਅਤੇ ਲੋਕਲ ਏਰੀਆ ਦੇ ਭਰੋਸੇਯੋਗ ਉਤਪਾਦਕਾਂ ਤੋਂ ਖਰੀਦਣ ਨੂੰ ਪਹਿਲ ਦੇਣੀ ਚਾਹੀਦੀ ਹੈ।
ਡ੍ਰਾਈ ਫਰੂਟਸ (ਅਖਰੋਟ, ਕਿਸ਼ਮਿਸ਼, ਅੰਜੀਰ ਆਦਿ) ਦੀ ਖਰੀਦ ਵੇਲੇ ਉਨ੍ਹਾਂ ਦੀ ਸਾਫ਼ ਰੰਗਤ ਅਕਸਰ ਸਾਨੂੰ ਖਿੱਚਦੀ ਹੈ ਪਰ ਅਸੀਂ ਇਸ ਗੱਲ ਤੋਂ ਅਣਜਾਣ ਹੁੰਦੇ ਹਾਂ ਕਿ ਇਨ੍ਹਾਂ ਦਾ ਕੁਦਰਤੀ ਰੰਗ ਗਹਿਰਾ/ਸਾਂਵਲਾ ਹੁੰਦਾ ਹੈ ਅਤੇ ਕੁਦਰਤੀ ਮਿਆਦ ਵੀ ਘੱਟ ਹੁੰਦੀ ਹੈ। ਇਨ੍ਹਾਂ ਦੀ ਰੰਗਤ ਨਿਖਾਰਨ ਅਤੇ ਮਿਆਦ ਵਧਾਉਣ ਲਈ ਤੇਜ਼ਾਬ, ਬਲੀਚਿੰਗ ਏਜੰਟ, ਸਲਫਰ ਡਾਈਆਕਸਾਈਡ, ਸੋਡੀਅਮ ਹਾਈਪੋਕਲੋਰਾਈਡ ਆਦਿ ਵਰਤੇ ਜਾਂਦੇ ਹਨ। ਤੇਜ਼ਾਬ ਨਾਲ ਸਾਫ਼ ਕੀਤੇ ਅਖਰੋਟਾਂ ਵਿੱਚ ਕੁਦਰਤੀ ਤੇਲ ਦੀ ਮਾਤਰਾ ਵੀ ਘਟ ਜਾਂਦੀ ਹੈ, ਗਲਾ ਵੀ ਖਰਾਬ ਕਰਦੇ ਹਨ।
ਪਕਵਾਨਾਂ ਦਾ ਸੁਆਦ ਵਧਾਉਣ ਵਾਲੇ ਮਸਾਲੇ, ਦੇਸੀ ਘੀ ਤੇ ਸਰ੍ਹੋਂ ਦੇ ਤੇਲ ਦੀ ਖੁਸ਼ਬੂ ਅਤੇ ਗੁਣਵੱਤਾ ਬਹੁਤ ਅਹਿਮ ਹੈ। ਸਾਡੀ ਰੁਝੇਵਿਆਂ ਵਾਲੀ ਜੀਵਨ ਸ਼ੈਲੀ ਕਾਰਨ ਬਾਜ਼ਾਰੂ ਪੀਸੇ ਮਸਾਲਿਆਂ ਦੀ ਖਰੀਦ ਦਾ ਰੁਝਾਨ ਵਧਿਆ ਹੈ ਅਤੇ ਇਸ ਦੇ ਨਾਲ ਹੀ ਪੀਸੇ ਮਸਾਲਿਆਂ ਵਿੱਚ ਕੈਮੀਕਲ ਰੰਗ, ਪ੍ਰੀਜ਼ਰਵੇਟਿਵ ਅਤੇ ਮਿਲਾਵਟੀ ਤੱਤਾਂ ਦਾ ਅਭਿਆਸ ਵੀ ਵਧਿਆ ਹੈ। ਸਾਬਤ ਮਸਾਲਿਆਂ (ਮਿਰਚਾਂ, ਧਨੀਆ, ਜੀਰਾ, ਤੇਜ਼ ਪੱਤਾ) ਨੂੰ ਡੰਡੀਆਂ ਸਮੇਤ ਅਤੇ ਵੱਧ ਤਾਪਮਾਨ ਤੇ ਪੀਸਿਆ ਹੋਣ ਕਾਰਨ ਉਸ ਦੀ ਅਸਲੀ ਖੁਸ਼ਬੂ ਵੀ ਖਤਮ ਹੋ ਜਾਂਦੀ ਹੈ ਅਤੇ ਮਿਆਰੀ ਵੀ ਨਹੀਂ ਰਹਿੰਦੇ। ਮਿਲਾਵਟ ਇੰਡਸਟਰੀ ਵੱਲੋਂ ਨਕਲੀ ਦੇਸੀ ਘੀ ਅਤੇ ਨਕਲੀ ਸਰ੍ਹੋਂ ਦਾ ਤੇਲ ਤਿਆਰ ਕਰਨ ਲਈ ਇਨ੍ਹਾਂ ਦੀ ਨਕਲੀ ਗੰਧ ਛੋਟੀ ਸੈਂਟ ਦੀ ਸੀਸੀ ਦੇ ਰੂਪ ਵਿੱਚ ਤਿਆਰ ਕੀਤੀ ਜਾਂਦੀ ਹੈ। ਅੱਜ ਕੱਲ੍ਹ ਰੀਫਾਈਂਡ ਘਿਓ ਵਿੱਚ ਇਹ ਕੈਮੀਕਲ ਗੰਧ ਅਤੇ ਲੋੜੀਂਦਾ ਰੰਗ ਮਿਲਾ ਕੇ ਦੇਸੀ ਘੀ ਅਤੇ ਸਰ੍ਹੋਂ ਦੇ ਤੇਲ ਦਾ ਰੂਪ ਦੇ ਦਿੱਤਾ ਜਾਂਦਾ ਹੈ ਪਰ ਇਸ ਗੈਰ-ਕੁਦਰਤੀ ਗੰਧ ਅਤੇ ਕੁਦਰਤੀ ਗੰਧ ਪ੍ਰਤੀ ਖਪਤਕਾਰਾਂ ਨੂੰ ਚੁਕੰਨੇ ਤੇ ਚੇਤਨ ਰਹਿਣਾ ਚਾਹੀਦਾ ਹੈ।
ਇਹ ਗੱਲ ਵੀ ਮਹੱਤਵਪੂਰਨ ਹੈ ਕਿ ਕੀਮਤ ਅਤੇ ਗੁਣਵੱਤਾ ਵੱਖਰੇ ਨਹੀਂ, ਦੋਨਾਂ ਦਾ ਸਿੱਧਾ ਸਬੰਧ ਹੈ। ਬਾਜ਼ਾਰ ਵਿੱਚ ਉੱਚ ਗੁਣਵੱਤਾ ਪਦਾਰਥ ਆਪਣੀ ਕਿਫ਼ਾਇਤੀ ਕੀਮਤ ਨਾਲ ਹੀ ਉਪਲੱਬਧ ਹੁੰਦੇ ਹਨ। ਕਈ ਵਾਰ ਖਰੀਦਦਾਰਾਂ ਦੀਆਂ ਜ਼ਰੂਰਤਾਂ ਅਤੇ ਤਰਜੀਹਾਂ ਅਨੁਸਾਰ ਬਾਜ਼ਾਰ ਵਿੱਚ ਉਨ੍ਹਾਂ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਉਤਪਾਦ ਬਣਾਉਣ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ।
ਜੇ ਖਪਤਕਾਰ ਦਾ ਸ਼ੁੱਧ, ਸਾਫ ਅਤੇ ਸਿਹਤਮੰਦ ਭੋਜਨ ਉੱਤੇ ਅਧਿਕਾਰ ਹੈ ਤਾਂ ਉਸ ਦੀਆਂ ਆਪਣੀ ਸਿਹਤ ਸੁਰੱਖਿਆ ਲਈ ਚੌਕਸ ਅਤੇ ਸਮਾਰਟ ਖਪਤਕਾਰ ਹੋਣ ਦੀਆਂ ਜ਼ਿੰਮੇਵਾਰੀਆਂ ਵੀ ਹਨ। ਆਪਣੀ ਰੋਜ਼ਾਨਾ ਖਰੀਦਦਾਰੀ ਅਭਿਆਸ ਵਿੱਚ ਚੇਤਨਾ ਅਤੇ ਜਾਗਰੂਕਤਾ ਨਾਲ ਕਾਫ਼ੀ ਹੱਦ ਤੱਕ ਮਿਲਾਵਟ ਤੋਂ ਹੋਣ ਵਾਲੀਆਂ ਭਿਅੰਕਰ ਅਲਾਮਤਾਂ ਤੋਂ ਖੁਦ ਨੂੰ ਬਚਾ ਸਕਦਾ ਹੈ, ਜਿਵੇਂ:
– ਡੇਅਰੀ ਉਤਪਾਦ, ਮਾਸ-ਮੱਛੀ ਆਦਿ ਲੋਕਲ ਉਤਪਾਦਕਾਂ/ਪ੍ਰਾਸੈਸਰਾਂ ਤੋਂ ਤਾਜ਼ੇ ਖਰੀਦੋ।
– ਗੁਣਵੱਤਾ ਤੇ ਮਿਆਰੀ ਖਾਦ ਪਦਾਰਥਾਂ ਲਈ ਜਾਣੇ ਜਾਂਦੇ ਵਿਕਰੇਤਾਵਾਂ ਤੇ ਸਥਾਪਿਤ ਸਟੋਰਾਂ ਤੋਂ ਹੀ ਖਰੀਦਦਾਰੀ ਕੀਤੀ ਜਾਵੇ।
– ਭਰੋਸੇਮੰਦ ਬ੍ਰਾਂਡਾਂ ਦੇ ਉਤਪਾਦਾਂ ਨੂੰ ਤਰਜੀਹ ਦਿਉ।
– ਸ਼ੁੱਧਤਾ ਅਤੇ ਗੁਣਵੱਤਾ ਦੀ ਗਰੰਟੀ ਲਈ ਐਗਮਾਰਕ ਕੁਆਲਿਟੀ ਪ੍ਰਮਾਣਿਕਤਾ ਵਾਲੇ ਖਾਦ ਪਦਾਰਥਾਂ ਨੂੰ ਹੀ ਅਹਿਮੀਅਤ ਦੇਣੀ ਚਾਹੀਦੀ ਹੈ।
– ਕੁਦਰਤੀ ਅਤੇ ਜੈਵਿਕ ਖਾਦ ਪਦਾਰਥਾਂ ਦੀ ਮੰਗ ਕਰੋ।
ਜੇ ਅਸੀਂ ਭੋਜਨ ਪਦਾਰਥਾਂ ਵਿੱਚ ਹੋਣ ਵਾਲੀਆਂ ਮਿਲਾਵਟਾਂ ਦੇ ਖਤਰਨਾਕ ਸਿਹਤ ਜੋਖ਼ਿਮਾਂ ਤੋਂ ਬਚਣਾ ਹੈ ਤਾਂ ਉਪਰੋਕਤ ਨੁਕਤਿਆਂ ਨੂੰ ਅਪਣਾ ਕੇ ਸਮਾਰਟ ਖਪਤਕਾਰ ਵਜੋਂ ਆਪਣੀਆਂ ਖਰੀਦਦਾਰੀ ਮੰਗਾਂ ਨੂੰ ਦਰੁਸਤ ਕਰਨਾ ਅਤੇ ਖਰੀਦਦਾਰੀ ਵਿਹਾਰ ਵਿੱਚ ਚੇਤਨਾ ਲਿਆਉਣਾ ਲਾਜ਼ਮੀ ਹੈ।
*ਖੇਤੀਬਾੜੀ ਮਾਰਕੀਟਿੰਗ ਅਫਸਰ, ਲੁਧਿਆਣਾ।